
(ਹਰਜੀਤ ਲਸਾੜਾ, ਬ੍ਰਿਸਬੇਨ, 28 ਅਕਤੂਬਰ)
ਬ੍ਰਿਸਬੇਨ ਦੇ ਮੁਰੂਕਾ ਇਲਾਕੇ ‘ਮਨਮੀਤ ਪੈਰਾਡਾਈਜ਼ ਪਾਰਕ’ ਵਿੱਚ ਮਰਹੂਮ ਮਨਮੀਤ ਅਲੀਸ਼ੇਰ ਦੀ ਨੌਵੀਂ ਬਰਸੀ ਸਨਮਾਨਿਤ ਢੰਗ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਆਰਟੀਬੀ ਯੂਨੀਅਨ ਦੇ ਪ੍ਰਤੀਨਿਧੀਆਂ, ਬੱਸ ਟਰਾਂਸਪੋਰਟ ਮੈਨੇਜਮੈਂਟ, ਡਰਾਈਵਰਾਂ, ਸਥਾਨਕ ਅਧਿਕਾਰੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ ਨੇ ਸ਼ਿਰਕਤ ਕਰਕੇ ਮਰਹੂਮ ਦੀ ਯਾਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਦੌਰਾਨ ਮਨਮੀਤ ਅਲੀਸ਼ੇਰ ਦੀ ਦਰਦਨਾਕ ਮੌਤ ਨੂੰ ਪੂਰੇ ਭਾਈਚਾਰੇ ਲਈ ਇੱਕ ਵੱਡਾ ਨੁਕਸਾਨ ਦੱਸਦਿਆਂ ਕਿਹਾ ਕਿ ਉਹ ਇੱਕ ਸਮਰਪਿਤ, ਨਿਮਰ ਅਤੇ ਪੰਜਾਬੀ ਮੂਲ ਦਾ ਭਵਿੱਖੀ ਲੀਡਰ ਸੀ। ਉਨ੍ਹਾਂ ਦੇ ਅਨੁਸਾਰ, ਮਨਮੀਤ ਦੀ ਸ਼ਹਾਦਤ ਨੇ ਨਾ ਕੇਵਲ ਆਸਟ੍ਰੇਲੀਆ ਸਗੋਂ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਯੂਨੀਅਨ ਤੇ ਟਰਾਂਸਪੋਰਟ ਅਧਿਕਾਰੀਆਂ ਨੇ ਮਨਮੀਤ ਨੂੰ “ਸੇਵਾ, ਹਿੰਮਤ ਅਤੇ ਮਨੁੱਖਤਾ ਦਾ ਪ੍ਰਤੀਕ” ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਹਮੇਸ਼ਾਂ ਪ੍ਰੇਰਣਾ ਦਾ ਸਰੋਤ ਰਹੇਗੀ।
ਸਿੱਖ ਕਮਿਊਨਟੀ ਦੇ ਮੈਂਬਰਾਂ ਨੇ ਕਿਹਾ ਕਿ ‘ਮਨਮੀਤ ਪੈਰਾਡਾਈਜ਼’ ਪਾਰਕ ਉਨ੍ਹਾਂ ਦੀ ਯਾਦ ਦਾ ਸਦਾ ਜੀਵੰਤ ਪ੍ਰਤੀਕ ਬਣਿਆ ਰਹੇਗਾ। ਯਾਦ ਰਹੇ ਕਿ 28 ਅਕਤੂਬਰ 2016 ਨੂੰ ਬ੍ਰਿਸਬੇਨ ‘ਚ ਡਿਊਟੀ ਦੌਰਾਨ ਇੱਕ ਗੌਰੇ ਵਿਅਕਤੀ (ਐਂਥਨੀ ਉਡਨਹੀਓ) ਵੱਲੋਂ, ਮਰਹੂਮ ‘ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਗਾਈ ਗਈ ਸੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਸਮਾਜ ਨੂੰ ਹਿੰਸਾ ਅਤੇ ਨਸਲੀ ਘ੍ਰਿਣਾ ਖ਼ਿਲਾਫ਼ ਜਾਗਰੂਕਤਾ ਵੱਲ ਮੋੜਿਆ ਅਤੇ ਮਨਮੀਤ ਦੀ ਯਾਦ ਵਿੱਚ ਇਸ ਪਾਰਕ ਨੂੰ ਸਮਰਪਿਤ ਕੀਤਾ ਗਿਆ।
