
ਆਓ ਪਹਿਲਾਂ ਪੰਜਾਬ ਦੇ ਸਿਆਸੀ ਹਾਲਾਤ ਵੱਲ ਵੇਖੀਏ :-
ਕਦੇ ਪੰਜਾਬ ਦੀ ਪ੍ਰਮੁੱਖ ਸਿਆਸੀ ਧਿਰ ਗਿਣਿਆ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਅੰਦਰੂਨੀ ਕਾਟੋ-ਕਲੇਸ਼ ਕਾਰਨ ਖ਼ਤਰਨਾਕ ਤੌਰ 'ਤੇ ਟੁੱਟ ਚੁੱਕਾ ਹੈ। ਇੱਕ ਧਿਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੱਝੀ ਹੈ। ਦੂਜੇ ਧਿਰ 'ਤੇ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਹੈ ਅਤੇ ਤੀਜੀ ਧਿਰ ਸਿੱਖ ਰਾਜਨੀਤੀ ਦੀ ਤਾਕਤ ਰੂਪ ਵਿੱਚ ਅੱਗੇ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ )ਦੀ ਹੈ। ਇਹ ਸਾਰੀਆਂ ਧਿਰਾਂ ਨਵੀਂ ਦਿੱਲੀ ਦੇ ਵਿਰੋਧ ਵਿੱਚ ਖੜੀਆਂ ਹਨ। ਪਰ ਇਹ ਸਿੱਖ ਵੋਟ ਆਪੋ-ਆਪਣੇ ਫ਼ਾਇਦਿਆਂ, ਮੁੱਦਿਆਂ ਨੂੰ ਲੈ ਕੇ ਵੰਡੀ ਹੋਈ ਨਜ਼ਰ ਆਉਂਦੀ ਹੈ।
ਭਾਜਪਾ ਇੱਕ ਲਗਾਤਾਰ ਚੋਣ ਲੜਨ ਵਾਲੀ ਸੈਨਾ ਦੀ ਤਰ੍ਹਾਂ ਹੈ ਅਤੇ ਪੰਜਾਬ ਵਿੱਚ ਸਰਗਰਮ ਹੈ। ਉਸ ਦੇ ਨੇਤਾ ਸੋਚਦੇ ਹਨ ਕਿ ਜੇਕਰ ਸਿੱਖ ਵੋਟ ਤਿੰਨ ਹਿੱਸਿਆਂ-ਸ਼੍ਰੋਮਣੀ ਅਕਾਲੀ ਦਲ (ਦੋਵੇਂ ਧੜੇ), ਕਾਂਗਰਸ ਅਤੇ ਗਰਮ ਖਿਆਲੀਆਂ ਦਰਮਿਆਨ ਵੰਡੀ ਜਾਏ ਤਾਂ ਉਹ ਇਕੱਲਿਆਂ ਸੱਤਾ ਹਾਸਲ ਕਰ ਸਕਦੀ ਹੈ।
ਹਿੰਦੂ-ਮੁਸਲਿਮ ਧਰੁਵੀਕਰਨ ਦੇ ਜ਼ਰੀਏ ਜਿੱਤਣਾ ਖ਼ਾਸ ਕਰਕੇ ਉੱਥੇ, ਜਿੱਥੇ ਮੁਸਲਮਾਨ ਘੱਟ ਗਿਣਤੀ ਵਿੱਚ ਹਨ, ਭਾਜਪਾ ਦੀ ਰਣਨੀਤੀ ਹੈ ਪਰ ਪੰਜਾਬ ਚ ਸਥਿਤੀ ਬਿਲਕੁਲ ਵੱਖਰੀ ਹੈ। ਇੱਥੇ ਸਿੱਖ ਬਹੁਮਤ ਵਿੱਚ ਹਨ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀਆਂ ਦਾ ਪ੍ਰਦਰਸ਼ਨ ਇਸ ਲਈ ਇੰਨਾ ਖਰਾਬ ਰਿਹਾ ਸੀ, ਕਿਉਂਕਿ ਉਨਾਂ ਦਾ ਅੱਧਾ ਵੋਟ, ਲਗਭਗ 13 ਫ਼ੀਸਦੀ ਗਰਮ ਖਿਆਲੀਆਂ ਨੇ ਹਥਿਆ ਲਿਆ। ਚਾਹੇ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ ਲੇਕਿਨ ਪੰਜਾਬ ਗਰਮ ਖਿਆਲੀਆਂ ਦੀ ਹਰਮਨ ਪਿਆਰਤਾ ਬਣ ਚੁੱਕਿਆ ਹੈ । ਲੋਕਾਂ ਦਾ ਅਕਾਲੀਆਂ ਤੋਂ ਮੋਹ-ਭੰਗ ਵੱਧ ਰਿਹਾ ਹੈ। ਭਾਜਪਾ ਨੂੰ ਧਰੁਵੀਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।
ਭਾਜਪਾ ਸਭ ਕੁਝ ਜਿੱਤਣ ਦੀ ਸੋਚ ਰੱਖਦੀ ਹੈ । ਪੰਜਾਬ ਦੀ ਉਸ ਤੋਂ ਦੂਰੀ ਭਾਜਪਾ ਨੂੰ ਪ੍ਰੇਸ਼ਾਨ ਕਰ ਰਹੀ ਹੈ। ਹੁਣ ਤੱਕ ਇੱਕ ਵੇਰ ਹੀ ਉਹ ਸੱਤਾ ਵਿੱਚ ਆਈ ਹੈ, ਉਹ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੀਦਾਰ ਬਣਕੇ। ਇਹ ਕਦਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 1990 ਦੇ ਦਹਾਕੇ ਚ ਉਠਾਇਆ ਸੀ ਪਰ ਮੌਜੂਦਾ ਹਾਕਮਾਂ ਨੇ ਇਹ ਗੱਠਜੋੜ ਤੋੜ ਕੇ ਇਕੱਲਿਆਂ ਚੋਣ ਲੜਨ ਦਾ ਫ਼ੈਸਲਾ ਲਿਆ। ਇਸ ਨਾਲ ਭਾਜਪਾ ਨੂੰ ਪੰਜਾਬ 'ਚ ਕੋਈ ਫ਼ਾਇਦਾ ਨਹੀਂ ਮਿਲਿਆ। ਲੇਕਿਨ ਪੰਜਾਬ ਚ ਉਸਦੀ ਵੋਟ ਪ੍ਰਤੀਸ਼ਤ ਵਧੀ ਹੈ।
2022 'ਚ ਵਿਧਾਨ ਸਭਾ ਵਿੱਚ ਇਹ 6.6 ਫ਼ੀਸਦੀ ਸੀ, ਜੋ 2024 ਲੋਕ ਸਭਾ 'ਚ 18.56 ਫ਼ੀਸਦੀ ਹੋ ਗਈ। ਇਸ ਤਰ੍ਹਾਂ ਉਹ ਆਪਣੇ ਪੁਰਾਣੇ ਸਾਂਝੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਨਿਕਲ ਗਈ, ਜਿਸ ਨੂੰ 13.2 ਫ਼ੀਸਦੀ ਵੋਟਾਂ ਮਿਲੀਆਂ ਜਦ ਕਿ ਆਮ ਆਦਮੀ ਪਾਰਟੀ 26 ਫ਼ੀਸਦੀ ਅਤੇ ਕਾਂਗਰਸ ਵੀ 26 ਫ਼ੀਸਦੀ ਵੋਟਾਂ ਲੈ ਗਈ।
