ਲੋਕਾਂ ਦਾ ਗੁੱਸਾ ਠੰਢਾ ਨਹੀਂ ਹੋਇਆ

ਬਲਵਿੰਦਰ ਸਿੰਘ ਭੁੱਲਰ
ਬੀਤੇ ਦਿਨੀਂ ਸ੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਰਾਹੀਂ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਮੁੜ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਬਾਰੇ ਪਹਿਲਾਂ ਹੀ ਸਭ ਲੋਕ ਭਲੀਭਾਂਤ ਜਾਣਦੇ ਸਨ, ਕਿ ਉਹਨਾਂ ਨੂੰ ਹੀ ਪ੍ਰਧਾਨ ਚੁਣਿਆ ਜਾਵੇਗਾ, ਉਹੀ ਹੋ ਗਿਆ ਹੈ। ਪਰ ਸੁਆਲ ਉੱਠਦਾ ਹੈ ਕਿ ਸ੍ਰ: ਬਾਦਲ ਦੇ ਪ੍ਰਧਾਨ ਬਣਨ ਨਾਲ ਸ੍ਰੋਮਣੀ ਅਕਾਲੀ ਦਲ ਦਾ ਅੰਦਰਲਾ ਕਾਟੋ ਕਲੇਸ ਖਤਮ ਹੋ ਜਾਵੇਗਾ? ਕੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗਾ? ਕੀ ਪੰਜਾਬ ਦੇ ਲੋਕ ਸੁਖਬੀਰ ਬਾਦਲ ਨੂੰ ਪ੍ਰਧਾਨ ਵਜੋਂ ਕਬੂਲ ਕਰ ਲੈਣਗੇ? ਕੀ ਸੁਖਬੀਰ ਬਾਦਲ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖ਼ਰਾ ਉੱਤਰ ਸਕੇਗਾ? ਅਜਿਹੇ ਅਨੇਕਾਂ ਸੁਆਲ ਹਨ ਜੋ ਅੱਜ ਹਰ ਹੱਟੀ ਭੱਠੀ, ਗਲੀਆਂ ਬਜ਼ਾਰਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਮੁੜ ਪ੍ਰਧਾਨ ਬਣ ਜਾਣ ਤੇ ਸ੍ਰ: ਸੁਖਬੀਰ ਸਿੰਘ ਬਾਦਲ ਬੜੇ ਹੌਂਸਲੇ ਵਿੱਚ ਵਿਖਾਈ ਦੇ ਰਹੇ ਹਨ ਅਤੇ ਉਹਨਾਂ ਦੇ ਚਹੇਤੇ ਤਾਂ ਅਗਲੀ ਸਰਕਾਰ ਵੀ ਅਕਾਲੀ ਦਲ ਦੀ ਵੇਖਣ ਲੱਗ ਪਏ ਹਨ। ਪਰ ਅਸਲ ਪੱਖੋਂ ਵੇਖਿਆ ਜਾਵੇ ਤਾਂ ਸ੍ਰ: ਬਾਦਲ ਲਈ ਚਣੌਤੀਆਂ ਪਹਿਲਾਂ ਨਾਲੋਂ ਘਟੀਆਂ ਨਹੀਂ ਸਗੋਂ ਵਧ ਗਈਆਂ ਹਨ। ਜਦੋਂ ਅਕਾਲੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਉਸ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਦੀ ਗਿਰਾਵਟ ਸੁਰੂ ਹੋ ਗਈ ਸੀ ਅਤੇ ਪੰਜਾਬ ਵਿੱਚ ਉਸ ਸਮੇਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਬੁਰੀ ਹਾਰ ਦਾ ਮੂੰਹ ਵੇਖਣਾ ਪਿਆ। ਸੱਤਰ ਸੱਤਰ ਅੱਸੀ ਅੱਸੀ ਸੀਟਾਂ ਜਿੱਤਣ ਵਾਲਾ ਅਕਾਲੀ ਦਲ ਦੋ ਤਿੰਨ ਤੱਕ ਸਿਮਟ ਕੇ ਰਹਿ ਗਿਆ। ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਇਹਨਾਂ ਘਿਨਾਉਣੀਆਂ ਘਟਨਾਵਾਂ ਪ੍ਰਤੀ ਜੁਮਵਾਰ ਮੰਨਦੇ ਹਨ। ਸ੍ਰ: ਪ੍ਰਕਾਸ ਸਿੰਘ ਬਾਦਲ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਨੇ ਖ਼ੁਦ ਅਤੇ ਸੱਤਾ ਦਾ ਲਾਭ ਲੈਣ ਵਾਲੇ ਉਹਨਾਂ ਦੇ ਨਜਦੀਕੀਆਂ ਨੇ ਵਥੇਰੀਆਂ ਸਫ਼ਾਈਆਂ ਦਿੱਤੀਆਂ, ਪਰ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ਼ ਨਾ ਕੀਤਾ। ਅੱਜ ਤੱਕ ਅਕਾਲੀ ਦਲ ਮੁੜ ਪੈਰਾਂ ਸਿਰ ਖੜਾ ਨਹੀਂ ਹੋ ਸਕਿਆ।
ਦਲ ਨੂੰ ਮਜਬੂਤ ਕਰਨ ਲਈ ਅਤੇ ਪਾਰਟੀ ਦੀ ਮੁੜ ਸੁਰਜੀਤੀ ਲਈ ਕੁੱਝ ਅਕਾਲੀ ਆਗੂਆਂ ਨੇ ਬਾਗੀਪੁਣਾ ਵਿਖਾ ਕੇ ਬਾਦਲ ਪਰਿਵਾਰ ਨੂੰ ਪਾਰਟੀ ਦੇ ਅਹੁਦਿਆਂ ਤੋਂ ਲਾਂਭੇ ਹੋ ਜਾਣ ਲਈ ਅਪੀਲਾਂ ਕੀਤੀਆਂ। ਜਿਹਨਾਂ ਨੂੰ ਅਸਵਿਕਾਰ ਕਰਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਛੱਡਣ ਤੋਂ ਕੋਰਾ ਜਵਾਬ ਦੇ ਦਿੱਤਾ। ਪੰਜਾਬ ਦੇ ਲੋਕ ਇਸ ਖੇਤਰੀ ਪਾਰਟੀ ਦੀ ਮਜਬੂਤੀ ਦੇ ਹੱਕ ਵਿੱਚ ਸਨ, ਇਸ ਕਰਕੇ ਪਾਰਟੀ ਤੋਂ ਬਾਹਰਲੇ ਬੁੱਧੀਜੀਵੀ ਲੋਕਾਂ ਨੇ ਵੀ ਸ੍ਰ: ਬਾਦਲ ਨੂੰ ਪਾਸੇ ਹੋ ਜਾਣ ਦੇ ਸੁਝਾਅ ਦਿੱਤੇ। ਪਰ ਸੁਖਬੀਰ ਸਿੰਘ ਬਾਦਲ ਇਸ ਕਦਰ ਡਰੇ ਹੋਏ ਸਨ ਕਿ ਜੇਕਰ ਇੱਕ ਵਾਰ ਹੱਥ ਪੋਲਾ ਕਰ ਦਿੱਤਾ ਤਾਂ ਮੁੜ ਕਿਸੇ ਨੇ ਪ੍ਰਧਾਨਗੀ ਦੇ ਨੇੜੇ ਫੜਕਣ ਵੀ ਨਹੀਂ ਦੇਣਾ। ਇਸ ਕਰਕੇ ਉਹਨਾਂ ਮਨ ਬਣਾ ਲਿਆ ਕਿ ਭਾਵੇਂ ਉਹ ਇਕੱਲੇ ਰਹਿ ਜਾਣ ਪ੍ਰਧਾਨਗੀ ਨਹੀਂ ਛੱਡਣਗੇ।
ਬਾਦਲ ਪਰਿਵਾਰ ਦੇ ਵਿਰੋਧੀ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨ ਤੇ ਸਥਿਤੀ ਕਾਫ਼ੀ ਨਾਜੁਕ ਬਣ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦਣ ਤੇ ਸ੍ਰ: ਸੁਖਬੀਰ ਸਿੰਘ ਬਾਦਲ ਕਸੂਤੀ ਸਥਿਤੀ ਵਿੱਚ ਫਸ ਗਏ, ਬੇਅਦਬੀਆਂ ਤੇ ਹੋਰ ਗੁਨਾਹਾਂ ਸਬੰਧੀ ਪੇਸ਼ ਹੋਣ ਲਈ ਪ੍ਰਧਾਨ ਦੀ ਹੈਸੀਅਤ ਵਿੱਚ ਜਾਇਆ ਨਹੀਂ ਜਾ ਸਕਦਾ ਸੀ। ਇਸ ਲਈ ਉਹਨਾਂ ਆਪਣੇ ਪਰਿਵਾਰ ਦੇ ਦਹਾਕਿਆਂ ਤੋਂ ਵਫ਼ਾਦਾਰ ਰਹੇ ਸ੍ਰ: ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਅਤੇ ਸਾਰੇ ਗੁਨਾਹਾਂ ਨੂੰ ਕਬੂਲ ਵੀ ਕਰ ਲਿਆ। ਪੰਜ ਸਿੰਘ ਸਾਹਿਬਾਨਾਂ ਨੇ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਸਰਕਾਰ ਸਮੇਂ ਉਹਨਾਂ ਦਾ ਸਹਿਯੋਗ ਦੇਣ ਵਾਲੇ ਕਈ ਆਗੂਆਂ ਨੂੰ ਧਾਰਮਿਕ ਸਜ਼ਾਵਾਂ ਸੁਣਾਈਆਂ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਚਾਹੁੰਦੇ ਸਨ ਕਿ ਸ੍ਰੋਮਣੀ ਅਕਾਲੀ ਦਲ ਜਿਸਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਮਜਬੂਤ ਹੋਵੇ ਅਤੇ ਪੰਜਾਬ ਦੀ ਅਗਵਾਈ ਕਰੇ। ਪੰਜ ਸਿੰਘ ਸਾਹਿਬਾਨਾਂ ਨੇ ਇਸ ਸਬੰਧੀ ਸੱਤ ਮੈਂਬਰੀ ਕਮੇਟੀ ਕਾਇਮ ਕਰਦਿਆਂ, ਸਹੀ ਤੇ ਸਪਸ਼ਟ ਢੰਗ ਨਾਲ ਸ੍ਰੋਮਣੀ ਅਕਾਲੀ ਦੀ ਨਵੀਂ ਭਰਤੀ ਕਰਨ ਦੇ ਆਦੇਸ਼ ਦਿੱਤੇ। ਸ੍ਰ: ਬਾਦਲ ਸਮਝਦੇ ਸਨ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਰਤੀ ਕੀਤੀ ਗਈ ਤਾਂ ਉਹਨਾਂ ਦੇ ਹੱਥ ਪ੍ਰਧਾਨਗੀ ਨਹੀਂ ਆਵੇਗੀ। ਉਹਨਾਂ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਵੱਖਰੇ ਤੌਰ ਤੇ ਭਰਤੀ ਅਰੰਭ ਦਿੱਤੀ ਅਤੇ ਜਿਸ ਤਰਾਂ ਭਰਤੀ ਕੀਤੀ ਗਈ ਉਹ ਸਭ ਲੋਕ ਭਲੀਭਾਂਤ ਜਾਣਦੇ ਹਨ। ਉਹਨਾਂ ਵਿੱਚੋਂ ਹੀ ਡੈਲੀਗੇਟ ਚੁਣ ਕੇ ਸਰਵਸੰਮਤੀ ਵਿਖਾਉਂਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਇਹ ਸਾਰਾ ਕੰਮ ਏਨੇ ਵਿਸਵਾਸ਼ ਨਾਲ ਕੀਤਾ ਗਿਆ ਕਿ ਵਿਸਾਖੀ ਦਿਹਾੜੇ ਤੇ ਹੋਣ ਵਾਲੀ ਅਕਾਲੀ ਕਾਨਫਰੰਸ ਵਿੱਚ ਪਹੁੰਚਣ ਲਈ ਬਣੇ ਪ੍ਰੋਗਰਾਮ ਵਾਲੇ ਰਸਤੇ ਤੇ ਸ੍ਰ: ਬਾਦਲ ਦੇ ਪ੍ਰਧਾਨ ਬਣ ਤੋਂ ਪਹਿਲਾਂ ਹੀ ਨਵੇਂ ਪ੍ਰਧਾਨ ਚੁਣੇ ਜਾਣ ਦੀ ਵਧਾਈ ਦੇ ਬੋਰਡ ਵੀ ਲਾ ਦਿੱਤੇ ਗਏ ਸਨ।
