
ਪ੍ਰਯੋਗਵਾਦੀ ਕਵਿਤਾ ਦੇ ਬਾਨੀ ਮੰਨੇ ਜਾਂਦੇ ਉੱਘੇ ਸ਼ਾਇਰ ਅਜਾਇਬ ਕਬਲ ਨੇ ਆਪਣੇ ਜੀਵਨ ਕਾਲ ਵਿੱਚ 60 ਤੋਂ ਵੱਧ ਪੁਸਤਕਾਂ ਦੀ ਸਿਰਜਣਾ ਕੀਤੀ। ਇਹਨਾਂ ਵਿੱਚ 26 ਕਾਵਿ ਸੰਗ੍ਰਹਿ, ਦੋ ਗ਼ਜ਼ਲ ਸੰਗ੍ਰਹਿ, 12 ਕਾਵਿ ਨਾਟਕ, ਤਿੰਨ ਮਹਾਂ ਨਾਟਕ, ਪੰਜ ਨਾਵਲ, ਦੋ ਮਹਾਂ ਕਾਵਿ , ਇੱਕ ਆਲੋਚਨਾ ਅਤੇ ਤਿੰਨ ਕਵਿਤਾਵਾਂ ਦੀਆਂ ਪੁਸਤਕਾਂ, ਸਾਹਿਤਕ ਪੱਤਰ ਅਤੇ ਅੰਗਰੇਜ਼ੀ ਵਿੱਚ ਵੀ 3 ਪ੍ਰਕਾਸ਼ਿਤ ਹੋਈਆਂ। ਇਸ ਤਰ੍ਹਾਂ ਉਹਨਾਂ ਦੀ ਸਾਹਿਤਕ ਦੇਣ ਨਿਰਾਲੀ ਅਤੇ ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲੀ ਹੈ। ਮਹਾਂ ਕਾਵਿ ਧਰਤੀਨਾਮਾ ਅਤੇ ਸੂਰਜਨਾਵਾਂ ਦੇ ਸਿਰਜਕ ਅਜਾਇਬ ਕਮਲ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਪੁਰਸਕਾਰ ਪ੍ਰਾਪਤ ਕੀਤੇ। ਉਨ੍ਹਾਂ ਦੀ ਸਾਹਿਤਕ ਦੇਣ ਤੇ ਕੁਝ ਵਿਦਿਆਰਥੀ ਪੀਐਚਡੀ ਵੀ ਕਰ ਚੁੱਕੇ ਹਨ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਮਲ ਦੀ ਸ਼ਾਇਰੀ ਇੱਕ ਨਵੇਂ ਯੁੱਗ ਦਾ ਆਰੰਭ ਕਰਦੀ ਹੈ ਜਿਸ ਤੇ ਖੋਜਾਰਥੀਆਂ ਨੂੰ ਨਵੇਂ ਨਵੇਂ ਵਿਸ਼ੇ ਲੱਭਦੇ ਹਨ ਅਤੇ ਇਹਨਾਂ ਤੇ ਵਿਚਾਰਾਂ ਕਰਨ ਲਈ ਮੌਕੇ ਮਿਲਦੇ ਹਨ। ਗ਼ਜ਼ਲ ਸੰਗ੍ਰਹਿ ‘ਸ਼ੀਸ਼ਿਆਂ ਦਾ ਸ਼ਹਿਰ’ ਪਹਿਲੀ ਵਾਰ 1982 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਹੁਣ ਇਹ ਉਹਨਾਂ ਦੇ ਪਰਿਵਾਰ ਵੱਲੋਂ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਹੈ। 