ਪ੍ਰਤਿਭਾਸ਼ਾਲੀ , ਕੁਦਰਤ – ਪ੍ਰੇਮੀ ਤੇ ਹੱਸਮੁਖ ਸੁਭਾਅ ਦੇ ਮਾਲਿਕ – ਸ਼੍ਰੀ ਅਜੇ ਕੁਮਾਰ ਬੈਂਸ ਜੀ

ਪ੍ਰਤਿਭਾਸ਼ਾਲੀ , ਕੁਦਰਤ - ਪ੍ਰੇਮੀ ਤੇ ਹੱਸਮੁਖ ਸੁਭਾਅ ਦੇ ਮਾਲਿਕ - ਸ਼੍ਰੀ ਅਜੇ ਕੁਮਾਰ ਬੈਂਸ ਜੀ

ਸਮੁੱਚੇ ਸਮਾਜ ਵਿੱਚ ‘ ਅਧਿਆਪਕ ‘ ਦਾ ਰੁਤਬਾ ਬਹੁਤ ਮਾਣ , ਸਤਿਕਾਰ , ਇੱਜਤ ਅਤੇ ਗਿਆਨ ਦੇ ਸਾਗਰ ਦੇ ਤੌਰ ‘ਤੇ ਜਾਣਿਆ ਜਾਂਦਾ ਰਿਹਾ ਹੈ। ਇਹਨਾਂ ਸਭ ਸਤਿਕਾਰਤ ਗੁਰੂਜਨਾਂ / ਅਧਿਆਪਕਾਂ ਵਿੱਚੋਂ ਕੁਝ ਅਧਿਆਪਕ ਆਪਣੀ ਨਿਵੇਕਲੀ ਪ੍ਰਭਾਵਸ਼ਾਲੀ ਹੋਂਦ , ਵਿਲੱਖਣ ਸੁਭਾਅ , ਨਿਵੇਕਲੇ ਕਾਰਜਾਂ , ਵਿਵਹਾਰ ਅਤੇ ਮੇਲ – ਮਿਲਾਪੜੇ ਤੇ ਮੱਦਦਗਾਰ ਪਹਿਚਾਣ ਸਦਕਾ ਸਾਡੇ ਸਮਾਜ , ਅਧਿਆਪਕ ਵਰਗ , ਵਿਲੱਖਣ ਸ਼ਖਸੀਅਤਾਂ ਦੀ ਸ਼੍ਰੇਣੀ ਅਤੇ ਆਪਣੇ ਵਿਦਿਆਰਥੀਆਂ ਦੀ ਸੋਚ ਵਿੱਚ ਹਮੇਸ਼ਾ ਰਸ – ਵਸ ਜਾਂਦੇ ਨੇ। ਅੱਜ ਦੇ ਦੌਰ ਵਿੱਚ ਅਜਿਹੇ ਸੁਭਾਅ ਤੇ ਵਿਵਹਾਰ ਦਾ ਹੋਣਾ ਬਹੁਤ ਵੱਡੀ ਤੇ ਖਾਸ ਗੱਲ ਹੈ। ਮਿਲਣਸਾਰ ਚਿਹਰਾ ਸਭ ਕਿਸੇ ਦੇ ਮਸਤਕ – ਪਟਲ ਅਤੇ ਦਿਲਾਂ ਵਿੱਚ ਵਸਿਆ ਰਹਿੰਦਾ ਹੈ ਤੇ ਸਭ ਥਾਂ ਹਰ ਇੱਕ ਦੀ ਨਜ਼ਰ ਵਿੱਚ ਸਤਿਕਾਰ ਪਾਉਂਦਾ ਹੈ। ਅਜਿਹੀ ਪ੍ਰਭਾਵਸ਼ਾਲੀ , ਮਹਾਨ ਤੇ ਹੱਸਮੁਖ ਸ਼ਖਸੀਅਤ ਹੈ – ਸਤਿਕਾਰਯੋਗ ਸ੍ਰੀ ਅਜੇ ਕੁਮਾਰ ਬੈਂਸ ਜੀ। ਆਪਣੀਆਂ ਵਿਲੱਖਣ ਪ੍ਰਾਪਤੀਆਂ ਲਈ ਜਾਣੇ ਜਾਂਦੇ ਸਰਕਾਰੀ ਹਾਈ ਸਕੂਲ ਦਸਗਰਾਈੰ ਵਿੱਚ ਪੜ੍ਹਾਉਣ ਵਾਲੇ ਸ਼੍ਰੀ ਅਜੇ ਕੁਮਾਰ ਬੈਂਸ ਦਾ ਜਨਮ ਪਿੰਡ ਚੰਡੇਸਰ ( ਰੂਪਨਗਰ ) ਵਿਖੇ ਮਾਤਾ ਸਤਿਕਾਰਯੋਗ ਸ੍ਰੀਮਤੀ ਬਿਮਲਾ ਦੇਵੀ ਅਤੇ ਪਿਤਾ ਸ਼੍ਰੀ ਹੁਕਮ ਚੰਦ ਜੀ ਦੇ ਘਰ ਇੱਕ ਸਤੰਬਰ 1973 ਨੂੰ ਹੋਇਆ। ਇਹਨਾਂ ਨੇ ਆਪਣੀ ਮੁਢਲੀ ਤੇ ਹਾਈ ਸਿੱਖਿਆ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਫਤਿਹਪੁਰ ਖੁਰਦ ਵਿਖੇ ਹਾਸਿਲ ਕੀਤੀ। ਇੱਥੇ ਹੀ ਇਹਨਾਂ ਦੇ ਮਾਤਾ ਜੀ ਹਿੰਦੀ ਅਧਿਆਪਕਾ ਸਨ। ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼ਿਮਲਾ ਤੋਂ ਪੂਰੀ ਕਰਕੇ ਡਾਇਟ ਰੂਪਨਗਰ ਤੋਂ ਈ.ਟੀ.ਟੀ. ਅਧਿਆਪਕ ਦਾ ਕੋਰਸ ਕਰਕੇ 10 ਦਸੰਬਰ 2001 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੈੰਹਦਲੀ ਕਲਾਂ ਵਿਖੇ ਅਧਿਆਪਕ ਦੇ ਤੌਰ ‘ਤੇ ਸੇਵਾ ਆਰੰਭ ਕੀਤੀ। ਇੱਕ ਅਪ੍ਰੈਲ 2010 ਤੋਂ ਬਤੌਰ ਐਸ.ਐਸ. ਅਧਿਆਪਕ ਤਰੱਕੀ ਕਰਕੇ ਸਰਕਾਰੀ ਹਾਈ ਸਕੂਲ ਗੰਭੀਰਪੁਰ ਵਿਖੇ ਸੇਵਾ ਨਿਭਾਈ। ਇਹਨਾਂ ਦੇ ਪਿਤਾ ਜੀ ਵੀ ਕੇਂਦਰ ਸਰਕਾਰ ਦੇ ਪੋਸਟ ਐਂਡ ਟੈਲੀਗ੍ਰਾਫ ਵਿਭਾਗ ਵਿੱਚੋਂ ਆੱਫਿਸ ਇੰਚਾਰਜ ਸੇਵਾ ਮੁਕਤ ਹੋਏ। ਸ੍ਰੀ ਅਜੇ ਕੁਮਾਰ ਬੈਂਸ ਦਾ ਛੋਟਾ ਭਰਾ ਪਰਿਵਾਰ ਸਮੇਤ ਜਰਮਨੀ ਦੇਸ਼ ਵਿੱਚ ਰਹਿ ਰਹੇ ਨੇ। ਅਧਿਆਪਕ ਦੇ ਨਾਲ – ਨਾਲ ਬਤੌਰ ਬੀ.ਆਰ.ਪੀ. , ਬੀ.ਐਮ. ਅਤੇ ਚੋਣ ਕਮਿਸ਼ਨ ਅਧੀਨ ਮਾਸਟਰ ਟ੍ਰੇਨਰ ਦਾ ਕੰਮ ਵੀ ਕਰ ਰਹੇ ਨੇ। ਆਪਣੇ ਕਿੱਤੇ ਪ੍ਰਤੀ ਬਖੂਬੀ ਫਰਜ਼ ਨਿਭਾਉਣ ਦੇ ਨਾਲ ਹੀ ਜਦੋਂ ਇਨਸਾਨ ਕੁਝ ਵੱਖਰਾ ਸ਼ੌਂਕ ਰੱਖਦਾ ਹੈ ਤਾਂ ਜ਼ਿੰਦਗੀ ਦਾ ਅਨੰਦ ਹੀ ਵੱਖਰਾ ਤੇ ਮਿਆਰੀ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਸਤਿਕਾਰਯੋਗ ਅਜੇ ਕੁਮਾਰ ਬੈੰਸ ਜੀ ਨੂੰ ਕਹਾਣੀਆਂ ਤੇ ਲੇਖ ਲਿਖਣ , ਸੈਰ ਸਪਾਟਾ ਕਰਨ , ਟ੍ਰੈਕਿੰਗ ਕਰਨ ਤੇ ਸਾਈਕਲਿੰਗ ਦਾ ਵੀ ਸ਼ੌਕ ਹੈ। ਸਾਰਾ ਪੰਜਾਬ ਸਾਈਕਲ ‘ਤੇ ਘੁੰਮਣ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਰਾਜ ਦੇ ਕੁਝ ਹਿੱਸਿਆਂ ‘ਚ ਵੀ ਸਾਈਕਲ ਰਾਹੀਂ ਬੈਂਸ ਸਾਹਬ ਘੁੰਮ ਚੁੱਕੇ ਹਨ। ਇਹਨਾਂ ਨੇ ਸਾਰਾ ਲੇਹ ਲੱਦਾਖ , ਕਸ਼ਮੀਰ , ਉੱਤਰਾਖੰਡ , ਹਿਮਾਚਲ ਪ੍ਰਦੇਸ਼ , ਰਾਜਸਥਾਨ , ਮਹਾਂਰਾਸ਼ਟਰ , ਗੋਆ , ਉੱਤਰ ਪ੍ਰਦੇਸ਼ , ਮੱਧ ਪ੍ਰਦੇਸ ਆਦਿ ਪ੍ਰਾਂਤਾਂ ਤੋਂ ਇਲਾਵਾ ਪਾਕਿਸਤਾਨ , ਫੂਕੇਤ , ਕਾਰਾਬੀ ਆਦਿ ਬਾਹਰਲੇ ਮੁਲਕਾਂ ਵਿੱਚ ਘੁੰਮ ਕੇ ਜ਼ਿੰਦਗੀ ਤੇ ਦੁਨੀਆ ਨੂੰ ਨਜ਼ਦੀਕ ਹੋ ਕੇ ਸਮਝਿਆ ਹੈ , ਜੋ ਕਿ ਬਹੁਤ ਵੱਡੇ ਅਨੁਭਵ ਵਾਲੀ ਗੱਲ ਹੈ। ਇਹਨਾਂ ਨੇ ਲੱਦਾਖ ਦਾ ਸਾਰਾ ਸਫਰ ਬੁਲਟ ਮੋਟਰਸਾਈਕਲ ‘ਤੇ ਪੂਰਾ ਕੀਤਾ। ਇਹੋ ਸ਼ੌਕ , ਆਸਵੰਦ ਸੋਚ , ਨਿੱਘਾ ਸੁਭਾਅ ਤੇ ਹੱਸਮੁਖ ਚਿਹਰਾ ਸ੍ਰੀ ਅਜੇ ਕੁਮਾਰ ਬੈਂਸ ਜੀ ਨੂੰ ਇੱਕ ਖੁਸ਼ਨੁਮਾ , ਜ਼ਿੰਦਾਦਿਲ ਤੇ ਹਰਦਿਲ ਅਜੀਜ ਇਨਸਾਨ ਬਣਾਉਂਦਾ ਹੈ। ਇਹਨਾਂ ਦਾ ਸਕੂਲ ਵੀ ਰਾਸ਼ਟਰੀ ਪੱਧਰ ‘ਤੇ ਕਈ ਪ੍ਰਾਪਤੀਆਂ ਲਈ ਨਿਰੰਤਰ ਨਾਮਣਾ ਖੱਟਦਾ ਆ ਰਿਹਾ ਹੈ ; ਜੋ ਕਿ ਕੋਈ ਸਧਾਰਨ ਪ੍ਰਾਪਤੀ ਨਹੀਂ ਹੈ। ਇਹਨਾਂ ਦੇ ਵਿਦਿਆਰਥੀ ਭਾਰਤੀ ਫੌਜ , ਪੰਜਾਬ ਪੁਲਿਸ ਵਿਭਾਗ , ਪੰਜਾਬ ਰੋਡਵੇਜ਼ ਤੇ ਹੋਰ ਕਈ ਵਿਭਾਗਾਂ ਵਿੱਚ ਸੇਵਾਵਾਂ ‘ਚ ਤੈਨਾਤ ਹੋ ਚੁੱਕੇ ਹਨ। ਹੁਣ ਇਨ੍ਹਾਂ ਦੀ ਤਰੱਕੀ ਬਤੌਰ ਲੈਕਚਰਾਰ ਹੋ ਗਈ। ਜੋ ਕਿ ਇਨ੍ਹਾਂ ਦੀ ਯੋਗਤਾ ਤੇ ਵਧੀਆ ਸੇਵਾਵਾਂ ਦਾ ਹੀ ਨਤੀਜਾ ਹੈ। ਸ੍ਰੀ ਅਜੇ ਕੁਮਾਰ ਬੈਂਸ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਸਦਕਾ ਉਹਨਾਂ ਨੂੰ ਵੱਖ – ਵੱਖ ਥਾਵਾਂ ਜਿਵੇਂ ਸਕੂਲ ਸਿੱਖਿਆ ਵਿਭਾਗ , ਜ਼ਿਲ੍ਹਾ ਪ੍ਰਸਾਸ਼ਨ , ਪਰਿਆਸ ਕਲਾ ਮੰਚ , ਅਨੇਕਾਂ ਸੰਸਥਾਵਾਂ ਤੇ ਰਾਸ਼ਟਰੀ ਪੱਧਰ ‘ਤੇ ਵੀ ਸਨਮਾਨ ਮਿਲ ਚੁੱਕੇ ਹਨ। ਅਧਿਆਪਕ ਹੋਣ ਦੇ ਨਾਲ ਹੀ ਸਮਾਜਿਕ ਤੇ ਭਾਈਚਾਰਕ ਗਤੀਵਿਧੀਆਂ ਜਿਵੇਂ ਸਾਈਕਲ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਤੇ ਡਾਕਟਰ ਬੀ. ਆਰ. ਅੰਬੇਦਕਰ ਵੈਲਫੇਅਰ ਸੋਸਾਇਟੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਬਤੌਰ ਸਕੱਤਰ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਹੇ ਨੇ ਤੇ ਸੱਭਿਆਚਾਰਕ ਕਮੇਟੀ ਦੇ ਵੀ ਮੈਂਬਰ ਹਨ। ਅਧਿਆਪਕ ਸ਼੍ਰੀ ਅਜੇ ਕੁਮਾਰ ਬੈੰਸ ਜੀ ਅਜੋਕੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹਨ ਕਿ ਕਸਰਤ ਕਰੋ , ਕੁਦਰਤ ਨਾਲ ਜੁੜੋ , ਚੰਗੀਆਂ ਪੁਸਤਕਾਂ ਪੜ੍ਹੋ , ਘੁੰਮਦੇ – ਫਿਰਦੇ ਰਹੋ , ਚੰਗੇ ਇਨਸਾਨ ਬਣੋ ਤੇ ਦੁਨੀਆ ਲਈ ਵੀ ਚੰਗਾ ਕਰੋ। ਇਨ੍ਹਾਂ ਲਈ ਇਹ ਕਿਹਾ ਜਾ ਸਕਦਾ ਹੈ ,

” ਕੋਈ ਤੁਰਦਾ ਇਸ ਰਾਹ
ਕੋਈ ਤੁਰਦਾ ਉਸ ਰਾਹ
ਜੋ ਸਭ ਨਾਲ਼ ਹੱਸ ਕੇ – ਮਿਲ ਕੇ ਰਹੇ
ਉਹੀ ਹੁੰਦਾ ਦਿਲਾਂ ਦਾ ਬਾਦਸ਼ਾਹ
ਉਹੀ ਹੁੰਦਾ ਦਿਲਾਂ ਦਾ ਬਾਦਸ਼ਾਹ। ”

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦੋ ਵਾਰ ਦਰਜ਼ ਹੈ )
ਸ੍ਰੀ ਅਨੰਦਪੁਰ ਸਾਹਿਬ
9478561356