ਬਠਿੰਡਾ, 22 ਮਈ, ਬਲਵਿੰਦਰ ਸਿੰਘ ਭੁੱਲਰ
ਲੋਕ ਸਭਾ ਹਲਕਾ ਬਠਿੰਡਾ ਪੰਜਾਬ ਦਾ ਸਭ ਤੋਂ ਵੱਧ ਮਹੱਤਵਪੂਰਨ ਹਲਕਾ ਹੈ, ਕਿਉਂਕਿ ਸ੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਤੋਂ ਚਲੇ ਆ ਰਹੇ ਪ੍ਰਧਾਨਾਂ ਦੇ ਪਰਿਵਾਰ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਦਾ ਜੱਦੀ ਹਲਕਾ ਹੈ। ਇਸ ਹਲਕੇ ਨੂੰ ਹਰ ਵਾਰ ਹੌਟ ਸੀਟ ਹੀ ਮੰਨਿਆਂ ਜਾਂਦਾ ਹੈ ਅਤੇ ਪਿਛਲੇ 15 ਸਾਲਾਂ ਤੋਂ ਇਸ ਹਲਕੇ ਤੇ ਬਾਦਲ ਪਰਿਵਾਰ ਦਾ ਕਬਜਾ ਹੈ। ਇਸ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਲਗਾਤਾਰ ਇੱਥੋਂ ਸੰਸਦ ਮੈਂਬਰ ਬਣੀ ਹੈ। ਇਸ ਵਾਰ ਵੀ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੈ, ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਜ: ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਵੱਲੋਂ ਸ੍ਰੀ ਜੀਤਮੁਹਿੰਦਰ ਸਿੰਘ ਸਿੱਧੂ, ਭਾਜਪਾ ਵੱਲੋਂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਅਤੇ ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ ਵੱਲੋਂ ਲੱਖਾ ਸਿਧਾਣਾ, ਬਸਪਾ ਦੇ ਨਿੱਕਾ ਸਿੰਘ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਜਨਸੇਵਾ ਡਰਾਈਵਰ ਪਾਰਟੀ ਦੇ ਗੁਰਪ੍ਰੀਤ ਸਿੰਘ, ਆਜ਼ਾਦ ਸਮਾਜ ਪਾਰਟੀ (ਕਾਂਸੀ ਰਾਮ) ਦੇ ਜਸਵੀਰ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਦੇ ਨੈਬ ਸਿੰਘ, ਨੈਸਨਲਿਸਟ ਜਸਟਿਸ ਪਾਰਟੀ ਦੀ ਪੂਨਮ ਰਾਣੀ ਅਤੇ ਅਮਨਦੀਪ ਸਿੰਘ, ਕੁਲਵੰਤ ਸਿੰਘ, ਗੁਰਬਚਨ ਸਿੰਘ, ਗੁਰਮੀਤ ਸਿੰਘ, ਜਗਜੀਵਨ ਬੱਲੀ, ਪਰਵਿੰਦਰ ਸਿੰਘ, ਪਾਲਾ ਰਾਮ ਤੇ ਭਗਵੰਤ ਸਿੰਘ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ।