71 ਗ਼ਜ਼ਲਾਂ ਦੇ ਇਸ ਰੌਚਕ ਸੰਗ੍ਰਹਿ ਵਿੱਚ ਪ੍ਰਿੰ. ਸੁਦਰਸ਼ਨ ਸਿੰਘ ਆਰਟਿਸਟ, ਕਰਤਾਰ ਸਿੰਘ ਦੁੱਗਲ, ਅਤੇ ਹਰਗੁਰਜੋਧ ਸਿੰਘ ਵੱਲੋਂ ਅਜਾਇਬ ਕਮਲ ਦੀ ਦੇਣ ਤੇ ਬਹੁਤ ਕੀਮਤੀ ਲੇਖ ਦਰਜ ਕੀਤੇ ਗਏ ਹਨ।ਅਜਾਇਬ ਕਮਲ ਆਪਣੇ ਬਾਰੇ ਲਿਖਦੇ ਹਨ:-‘1980 ਤੋਂ ਬਾਅਦ ਮੇਰਾ ਬਹੁਤਾ ਝੁਕਾ ਭਾਵੇਂ ਮਿੰਨੀ ਕਵਿਤਾਵਾਂ, ਲੰਮੀਆਂ ਕਵਿਤਾਵਾਂ, ਕਾ੬ਵ ਨਾਟਕ, ਨਾਵਲ ਮਹਾਂ ਕਾਵਿ ਤੇ ਵਿਸ਼ਵ ਦੇ ਮਹਾਨ ਵਿਅਕਤੀਆਂ ਦੇ ਰੇਖਾ ਚਿੱਤਰ ਲਿਖਣ ਵੱਲ ਉਲਟ ਗਿਆ ਪਰ ਵਿੱਚ ਵਿਚਾਲੇ ਮਨ ਦੇ ਰੌਂਅ ਅਨੁਸਾਰ ਮੈਂ ਕਦੇ ਕਦੇ ਗ਼ਜ਼ਲ ਵੀ ਲਿਖਦਾ ਰਿਹਾ ਤੇ ਛਾਪਦਾ ਵੀ ਰਿਹਾ’।
ਮੁੰਬਾਸਾ ਕੀਨੀਆ ਵਿੱਚ ਵੱਸਦੇ ਪ੍ਰਿੰ. ਸੁਦਰਸ਼ਨ ਸਿੰਘ ਆਰਟਿਸਟ ਅਨੁਸਾਰ:- ‘ਅਜਾਇਬ ਕਮਲ ਨੇ ਨਾ ਸਿਰਫ ਅਫਰੀਕਾ ਅਤੇ ਦੂਸਰੇ ਮਹਾਂਦੀਪਾਂ ਦੀ ਕਵਿਤਾ ਅਤੇ ਆਲੋਚਨਾ ਨੂੰ ਨੇੜਿਓਂ ਸਮਝਣ ਦਾ ਯਤਨ ਕੀਤਾ ਹੈ ਸਗੋਂ ਆਪਣੀਆਂ ਲੰਬੀਆਂ ਰਚਨਾਵਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਪਾਠਕਾਂ ਤੱਕ ਵੀ ਪੁੱਜਣ ਦਾ ਯਤਨ ਕੀਤਾ ਹੈ। ਇਹ ਕੁਝ ਕਰਕੇ ਇਸ ਨੇ ਦੂਸਰੇ ਦੇਸ਼ਾਂ ਮਹਾਂਦੀਪਾਂ ‘ਚ ਪੰਜਾਬੀ ਸਾਹਿਤ ਤੇ ਭਾਸ਼ਾ ਦਾ ਮਾਣ ਸਨਮਾਨ ਹੀ ਨਹੀਂ ਵਧਾਇਆ ਸਗੋਂ ਨਵੀਨ ਪੰਜਾਬੀ ਸਾਹਿਤ ਨੂੰ ਨਵੀਨ ਵਿਸ਼ਵ ਸਾਹਿਤ ਦੀਆਂ ਉਚਾਈਆਂ ਤੱਕ ਵੀ ਖੜਨ ਦਾ ਪ੍ਰਯਤਨ ਕੀਤਾ ਹੈ’।