ਆਮ ਆਦਮੀ ਪਾਰਟੀ ਪੰਜਾਬ ਚ ਉਹ ਕੁਝ ਨਹੀਂ ਕਰ ਸਕੀ, ਜਿਸ ਦੀ ਤਵੱਕੋ ਪੰਜਾਬ ਵਾਸੀ ਕਰ ਰਹੇ ਸਨ। ਬਿਨਾਂ ਸ਼ੱਕ ਲੋਕਾਂ ਦੇ ਘਰਾਂ ਦੀ ਬਿਜਲੀ ਮੁਆਫ਼ੀ ਅਤੇ ਕੁਝ ਹੋਰ ਭਲਾਈ ਕੰਮਾਂ ਨੇ ਆਮ ਆਦਮੀ ਪਾਰਟੀ ਨੂੰ ਹਾਲੇ ਤੱਕ ਲੋਕਾਂ ਦੇ ਨੇੜੇ ਰੱਖਿਆ ਹੋਇਆ ਹੈ ਪਰ ਉਹ ਭ੍ਰਿਸ਼ਟਾਚਾਰ ਨੂੰ ਠੱਲ ਨਹੀਂ ਪਾ ਸਕੀ। ਰੇਤ ਮਾਫੀਆ ਉਹਨਾ ਤੋਂ ਕਾਬੂ ਨਹੀਂ ਹੋਇਆ। ਲੋਕਾਂ ਚ ਇਹ ਪ੍ਰਚਾਰ ਵਧਦਾ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਲੋਕ ਦਿੱਲੀਓਂ ਚਲਾਉਂਦੇ ਹਨ। ਜਿਸ ਨੂੰ ਆਮ ਪੰਜਾਬੀ ਕਦੇ ਮਾਨਸਿਕ ਤੌਰ 'ਤੇ ਪ੍ਰਵਾਨ ਨਹੀਂ ਕਰਦੇ। ਉੱਪਰੋਂ ਹੜ੍ਹਾਂ ਦੀ ਵਿਆਪਕ ਮਾਰ ਨੇ ਪੰਜਾਬ ਦੀ ਸਰਕਾਰ ਉੱਤੇ ਇੰਨੇ ਕੁ ਸਵਾਲ ਖੜੇ ਕਰ ਦਿੱਤੇ ਹਨ ਕਿ 'ਆਪ ਸੂਬਾ ਸਰਕਾਰ' ਕਟਹਿਰੇ ਚ ਖੜੀ ਵਿਖਾਈ ਦੇ ਰਹੀ ਹੈ।
ਆਲ ਇੰਡੀਆ ਕਾਂਗਰਸ ਪਾਰਟੀ ਪੰਜਾਬ 'ਚ ਅੱਗੇ ਤਾਂ ਵੱਧ ਰਹੀ ਹੈ, ਦੇਸ਼ ਦੀਆਂ ਬਦਲ ਰਹੀਆਂ ਹਾਲਤਾਂ ਦੇ ਮੱਦੇ ਨਜ਼ਰ, ਪਰ ਪੰਜਾਬ 'ਚ ਇਸ ਦੀ ਲੀਡਰਸ਼ਿਪ ਖੱਖੜੀਆਂ-ਖੱਖੜੀਆਂ ਹੋਈ ਪਈ ਹੈ, ਲੋਕ ਇਸ ਪਾਰਟੀ ਨੂੰ ਪੰਜਾਬ 'ਚ ਬਦਲ ਦੇ ਰੂਪ 'ਚ ਤਾਂ ਵੇਖਦੇ ਹਨ ਪਰ ਜ਼ਮੀਨੀ ਪੱਧਰ ਉੱਤੇ ਕਾਂਗਰਸ ਦੀ ਕਾਰਗੁਜ਼ਾਰੀ ਵਿਰੋਧੀ ਧਿਰ ਵਜੋਂ ਤਸੱਲੀ ਬਖਸ਼ ਨਹੀਂ ਹੈ। ਪੰਜਾਬ 'ਚ ਜਿੰਨੇ 5-6 ਕੁ ਉਪਰਲੇ ਕਾਂਗਰਸੀ ਹਨ, ਸਾਰੇ ਹੀ ਮੁੱਖ ਮੰਤਰੀ ਬਨਣ ਦੇ ਇਛੁੱਕ ਹਨ।
