ਬਠਿੰਡਾ, 29 ਮਈ, ਬੀ ਐੱਸ ਭੁੱਲਰ
ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਅਹਿਮ ਤੇ ਮਹੱਤਵਪੂਰਨ ਖੇਤਰੀ ਪਾਰਟੀ ਹੈ, ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਕਰੀਬ ਸੌ ਸਾਲ ਤੋਂ ਸੂਬੇ ਦੇ ਲੋਕ ਖਾਸ ਕਰਕੇ ਸਿੱਖ ਧਰਮ ਨਾਲ ਸਬੰਧਤ ਇਸ ਪਾਰਟੀ ਦੇ ਆਗੂਆਂ ਤੇ ਭਰੋਸਾ ਕਰਦੇ ਰਹੇ ਹਨ। ਉਹਨਾਂ ਅਕਾਲੀ ਆਗੂਆਂ ਦਾ ਚਿਹਰਾ ਮੋਹਰਾ ਪ੍ਰਭਾਵਿਤ ਕਰਦਾ ਸੀ, ਉਹ ਪੂਰਨ ਗੁਰਸਿੱਖ ਦਿੱਖ ਵਿੱਚ ਹੁੰਦੇ ਸਨ ਤੇ ਕਹਿਣੀ ਤੇ ਕਰਨੀ ਦੇ ਪੱਕੇ ਹੁੰਦੇ ਸਨ। ਬਾਬਾ ਖੜਕ ਸਿੰਘ ਵਰਗਿਆਂ ਤੋਂ ਲੈ ਕੇ ਜ: ਗੁਰਚਰਨ ਸਿੰਘ ਟੌਹੜਾ, ਰਣਜੀਤ ਸਿੰਘ ਬ੍ਰਹਮਪੁਰਾ ਤੱਕ ਅਜਿਹੇ ਆਗੂ ਲੋਕਾਂ ਨੂੰ ਸੇਧ ਦਿੰਦੇ ਰਹੇ ਹਨ। ਚੋਣਾਂ ਸਮੇਂ ਸ੍ਰ: ਪ੍ਰਕਾਸ ਸਿੰਘ ਬਾਦਲ, ਜ: ਗੁਰਚਰਨ ਸਿੰਘ ਟੌਹੜਾ, ਜ: ਜਗਦੇਵ ਸਿੰਘ ਤਲਵੰਡੀ, ਜ: ਪ੍ਰੇਮ ਸਿੰਘ ਲਾਲਪੁਰਾ, ਜ: ਮੋਹਣ ਸਿੰਘ ਤੁੜ, ਜ: ਰਣਜੀਤ ਸਿੰਘ ਬ੍ਰਹਮਪੁਰਾ, ਸ੍ਰ: ਸੁਖਦੇਵ ਸਿੰਘ ਢੀਂਡਸਾ, ਸ੍ਰ: ਸੁਰਜੀਤ ਸਿੰਘ ਬਰਨਾਲਾ, ਜ: ਤੋਤਾ ਸਿੰਘ ਵਰਗੇ ਸਿਰਕੱਢ ਅਕਾਲੀ ਨੇਤਾ ਸਟਾਰ ਪ੍ਰਚਾਰਕ ਹੋਇਆ ਕਰਦੇ ਸਨ।
ਪੁਰਾਣੇ ਤੇ ਪੰਥ ਦਰਦੀ ਇਹ ਆਗੂ ਆਪਣੇ ਨਿੱਜ ਨਾਲੋਂ ਆਪਣੀ ਪਾਰਟੀ ਤੇ ਲੋਕਾਂ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਦੇ ਸਨ। ਉਹਨਾਂ ਨੂੰ ਸੱਤਾ ਭੋਗਣ ਦਾ ਬਹੁਤਾ ਸ਼ੌਕ ਜਾਂ ਲਾਲਚ ਨਹੀਂ ਸੀ। ਜਦੋਂ ਪਾਰਟੀ ਵਿਚਲੇ ਆਗੂਆਂ ਨੂੰ ਸੱਤਾ ਦਾ ਸੁਆਦ ਪੈ ਗਿਆ ਤਾਂ ਕੁੱਝ ਆਗੂ ਇੱਕ ਦੂਜੇ ਨੂੰ ਠਿੱਬੀ ਲਾਉਣ ਲੱਗ ਪਏ। ਆਖ਼ਰ ਨੂੰ ਅਜਿਹੀ ਸੋਚ ਦੇ ਆਧਾਰ ਤੇ ਅਕਾਲੀ ਦਲ ਦੀ ਸਿਆਸੀ ਪਕੜ ਤੇ ਬਾਦਲ ਪਰਿਵਾਰ ਕਾਬਜ ਹੋ ਗਿਆ। ਸ੍ਰ: ਪ੍ਰਕਾਸ ਸਿੰਘ ਬਾਦਲ ਬਹੁਤ ਸੂਝਵਾਨ ਤੇ ਧਾਕੜ ਸਿਆਸਤਦਾਨ ਸਨ, ਉਹਨਾਂ ਨੂੰ ਲੋਕਾਂ ਦੀ ਨਬਜ ਟੋਹਣ ਦਾ ਵੱਡਾ ਤਜਰਬਾ ਹੋ ਗਿਆ ਸੀ। ਉਹ ਪੰਥ ਦੇ ਹਿਤਾਂ ਜਾਂ ਪੰਜਾਬ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਸੱਤਾ ਭੋਗਣ ਤੱਕ ਸੀਮਤ ਹੋ ਗਏ। ਉਹ ਪਾਰਟੀ ਅੰਦਰਲੇ ਆਪ ਤੋਂ ਸੀਨੀਅਰ ਆਗੂਆਂ ਨੂੰ ਪਿੱਛੇ ਧੱਕ ਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ।
ਜਦੋਂ ਉਹ ਸੱਤਾ ਤੇ ਕਾਬਜ ਹੁੰਦੇ, ਉਸ ਸਮੇਂ ਉਹ ਕਿਸੇ ਦੀ ਬਹੁਤੀ ਪਰਵਾਹ ਨਹੀਂ ਸਨ ਕਰਦੇ ਅਤੇ ਦਲ ਦੇ ਸੀਨੀਅਰ ਆਗੂ ਉਹਨਾਂ ਨਾਲ ਨਰਾਜ ਵੀ ਹੋ ਜਾਂਦੇ। ਪਰ ਜਦ ਚੋਣਾਂ ਦਾ ਮੌਕਾ ਆਉਂਦਾ ਤਾਂ ਉਹ ਗਲ ’ਚ ਪੱਲੂ ਪਾ ਕੇ ਹਰ ਵੱਡੇ ਛੋਟੇ ਆਗੂ ਦੇ ਘਰ ਪਹੁੰਚ ਜਾਂਦੇ ਤੇ ਉਹਨਾਂ ਨੂੰ ਅਗਵਾਈ ਕਰਨ ਲਈ ਬੇਨਤੀ ਕਰਦੇ। ਉਹਨਾਂ ਦਾ ਚਿਹਰਾ ਮੋਹਰਾ ਤੇ ਗੱਲ ਕਰਨ ਦਾ ਲਹਿਜਾ ਹੀ ਅਜਿਹਾ ਹੰੁਦਾ ਕਿ ਹਰ ਆਗੂ ਉਹਨਾਂ ਦਾ ਕਹਿਣਾ ਮੰਨ ਜਾਂਦਾ ਅਤੇ ਨਰਾਜਗੀ ਤਿਆਗ ਕੇ ਪਾਰਟੀ ਵਾਸਤੇ ਚੋਣਾਂ ਜਿੱਤਣ ਲਈ ਚੋਣ ਮੈਦਾਨ ਵਿੱਚ ਤੁਰ ਪੈਂਦਾ। ਉਕਤ ਆਗੂ ਚੋਣਾਂ ਸਮੇਂ ਸਟਾਰ ਪ੍ਰਚਾਰਕ ਬਣ ਕੇ ਕੰਮ ਕਰਦੇ ਸਨ ਅਤੇ ਲੋਕਾਂ ਦਾ ਵਿਸਵਾਸ਼ ਜਿੱਤਣ ਦੀ ਉਹਨਾਂ ਵਿੱਚ ਸਮਰੱਥਾ ਵੀ ਸੀ।
ਸਮਾਂ ਪਾ ਕੇ ਲੋਕ ਆਗੂ ਸਰਵ ਸ੍ਰੀ ਤਲਵੰਡੀ, ਟੌਹੜਾ, ਤੁੜ, ਬ੍ਰਹਮਪੁਰਾ, ਬਾਦਲ, ਲਾਲਪੁਰਾ ਆਦਿ ਉਮਰ ਭੋਗ ਕੇ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ। ਪਰ ਜਿਉਂ ਜਿਉਂ ਉਹ ਦੁਨੀਆਂ ਨੂੰ ਛੱਡਦੇ ਗਏ, ਤਿਉਂ ਤਿਉਂ ਨਵੇਂ ਆਗੂ ਅੱਗੇ ਆਉਂਦੇ ਵੀ ਰਹੇ। ਅੱਜ ਵੀ ਵੇਖਿਆ ਜਾਵੇ ਅਕਾਲੀ ਦਲ ਵਿੱਚ ਆਗੂਆਂ ਦੀ ਕਮੀ ਨਹੀਂ ਹੈ। ਹੁਣ ਲੋਕ ਸਭਾ ਦਾ ਪ੍ਰਚਾਰ ਸਿਖ਼ਰਾਂ ਤੇ ਪਹੁੰਚ ਚੁੱਕਾ ਹੈ, ਪਰ ਸਟਾਰ ਪ੍ਰਚਾਰਕ ਵਜੋਂ ਪਾਰਟੀ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਤੋਂ ਵਗੈਰ ਕੋਈ ਹੋਰ ਨੇਤਾ ਵਿਖਾਈ ਨਹੀਂ ਦਿੰਦਾ। ਪਾਰਟੀ ਦੇ ਸ੍ਰ: ਸੁਖਦੇਵ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਪਰਮਜੀਤ ਕੌਰ ਗੁਲਸ਼ਨ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਦਲ ਵਿੱਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਵਰਗੇ ਘਾਗ ਆਗੂ ਚੁੱਪ ਚਾਪ ਘਰਾਂ ਵਿੱਚ ਬੈਠੇ ਹਨ। ਪਾਰਟੀ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਦੀ ਲੋੜ ਨਾ ਸਮਝਦਿਆਂ ਸਟਾਰ ਪ੍ਰਚਾਰਕਾਂ ਦੀ ਕੋਈ ਲਿਸਟ ਜਾਰੀ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਤੱਕ ਪਹੁੰਚ ਕਰਕੇ ਪਾਰਟੀ ਲਈ ਤੋਰਣਾ ਜਰੂਰੀ ਸਮਝਿਆ ਹੈ। ਹੁਣ ਕਥਿਤ ਤੌਰ ਤੇ ਸੋਨੂ ਮੋਨੂ ਟੈਨੀ ਸੈਣੀ ਆਦਿ ਦਲ ਦੀ ਚੋਣ ਮੁਹਿੰਮ ਚਲਾ ਰਹੇ ਹਨ ਜਾਂ ਫੇਰ ਪੁਰਾਣੇ ਆਗੂ ਸੁੱਚਾ ਸਿੰਘ ਲੰਗਾਹ ਨੇ ਆਪਣੇ ਹਲਕੇ ਵਿੱਚ ਇਕੱਠ ਕਰਕੇ ਅਕਾਲੀ ਦਲ ਦੇ ਹੱਕ ਵਿੱਚ ਪਚਾਰ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹੀਦਾਂ ਦੀ ਪਾਰਟੀ ਸ੍ਰੋਮਣੀ ਅਕਾਲੀ ਦਲ ਕਿੱਥੋਂ ਕਿੱਥੇ ਪਹੁੰਚ ਗਿਆ ਹੈ।
ਅਕਾਲੀ ਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਜਾਂ ਨੌਜਵਾਨਾਂ ਨੂੰ ਨਸ਼ਿਆਂ ਨੂੰ ਧੱਕਣ ਆਦਿ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅਜਿਹੇ ਦੋਸ਼ਾਂ ਚੋਂ ਉਸਨੂੰ ਕੱਢਣ ਲਈ ਜਿਹੋ ਜਿਹੇ ਆਗੂਆਂ ਦੀ ਲੋੜ ਹੈ, ਉਹ ਕਿਤੇ ਵੀ ਦਿਖਾਈ ਨਹੀਂ ਦਿੰਦੇ। ਅਕਾਲੀ ਦਲ ਨੂੰ ਅਜਿਹੇ ਹਾਲਾਤਾਂ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।