ਪੁਸਤਕ ਵਿੱਚ ਦਰਜ ਗ਼ਜ਼ਲਾਂ ਦਾ ਪਾਠ ਕਰਦਿਆਂ ਪੂਰੇ ਵਿਸ਼ਵ ਦੇ ਦਰਸ਼ਨ ਹੁੰਦੇ ਹਨ। ਸ਼ੀਸ਼ੇ ਅਤੇ ਸ਼ੀਸ਼ੇ ਨਾਲ ਸੰਬੰਧਿਤ ਕਹਾਵਤਾਂ, ਮੁਹਾਵਰਿਆਂ ਨੂੰ ਥਾਂ ਥਾਂ ਵਰਤ ਕੇ ਇਹਨਾਂ ਗ਼ਜ਼ਲਾਂ ਨੂੰ ਸ਼ਿੰਗਾਰਿਆ ਤੇ ਸੰਵਾਰਿਆ ਗਿਆ ਹੈ। ਜੀਵਨ ਵਿੱਚ ਸ਼ੀਸ਼ਾ ਕਿੰਨੇ ਰੰਗ ਦਿਖਾਉਂਦਾ ਹੈ? ਸ਼ੀਸ਼ਾ ਕਦੀ ਪੱਥਰ ਬਣਦਾ ਹੈ, ਕਦੀ ਮੂਰਤ ਬਣਦਾ ਹੈ, ਕਦੀ ਸਾਨੂੰ ਸ਼ੀਸ਼ਿਆਂ ਦੇ ਘਰਾਂ ਵਿੱਚ ਰਹਿੰਦੇ ਹੋਏ ਕਿਸੇ ਤੇ ਪੱਥਰ ਮਾਰਨ ਤੋਂ ਵਰਜਦਾ ਹੈ। ਇਸ ਪ੍ਰਕਾਰ ਇਹ ਗ਼ਜ਼ਲ ਸੰਗ੍ਰਹਿ ਜੀਵਨ ਦੇ ਵੰਨ-ਸੁਵੰਨੇ ਪਹਿਲੂਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ ਆਧੁਨਿਕਤਾ ਦੇ ਦੌਰ ਤੱਕ ਆ ਪੁੱਜਦਾ ਹੈ। ਮਨੁੱਖ ਵਿੱਚੋਂ ਖਤਮ ਹੋ ਰਹੀ ਮਨੁੱਖਤਾ ਅਤੇ ਦੇਸ਼ ਦੁਨੀਆ ਵਿੱਚ ਵਧ ਰਹੇ ਕੂੜ ਦੇ ਪਸਾਰੇ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ਆਰਥਿਕ, ਸਮਾਜਿਕ, ਰਾਜਸੀ ਲੁੱਟ ਖਸੁੱਟ ਦੇ ਨਾਲ ਨਾਲ ਜਾਤਾਂ ਪਾਤਾਂ ਧਰਮਾਂ ਦੇ ਅਧਾਰ ਤੇ ਹੁੰਦੀਆਂ ਲੜਾਈਆਂ ਪਿੱਛੇ ਛੁਪੇ ਹੋਏ ਕਾਰਨਾਂ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ।
ਮਨੁੱਖ ਦੀਆਂ ਮਜਬੂਰੀਆਂ ਨੂੰ ਪੇਸ਼ ਕਰਦੀਆਂ ਇਹ ਸਤਰਾਂ ਕਾਬਲੇ ਗੌਰ ਹਨ:-
ਅੱਗ ਦਾ ਦਰਿਆ ਤਰਨਾ ਸਾਨੂੰ ਪੈਂਦਾ ਹੈ ਸ਼ੀਸ਼ੇ ਵਿੱਚ ਡੁੱਬ ਮਰਨਾ ਸਾਨੂੰ ਪੈਂਦਾ ਹੈ।
ਹਰ ਪਲ ਸੂਲੀ ਚੜ੍ਹਨਾ ਸਾਨੂੰ ਪੈਂਦਾ ਹੈ
ਰੱਬਾ ਰੱਬਾ ਕਰਨਾ ਸਾਨੂੰ ਪੈਂਦਾ ਹੈ।
ਇਸੇ ਤਰ੍ਹਾਂ ਲੋਕਾਂ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਹਨ ਗ਼ਜ਼ਲ ਦੀਆਂ ਇਹ ਸਤਰਾਂ:-