ਪੰਜਾਬ ਚ ਬਾਕੀ ਸਿਆਸੀ ਧਿਰਾਂ ਖੱਬੇ ਪੱਖੀ, ਬਸਪਾ, ਸ਼੍ਰੋਮਣੀ ਅਕਾਲੀ ਦਲ (ਮਾਨ) ਆਪੋ-ਆਪਣੇ ਤੌਰ 'ਤੇ ਪੰਜਾਬ 'ਚ ਆਪਣੀ ਹੋਂਦ ਵਿਖਾਉਣ ਲਈ ਤਤਪਰ ਦਿਸਦੇ ਹਨ, ਪਰ ਉਨਾਂ ਦੀਆਂ ਸਿਆਸੀ ਪ੍ਰਾਪਤੀਆਂ ਵਜੋਂ ਪ੍ਰਸ਼ਨ ਚਿੰਨ੍ਹ ਵੱਧ ਹਨ।
ਪੰਜਾਬ ਚ ਆਈ ਵੱਡੀ ਆਫਤ ਹੜ੍ਹਾਂ ਨੇ ਸਿਆਸੀ ਧਿਰਾਂ ਅਤੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਪੰਜਾਬ ਦੀ ਸਰਕਾਰ ਸੀਮਤ ਸਾਧਨਾਂ ਨਾਲ ਲੋਕਾਂ ਪੱਲੇ ਉਹ ਕੁਝ ਨਹੀਂ ਪਾ ਸਕੀ ਜਿਸ ਦੀ ਆਸ ਲੋਕਾਂ ਨੂੰ ਸੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਪੀੜਤ ਲੋਕਾਂ ਤੱਕ ਪਹੁੰਚ ਦੂਰ ਰਹੀ ਹੈ। ਫੋਟੋ ਖਿਚਵਾਉਣ ਤੱਕ ਦੀ ਮਸ਼ਕ ਨਾਲ ਉਹਨਾ ਦੀ ਲੋਕਾਂ ਨਾਲ ਦੂਰੀ ਵਧ ਗਈ। ਇਹ ਦੂਰੀ ਹੁਣ ਹੋਰ ਵੀ ਵਧ ਰਹੀ ਹੈ, ਜਦੋਂ ਭਾਜਪਾ, ਆਪ, ਕਾਂਗਰਸ, ਅਕਾਲੀ, ਹੜ੍ਹ ਰਾਹਤ ਫੰਡ ਸੰਬੰਧੀ ਬੇਤੁਕੀ ਦੂਸ਼ਣਵਾਜੀ ਕਰ ਰਹੇ ਹਨ। ਆਖ਼ਿਰ ਪੀੜਤਾਂ ਨੂੰ ਇਸ ਦਾ ਕੀ ਲਾਭ ਹੋਏਗਾ? ਇਹੋ ਜਿਹੀ ਔਖੀ ਘੜੀ ਵੋਟ-ਰਾਜਨੀਤੀ ਨਿੰਦਣਯੋਗ ਹੈ।
ਕੇਂਦਰ ਦੀ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਨੇ 1600 ਕਰੋੜ ਪੰਜਾਬ ਲਈ ਫੌਰੀ ਰਾਹਤ ਐਲਾਨੀ ਹੈ। ਮੋਦੀ ਜੀ ਦੇ ਦੌਰੇ ਤੋਂ ਵੱਡੀ ਰਾਹਤ ਦੀ ਉਮੀਦ ਸੀ, ਉਹ ਰਤਾ ਭਰ ਵੀ ਪੂਰੀ ਨਹੀਂ ਹੋਈ। ਇਹਨਾ ਐਲਾਨਾਂ ਨਾਲ ਪੰਜਾਬੀ ਇਸ ਦੌਰੇ ਉਪਰੰਤ ਪਰੇਸ਼ਾਨ ਹੋਏ ਹਨ। ਪੰਜਾਬ ਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ। ਸੂਬੇ ਦੇ 2185 ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ। ਪੰਜਾਬ 'ਚ 1.91 ਲੱਖ ਹੈਕਟੇਅਰ ਫ਼ਸਲ ਬਰਬਾਦ ਹੋ ਗਈ। ਸਰਕਾਰ ਵੱਲੋਂ ਤੁਛ ਜਿਹੀ ਰਕਮ 20 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲ ਮੁਆਵਜ਼ੇ ਦਾ ਐਲਾਨ ਹੋਇਆ ਹੈ।
ਵੱਖੋ ਵੱਖਰੀਆਂ ਸਿਆਸੀ ਧਿਰਾਂ ਕੇਂਦਰੀ ਰਾਹਤ ਨੂੰ ਪੰਜਾਬ ਲਈ ਮਜ਼ਾਕ ਕਹਿ ਰਹੀਆਂ ਹਨ। ਕੇਂਦਰ ਤੇ ਰਾਜ ਸਰਕਾਰ ਦਰਮਿਆਨ 'ਕੌਮੀ ਆਫ਼ਤ ਰਾਹਤ ਫੰਡ' ਨੂੰ ਲੈ ਕੇ ਘਮਸਾਨ ਛਿੜਿਆ ਹੋਇਆ ਹੈ। ਹੜ੍ਹਾਂ ਦੇ ਪਾਣੀ ਤੋਂ ਥੋੜੀ ਰਾਹਤ ਮਿਲਣ ਤੇ ਪਿੰਡਾਂ ਦੇ ਲੋਕ ਆਪਣੇ ਖੇਤਾਂ, ਘਰਾਂ ਦੀ ਸਾਰ ਲੈ ਰਹੇ ਹਨ। ਵਲੰਟੀਅਰ ਸੰਸਥਾਵਾਂ, ਕਿਸਾਨ ਜੱਥੇਬੰਦੀਆਂ ਉਨਾਂ ਨਾਲ ਖੜੀਆਂ ਹਨ। ਕਿਧਰੇ-ਕਿਧਰੇ ਸਿਆਸੀ ਧਿਰਾਂ ਵੀ ਪੁੱਜਦੀਆਂ ਹਨ। ਕਿਸਾਨ, ਖੇਤ ਮਜ਼ਦੂਰ, ਪੇਂਡੂ ਲੋਕ ਹੜ੍ਹਾਂ ਦੀ ਮਾਰ ਨਾਲ ਪੂਰੀ ਤਰ੍ਹਾਂ ਪਿੰਜੇ ਗਏ ਹਨ। ਸਿਆਸੀ ਧਿਰਾਂ ਤੇ ਸਰਕਾਰ ਵੱਲੋਂ ਐਲਾਨ 'ਤੇ ਐਲਾਨ ਹੋ ਰਹੇ ਹਨ। ਪੰਜਾਬ ਦੇ ਹੜ੍ਹ ਪੀੜਤਾਂ ਨੂੰ ਰਾਹਤ ਕੇਵਲ ਐਲਾਨਾਂ ਨਾਲ ਨਹੀਂ ਮਿਲਣੀ ।
ਇਸ ਸਭ ਕੁਝ ਦੇ ਦਰਮਿਆਨ ਲੋਕਾਂ ਦੇ ਮਨਾਂ 'ਚ ਇਹ ਗੱਲ ਘਰ ਕਰ ਰਹੀ ਹੈ ਕਿ ਕੇਂਦਰੀ ਹਾਕਮ ਪੰਜਾਬ ਨਾਲ ਨਫ਼ਰਤ ਕਰਦੇ ਹਨ। ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ 1600 ਕਰੋੜ ਦੇ ਐਲਾਨ ਨੇ ਪੰਜਾਬ ਦੇ ਜਜ਼ਬਾਤ ਨੂੰ ਵਲੂੰਦਰਿਆ ਹੈ। 