ਇਸ ਹਲਕੇ ਵਿੱਚ 3 ਜਿਲਿਆ ਤੇ ਆਧਾਰਤ ਕੁਲ 9 ਵਿਧਾਨ ਸਭਾ ਹਲਕੇ ਹਨ। ਜਿਲਾ ਬਠਿੰਡਾ ਵਿੱਚ ਪੈਂਦੇ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ, ਤਲਵੰਡੀ ਸਾਬੋ, ਮੌੜ, ਜਿਲਾ ਮਾਨਸਾ ਵਿੱਚ ਪੈਂਦੇ ਮਾਨਸਾ, ਬੁਢਲਾਡਾ, ਸਰਦੂਲਗੜ ਅਤੇ ਜਿਲਾ ਮੁਕਤਸਰ ਦਾ ਹਲਕਾ ਲੰਬੀ ਪੈਂਦਾ ਹੈ। ਇਸ ਹਲਕੇ ਦੀਆਂ ਕੁੱਲ 16,59,129 ਵੋਟਾਂ ਹਨ, ਜਿਹਨਾਂ ਚੋਂ 8,77,720 ਮਰਦ, 7,81,375 ਔਰਤ ਅਤੇ 34 ਟਰਾਂਸਜੈਂਡਰ ਵੋਟਰ ਹਨ। 1952 ਵਿੱਚ ਇਹ ਹਲਕਾ ਹੋਂਦ ਵਿੱਚ ਆਇਆ, ਉਸ ਸਮੇਂ ਤੋਂ 2019 ਤੱਕ ਹੋਈਆਂ ਚੋਣ ਚੋਂ 10 ਵਾਰ ਅਕਾਲੀ ਦਲ ਦੇ, 6 ਵਾਰ ਕਾਂਗਰਸ ਦੇ 2 ਵਾਰ ਸੀ ਪੀ ਆਈ ਦੇ ਅਤੇ ਇੱਕ ਵਾਰ ਅਕਾਲੀ ਦਲ ਅਮਿ੍ਰਤਸਰ ਦੇ ਉਮੀਦਵਾਰ ਜੇਤੂ ਰਹੇ ਹਨ।
ਇਸ ਵਾਰ ਇਸ ਹਲਕੇ ਵਿੱਚ ਮੁਕਾਬਲਾ ਬਹੁਤ ਸ਼ਖਤ ਤੇ ਦਿਲਚਸਪੀ ਵਾਲਾ ਵਿਖਾਈ ਦਿੰਦਾ ਹੈ। ਲਗਾਤਾਰ ਸੰਸਦ ਮੈਂਬਰ ਬਣਦੀ ਆ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਲਈ ਚੋਣ ਜਿੱਤਣੀ ਬਹੁਤੀ ਸੌਖੀ ਨਹੀਂ ਲਗਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਪੁਰਾਣੇ ਸਿਆਸੀ ਪਰਿਵਾਰ ਚੋਂ ਹੈ ਅਤੇ ਲੋਕ ਸਭਾ ਦਾ ਵੀ ਉਹਨਾਂ ਦਾ ਚੰਗਾ ਤਜਰਬਾ ਬਣ ਗਿਆ ਹੈ। ਲੋਕ ਸਭਾ ਮੈਂਬਰ ਹੁੰਦਿਆਂ ਉਹਨਾਂ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਕਾਫ਼ੀ ਕੰਮ ਕੀਤਾ ਤੇ ਗਰਾਂਟਾਂ ਦਿੱਤੀਆਂ ਹਨ। ਪਰ ਜੇਕਰ ਚੋਣਾਂ ਦੇ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਉਹਨਾਂ ਦੀ ਵੋਟ ਪਹਿਲਾਂ ਨਾਲੋਂ ਬਹੁਤ ਘਟ ਗਈ ਹੈ। ਸਾਲ 2009 ਦੀਆਂ ਚੋਣਾਂ ਸਮੇਂ ਉਹਨਾਂ ਨੂੰ 5,29,472 ਵੋਟਾਂ, ਉਹਨਾਂ ਦੇ ਮੁੱਖ ਵਿਰੋਧੀ ਕਾਂਗਰਸ ਦੇ ਯੁਵਰਾਜ ਰਣਇੰਦਰ ਸਿੰਘ ਨੂੰ 4,08,524 ਵੋਟਾਂ ਮਿਲੀਆਂ ਤੇ ਉਹ 1,20,948 