ਸਿੱਖਸ ਆਫ ਅਮੈਰਿਕਾ ਨੇ ਹੋਲੇ ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ’ਚ ਲਗਾਇਆ ਮੁਫ਼ਤ ਮੈਡੀਕਲ ਕੈਂਪ

ਸਿੱਖ ਸੰਗਤ ਦੀ ਸੇਵਾ ਹੀ ਸਾਡਾ ਸੱਚਾ ਸੁੱਚਾ ਮਨੋਰਥ- ਜਸਦੀਪ ਸਿੰਘ ਜੱਸੀ

ਵਾਸ਼ਿੰਗਟਨ/ ਸ੍ਰੀ ਅਨੰਦਪੁਰ ਸਾਹਿਬ 17 ਮਾਰਚ (ਰਾਜ ਗੋਗਨਾ )- ਖਾਲਸਾ ਪੰਥ ਦੀ ਚੜਦੀ ਕਲਾ ਦੇ ਪ੍ਰਤੀਕ ਹੋਲਾ ਮਹੱਲਾ ਮੌਕੇ ਸਮੱੁਚੇ ਵਿਸ਼ਵ ਵਿਚ ਵਸਦੀ ਸਿੱਖ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਇਸ ਸੰਗਤ ਦੀ ਸਹੂਲਤ ਲਈ ਆਪੋ ਆਪਣੀ ਸਮਰੱਥਾ ਮੁਤਾਬਿਕ ਲੰਗਰ ਸਮੇਤ ਵੱਖੋ-ਵੱਖ ਉਪਰਾਲੇ ਕਰਦੀਆਂ ਹਨ। ਇਸੇ ਲੜੀ ਅਧੀਨ ਹੀ ਦੁਨੀਆਂ ਭਰ ਵਿਚ ਸਿੱਖੀ ਦਾ ਝੰਡਾ ਬੁਲੰਦ ਕਰਨ ਵਾਲੀ ਅਮਰੀਕਾ ਦੀ ‘ਸਿੱਖਸ ਆਫ਼ ਅਮੈਰਿਕਾ’ ਜਥੇਬੰਦੀ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਹੋਲੇ ਮਹੱਲੇ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਲੋੜਵੰਦ ਸੰਗਤਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਨੇ ਕੈਂਪ ਦੇ ਪ੍ਰਬੰਧਾਂ ਦੀ ਦੇਖ ਰੇਖ ਅਤੇ ਸੇਵਾ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਹੋਰ ਸੇਵਾਦਾਰਾਂ ਦਾ ਸਿੱਖਸ ਆਫ਼ ਵਲੋਂ ਹੋਲਾ ਮਹੱਲਾ ਸਮਾਗਮਾਂ ’ਤੇ ਸਿੱਖਸ ਆਫ਼ ਅਮੈਰਿਕਾ ਦੀ ਤਰਫ਼ੋਂ ਧੰਨਵਾਦ ਕਰਦਿਆਂ ਅਨੰਦਪੁਰ ਸਾਹਿਬ ਵਿਖੇ ਆਈ ਹੋਈ ਸੰਗਤ ਦੀ ਚੜਦੀ ਕਲਾ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

ਉਹਨਾਂ ਦੱਸਿਆ ਇਸ ਕੈਂਪ ਦੀ ਸਫ਼ਲਤਾ ਵਿਚ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਆਲ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਦਾ ਵੱਡਾ ਸਹਿਯੋਗ ਰਿਹਾ ਹੈ।ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ਵਿੱਚ ਆਈ ਸੰਗਤ ਵੱਲੋਂ ਇਸ ਕੈਂਪ ਦਾ ਭਰਪੂਰ ਲਾਭ ਲਿਆ ਗਿਆ। ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਵਿਚ ਇਸੇ ਤਰਜ਼ ਉੱਤੇ ਹੋਰ ਥਾਵਾਂ ਉੱਤੇ ਵੀ ਸੰਸਥਾ ਵੱਲੋਂ ਲੋਕ ਸੇਵਾ ਲਈ ਮੈਡੀਕਲ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਸਿੱਖ ਸੰਗਤ ਦੀ ਨਿਸ਼ਕਾਮ ਸੇਵਾ ਹੀ ਸਾਡੀ ਸੰਸਥਾ ਦਾ ਸੱਚਾ ਸੱੁਚਾ ਮਨੋਰਥ ਹੈ। ਇਸ ਕੈਂਪ ਦੇ ਆਯੋਜਨ ਲਈ ਸਥਾਨਕ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਸਿੱਖਸ ਆਫ ਅਮੈਰਿਕਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।