ਸੱਤਰੰਗੀ ਜ਼ਿੰਦਗੀ

ਲੇਖਕ-ਬਲਜੀਤ ਫਰਵਾਲੀ

ਪ੍ਰਵਾਸੀ ਸਾਹਿਤਕਾਰ ਬਲਜੀਤ ਫਰਵਾਲੀ ਦੀ ਪੁਸਤਕ ‘ਸੱਤਰੰਗੀ ਜ਼ਿੰਦਗੀ’ ’ਚ ਪੰਜਾਹ ਛੋਟੀਆਂ ਕਹਾਣੀਆਂ ਹਨ। ਇਹ ਕਹਾਣੀਆਂ ਜਿੱਥੇ ਪੇਂਡੂ ਪਰਿਵਾਰਾਂ ਤੇ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦੀਆਂ ਹਨ, ਉੱਥੇ ਮਜਬੂਰੀਆਂ ਸਦਕਾ ਵਿਦੇਸ਼ੀ ਧਰਤੀ ਤੇ ਪਹੁੰਚੇ ਪੰਜਾਬੀਆਂ ਦੀ ਸਾਰਥਕਤਾ ਦੀ ਗੱਲ ਕਰਦੀਆਂ ਹਨ। ਉਸਨੇ ਪੰਜਾਬੀਆਂ ਦੇ ਪੇਂਡੂ ਸੱਭਿਆਚਾਰ ਤੇ ਧਰਤੀ ਨੂੰ ਵੀ ਭੁਲਾਇਆ ਨਹੀਂ ਹੈ। ਉਸਦੀਆਂ ਕਹਾਣੀਆਂ ’ਚ ਪਿਛੋਕੜੀ ਪਿੰਡ ਦਾ ਹੇਰਬਾ ਝਲਕਦੈ, ਉਸਦੇ ਅੰਦਰੋਂ ਹਾਉਂਕਾ ਉੱਠਦੈ, ਜਿਸਨੂੰ ਉਹ ਰਚਨਾ ਦਾ ਰੂਪ ਦੇ ਕੇ ਸਾਂਤ ਕਰਨ ਦਾ ਯਤਨ ਕਰਦਾ ਹੈ।

ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵੀ ਉਸਨੇ ਕਹਾਣੀ ‘ਇਕੱਲਾਪਣ’ ਵਿੱਚ ਗੋਹੇ ਨਾਲ ਲਿੱਪੇ ਗੁਹਾਰੇ ਦੀਆਂ ਸਲਾਬੀਆਂ ਪਾਥੀਆਂ ਦੀ ਅੱਗ ਯਾਦ ਕੀਤੀ ਹੈ। ‘ਨਵੀਂ ਪੀੜੀ’ ਵਿੱਚ ਪੰਜਾਬ ਦੇ ਪਿੰਡਾਂ ’ਚ ਬਿਤਾਏ ਬਚਪਨ ਤੇ ਮੈਲਬੌਰਨ ਦੀ ਭੱਜ ਨੱਠ ਵਾਲੀ ਜ਼ਿੰਦਗੀ ਦਾ ਅੰਤਰ ਪੇਸ਼ ਕੀਤਾ ਹੈ। ਕਹਾਣੀ ‘ਪੰਜਾਬੀ ਸਿਆਂ’ ਵਿੱਚ ਪੰਜਾਬ ਨੂੰ ਇੱਕ ਬਜੁਰਗ ਵਜੋਂ ਰੂਪਮਾਨ ਕਰਦਿਆਂ ਉਸਨੇ ਜੋ ਤਸਵੀਰ ਖਿੱਚੀ ਹੈ, ਉਸ ਵਿੱਚ ਖਾਲਸੇ ਦੀ ਸਥਾਪਨਾ, ਵੰਡ ਦੀ ਕਟਾਵੱਢੀ, ਹਰਿਆਣਾ ਹਿਮਾਚਲ ਦਾ ਵੱਖ ਹੋਣਾ, ਦਰਬਾਰ ਸਾਹਿਬ ਤੇ ਹਮਲਾ, ਪਾਣੀ ਖੋਹਣ ਦੇ ਨਾਲ ਨਾਲ ਆਪਣੇ ਕਹਾਉਣ ਵਾਲੇ ਚਿੱਟੇ ਨੀਲੇ ਭਗਵੇਂ ਲੋਕਾਂ ਵਿਰੁੱਧ ਗੁੱਸੇ ਨਾਲ ਕੀੜਿਆਂ ਦੇ ਵਿਸ਼ੇਸਣ ਨਾਲ ਯਾਦ ਕੀਤਾ ਹੈ। ਕਹਾਣੀ ‘ਧੁਆਂਖ ਸਪਨੇ’ ਵਿੱਚ ਸਰਹੱਦਾਂ ਤੇ ਬੈਠੇ ਫੌਜੀ ਦੀ ਸੋਚ ਪ੍ਰਗਟ ਹੁੰਦੀ ਹੈ, ‘‘ਜਿਹੜੇ ਪੰਛੀ ਪਿੰਜਰੇ ’ਚ ਰੱਖੇ ਨੇ, ਉਹਨਾਂ ਨੂੰ ਆਜ਼ਾਦ ਕਰ ਦੇਹ। ਆਜ਼ਾਦੀ ਕੀ ਹੁੰਦੀ ਹੈ, ਮੈਨੂੰ ਹੁਣੇ ਕਸ਼ਮੀਰ ’ਚ ਆ ਕੇ ਪਤਾ ਲੱਗਾ ਹੈ।’’

