
(ਹਰਜੀਤ ਲਸਾੜਾ, ਬ੍ਰਿਸਬੇਨ 17 ਸਤੰਬਰ) ਇੱਥੇ ਭਾਰਤ ਦੇ ਕੇਂਦਰੀ ਕੱਪੜਾ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗੇਰੀਟਾ ਨੇ ਬ੍ਰਿਸਬੇਨ ਦੇ ਸਨੀਬੈਂਕ ਆਰਐਸਐਲ ਵਿਖੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ‘ਆਸਟਰੇਲੀਅਨਜ਼ ਆਫ਼ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ’ ਸਮਾਰਕ ਵਿਖੇ ਹੋਏ ਇਸ ਵਿਸ਼ੇਸ਼ ਸਮਾਗਮ ‘ਚ ਪ੍ਰਣਾਮ ਹੇਅਰ ਨੇ ਬੋਲਦਿਆਂ ਕਿਹਾ ਕਿ ਇਹ ਸਮਾਰਕ ਸਿਰਫ਼ ਇਤਿਹਾਸ ਦੀ ਯਾਦ ਨਹੀਂ ਬਲਕਿ ਭਾਰਤ ਅਤੇ ਆਸਟ੍ਰੇਲੀਆ ਦੇ ਡੂੰਘੇ ਸਬੰਧਾਂ, ਸਾਂਝੀ ਵਿਰਾਸਤ ਅਤੇ ਸਿਪਾਹੀਆਂ ਦੀ ਅਮਰ ਕੁਰਬਾਨੀ ਨੂੰ ਇੱਕ ਸਥਾਈ ਸ਼ਰਧਾਂਜਲੀ ਵਜੋਂ ਦਰਸਾਉਂਦਾ ਹੈ।
ਦੱਸਣਯੋਗ ਹੈ ਕਿ ਇਹ ਯਾਦਗਾਰ ਭਾਰਤੀ ਵਿਰਾਸਤ ਨਾਲ ਜੁੜੇ ਉਹਨਾਂ ਆਸਟ੍ਰੇਲਿਆਈ ਸਿਪਾਹੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ ਅਤੇ ਬਾਅਦ ਦੇ ਸੰਘਰਸ਼ਾਂ ਵਿੱਚ ਹਿੰਮਤ, ਬਲਿਦਾਨ ਅਤੇ ਨਿਸ਼ਠਾ ਨਾਲ ਸੇਵਾ ਕੀਤੀ। ਇਸ ਮੌਕੇ ਸ਼੍ਰੀ ਮਾਰਗੇਰੀਟਾ ਨੇ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਸਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਜਤਾਈ। ਉਨ੍ਹਾਂ ਅਨੁਸਾਰ ਭਾਰਤੀ ਭਾਈਚਾਰਾ ਸਿਰਫ਼ ਭਾਰਤ ਲਈ ਨਹੀਂ, ਸਗੋਂ ਆਸਟ੍ਰੇਲੀਆ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਸਮਾਗਮ ਵਿੱਚ ਬ੍ਰਿਸਬੇਨ ਵਿੱਚ ਭਾਰਤ ਦੀ ਆਨਰੇਰੀ ਕੌਂਸਲੇਟ ਜਨਰਲ ਸ਼੍ਰੀਮਤੀ ਨੀਤੂ ਭਗੋਟੀਆ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਹੋਰਨਾਂ ਤੋਂ ਇਲਾਵਾ ਪੰਜਾਬੀ ਭਾਈਚਾਰੇ ‘ਚੋਂ ਪ੍ਰਣਾਮ ਸਿੰਘ ਹੇਅਰ, ਰਸ਼ਪਾਲ ਸਿੰਘ ਹੇਅਰ, ਸਤਪਾਲ ਸਿੰਘ ਕੂਨਰ, ਹਰਪ੍ਰੀਤ ਸਿੰਘ ਕੋਹਲੀ, ਮੋਹਿੰਦਰਪਾਲ ਸਿੰਘ ਕਾਹਲੋਂ ਆਦਿ ਨੇ ਸ਼ਿਰਕਤ ਕੀਤੀ। ਇਸ ਸਮਾਗਮ ਨੇ ਸਥਾਨਕ ਭਾਰਤੀ ਭਾਈਚਾਰੇ ਵਿੱਚ ਇੱਕਜੁਟਤਾ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ ਜੋ ਭਾਰਤ-ਆਸਟ੍ਰੇਲੀਆ ਸਬੰਧਾਂ ਦੀ ਮਜ਼ਬੂਤੀ ਦਾ ਸੰਕੇਤ ਹੈ।