ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ-ਅਤੀਤ ਤੋਂ ਵਰਤਮਾਨ ਤੱਕ

sgpc-office-amritsarਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਸੰਗਤੀ ਪ੍ਰਬੰਧ ਦੇ ਮਨੋਰਥ ਨੂੰ ਲੈ ਕੇ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵਿਸ਼ਵ ਵਿਆਪੀ ਸਿੱਖ ਕੌਮ ਦੀ ਸਭ ਤੋਂ ਸ਼ਕਤੀਸ਼ਾਲੀ, ਲੋਕਰਾਜੀ ਅਤੇ ਪ੍ਰਤੀਨਿਧ ਜਥੇਬੰਦੀ ਦੇ ਰੂਪ ‘ਚ ਸਥਾਪਤ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵਿਸ਼ਵ ਦੀ ਇਕੋ-ਇਕ ਅਜਿਹੀ ਧਾਰਮਿਕ ਸੰਸਥਾ ਹੈ, ਜੋ ਕਿਸੇ ਦੇਸ਼ ਵਿਚ ਕਿਸੇ ਧਰਮ ਦੇ ਅਸਥਾਨਾਂ ਦਾ ਪ੍ਰਬੰਧ ਚਲਾਉਣ ਲਈ ਉਸ ਧਰਮ ਦੇ ਪੈਰੋਕਾਰਾਂ ਵੱਲੋਂ ਵੋਟਾਂ ਨਾਲ ਚੁਣੀ ਜਾਂਦੀ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੀ ਚੋਣ-ਪ੍ਰਣਾਲੀ ‘ਤੇ ਸ਼ੁਰੂ ਤੋਂ ਕੁਝ ਦੋਸ਼ ਵੀ ਲਗਦੇ ਰਹੇ ਹਨ ਪਰ ਭਾਰਤ ਦੀ ਪਹਿਲੀ ਚੋਣ-ਪ੍ਰਣਾਲੀ ਵਾਲੀ ਸੰਸਥਾ ਹੋਣ ਦਾ ਮਾਣ ਵੀ ਇਸੇ ਨੂੰ ਹੀ ਹਾਸਲ ਹੈ। ਭਾਰਤ ‘ਚ ਲੋਕਤੰਤਰੀ ਸਰਕਾਰ ਤਾਂ 1947 ਤੋਂ ਬਾਅਦ ਬਣੀ ਪਰ ਸ਼੍ਰੋਮਣੀ ਕਮੇਟੀ ਨੂੰ ਬਰਤਾਨੀਆ ਹਕੂਮਤ ਨੇ 1925 ਵਿਚ ਹੀ ਸੰਵਿਧਾਨਕ ਮਾਨਤਾ ਦੇ ਕੇ ਵੋਟਾਂ ਨਾਲ ਚੁਣਨ ਦਾ ਅਧਿਕਾਰ ਦੇ ਦਿੱਤਾ ਸੀ। ਇਹ ਭਾਰਤ ‘ਚ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਾਲੀ ਵੀ ਪਹਿਲੀ ਲੋਕਰਾਜੀ ਸੰਸਥਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੇ ਪਿਛੋਕੜ ‘ਚ ਇਹ ਰੌਸ਼ਨ ਤੱਥ ਹੈ ਕਿ ਸਿੱਖਾਂ ਨੇ ਕਦੇ ਵੀ ਆਪਣੇ ਪਵਿੱਤਰ ਗੁਰਧਾਮਾਂ ‘ਤੇ ਸਰਕਾਰੀ ਪ੍ਰਬੰਧ ਅਤੇ ਦਖ਼ਲ ਨੂੰ ਬਰਦਾਸ਼ਤ ਨਹੀਂ ਕੀਤਾ। ਗੁਰਦੁਆਰਾ ਸੰਸਥਾ, ਸਿੱਖ ਧਰਮ ਅਤੇ ਇਸ ਨਾਲ ਜੁੜੇ ਸੰਕਲਪਾਂ ਅਤੇ ਸਰੋਕਾਰਾਂ ਦੀ ਕੇਂਦਰੀ ਸੰਸਥਾ ਹੋਣ ਕਰਕੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਗੁਰਦੁਆਰਾ ਸੰਸਥਾ ਵਿਚ ਦਖ਼ਲ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ। ਅੰਗਰੇਜ਼ਾਂ ਨੇ ਮੁਕੰਮਲ ਪੰਜਾਬ ਨੂੰ ਆਪਣੇ ਰਾਜ-ਭਾਗ ਵਿਚ ਮਿਲਾਉਣ ਤੋਂ ਬਾਅਦ ਆਪਣੇ ਪਿੱਠੂ ਭ੍ਰਿਸ਼ਟ ਮਹੰਤਾਂ ਨੂੰ ਗੁਰਦੁਆਰਿਆਂ ‘ਤੇ ਕਾਬਜ਼ ਕਰ ਦਿੱਤਾ ਸੀ। ਇਨ੍ਹਾਂ ਮਹੰਤਾਂ ਨੇ ਜਿਥੇ ਗੁਰੂ-ਘਰ ਦੇ ਚੜ੍ਹਾਵੇ ਦੀ ਮਾਇਆ ਨੂੰ ਆਪਣੀ ਐਸ਼ੋ-ਇਸ਼ਰਤ ਲਈ ਵਰਤਣਾ ਸ਼ੁਰੂ ਕੀਤਾ, ਉਥੇ ਗੁਰਦੁਆਰਿਆਂ ਅੰਦਰੋਂ ਸਿੱਖਾਂ ਨੂੰ ਮਿਲਦੀ ਚੇਤਨਾ ਨੂੰ ਰੋਕਣ ਲਈ ਗੁਰਧਾਮਾਂ ਅੰਦਰ ਸਿੱਖੀ-ਵਿਰੋਧੀ, ਮਨਮਤੀ ਅਤੇ ਕਰਮ-ਕਾਂਡੀ ਅਡੰਬਰ ਪ੍ਰਚਲਤ ਕਰ ਦਿੱਤੇ। ਸਿੱਖ ਧਰਮ ਦੀ ਮੂਲ ਭਾਵਨਾ ਦੇ ਵਿਰੁੱਧ ਗੁਰਦੁਆਰਿਆਂ ‘ਚ ਛੂਤ-ਛਾਤ ਕੀਤਾ ਜਾਣ ਲੱਗਾ ਅਤੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਨੀਵਾਂ ਵਿਹਾਰ ਕੀਤਾ ਜਾਣ ਲੱਗਾ। ਗੁਰਦੁਆਰਿਆਂ ਅੰਦਰ ਮੂਰਤੀ ਪੂਜਾ ਦੀ ਪ੍ਰਥਾ ਚਲਾ ਦਿੱਤੀ।
ਸਿੱਖ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧਾਂ ਹੇਠ ਲੈਣ ਲਈ 20ਵੀਂ ਸਦੀ ਦੇ ਦੂਜੇ ਦਹਾਕੇ ‘ਚ ‘ਗੁਰਦੁਆਰਾ ਸੁਧਾਰ ਲਹਿਰ’ ਦੇ ਰੂਪ ਵਿਚ ਇਕ ਸਰਗਰਮ ਅੰਦੋਲਨ ਸ਼ੁਰੂ ਹੋਇਆ। ਇਸ ਅੰਦੋਲਨ ਦੀ ਸਫ਼ਲਤਾ ਦਾ ਮੁੱਢ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਅਤੇ ਗੁਰਦੁਆਰਾ ਬਾਬੇ ਦੀ ਬੇਰ ਤੋਂ ਮਹੰਤਾਂ ਦਾ ਕਬਜ਼ਾ ਛੁਡਾਉਣ ਤੋਂ ਬੱਝਿਆ। ਸਿੱਖਾਂ ਨੇ 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਮਹੰਤਾਂ ਕੋਲੋਂ ਕਬਜ਼ਾ ਛੁਡਾ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਲਈ ਉਸ ਸਮੇਂ ਦੇ ਇਕ ਸਤਿਕਾਰਤ ਆਗੂ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠ 25 ਸਿੰਘਾਂ ਦੇ ਜਥੇ ਨੂੰ ਜ਼ਿੰਮੇਵਾਰੀ ਸੌਂਪੀ ਗਈ। ਦੂਜੇ ਪਾਸੇ ਅੰਗਰੇਜ਼ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਿੱਖਾਂ ਦੇ ਸਥਾਪਤ ਕੀਤੇ ਪ੍ਰਸ਼ਾਸਕੀ ਢਾਂਚੇ ਨੂੰ ਪ੍ਰਵਾਨ ਨਾ ਕੀਤਾ ਅਤੇ ਗੁਰਦੁਆਰਿਆਂ ‘ਤੇ ਸਰਕਾਰੀ ਦਖ਼ਲ ਕਾਇਮ ਰੱਖਣ ਦੀ ਮਨਸ਼ਾ ਨਾਲ ਅਗਲੇ ਹੀ ਦਿਨ 13 ਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪ੍ਰਬੰਧ ਚਲਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਐਡਹਾਕ ਕਮੇਟੀ ਦਾ ਗਠਨ ਕਰਵਾ ਦਿੱਤਾ।
ਦੂਜੇ ਪਾਸੇ ਸਿੱਖ ਸੰਗਤਾਂ ਵੱਲੋਂ ਜੱਦੋ-ਜਹਿਦ ਨਾਲ ਮਹੰਤਾਂ ਕੋਲੋਂ ਛੁਡਾਏ/ਛੁਡਾਏ ਜਾਣ ਵਾਲੇ ਗੁਰਦੁਆਰਿਆਂ ਦੇ ਸੁਚੱਜੇ ਅਤੇ ਇਕਰੂਪ ਪ੍ਰਬੰਧ ਲਈ, ਇਕ ਕੇਂਦਰੀ ਸੰਸਥਾ ਦੀ ਲੋੜ ‘ਤੇ ਦੀਰਘ ਪੰਥਕ ਵਿਚਾਰ-ਵਟਾਂਦਰੇ ਲਈ ਅੰਮ੍ਰਿਤਸਰ ਦੇ ਵਾਸੀ ਡਾ: ਗੁਰਬਖ਼ਸ਼ ਸਿੰਘ ਸੇਵਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂਅ ਹੇਠ ਸਮੂਹ ਖ਼ਾਲਸਾ ਪੰਥ ਨੂੰ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰਤਾ ਦਾ ਸੱਦਾ ਦੇ ਦਿੱਤਾ। ਸਿੱਖਾਂ ਦੀ ਇਸ ਜਾਗਰੂਕ ਲਾਮਬੰਦੀ ਨੂੰ ਲੈ ਕੇ ਅੰਗਰੇਜ਼ ਸਰਕਾਰ ਭੈਅਭੀਤ ਹੋ ਗਈ ਅਤੇ ਉਸ ਨੇ ਸਿੱਖਾਂ ਨੂੰ ਜਥੇਬੰਦ ਹੋਣ ਤੋਂ ਰੋਕਣ, ਸਿੱਖਾਂ ਵਿਚ ਫ਼ੁੱਟ ਪਾਉਣ ਅਤੇ ਆਪਣੇ ਵਫ਼ਾਦਾਰਾਂ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਕਾਬੂ ਹੇਠ ਰੱਖਣ ਦੇ ਮਕਸਦ ਨਾਲ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਸਲਾਹ ਨਾਲ ਆਪਣੀ ਇਕ 36 ਮੈਂਬਰੀ ਅਸਥਾਈ ਸਲਾਹਕਾਰ ਕਮੇਟੀ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ 15 ਨਵੰਬਰ 1920 ਨੂੰ 10 ਹਜ਼ਾਰ ਤੋਂ ਵੱਧ ਸਿੱਖ ਇਕੱਤਰ ਹੋਏ। ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧਾਂ ਲਈ ਸਰਕਾਰ ਦੀ ਬਣਾਈ 36 ਮੈਂਬਰੀ ਸਲਾਹਕਾਰ ਕਮੇਟੀ ਨੂੰ ਰੱਦ ਕਰਦਿਆਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ 150 ਮੈਂਬਰਾਂ ਦੀ ਪ੍ਰਤੀਨਿਧ ਕਮੇਟੀ ਚੁਣੀ ਗਈ, ਜਿਸ ਦਾ ਨਾਂਅ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ। ਸਿੱਖ ਕੌਮ ਦੇ ਇਤਫ਼ਾਕ ਨੂੰ ਬਣਾਈ ਰੱਖਣ ਅਤੇ ਅੰਗਰੇਜ਼ਾਂ ਦੀ ਫ਼ੁੱਟ-ਪਾਊ ਚਾਲ ਨੂੰ ਨਾਕਾਮ ਕਰਨ ਲਈ, ਸਰਕਾਰ ਦੀ ਬਣਾਈ ਗਈ 36 ਮੈਂਬਰੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼ਾਮਿਲ ਕਰ ਲਿਆ ਗਿਆ। ਕੁਝ ਮੈਂਬਰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ਸਰਕਾਰ ਦੀ 36 ਮੈਂਬਰੀ ਕਮੇਟੀ ਵਿਚ ਸਾਂਝੇ ਸਨ। ਇਸ ਤਰ੍ਹਾਂ ਇਸ ਕਮੇਟੀ ਦੇ ਕੁੱਲ 175 ਮੈਂਬਰ ਨਿਰਧਾਰਤ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੂਲ ਉਦੇਸ਼ ਮਿਥ ਲਏ ਗਏ, ਜਿਨ੍ਹਾਂ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਪੰਥਕ ਰਹੁ-ਰੀਤਾਂ ਅਨੁਸਾਰ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਗੁਰਦੁਆਰਿਆਂ ਨੂੰ ਮੁੜ ਮਹੰਤ ਪ੍ਰਥਾ ਦੇ ਕਬਜ਼ੇ ਹੇਠ ਜਾਣ ਤੋਂ ਬਚਾਉਣਾ ਸੀ।
1925 ‘ਚ ਅੰਗਰੇਜ਼ ਹਕੂਮਤ ਵੱਲੋਂ ‘ਸਿੱਖ ਗੁਰਦੁਆਰਾ ਐਕਟ 1925’ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ। ਐਕਟ ਤਹਿਤ ਨਿਰਧਾਰਤ ਕੀਤੇ ਗਏ ਸਿੱਖ ਸੰਸਥਾ ਦੇ ਸਰੂਪ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਗਿਣਤੀ 190 ਹੈ। ਇਨ੍ਹਾਂ ਵਿਚੋਂ 170 ਮੈਂਬਰ, ਸਿੱਖ ਵੋਟਰਾਂ ਦੁਆਰਾ ਚੁਣੇ ਜਾਂਦੇ ਹਨ, ਜਦੋਂਕਿ ਬਾਕੀ 15 ਮੈਂਬਰ ਕਮੇਟੀ ਦੇ ਮੈਂਬਰਾਂ ਵੱਲੋਂ ਕੋ-ਆਪਟ ਕੀਤੇ ਜਾਂਦੇ ਹਨ। ਪੰਜਾਂ ਤਖ਼ਤਾਂ ਦੇ ਜਥੇਦਾਰ ਅਹੁਦੇ ਵਜੋਂ ਇਸ ਦੇ ਮੈਂਬਰ ਹੁੰਦੇ ਹਨ। 