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਸਾਲ 2014 ਵਿੱਚ ਬੀਬੀ ਹਰਸਿਮਤ ਕੌਰ ਬਾਦਲ ਨੂੰ 5,14,727 ਵੋਟਾਂ, ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੂੰ 4,95,332 ਵੋਟਾਂ ਹਾਸਲ ਹੋਈਆਂ ਤੇ ਇਹ ਫ਼ਰਕ ਘਟ ਕੇ ਸਿਰਫ਼ 19,395 ਵੋਟਾਂ ਦਾ ਰਹਿ ਗਿਆ। ਸਾਲ 2019 ਵਿੱਚ ਬੀਬੀ ਬਾਦਲ ਨੂੰ 4,90,811 ਵੋਟਾਂ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 4,69,418 ਵੋਟਾਂ ਪ੍ਰਾਪਤ ਹੋਈਆਂ ਤੇ ਇਹ ਫ਼ਰਕ 21,399 ਵੋਟਾਂ ਦਾ ਰਿਹਾ। ਉਸ ਸਮੇਂ ਵਿਧਾਨ ਸਭਾ ਦੇ 9 ਹਲਕਿਆਂ ਚੋਂ 3 ਵਿਧਾਇਕ ਕਾਂਗਰਸ ਦੇ, 4 ਆਮ ਆਦਮੀ ਪਾਰਟੀ ਅਤੇ 2 ਸ੍ਰੋਮਣੀ ਅਕਾਲੀ ਦਲ ਦੇ ਸਨ।
ਸਾਲ 2019 ਦੀਆਂ ਚੋਣਾਂ ਤੱਕ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਰਿਹਾ ਹੈ, ਉਸ ਸਮੇਂ ਤੱਕ ਬੀਬੀ ਬਾਦਲ ਨੂੰ ਮਿਲਣ ਵਾਲੀਆਂ ਵੋਟਾਂ ਦੋਵਾਂ ਪਾਰਟੀਆਂ ਦੀਆਂ ਸਨ। ਇਸ ਵਾਰ ਭਾਜਪਾ ਨੇ ਸ੍ਰੀਮਤੀ ਪਰਮਪਾਲ ਸਿੱਧੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਿਸ ਵੱਲੋ ਕਰੀਬ ਅੱਧੀਆਂ ਵੋਟਾਂ ਤੋੜ ਲੈਣ ਦੀ ਸੰਭਾਵਨਾ ਹੈ। ਸ੍ਰੀਮਤੀ ਸਿੱਧੂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੋਣ ਕਾਰਨ ਵੀ ਨਿੱਜੀ ਤੌਰ ਤੇ ਦਲ ਨੂੰ ਕੁਝ ਸੰਨ ਲਾਵੇਗੀ। ਇਸਤੋਂ ਇਲਾਵਾ ਪੰਜਾਬ ਵਿੱਚ ਅਕਾਲੀ ਸਰਕਾਰ ਸਮੇਂ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚ ਕਤਲ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਦੇ ਦਾਗ ਵੀ ਅਜੇ ਤੱਕ ਅਕਾਲੀ ਦਲ ਧੋਣ ਵਿੱਚ ਸਫ਼ਲ ਨਹੀਂ ਹੋ ਸਕਿਆ। ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਬਣਾਏ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕਰਕੇ ਬਿਲ ਪਾਸ ਕਰਵਾਉਣ ਦਾ ਵੀ ਕਿਸਾਨਾਂ ਵਿੱਚ ਬਾਦਲ ਪਰਿਵਾਰ ਵਿਰੁੱਧ ਰੋਸ ਹੈ। ਇਹਨਾਂ ਕਾਰਨਾਂ ਸਦਕਾ ਘਟੀਆਂ ਵੋਟਾਂ ਨੂੰ ਬੀਬੀ ਬਾਦਲ ਕਿਵੇਂ ਪੂਰੀਆਂ ਕਰੇਗੀ, ਇਸ ਸਵਾਲ ਦਾ ਜਵਾਬ ਲੱਭਣਾ ਬਹੁਤ ਮੁਸਕਿਲ ਹੋ ਰਿਹਾ ਹੈ।
ਕਾਂਗਰਸ ਪਾਰਟੀ ਵੱਲੋਂ ਸ੍ਰੀ ਜੀਤ ਮੁਹਿੰਦਰ ਸਿੰਘ ਸਿੱਧੂ ਉਮੀਦਵਾਰ ਹਨ। ਉਹ ਇੱਕ ਦਲੇਰ ਤੇ ਧੜੇਬਾਜ ਆਗੂ ਹਨ ਉਹਨਾਂ ਦਾ ਲੋਕਾਂ ਵਿੱਚ ਚੰਗਾ ਅਸਰ ਰਸੂਖ ਹੈ। ਪਰ ਉਹ ਪਿਛਲੇ ਕਈ ਵਰਿਆਂ ਤੋਂ ਸ੍ਰੋਮਣੀ ਅਕਾਲੀ ਦਲ ਵਿੱਚ ਸਨ ਅਤੇ ਚੋਣਾਂ ਦੇ ਐਲਾਨ ਤੋਂ ਕੁੱਝ ਦਿਨ ਪਹਿਲਾਂ ਹੀ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤੇ ਟਿਕਟ ਹਾਸਲ ਕਰਕੇ ਉਮੀਦਵਾਰ ਬਣ ਗਏ। ਹਲਕੇ ਦੇ ਕਾਂਗਰਸੀਆਂ ਨੂੰ ਉਹਨਾਂ ਦਾ ਇੱਕਦਮ ਟਿਕਟ ਹਾਸਲ ਕਰਕੇ ਆ ਜਾਣਾ ਸ਼ਾਇਦ ਹਜ਼ਮ ਨਹੀਂ ਆ ਰਿਹਾ, ਜਿਸ ਕਰਕੇ ਉਹਨਾਂ ਵੱਲੋਂ ਪੂਰੇ ਯਤਨ ਕਰਨ ਦੇ ਬਾਵਜੂਦ ਵੀ ਕਾਂਗਰਸ ਵੱਲੋਂ ਉਹਨਾਂ ਦੀ ਮੁਹਿੰਮ ਨੂੰ ਚੰਗਾ ਹੁਲਾਰਾ ਨਹੀਂ ਮਿਲ ਰਿਹਾ। ਕਾਂਗਰਸੀ ਆਗੂ ਉਹਨਾਂ ਨਾਲ ਤੁਰ ਤਾਂ ਪਏ ਹਨ, ਪਰ ਕਿਨੇ ਕੁ ਸੱਚੇ ਮਨ ਨਾਲ ਤੁਰੇ ਹਨ ਇਹ ਗੱਲ ਚਰਚਾ ਬਣੀ ਹੋਈ ਹੈ। ਪਰ ਫੇਰ ਵੀ ਉਹ ਮਜਬੂਤ ਉਮੀਦਵਾਰ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਜ: ਗੁਰਮੀਤ ਸਿੰਘ ਖੁੱਡੀਆਂ ਇੱਕ ਧਾਰਮਿਕ ਸਖ਼ਸੀਅਤ ਵਾਲੇ ਸਾਊ ਵਿਅਕਤੀ ਹਨ, ਉਹਨਾਂ ਦੇ ਪਿਤਾ ਜ: ਜਗਦੇਵ ਸਿੰਘ ਖੁੱਡੀਆਂ ਮਰਹੂਮ ਲੋਕ ਸਭਾ ਮੈਂਬਰ ਵੀ ਦਰਵੇਸ ਸਿਆਸਤਦਾਨ ਮੰਨੇ ਜਾਂਦੇ ਸਨ। ਸਾਲ 2022 ਦੀਆਂ ਚੋਣਾਂ ’ਚ ਜ: ਗੁਰਮੀਤ ਸਿੰਘ ਖੁੱਡੀਆਂ ਨੇ ਅਕਾਲੀ ਦਲ ਦੇ ਸੁਪਰੀਮੋ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਹਰਾ ਕੇ ਲੰਬੀ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ, ਜਿਹਨਾਂ ਨੂੰ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਖੇਤੀਬਾੜੀ ਮੰਤਰੀ ਬਣਾਇਆ। ਉਹ ਇੱਕ ਬੇਦਾਗ ਤੇ ਇਮਾਨਦਾਰ ਸਿਆਸਤਦਾਨ ਹਨ, ਉਹਨਾਂ ਦੇ ਗੁਣਾਂ ਦੀ ਕਦਰ ਕਰਦਿਆਂ ਆਮ ਆਦਮੀ ਪਾਰਟੀ ਨੇ ਹਲਕਾ ਬਠਿੰਡਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਹਨਾਂ ਸਭ ਤੋਂ ਪਹਿਲਾਂ ਹੀ ਆਪਣੀ ਚੋਣ ਮੁਹਿੰਮ ਸੁਰੂ ਕਰ ਦਿੱਤੀ ਸੀ ਅਤੇ ਕਰੀਬ ਇੱਕ ਵਾਰ ਉਹ ਸਮੁੱਚੇ ਹਲਕੇ ਦਾ ਦੌਰਾ ਕਰ ਚੁੱਕੇ ਹਨ। ਉਹਨਾਂ ਨੂੰ ਵਿਧਾਇਕਾਂ ਦਾ ਵੀ ਲਾਹਾ ਮਿਲ ਰਿਹਾ ਹੈ, ਕਿਉਂਕਿ ਹਲਕੇ ਅਧੀਨ ਪੈਂਦੇ ਸਾਰੇ 9 ਹਲਕਿਆਂ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਸਰੀਫ਼ ਵਿਅਕਤੀ ਹੋਣ ਸਦਕਾ ਹਿੰਦੂ ਵੋਟਰਾਂ ਵਿੱਚ ਵੀ ਉਹਨਾਂ ਦਾ ਕਾਫ਼ੀ ਪ੍ਰਭਾਵ ਬਣਿਆ ਹੋਇਆ ਹੈ।
ਭਾਜਪਾ ਦੀ ਉਮੀਦਵਾਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਸਿਆਸੀ ਪਰਿਵਾਰ ਨਾਲ ਸਬੰਧਤ ਹਨ ਤੇ ਸਾਬਕਾ ਆਈ ਏ ਐਸ ਹਨ। ਉਹਨਾਂ ਦੀ ਮੁਹਿੰਮ ਦਿਨੋ ਦਿਨ ਵਧ ਰਹੀ ਹੈ, ਪਰ ਕਿਸਾਨਾਂ ਵਿੱਚ ਭਾਜਪਾ ਪ੍ਰਤੀ ਗੁੱਸਾ ਹੋਣ ਸਦਕਾ ਉਹਨਾਂ ਨੂੰ ਵਿਰੋਧ ਝੱਲਣਾ ਪੈ ਰਿਹਾ ਹੈ। ਅਕਾਲੀ ਦਲ ਅਮਿ੍ਰੰਤਸਰ ਦੇ ਉਮੀਦਵਾਰ ਲੱਖਾ ਸਿਧਾਣਾ ਵੱਲੋਂ ਵੀ ਆਪਣੀ ਮੁਹਿੰਮ ਭਖਾਈ ਜਾ ਰਹੀ ਹੈ, ਉਹਨਾਂ ਨੂੰ ਨੌਜਵਾਨਾਂ ਖਾਸ ਕਰਕੇ ਗਰਮ ਸੁਰ ਵਾਲਿਆਂ ਦਾ ਸਮਰਥਨ ਮਿਲ ਰਿਹਾ ਹੈ।
4 ਜੂਨ ਨੂੰੰ ਨਤੀਜਾ ਕਿਸ ਦੇ ਹੱਕ ਵਿੱਚ ਆਵੇਗਾ, ਕੌਣ ਸੰਸਦ ਮੈਂਬਰ ਬਣੇਗਾ? ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ। ਪਰ ਹਲਕੇ ਦੇ ਵੋਟਰ ਪਾਰਟੀਆਂ ਦੀਆਂ ਨੀਤੀਆਂ, ਉਮੀਦਵਾਰਾਂ ਦੀ ਕਾਰਗੁਜਾਰੀ ਤੇ ਉਹਨਾਂ ਦੀ ਸਖ਼ਸੀਅਤ, ਪਰਿਵਾਰਕ ਪਿਛੋਕੜ ਬਾਰੇ ਵਿਚਾਰਾਂ ਕਰ ਰਹੇ ਹਨ ਅਤੇ ਬਹੁਤ ਸੋਚ ਸਮਝ ਕੇ ਆਪਣੇ ਵੋਟ ਦੀ ਵਰਤੋਂ ਕਰਨਗੇ।