
ਕਿਰਤੀ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ, ਇੱਥੇ ਪੰਜਾਬ ਵਿੱਚ, ਭਾਈਚਾਰਾ ਨਿਭਾਅ ਰਹੇ ਹਾਂ। ਪਰਮਾਤਮਾ ਤੁਹਾਨੂੰ ਵੀ ਹਰ ਥਾਂ, ਸਿਰ ਜੋੜ ਕੇ, ਚੱਲਣ ਦੀ ਹਿੰਮਤ/ਅਕਲ ਦੇਵੇ। ਅੱਗੇ ਸਮਾਚਾਰ ਇਹ ਹੈ ਕਿ ਪਿੰਡ, ਬੱਸ ਅੱਡੇ ਵੱਲ, ਬਿੰਦਰਪਾਲ ਸਿੰਘ ਮਿਲ ਗਿਆ। ਪਿਆਰ ਨਾਲ ਘੁੱਟ ਕੇ ਮਿਲਿਆ। ਪਰਿਵਾਰ ਦਾ ਹਾਲ-ਚਾਲ ਪੁੱਛਿਆ। ਮੇਰੇ ਜ਼ਿਹਨ `ਚ ਅੱਜ ਦੇ, ਘਸੇ ਜੇ ਸਰੀਰ, ਅੱਧ-ਚਿੱਟੇ ਵਾਲ, ਰੁਲੇ-ਖੁਲੇ ਕੱਪੜੇ ਅਤੇ ਕਾਲੇ-ਤਪੇ ਰੰਗ ਵਾਲੇ ਮਨੁੱਖ ਦੀ ਥਾਂ ਬਚਪਨ ਵਾਲਾ, ਆਲਾ-ਭੋਲਾ, ਕੋਰਾ-ਅਨਪੜ੍ਹ, ਹਰ ਗੱਲ ਉੱਤੇ, ‘ਹਾਂ-ਬਾਈ` ਕਹਿਣ ਵਾਲਾ ‘ਬਿੰਦਰ ਛੇੜੂ` ਆ ਸਾਕਾਰ ਹੋਇਆ। ਜਦੋਂ ਮੈਂ ਕਾਲਜ ਪੜ੍ਹਨ ਲੱਗਾ, ਉਦੋਂ ਤੱਕ ਵੱਡੇ ਭਾਈ ਨੇ ਕਈ ਸਾਲ ਕੱਟੀਆਂ ਪਾਲ ਕੇ ਮੱਝਾਂ ਬਣਾ ਲਈਆਂ ਸਨ। ਖੇਤੀ ਸੰਭਾਲਣ ਕਰਕੇ ਮੱਝਾਂ ਵੱਲ ਪੂਰੀ ਖੇਚਲ ਨਹੀਂ ਸੀ ਹੁੰਦੀ। ਕਰ-ਕਰਾ ਅਸੀਂ, ਇੱਕ ਛੇੜੂ ਰੱਖ ਲਿਆ। ਉਸ ਦੀ ਮਾਂ ਦੇ ਪੇਕੇ ਮੇਰੇ ਨਾਨਕੇ ਹੋਣ ਕਰਕੇ, ਅਪਣੱਤ ਹੋ ਗਈ। ਉਸ ਦਾ ਘਰ, ਸਾਡੇ ਘਰ ਤੋਂ ਪਿੰਡ ਦੇ ਬਿਲਕੁਲ ਉਲਟ ਪਾਸੇ ਦੂਰ ਸੀ। ਕੁੱਝ ਕੁ ਦਿਨਾਂ ਮਗਰੋਂ ਹੀ ਉਹ ਸਲਾਹ ਕਰਕੇ ਆਪਦੀ ਰਜਾਈ ਚੁੱਕ ਲਿਆਇਆ। ਠੰਡ ਬੜੀ ਸੀ। ਉਹ ਮੇਰੇ ਕੋਲ ਕੱਚੀ ਬੈਠਕ `ਚ ਹੀ ਸੌਂਦਾ। ਮੈਂ ਰਾਤੀਂ ਪੜ੍ਹਦਾ, ਉਹ ਦਿਨ-ਭਰ ਦਾ ਥੱਕਿਆ, ਰੋਟੀ ਖਾ ਛੇਤੀ ਸੌਂ ਜਾਂਦਾ। ਕਦੇ-ਕਦੇ ਉਹ ਮੇਰੀਆਂ ਕਿਤਾਬਾਂ-ਕਾਪੀਆਂ ਵੱਲ, ਗਹੁ ਲਾ ਕੇ ਵੇਖਦਾ, ਨਿੱਕੇ-ਨਿੱਕੇ ਪ੍ਰਸ਼ਨ ਪੁੱਛਦਾ ਮੇਰੇ ਸਮਝਾਉਣ ਨਾਲ ਉਹ ਫੇਰ ਹੋਰ ਪ੍ਰਸ਼ਨ ਕਰਦਾ। ਉਹ ਏਨਾਂ ਸਾਫ਼ ਸੀ ਕਿ ਕਦੇ ਸਕੂਲ ਗਿਆ ਹੀ ਨਹੀਂ ਸੀ। ਗਰੀਬੀ ਨੇ ਸਾਰੇ ਭੈਣਾਂ-ਭਰਾਂਵਾਂ ਨੂੰ ਜਕੜ, ਮਜ਼ਦੂਰੀ ਵੱਲ ਤੋਰ ਦਿੱਤਾ ਸੀ। ਸਾਡੀ ਹਮਦਰਦੀ ਉਸ ਨੇ ਛੇਤੀ ਹਾਸਲ ਕਰ ਲਈ। ਪੰਜਾਬੀ ਦਾ ਕੈਦਾ ਮੈਂ ਉਚੇਚਾ ਲਿਆਂਦਾ, ਰਾਤੀਂ ਉਸਨੂੰ ਕੁੱਝ ਅੱਖਰ ਪੜ੍ਹਾਉਂਦਾ। ਉਸ ਲਈ ਇਹ ਨਵੀਂ ਦੁਨੀਆਂ ਸੀ। ਫੇਰ ਸਲੇਟ-ਬਰਤਾ ਲੈ, ਉਸ ਨੂੰ ਲਿਖਣਾ ਸਿਖਾਇਆ। ਉਸ ਦੇ ਪਹਿਲੇ ਸ਼ਬਦ ਸਨ, ‘ਬਿੰਦਰਪਾਲ ਸਿੰਘ`। ਨਾਮ ਲਿਖਣ ਮਗਰੋਂ ਉਸਨੇ ਨਿੱਕੇ-ਨਿੱਕੇ ਹੋਰ ਸ਼ਬਦ-ਜੋੜ ਸਿੱਖੇ। ਹੌਲੀ-ਹੌਲੀ ਉਹ ਮੂਲ-ਮੰਤਰ ਸਿੱਖ ਗਿਆ। ਜਦੋਂ ਉਹ ਮੇਰੀਆਂ ਸੁਣਾਈਆਂ, ਕਹਾਣੀਆਂ ਨੂੰ ਦਿਨੇ-ਖੇਤਾਂ `ਚ ਹੋਰ ਵਾਗੀਆਂ ਨੂੰ ਸੁਣਾਂਉਂਦਾ ਤਾਂ ਉਹ ਹੈਰਾਨ ਹੁੰਦੇ। ਅਜੇਹੀਆਂ ਗਤੀਵਿਧੀਆਂ ਵੇਖ, ਦੇਵ ਬਾਈ, ਇੱਕ ਦਿਨ ਮੈਨੂੰ ਕਹਿੰਦਾ, “ਤੂੰ ਵਿਗਾੜੇਂਗਾ ਇਹਨੂੰ!” ਫ਼ੋਟੋਆਂ ਵੇਖ ਉਹ ਪੁੱਛਦਾ ਰਹਿੰਦਾ, ਮੈਂ ਦੱਸਦਾ ਰਹਿੰਦਾ। ਉਸਨੇ ਕਦੇ ਰੇਲ-ਗੱਡੀ ਨਹੀਂ ਸੀ ਵੇਖੀ। ਇੱਕ ਦਿਨ ਉਸਨੂੰ ਸਪੈਸ਼ਲ ਸ਼ਹਿਰ ਜਾ ਕੇ ਵਿਖਾਈ। ਉਸ ਲਈ ਸਟੇਸ਼ਨ, ਇੰਜਣ, ਲਾਈਨਾਂ ਅਜੀਬ ਦੁਨੀਆਂ ਸੀ। ਉਹ ਕਾਫ਼ੀ ਖੁੱਲ੍ਹ ਗਿਆ। ਬਿੰਦਰ ਦਸ ਤੱਕ ਗਿਣਤੀ ਸਿੱਖ ਗਿਆ। ਨਹਾ-ਧੋ, ਸਾਫ਼ਾ ਬੰਨ, ਗੁਰਦੁਆਰੇ ਜਾ ਆਇਆ। ਉਸ ਲਈ ਇਹ ਵੀ ਨਵੀਂ ਗੱਲ ਸੀ। ਅਖ਼ਬਾਰ ਤੋਂ ਕਈ ਸ਼ਬਦ, ਵਾਕ ਉਠਾ ਕੇ ਮੈਨੂੰ ਦੱਸਦਾ। ਨੋਟ ਗਿਣਨੇ ਤਾਂ ਸਿੱਖ ਗਿਆ ਪਰ ਮਾਇਆ ਉਹਦੀ ਕਦੇ ਨਾ ਬਣੀ। ਉਸਦੀ ਮਾਂ ਘਿਣੇ ਜੇ ਪਾਂਉਂਦੀ ਅਗਾਂਊਂ ਈ ਲੈ ਜਾਂਦੀ ਸਾਰੇ। ਅਸੀਂ ਉਸ ਨੂੰ ਇਸ ਜਿੱਲ੍ਹਣ `ਚੋਂ ਕੱਢਣ ਲਈ ਯਤਨ ਕੀਤੇ ਪਰ ਉਸਦੀ ਗੋਡੇ-ਗੋਡੇ ਕੰਗਾਲੀ ਨੇ ਉਸ ਨੂੰ ਗੋਡਣੀਏਂ ਕਰ ਦਿੱਤਾ। ਮੇਰੇ ਪੜ੍ਹਾਈ ਲਈ ਦੂਰ ਜਾਣ ਮਗਰੋਂ ਉਹ ਟੁੱਟ ਗਿਆ, ਸੀਰੀ ਲੱਗ ਗਿਆ। ਛੇਤੀ ਵਿਆਹ ਦੇ ਜੰਜਾਲ `ਚ ਫਸ ਗਿਆ ਅਤੇ ਬੱਸ ਸਾਡੇ ਕੋਲ ਉਸਦੀ ਖਿੱਚੀ ਤਸਵੀਰ ਹੀ ਰਹਿ ਗੀ। ਹੋਰ ਕਈ ਛੇੜੂਆਂ ਵਾਂਗ ਉਹ ਵੀ ਅਧੂਰਾ ਰਹਿ ਗਿਆ। ਹੁਣ ਮਿਲਦਾ ਤਾਂ ਉਵੇਂ ਹੀ ਹੁੱਬ ਕੇ ਐ, ਪਰ ਤੜ੍ਹ ਨਹੀਂ, ਬਿੰਦਰਪਾਲ ਸਿੰਘ ਉਰਫ਼ ‘ਬਿੰਦਰ ਛੇੜੂ` ਦੀ…..
ਮਿਲਾਂਗੇ ਅਗਲੇ ਐਤਵਾਰ…..
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061