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚਲੇ 120 ਖੇਤਰਾਂ ‘ਚੋਂ ਵੋਟਾਂ ਨਾਲ ਜਿੱਤਦੇ ਹਨ। ਪੰਜਾਬ ਤੋਂ ਬਾਹਰੋਂ 11 ਮੈਂਬਰ ਹਰਿਆਣਾ ਅਤੇ ਇਕ-ਇਕ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਤੋਂ ਵੋਟਾਂ ਨਾਲ ਚੁਣੇ ਜਾਂਦੇ ਹਨ। ਕੁੱਲ ਹਲਕਿਆਂ ਵਿਚੋਂ 50 ਹਲਕੇ ਦੋਹਰੇ ਹਨ, ਜਿਨ੍ਹਾਂ ਤੋਂ ਦੋ-ਦੋ ਮੈਂਬਰ ਲਏ ਜਾਂਦੇ ਹਨ। ਹਾਲਾਂਕਿ ਸ਼ੁਰੂਆਤੀ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ 120 ਹਲਕਿਆਂ ਤੋਂ ਕੁੱਲ 140 ਮੈਂਬਰ ਹੀ ਚੁਣੇ ਜਾਂਦੇ ਸਨ, ਜਿਨ੍ਹਾਂ ਵਿਚ ਕੋ-ਆਪਟ ਕੀਤੇ ਅਤੇ ਤਖ਼ਤਾਂ ਦੇ ਜਥੇਦਾਰ ਵੀ ਸ਼ਾਮਿਲ ਹੁੰਦੇ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਿਭਾਸ਼ਤ ਕਰਦਿਆਂ ਆਖਿਆ ਜਾਂਦਾ ਹੈ ਕਿ ਇਸ ਦੇ ਕੰਮ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨਾ, ਸਿੱਖ ਹਿਤਾਂ ਦੀ ਪੈਰਵੀ ਕਰਨਾ ਅਤੇ ਰਾਜਨੀਤਕ ਖੇਤਰ ‘ਚ ਸਿੱਖਾਂ ਦੀ ਨੁਮਾਇੰਦਾ ਲੀਡਰਸ਼ਿਪ ਪੈਦਾ ਕਰਨਾ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੇ ਪੰਥਕ ਹਿਤਾਂ ਲਈ ਵਧੇਰੇ ਉਤਰਦਾਈ ਬਣਾਉਣ ਖਾਤਰ 1979 ਵਿਚ ਜਾਰੀ ਕੀਤੇ ਗਏ ਨੀਤੀ ਪ੍ਰੋਗਰਾਮ ਅਨੁਸਾਰ ਇਸ ਦੇ ਮੁੱਖ ਪੰਜ ਉਦੇਸ਼ ਮਿੱਥੇ ਗਏ ਸਨ। ਪਹਿਲਾ, ਸਿੱਖ ਧਰਮ ਦੀ ਪੁਰਾਤਨ ਪਵਿੱਤਰਤਾ ਨੂੰ ਸੁਰੱਖਿਅਤ ਰੱਖਣਾ ਅਤੇ ਸਿੱਖ ਧਰਮ ਦੇ ਮੂਲ ਸਿਧਾਂਤਾਂ, ਅਸੂਲਾਂ ਅਤੇ ਆਦਰਸ਼ਾਂ ਦਾ ਪ੍ਰਗਟਾਵਾ ਕਰਕੇ ਇਸ ਦਾ ਪ੍ਰਚਾਰ ਕਰਨਾ। ਦੂਜਾ, ਕੌਮੀ ਏਕਤਾ ਦੇ ਦਾਇਰੇ ਵਿਚ ਰਹਿ ਕੇ ਸਿੱਖ ਕੌਮ ਦੀ ਰਾਜਨੀਤਕ ਹੋਂਦ ਨੂੰ ਯਕੀਨੀ ਬਣਾਉਣਾ। ਤੀਜਾ, ਸਿੱਖ ਸੰਸਥਾਵਾਂ ਨੂੰ ਜ਼ਿਆਦਾ ਪ੍ਰਤੀਨਿਧ ਅਤੇ ਸਮਕਾਲੀ ਚੁਣੌਤੀਆਂ ਪ੍ਰਤੀ ਉਤਰਦਾਈ ਬਣਾਉਣਾ। ਚੌਥਾ, ਪੰਜਾਬ ਤੋਂ ਬਾਹਰ ਭਾਰਤ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀਆਂ ਲੋੜਾਂ ਪ੍ਰਤੀ ਹੁੰਗਾਰਾ ਭਰਨਾ। ਪੰਜਵਾਂ, ਗੁਰਦੁਆਰਿਆਂ ਦੇ ਪ੍ਰਸ਼ਾਸਨ ਵਿਚ ਸੁਧਾਰ ਕਰਨਾ। ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਵੱਖ-ਵੱਖ ਸਰੋਕਾਰਾਂ ਦੀ ਪੈਰਵੀ ਆਪਣੀਆਂ ਵਿਭਿੰਨ ਸ਼ਾਖ਼ਾਵਾਂ ਦੁਆਰਾ ਕਰਦੀ ਹੈ, ਜਿਵੇਂ ਕਿ ਟਰੱਸਟ ਬਰਾਂਚ, ਡਾਇਰੈਕਟੋਰੇਟ ਸਿੱਖਿਆ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰਿਸਰਚ ਬੋਰਡ। ਕੌਮਾਂਤਰੀ ਪੱਧਰ ‘ਤੇ ਜਦੋਂ ਕਦੇ ਸਿੱਖ ਕੌਮ ਨੂੰ ਕੋਈ ਔਕੜ ਪੇਸ਼ ਆਵੇ ਤਾਂ ਟਰੱਸਟ ਬਰਾਂਚ ਕਾਰਵਾਈ ਕਰਦੀ ਹੈ।
ਪਿਛਲੇ ਦਹਾਕਿਆਂ ਦੌਰਾਨ ਇੰਗਲੈਂਡ ਦੇ ਟਰਾਂਸਪੋਰਟ ਵਿਭਾਗ ਵਿਚ ਕੰਮ ਕਰ ਰਹੇ ਸਿੱਖਾਂ ਲਈ ਦਸਤਾਰ ਬੰਨ੍ਹਣ ਦੀ ਖੁੱਲ੍ਹ ਦਿਵਾਉਣ ਦਾ ਕੇਸ ਇਸ ਨੇ ਬੜੀ ਸਫ਼ਲਤਾ ਨਾਲ ਲੜਿਆ। ਅਮਰੀਕਨ ਫ਼ੌਜ ਵਿਚ ਕੰਮ ਕਰ ਰਹੇ ਸਿੱਖਾਂ ‘ਤੇ ਪ੍ਰਭਾਵ ਪਾਉਣ ਵਾਲੇ ਹੈਲਮਟ ਦੇ ਖਿਲਾਫ਼ ਵੀ ਸੰਘਰਸ਼ ਲੜਿਆ। ਫ਼ਰਾਂਸ ਸਰਕਾਰ ਵੱਲੋਂ ਸਿੱਖਾਂ ਦੇ ਪਗੜੀ ਬੰਨ੍ਹਣ ‘ਤੇ ਲਗਾਈ ਰੋਕ ਦਾ ਵੀ ਸ਼੍ਰੋਮਣੀ ਕਮੇਟੀ ਨੇ ਡਟ ਕੇ ਵਿਰੋਧ ਕੀਤਾ। ਅੱਜਕਲ੍ਹ ਵਿਦੇਸ਼ੀ ਹਵਾਈ ਅੱਡਿਆਂ ‘ਤੇ ਦਸਤਾਰ ਦੀ ਬੇਅਦਬੀ ਰੋਕਣ, ਸਿੱਖਾਂ ਦੀ ਕੌਮਾਂਤਰੀ ਪੱਧਰ ‘ਤੇ ਵੱਖਰੀ ਪਛਾਣ ਸਥਾਪਤ ਕਰਨ, ਵਿਦੇਸ਼ਾਂ ਵਿਚ ਦਸਤਾਰ, ਕਿਰਪਾਨ ਅਤੇ ਸਿੱਖੀ ਪਹਿਰਾਵੇ ਦੀ ਖੁੱਲ੍ਹ ਲਈ ਵੀ ਟਰੱਸਟ ਬਰਾਂਚ ਹੀ ਪੈਰਵੀ ਕਰ ਰਹੀ ਹੈ।
(ਬਾਕੀ ਅਗਲੇ ਅੰਕ ‘ਚ)

ਤਲਵਿੰਦਰ ਸਿੰਘ ਬੁੱਟਰ
-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਫ਼ੋਨ : 98780-70008
e-mail : ts1984buttar@yahoo.com


Welcome to Punjabi Akhbar

Install Punjabi Akhbar
×