ਹੁਝਕੇ ਖਾ ਖਾ ਤੁਰਦੇ ਲੋਕ
ਕੰਧਾਂ ਵਾਂਗਰ ਭੁਰਦੇ ਲੋਕ।
ਅੰਦਰੇ ਅੰਦਰ ਝੁਰਦੇ ਲੋਕ
ਦੇਖੇ ਟੁੱਟਦੇ ਜੁੜਦੇ ਲੋਕ।
ਸ਼ਾਇਰ ਦੀ ਛੋਟੀ ਬਹਿਰ ਦੀ ਗ਼ਜ਼ਲ ਦਾ ਇਹ ਰੰਗ ਵੀ ਬੜਾ ਪਿਆਰਾ ਹੈ –
ਪਤਾ ਨਹੀਂ ਕਿੰਜ ਜੀਵਤ ਨੇ
ਰੋਜ਼ ਬਾਜ਼ੀਆਂ ਹਰਦੇ ਲੋਕ।
ਆਪਣਿਆਂ ਦਾ ਗਲ ਕੱਟਦੇ
ਦੇਖੋ ਆਪਣੇ ਘਰ ਦੇ ਲੋਕ।
ਗਾਵਾਂ ਮੱਝਾਂ ਵਾਂਗ ਹੀ
ਬੰਦਿਆਂ ਦਾ ਭਾਅ ਕਰਦੇ ਲੋਕ।
ਬੇਕਦਰੀ ਦੀ ਗੱਲ ਦੇਖੋ
ਕੁੱਤਿਆਂ ਵਾਂਗ ਮਰਦੇ ਲੋਕ।
ਸ਼ਾਇਰ ਨੇ ਇਹਨਾਂ ਗ਼ਜ਼ਲਾਂ ਰਾਹੀਂ ਜਿੱਥੇ ਸਾਡੇ ਮਨ ਮੰਦਰ ਨੂੰ ਰੁਸ਼ਨਾਉਣ ਦਾ ਉਪਰਾਲਾ ਕੀਤਾ ਹੈ ਉੱਥੇ ਦੇਸ਼ ਦੁਨੀਆਂ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਵੀ ਕੋਲ ਤਜਰਬਿਆਂ ਦਾ ਭੰਡਾਰ ਹੈ ਅਤੇ ਇਹਨਾਂ ਤਜਰਬਿਆਂ ਨੂੰ ਗ਼ਜ਼ਲ ਅਤੇ ਕਵਿਤਾ ਵਿੱਚ ਜੜਨ ਦੀ ਅਨੂਠੀ ਕਲਾ ਵੀ ਮੌਜੂਦ ਹੈ। ਇਸੇ ਕਲਾ ਸਦਕਾ ਉਸ ਦੀ ਹਰ ਕਲਾ ਕਿਰਤ ਨੂੰ ਪਾਠਕਾਂ ਨੇ ਸਵੀਕਾਰਿਆ ਹੈ। ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦਾ ਰਾਹ ਵੀ ਦਿਖਾਇਆ ਗਿਆ ਹੈ। ਗ਼ਜ਼ਲ ਦੇ ਸੱਤੇ ਰੰਗ ਪਾਠਕਾਂ ਦੀਆਂ ਦਿਲ ਦੀਆਂ ਤਹਿਆਂ ਨੂੰ ਫਰੋਲਦੇ ਹੋਏ ਆਪਣਾ ਘਰ ਬਣਾਉਂਦੇ ਹਨ। ਇਹ ਗ਼ਜ਼ਲ ਸੰਗ੍ਰਹਿ ਜਿੱਥੇ ਰੰਗ ਬਰੰਗੀਆਂ ਗ਼ਜ਼ਲਾਂ ਦਾ ਭੰਡਾਰ ਹੈ ਉੱਥੇ ਪਾਠਕਾਂ ਲਈ ਨਵੀਆਂ ਤੇ ਨਰੋਇਆ ਤਿਰੰਗਾਂ ਦਾ ਵੀ ਸਬੱਬ ਬਣਦਾ ਹੈ।
***
ਸੰਪਾਦਕ ਨਿੱਕਲੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)