ਦੂਜੇ ਪਾਸੇ ਬਾਦਲ ਵਿਰੋਧੀ ਧੜੇ ਵੱਲੋਂ ਅਜੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ, ਜੋ ਲੋਕਾਂ ਦੇ ਸਾਹਮਣੇ, ਆਧਾਰ ਕਾਰਡ ਲੈ ਕੇ ਅਤੇ ਫਾਰਮਾਂ ਤੇ ਦਸਤਖਤ ਕਰਵਾ ਕੇ ਕੀਤੀ ਜਾ ਰਹੀ ਹੈ। ਇਸ ਧੜੇ ਨੂੰ ਚੰਗਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਪਰ ਇਹ ਧੜਾ ਕੋਈ ਵੱਖਰੀ ਪਾਰਟੀ ਦੀ ਭਰਤੀ ਨਹੀਂ ਕਰ ਰਿਹਾ, ਬਲਕਿ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਹੀ ਕਰ ਰਿਹਾ ਹੈ। ਸ੍ਰ: ਸੁਖਬੀਰ ਸਿੰਘ ਬਾਦਲ ਨੇ ਇਸ ਭਰਤੀ ਨੂੰ ਰੋਕਣ ਲਈ ਸੱਤ ਮੈਂਬਰੀ ਕਮੇਟੀ ਦੇ ਦੋਂ ਮੈਂਬਰਾਂ ਤੇ ਵੀ ਕਮੇਟੀ ਛੱਡ ਦੇਣ ਲਈ ਦਬਾਅ ਬਣਾਇਆ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਵਰਤਿਆ। ਤਿੰਨ ਸਿੰਘ ਸਾਹਿਬਾਨਾਂ ਦੀ ਛੁੱਟੀ ਵੀ ਕਰਵਾ ਦਿੱਤੀ, ਇੱਕ ਸਿੰਘ ਸਾਹਿਬਾਨ ਦੀ ਕਿਰਦਾਰਕਸ਼ੀ ਵੀ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਅੱਖੋਂ ਪਰੋਖੇ ਕੀਤਾ, ਸਿਧਾਂਤਾਂ ਨੂੰ ਸੱਟ ਮਾਰੀ ਗਈ। ਪਰ ਫੇਰ ਵੀ ਵਿਰੋਧੀ ਧੜੇ ਵੱਲੋਂ ਕੀਤੀ ਜਾ ਰਹੀ ਭਰਤੀ ਨੂੰ ਰੋਕਿਆ ਨਹੀਂ ਜਾ ਸਕਿਆ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਸਿੱਖ ਪੰਥ ਦੇ ਸਭ ਤੋਂ ਉੱਚੇ ਅਹੁਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਨਿਯੁਕਤ ਸਿੰਘ ਸਾਹਿਬਾਨ ਨੂੰ ਇੱਕ ਸਮਾਗਮ ਵਿੱਚ ਪ੍ਰਬੰਧਕਾਂ ਨੇ ਜਥੇਦਾਰ ਮੰਨਣ ਤੋਂ ਇਨਕਾਰ ਕਰਦਿਆਂ ਸਿਰੋਪਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਇੱਕ ਜਥੇਦਾਰ ਤੇ ਦਰਜ ਮੁਕੱਦਮਿਆਂ ਦਾ ਹਵਾਲਾ ਦੇ ਕੇ ਨਿਯੁਕਤੀ ਤੇ ਸੁਆਲ ਉਠਾਏ ਗਏ।
ਏਨੇ ਸਭ ਕੁੱਝ ਹੋਣ ਦੇ ਬਾਵਜੂਦ ਸ੍ਰ: ਸੁਖਬੀਰ ਸਿੰਘ ਪ੍ਰਧਾਨ ਬਣ ਗਏ। ਪ੍ਰਧਾਨ ਬਣਨ ਉਪਰੰਤ ਉਹਨਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣੀ ਪਹਿਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸਰਕਾਰ ਬਣਨ ਤੇ ਸਹੂਲਤਾਂ ਦੇਣ ਦੇ ਲਾਲਚ ਦੇਣ ਦਾ ਵਿਖਾਵਾ ਕੀਤਾ। ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਇੱਕਮੁੱਠ ਹੋਣ ਦੀ ਅਪੀਲ ਵੀ ਕੀਤੀ। ਪਰ ਇਹ ਕਾਨਫਰੰਸ ਉਮੀਦਾਂ ਅਨੁਸਾਰ ਭਰਵੀਂ ਨਹੀਂ ਸੀ ਅਤੇ ਨਾ ਹੀ ਲੋਕਾਂ ਵਿੱਚ ਉਤਸ਼ਾਹ ਸੀ। ਵਰਕਰਾਂ ਦੇ ਕਹਿਣ ਤੇ ਲੋਕ ਪਹੁੰਚੇ ਜਰੂਰ ਸਨ, ਪਰ ਦੀਵਾਨ ਹਾਲ ਵੀ ਖਚਾਖਚ ਭਰਿਆ ਹੋਇਆ ਨਹੀਂ ਸੀ, ਜਦੋਂ ਸਮੁੱਚੀ ਲੀਡਰਸ਼ਿਪ ਸੰਬੋਧਨ ਕਰ ਰਹੀ ਸੀ, ਹਾਲ ਵਿੱਚ ਲੋਕ ਸੁੱਤੇ ਵੀ ਪਏ ਸਨ। ਨਾਅਰੇ ਦਾ ਜਵਾਬ ਵੀ ਲੀਡਰਾਂ ਦੀ ਉਮੀਦ ਅਨੁਸਾਰ ਨਹੀਂ ਮਿਲ ਰਿਹਾ ਸੀ, ਵਾਰ ਵਾਰ ਕਹਿ ਕੇ ਨਾਅਰੇ ਲਵਾਉਣੇ ਪੈ ਰਹੇ ਸਨ। ਪਹੁੰਚੇ ਹੋਏ ਵਰਕਰਾਂ ਲੋਕਾਂ ਦੇ ਮਨਾਂ ਵਿੱਚ ਗੁੱਸਾ ਅਜੇ ਸਾਂਤ ਨਹੀਂ ਸੀ ਹੋਇਆ। ਜੋ ਪੰਡਾਲ ਚੋਂ ਉੱਠ ਕੇ ਬਾਹਰ ਜਾਂਦੇ ਉਹ ਕਈ ਤਰਾਂ ਰੋਸ ਵਿਖਾ ਰਹੇ ਸਨ।
ਪਹਿਲਾਂ ਕੇਵਲ ਬੇਅਦਬੀਆਂ ਦੇ ਦੋਸ਼ਾਂ ਸਦਕਾ ਹੀ ਅਕਾਲੀ ਦਲ ਬਹੁਤ ਹੇਠਾਂ ਚਲਿਆ ਗਿਆ ਸੀ ਅਤੇ ਬਾਦਲ ਪਰਿਵਾਰ ਦਾ ਡਟਵਾਂ ਵਿਰੋਧ ਹੁੰਦਾ ਰਿਹਾ ਸੀ। ਹੁਣ ਪ੍ਰਧਾਨਗੀ ਹਾਸਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਤੇ ਸਿਧਾਂਤਾਂ ਨੂੰ ਸੱਟ ਮਾਰਨ ਅਤੇ ਸਿੰਘ ਸਾਹਿਬਾਨਾਂ ਦੀ ਕੀਤੀ ਕਿਰਦਾਰਕੁਸ਼ੀ ਅਤੇ ਧੱਕੇ ਨਾਲ ਇਹਨਾਂ ਪਵਿੱਤਰ ਤੇ ਮਹਾਨ ਅਹੁਦਿਆਂ ਤੋਂ ਚੌਕੀਦਾਰਾਂ ਵਾਂਗ ਲਾਹ ਕੇ ਘਰ ਤੋਰ ਦੇਣ ਤੋਂ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਜਿਆਦਾ ਗੁੱਸੇ ਵਿੱਚ ਵਿਖਾਈ ਦੇ ਰਹੇ ਹਨ। ਨਾ ਅਜੇ ਬੇਅਦਬੀਆਂ ਦੇ ਦਾਗ ਧੋਤੇ ਜਾ ਚੁੱਕੇ ਹਨ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋ ਆਕੀ ਹੋਣਾ ਚੰਗਾ ਸਮਝਿਆ ਜਾ ਰਿਹਾ ਹੈ।
ਸ੍ਰ: ਸੁਖਬੀਰ ਸਿੰਘ ਬਾਦਲ ਇਹਨਾਂ ਹਾਲਾਤਾਂ ਨੂੰ ਕਾਬੂ ਕਿਵੇਂ ਕਰਨਗੇ? ਲੋਕਾਂ ਵਿੱਚ ਵਿਸਵਾਸ਼ ਕਿਵੇਂ ਪੈਦਾ ਕਰਨਗੇ? ਇਹਨਾਂ ਸੁਆਲਾਂ ਦੇ ਜੁਆਬ ਤਾਂ ਭਵਿੱਖ ਦੇ ਗਰਭ ਵਿੱਚ ਹਨ। ਪਰ ਸ੍ਰ: ਬਾਦਲ ਲਈ ਇਹ ਪ੍ਰਧਾਨਗੀ ਅਜੇ ਕੰਡਿਆਂ ਦਾ ਰਾਹ ਹੈ, ਐਨਾ ਸੌਖਾ ਕੰਮ ਨਹੀਂ ਜਿਨਾਂ ਉਹ ਸਮਝ ਰਹੇ ਹਨ।
ਮੋਬਾ: 098882 75913