12000 ਕਰੋੜ ਰਾਹਤ ਇੱਕ ਛਲਾਵਾ ਹੈ। ਅਸਲ ਵਿੱਚ ਉਦੋਂ ਜਦੋਂ ਹੁਣ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕਜ ਦੀ ਲੋੜ ਹੈ। ਉਦੋਂ ਜਦੋਂ ਹੁਣ ਪੰਜਾਬ ਨੂੰ ਪਿੰਡਾਂ ਦੀਆਂ ਸੜਕਾਂ, ਬੁਨਿਆਦੀ ਢਾਂਚੇ ਅਤੇ ਲੋਕਾਂ ਦੇ ਘਰਾਂ ਦੇ ਮੁੜ ਉਸਾਰੀ ਦੀ ਲੋੜ ਹੈ, ਪੰਜਾਬ ਵੱਲ ਹਾਕਮ ਪਿੱਠ ਕਰੀ ਬੈਠੇ ਹਨ। ਪੰਜਾਬ ਉਧੜ ਗਿਆ ਹੈ। ਇਸ ਨੂੰ ਮੁੜ ਉਨਣ ਦੀ ਲੋੜ ਹੈ। ਲੋਕ ਮਨੋਵਿਗਿਆਨਿਕ ਤੌਰ ਤੇ ਪਰੇਸ਼ਾਨ ਹੋ ਉਠੇ ਹਨ। ਇਹਨਾਂ ਨੂੰ ਸਾਂਭਣ ਦੀ ਲੋੜ ਹੈ।
ਭਾਵੇਂ ਦੇਸ਼ ਦੇ ਹੋਰ ਸੂਬਿਆਂ ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ 'ਚ ਹੜ੍ਹਾਂ ਨੇ ਜਨਜੀਵਨ ਉਥਲ-ਪੁਥਲ ਕਰ ਦਿੱਤਾ ਹੈ। ਪਰ ਪੰਜਾਬ 'ਚ ਸਥਿਤੀ ਗੰਭੀਰ ਹੈ। ਇਸ ਗੰਭੀਰ ਸਥਿਤੀ ਵਿੱਚੋਂ ਕਿਵੇਂ ਨਿਕਲਿਆ ਜਾਵੇ, ਇਹ ਵੱਡਾ ਸਵਾਲ ਹੈ। ਸਵਾਲ ਇਹ ਵੀ ਹੈ ਕਿ ਪੰਜਾਬ ਉਜੜਦਾ ਹੈ, ਮੁੜ-ਮੁੜ ਉਜੜਦਾ ਹੈ, ਪਰ ਇਸਦੀ ਸਾਂਭ-ਸੰਭਾਲ ਤੇ ਦੇਖ-ਰੇਖ ਦੇਸ਼ "ਸਕੇ ਪੁੱਤਰ" ਵਾਂਗਰ ਨਹੀਂ ਕਰਦਾ। ਜਿਹੜਾ ਹਰ ਘੜੀ ਦੇਸ਼ ਨਾਲ ਔਖੇ ਵੇਲਿਆਂ 'ਚ ਖੜਦਾ ਹੈ। ਬਾਹਰੀ ਹਮਲਿਆਂ ਵੇਲੇ ਵੀ, ਅੰਨ ਭੰਡਾਰਨ ਵੇਲੇ ਵੀ।
ਲੋਕ ਸਮਝਣ ਲੱਗੇ ਹਨ ਕਿ ਪੰਜਾਬ ਨਾਲ ਵੱਡੇ ਹਾਕਮ ਮਤਰੇਆ ਸਲੂਕ ਕਰ ਰਹੇ ਹਨ। ਪੰਜਾਬ ਨਾਲ ਕੀਤੇ ਮਤਰੇਏ ਸਲੂਕ ਕਾਰਨ ਪੈਦਾ ਹੋਈ ਦੂਰੀ ਹੋਰ ਵੱਧ ਰਹੀ ਹੈ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ 12 ਹਜ਼ਾਰ ਕਰੋੜ ਦੀ ਆਫ਼ਤ ਪ੍ਰਬੰਧਨ ਰਾਹਤ, 1600 ਕਰੋੜ ਦੀ ਰਾਸ਼ੀ ਵਰਗੇ ਖੋਖਲੇ ਐਲਾਨਾਂ ਨਾਲ ਇਹ ਦੂਰੀ ਹੋਰ ਵਧੀ ਹੈ। ਪੰਜਾਬ ਚ ਹੜ੍ਹਾਂ ਦੀ ਭਿਆਨਕ ਸਥਿਤੀ ਕਾਰਨ ਪ੍ਰਧਾਨ ਮੰਤਰੀ ਦਾ ਕੁਝ ਵੀ ਨਾ ਬੋਲਣਾ, ਲੋਕਾਂ ਨੂੰ ਪਰੇਸ਼ਾਨ ਕਰਦਾ ਰਿਹਾ। ਇਹ ਪਰੇਸ਼ਾਨੀ ਉਦੋਂ ਹੋਰ ਵੀ ਵਧੀ ਜਦੋਂ ਪ੍ਰਧਾਨ ਮੰਤਰੀ ਨੇ ਅਫਗਾਨਿਸਤਾਨ 'ਚ ਆਏ ਭੁਚਾਲ ਪ੍ਰਤੀ ਤਾਂ ਤੁਰੰਤ ਬੋਲਿਆ, ਉਹਨਾ ਲਈ ਰਾਹਤ ਦਾ ਐਲਾਨ ਵੀ ਕੀਤਾ ਪਰ ਪੰਜਾਬ ਦੇ ਹੜ੍ਹਾਂ ਸਬੰਧੀ ਕੁਝ ਵੀ ਆਪਣੇ ਮੁਖਾਰਬਿੰਦ ਤੋਂ ਨਹੀਂ ਕਿਹਾ।
ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਪੰਜਾਬੀਆਂ ਦੇ ਮਨਾਂ ਦੀ ਤਰਜ਼ਮਾਨੀ ਕਰਨ ਵਾਲਾ ਹੈ। ਗਿਆਨੀ ਜੀ ਕਹਿੰਦੇ ਹਨ - ਸਤਿਕਾਰਤ ਪ੍ਰਧਾਨ ਮੰਤਰੀ ਜੀ ਅਫਗਾਨਿਸਤਾਨ ਨਾਲ ਦੁੱਖ ਦਾ ਪ੍ਰਗਟਾਵਾ ਚੰਗਾ ਹੈ ਲੇਕਿਨ ਪੰਜਾਬ, ਦੇਸ਼ ਦਾ ਹਿੱਸਾ ਹੈ, ਜਿੱਥੇ 17 ਅਗਸਤ ਨੂੰ ਲਗਭਗ 1500 ਪਿੰਡ ਅਤੇ 3 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਅੱਜ ਪੰਜਾਬ ਦੇ ਲੋਕਾਂ ਨੂੰ ਸਾਂਭਣ ਦੀ ਲੋੜ ਹੈ। ਪੰਜਾਬ ਦੇ ਖਰਾਬ ਹੋਏ ਬੁਨਿਆਦੀ ਢਾਂਚੇ ਨੂੰ ਨਵਿਆਉਣ ਦੀ ਲੋੜ ਹੈ। ਮੁਸੀਬਤ ਦੀ ਘੜੀ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ। ਇਸ ਆਫ਼ਤ ਮੌਕੇ ਕੇਂਦਰ ਅਤੇ ਭਾਜਪਾ ਲਈ ਪੰਜਾਬ ਦੇ ਨਾਲ ਖੜੇ ਹੋਣ ਦਾ ਵੱਡਾ ਮੌਕਾ ਹੋ ਸਕਦਾ ਹੈ। ਇਹ ਉਸ ਸੂਬੇ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਮੌਕਾ ਹੋ ਸਕਦਾ ਹੈ, ਜਿਸ ਦੇ ਲੋਕ ਖੇਤੀ ਕਾਨੂੰਨਾਂ ਅਤੇ ਚੰਡੀਗੜ੍ਹ ਦਰਿਆਈ ਪਾਣੀਆਂ ਜਿਹੇ ਵਿਤਕਰੇ ਕਾਰਨ ਦਿੱਲੀ ਤੋਂ ਦੂਰ ਹੋਏ ਹਨ।
