
(ਹਰਜੀਤ ਲਸਾੜਾ, ਬ੍ਰਿਸਬੇਨ 22 ਨਵੰਬਰ) ਇੱਥੇ
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ (ਕਾਲਮਵੇਲ) ਵੱਲੋਂ ਲੋਗਨ ਵੈਸਟ ਕਮਿਊਨਿਟੀ ਸੈਂਟਰ, ਹਿਲਕ੍ਰਿਸਟ ਵਿਖੇ ਆਯੋਜਿਤ ਸਾਲਾਨਾ ਫੰਕਸ਼ਨ ਤੇ ਐਵਾਰਡ ਨਾਈਟ ਬੜੀ ਧੂਮ-ਧਾਮ ਨਾਲ ਸੰਪੰਨ ਹੋਈ। ਇਸ ਸਮਾਗਮ ਵਿੱਚ ਸੈਂਕੜੇ ਕਮਿਊਨਿਟੀ ਮੈਂਬਰ ਆਪਣੇ ਪਰਿਵਾਰਾਂ ਸਮੇਤ ਪਹੁੰਚੇ, ਜਦਕਿ ਕਈ ਸਥਾਨਕ ਰਾਜਨੀਤਿਕ ਲੀਡਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਕਲੱਬ ਦੇ ਏਕਤਾਵਾਦੀ ਜਜ਼ਬੇ ਅਤੇ ਬਹੁ-ਸੱਭਿਆਚਾਰਕ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਲੀਡਰਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਕਮਿਊਨਿਟੀ ਆਪਣੇ ਰੰਗੀਨ ਤਿਉਹਾਰਾਂ, ਸੱਭਿਆਚਾਰਕ ਪ੍ਰੋਗਰਾਮਾਂ ਤੇ ਸਮਾਜ ਸੇਵਾ ਰਾਹੀਂ ਬ੍ਰਿਸਬੇਨ ਦੀ ਬਹੁ-ਸੱਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਅਤੇ ਚਮਕਦਾਰ ਬਣਾ ਰਹੀ ਹੈ।
ਸਮਾਗਮ ਦੀ ਸ਼ੁਰੂਆਤ ਰਵਾਇਤੀ ਪੰਜਾਬੀ ਲੋਕ ਨਾਚਾਂ ਨਾਲ ਹੋਈ। ਬੱਚਿਆਂ, ਨੌਜਵਾਨਾਂ ਤੇ ਵੱਡਿਆਂ ਨੇ ਗਿੱਧਾ, ਭੰਗੜਾ ਤੇ ਹੋਰ ਸੱਭਿਆਚਾਰਕ ਵੰਨਗੀਆਂ ਨਾਲ ਪੂਰੇ ਹਾਲ ਨੂੰ ਝੂਮਣ ਅਤੇ ਤਾੜੀਆਂ ਲਈ ਮਜਬੂਰ ਕੀਤਾ। ਸਮਾਰੋਹ ਦੌਰਾਨ ਕਲੱਬ ਵੱਲੋਂ ਵਿਸ਼ੇਸ਼ ਐਵਾਰਡ ਸਮਾਰੋਹ ‘ਚ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਕਮਿਊਨਿਟੀ ਸੇਵਾ, ਖੇਡਾਂ, ਸੱਭਿਆਚਾਰਕ ਯੋਗਦਾਨ, ਸਮਾਜ ਸੇਵਾ ਤੇ ਸੋਸ਼ਲ ਵਰਕ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਰਾਜਨੀਤਿਕ ਲੀਡਰਾਂ ਨੇ ਸਟੇਜ ’ਤੇ ਆ ਕੇ ਜੇਤੂਆਂ ਨੂੰ ਮੈਡਲ, ਟਰਾਫ਼ੀਆਂ ਅਤੇ ਸਨਮਾਨ ਪੱਤਰ ਭੇਂਟ ਕੀਤੇ। ਕਲੱਬ ਦੇ ਮੁੱਖ ਆਯੋਜਕ ਦੀਪਿੰਦਰ ਦੀਪਾ, ਡਾ. ਪ੍ਰਵੀ ਸਿੰਘ, ਸੈਮ ਧਾਲੀਵਾਲ, ਰੌਕੀ ਭੁੱਲਰ, ਹੈਪੀ ਧਾਮੀ ਅਤੇ ਬਲਵਿੰਦਰ ਸਿੰਘ ਨੇ ਸਾਰੇ ਸਹਿਯੋਗੀਆਂ, ਪ੍ਰਦਰਸ਼ਨਕਾਰੀਆਂ, ਸਪਾਂਸਰਾਂ ਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਨੁਸਾਰ ਇਹ ਸਮਾਗਮ ਭਾਈਚਾਰਕ ਏਕਤਾ ਦਾ ਜੀਵੰਤ ਪ੍ਰਤੀਕ ਬਣਿਆ ਹੈ। ਸਮਾਗਮ ਦੌਰਾਨ ਸੁਆਦਲੇ ਪੰਜਾਬੀ ਭੋਜਨ ਨੇ ਸਾਰਿਆਂ ਦੇ ਦਿਲ ਜਿੱਤੇ। ਪਰਿਵਾਰਾਂ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ, ਤਸਵੀਰਾਂ ਖਿਚਵਾਈਆਂ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦਾ ਆਨੰਦ ਮਾਣਿਆ। ਕਮਿਊਨਿਟੀ ਮੈਂਬਰਾਂ ਅਨੁਸਾਰ ਇਹ ਸਾਲਾਨਾ ਪ੍ਰੋਗਰਾਮ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਤੇ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਸਿਖਾਉਣ ਦਾ ਸਭ ਤੋਂ ਮਜ਼ਬੂਤ ਮੰਚ ਬਣ ਚੁੱਕਾ ਹੈ।