ਵਿਦੇਸ਼ੀ ਧਰਤੀ ਤੇ ਰਹਿੰਦਿਆਂ ਆਪਣੇ ਵਤਨ ਦੀ ਤੜਪ, ਆਪਣੇ ਲੋਕਾਂ ਦੇ ਦੁੱਖਾਂ ਦੀ ਦਾਸਤਾਨ, ਵਿਛੋੜਾ, ਮਾੜੇ ਹਾਲਾਤ ਆਦਿ ਦੀ ਚਿੰਤਾ ਤੇ ਦੁੱਖ ਪ੍ਰਗਟ ਕਰਦਿਆਂ ਫਰਵਾਲੀ ਨੇ ਕਹਾਣੀਆਂ ਆਲਣੇ, ਨਵੀਂ ਪੀੜੀ, ਬੌਣਾ ਇਨਸਾਨ, ਦੋਗਲੇ ਆਦਿ ਸਿਰਜ ਕੇ ਪਾਠਕਾਂ ਨੂੰ ਝੰਜੋੜਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਬਾਤਾਂ ਵਰਗੀਆਂ ਕਹਾਣੀਆਂ ‘ਮਾਂ ਰੱਬ ਦਾ ਦੂਜਾ ਰੂਪ’ ਅਤੇ ‘ਭੰਬੀਰੀਆਂ’ ਨਾਲ ਜਿੱਥੇ ਮੋਹ ਤੇ ਮਜਬੂਰੀ ਦਾ ਬੋਝ ਪਰਤੱਖ ਕੀਤਾ ਹੈ ਉੱਥੇ ‘ਪ੍ਰਾਇਮਰੀ ਸਕੂਲ’ ਰਾਹੀਂ ਬਚਪਨ ਦੀਆਂ ਯਾਦਾਂ ਵੀ ਫਰੋਲੀਆਂ ਹਨ। ਕੁਦਰਤ, ਸਰਦਾਰ ਗੁਰਮੇਜ ਸਿੰਘ ਸੰਧੂ, ਅਣਗੌਲਿਆ ਹੀਰੋ ਤਾਂ ਇੱਕ ਤਰਾਂ ਆਰਟੀਕਲ ਹੀ ਹਨ, ਜਿਹਨਾਂ ਨੂੰ ਕਹਾਣੀਆਂ ਦਾ ਰੂਪ ਦਿੱਤਾ ਗਿਆ ਹੈ। ਫਰਵਾਲੀ ਨੇ ਮਲਵਈ ਠੇਠ ਪੰਜਾਬੀ ਦੇ ਸ਼ਬਦਾਂ ਲਿਚਕੜਿਚੀਆਂ, ਕੁੰਗੜਣਾ, ਠੇਡੇ, ਚਿੜਚਿੜੇ, ਨਲੀ, ਪੀਪਣੀਆਂ ਆਦਿ ਦੀ ਬਾਖੂਬੀ ਵਰਤੋਂ ਕੀਤੀ ਹੈ, ਪਰ ਘੋਥਲਦੀ, ਨੁਟੇਲਾ ਸ਼ਬਦ ਅਣਸੁਣੇ ਜਿਹੇ ਲਗਦੇ ਹਨ। ਕਈ ਥਾਈਂ ਸ਼ਬਦ ਗਲਤੀ ਜਾਂ ਸ਼ਬਦ ਘਾਟ ਪਾਠਕ ਦੇ ਪੜਣ ਦੀ ਲਗਾਤਾਰਤਾ ਨੂੰ ਤੋੜਦੀ ਹੈ ਅਤੇ ਵਾਰਤਾਲਾਪ ਦੀ ਵੀ ਘਾਟ ਮਹਿਸੂਸ ਹੁੰਦੀ ਹੈ। ਪਰੰਤੂ ਫਰਵਾਲੀ ਦੀਆਂ ਕਹਾਣੀਆਂ ਦੇ ਵਿਸ਼ੇ ਵੰਨ ਸੁਵੰਨੇ ਹਨ, ਵਿਦੇਸ਼ੀ ਰਹਿੰਦਿਆਂ ਵਤਨ ਦੀ ਚਿੰਤਾ ਤੇ ਤੜਪ ਭਾਰੂ ਹੈ। ਉਸਦੀ ਸਾਹਿਤਕ ਪਕਿਆਈ ਨਜ਼ਰ ਆਉਂਦੀ ਹੈ, ਉਹ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪੁਸਤਕ ਪਾਉਣ ਸਦਕਾ ਵਧਾਈ ਦਾ ਪਾਤਰ ਹੈ ਅਤੇ ਅੱਗੇ ਲਈ ਉਸਤੋਂ ਵੱਡੀਆਂ ਆਸਾਂ ਹਨ।

ਲੋਕ ਪੱਖੀ ਲੇਖਕ ਬਲਜੀਤ ਫਰਵਾਲੀ ਦੀ ਇਹ ਪੁਸਤਕ ਕੈਬੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਹੈ, ਜਿਸਦੇ 125 ਪੰਨੇ ਹਨ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913