ਵਿਰੋਧੀ ਧਿਰਾਂ ਕਾਂਗਰਸ, ਅਕਾਲੀ, ਪੰਜਾਬ ਦੀ ਸਰਕਾਰ ਵੀ ਇਸ ਸਮੇਂ ਇਸ ਮੁੱਦੇ 'ਤੇ ਸਿਆਸਤ ਨਾ ਕਰੇ। ਇੰਜ ਕੀਤਿਆਂ ਪੰਜਾਬੀਆਂ ਦਾ ਨੇਤਾਵਾਂ ਪ੍ਰਤੀ ਬਚਿਆ ਖੁਚਿਆ ਭਰੋਸਾ ਵੀ ਟੁੱਟ ਜਾਏਗਾ। ਹਾਕਮਾਂ ਨਾਲ ਪੰਜਾਬੀਆਂ ਦੀ ਦੂਰੀ ਪਹਿਲੇ ਕਾਂਗਰਸੀ ਹਾਕਮਾਂ ਨਾਲ ਵੀ ਵੱਡੀ ਰਹੀ ਹੈ।
ਪਰ ਅੱਜ ਦਿੱਲੀ ਹਾਕਮਾਂ ਵੱਲੋਂ, ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਸਮਾਂ ਹੈ। ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਸਭ ਕੁਝ ਕਰੇ, ਜਿਨਾਂ ਦੇ ਯੋਗਦਾਨ ਬਿਨਾਂ 'ਭਾਰਤੀ ਗਣਰਾਜ' ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ, ਕਿਉਂਕਿ ਪੰਜਾਬ ਸਰਹੱਦਾਂ ਦਾ ਪਹਿਰੇਦਾਰ ਹੈ। ਪੰਜਾਬ ਦੇਸ਼ ਦਾ ਅੰਨਦਾਤਾ ਹੈ। ਕੀ ਦੇਸ਼ ਪੰਜਾਬ ਪ੍ਰਤੀ ਅੱਖਾਂ ਮੀਟ ਸਕਦਾ ਹੈ?
ਦੇਸ਼ ਦੇ ਹਾਕਮਾਂ ਅਤੇ ਸਿਆਸਤਦਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਰਾਸ਼ਟਰ ਜੋ ਆਪਣੇ ਇਤਿਹਾਸ ਤੋਂ ਨਹੀਂ ਸਿੱਖਦਾ ਉਸਨੂੰ ਕੀਮਤ ਚੁਕਾਉਣੀ ਪੈਂਦੀ ਹੈ। ਪੰਜਾਬ ਜੇ ਦਿੱਲੀ ਤੋਂ ਦੂਰ ਹੁੰਦਾ ਰਿਹਾ ਤਾਂ ਆਖ਼ਿਰ ਇਸਦਾ ਕੀ ਸਿੱਟਾ ਨਿਕਲੇਗਾ। ਮਿਜ਼ੋਰਮ ਉਦਾਹਰਣ ਹੈ।
-ਗੁਰਮੀਤ ਸਿੰਘ ਪਲਾਹੀ
-9815802070