ਬਾਬਾ ਫ਼ਰੀਦ ਕਾਲਜ ਵਿਖੇ ‘ਤੀਆਂ ਤੀਜ ਦੀਆਂ, ਵਰੇ ਦਿਨਾਂ ਨੂੰ ਫੇਰ’ ਪ੍ਰੋਗਰਾਮ ਦਾ ਆਯੋਜਨ

ਬਠਿੰਡਾ, 9 ਅਗਸਤ, ਬਲਵਿੰਦਰ ਸਿੰਘ ਭੁੱਲਰ
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੇ ਵਿਹੜੇ ’ਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਹਰਨੀਤ ਕੌਰ ਧਨੋਆ ਅਤੇ ਅਮਨਪ੍ਰੀਤ ਕੌਰ ਭੁੱਲਰ ਗੁੱਲਪੌਸ਼ ਬੂਟੀਕ ਨੇ ਸ਼ਿਰਕਤ ਕੀਤੀ। ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਰੰਗ ਬਿਰੰਗੀਆਂ ਚੂੜੀਆਂ ਪਾ ਕੇ ਅਤੇ ਖ਼ੂਬਸੂਰਤ ਮਹਿੰਦੀ ਲਾ ਕੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਤੀਆਂ ਤੀਜ ਦੀਆਂ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨਾਂ ਵੱਲੋਂ ਸਾਉਣ ਮਹੀਨੇ ਦੇ ਲੋਕ ਗੀਤ ਗਾ ਕੇ ਕੀਤਾ ਗਿਆ। ਤੀਆਂ ਤੀਜ ਦੀਆਂ ਪ੍ਰੋਗਰਾਮ ਦੇ ਮੰਚ ਸੰਚਾਲਕ ਦੀ ਭੂਮਿਕਾ ਬੀ.ਏ-ਬੀ.ਐਡ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ, ਸੋਲੋਨੀ ਅਤੇ ਜੋਤੀਕਾ ਨੇ ਬਾਖੂਬੀ ਢੰਗ ਨਾਲ ਨਿਭਾਈ। ਵਿਦਿਆਰਥਣਾਂ ਦੁਆਰਾ ਰੰਗਾਰੰਗ ਪ੍ਰੋਗਰਾਮ ਵਿੱਚ ਸੱਭਿਆਚਾਰਕ ਲੋਕ ਗੀਤ, ਕੋਰੀਓਗ੍ਰਾਫੀ, ਕਵਿਤਾਵਾਂ ਅਤੇ ਗਿੱਧਾ ਨਾਲ ਸ਼ਾਨਦਾਰ ਪੇਸ਼ਕਾਰੀ ਕੀਤੀ । ਕਾਲਜ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਹੱਥ ਰੰਗਲੀ ਮਹਿੰਦੀ ਨਾਲ ਸਜਾਏ। ਇਸ ਪ੍ਰੋਗਰਾਮ ਵਿੱਚ ਸਭ ਨੇ ਗੁਲਗੁਲੇ ਅਤੇ ਖੀਰ ਪੂੜਿਆਂ ਦਾ ਭਰਪੂਰ ਆਨੰਦ ਮਾਣਿਆ।

ਇਸ ਪ੍ਰੋਗਰਾਮ ਦੌਰਾਨ ਮਿਸ ਤੀਜ ਦਾ ਮੁਕਾਬਲਾ, ਮਹਿੰਦੀ ਮੁਕਾਬਲਾ, ਗੁੱਤ ਗੁੰਦਣ ਦਾ ਮੁਕਾਬਲਾ ਅਤੇ ਘੜਾ ਸਜਾਵਟ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਅਸਿਸਟੈਂਟ ਪ੍ਰੋਫੈਸਰ ਡਾ. ਕੁਲਦੀਪ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਰਾਜਵੀਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਬੀ.ਏ-ਬੀ.ਐੱਡ ਤੀਜਾ ਸਮੈਸਟਰ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਮਿਸ ਤੀਜ ਦਾ ਖ਼ਿਤਾਬ ਅਤੇ ਬੀ.ਏ-ਬੀ.ਐੱਡ ਪਹਿਲਾ ਸਮੈਸਟਰ ਦੀ ਵਿਦਿਆਰਥਣ ਕਸ਼ਿਸ਼ ਅਰੌੜਾ ਨੂੰ ਸੋਹਣੀ ਮੁਟਿਆਰ ਦਾ ਤਾਜ ਦਿੱਤਾ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਹਰਨੀਤ ਕੌਰ ਧਨੋਆ ਅਤੇ ਅਮਨਪ੍ਰੀਤ ਕੌਰ ਭੁੱਲਰ ਗੁੱਲਪੌਸ਼ ਬੂਟੀਕ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਦੇ ਹੋਏ ਅਜਿਹੇ ਦਿਨ ਮਨਾਉਂਦੇ ਰਹਿਣ ਦਾ ਸੰਦੇਸ਼ ਦਿੱਤਾ।