ਪਿੰਡ, ਪੰਜਾਬ ਦੀ ਚਿੱਠੀ (156)

ਪੜ੍ਹਦਿਆਂ, ਸੁਣਦਿਆਂ ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਦਰਸ਼ੀ ਕੇ, ਮੁੰਡੇ ਦੀ ਪੱਕ-ਠੱਕ ਕਰਨ ਆਏ ਸਨ। ਉਨ੍ਹਾਂ ਚ ਤਜਿੰਦਰ ਦਾ ਸਾਥੀ, ਤਿਉਣੇ ਆਲੇ ਫੌਜੀ ਵੀ ਸੀ। ਚਾਹ-ਪਾਣੀ ਮਗਰੋਂ ਸਰਸਰੀ ਗੱਲਾਂ ਚੱਲ ਪਈਆਂ। ਤੇਜੀ ਨੇ ਤਿਉਣੇ ਆਲੇ ਸਰਬਣ ਨੂੰ ਸੁਭੈਕੀ ਪੁੱਛ ਲਿਆ, “ਜਾਰ! ਸਾਡੇ ਅੱਲੀਂ, ਤਾਂ ਹੁਣ ਕਿੱਲੇ-ਦੁਕਿੱਲੇ ਆਲਿਆਂ ਦਾ ਜਿਉਣਾ ਔਖਾ ਹੋ ਗਿਐ,

ਤੇਰੇ ਸਾਬ੍ਹ ਨਾਲ ਇਸ ਦਾ ਕੀ ਹੱਲ ਐ?” ਲੰਮ-ਸਲੰਮੇ ਸਰਬਣ ਨੇ ਖੰਘੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਜਵਾਬ ਦਿੱਤਾ, “ਮੇਰੀ ਜਾਣੇ, ਛੋਟੀ ਕਿਰਸਾਨੀ ਨੂੰ ਸ਼ਹਿਰੀਂ-ਲੋਕਾਂ ਨਾਲ, ਰਲ ਕੇ ਹੋਰ ਕੰਮ ਵੀ ਕਰਨੇ ਪੈਣਗੇ। ਮੈਂ ਤੈਨੂੰ ਹੱਡ-ਬੀਤੀ ਦੱਸਦੈਂ। ਮੇਰੀ ਪਿਲਸਨ ਹੋਈ ਤਾਂ ਘਰੇ ਭੰਗ ਭੁੱਜਦੀ ਸੀ। ਇੱਕ ਕਿੱਲਾ, ਇੱਕੋ ਮੁੰਡਾ, ਅੱਧਪੜ ਉੱਤੋਂ ਪੋਸਤੀ। ਕਰੋਨਾ ਵੇਲੇ 12 ਹਜਾਰ ਰੁਪੈ ਨੂੰ ਇੱਕ ਕਿੱਲੋ ਪੋਸਤ, ਲੈ ਕੇ ਵੀ ਪਿਆਇਆ। ਫੇਰ ਮੈਂ ਬਠਿੰਡੇ ਸਿੱਧੂ ਡਾਕਟਰ ਦੇ ਜਾ ਪੈਰੀਂ ਪਿਆ। ਉਹਨੇ ਮੈਨੂੰ ਰਾਤ ਪਹਿਰੇ ਤੇ ਰੱਖ ਲਿਆ ਤੇ ਮੁੰਡੇ ਦਾ ਲਾਜ ਮੁਫ਼ਤ ਕਰਤਾ।ਹੁਣ ਓਹ ਹਰੀਕੈਮ ਹੋ ਕੇ ਵਿਆਹਿਆ ਵੀ ਗਿਆ, ਉੱਤੋਂ ਆਪਣੇ ਕੈਪਟਨ ਗੁਰਮੀਤ ਸਿੰਹੁ, ਸਕਿਉਰਟੀ ਅਫ਼ਸਰ ਨੇ ਏਮਜ਼ ਵਿੱਚ ਲਵਾਤਾ।

ਮੋਟਰਸ਼ੈਂਕਲ ਵੇਚ ਅਸੀਂ ਸੈਕਲ ਲੈ ਲੇ। ਦਿਨੇ ਉਹ ਡਿਊਟੀ ਤੇ ਹੁੰਦੈ ਰਾਤ ਨੂੰ ਮੈਂ ਸੱਤ ਕਿਲੋਮੀਟਰ, ਜਾਂਦਾ, ਚਾਰ ਕਿੱਲੋ, ਡਾਕਟਰ ਲਈ ਦੁੱਧ ਵੀ ਲੈ ਜਾਂਨੈਂ। ਹੁਣ ਨੂੰਹ ਵੀ ਕੰਪਊਟਰ ਉੱਤੇ ਪਰਚੀਆਂ ਕੱਟ ਕੇ ਰੌਣਕ ਲਾ ਦਿੰਦੀ ਐ। ਅਸੀਂ ਤਿੰਨੇ, ਤੀਹ ਹਜਾਰ ਲਿਆਉਣੇ ਆਂ, ਮਹੀਨੇ ਦਾ, ਪਿਲਸਨ ਅੱਡ। ਮੇਰੀ ਘਰ ਆਲੀ ਦੋ ਖੋਲੀਆਂ ਸੰਭਾਲਦੀ ਐ। ਹੁਣ ਦੁੱਧ-ਘਿਓ ਵੀ ਵਾਧੂ ਐ। ਸਾਡਾ ਤੋਰਾ ਚੰਗਾ ਤੁਰ ਪਿਆ। ਲੋਕੀਂ ਅੱਡ ਸ਼ਾਬਾਸ਼ ਦਿੰਦੇ ਐ। ਮੇਰੇ ਅਨੁਸਾਰ, ਸਾਨੂੰ ਆਕੜ ਤੇ ਸ਼ਰਮ ਤਿਆਗ ਕੇ, ਵਾਹੀ ਦੇ ਨਾਲ-ਨਾਲ, ਦੁੱਧ, ਸਬਜ਼ੀ ਵੇਚਣ ਅਤੇ ਮਿਲਦੇ ਕੰਮ ਕਰਨੇ ਪੈਣਗੇ।" ਏਨ੍ਹੇ ਨੂੰ ਰੋਟੀ ਆ-ਗੀਤੇ ਸਾਰੇ ਖਾਣ ਚ ਰੁੱਝ ਗਏ।

ਹੋਰ, ਭੋਲੀ ਕੇ ਟੇਂਗਰੇ ਨੇ ਸੱਟ ਖਾ ਲਈ ਹੈ। ਲੀਲਾ, ਫੀਲਾ ਤੇ ਘੀਲਾ ਕਾਇਮ ਹਨ। ਹੜ੍ਹਾਂ ਦੇ ਨੁਕਸਾਨ ਤੋਂ ਨਿਜਾਤ ਲਈ ਸੇਵਾ ਜਾਰੀ ਹੈ। ਬੇਰੋਜ਼ਗਾਰ, ਕੱਚੇ-ਪੱਕੇ ਸਾਰੇ ਮੁਲਾਜ਼ਮ ਹੀ ਤੰਗ ਹਨ। ਬਾਹਰ ਜਾਣ ਦੀ ਹੋੜ ਜੋਰਤੇ ਹੈ। ਆਪਣੀ ਸਿਮਰੋ ਦੀ ਵੋਟ ਵੀ ਬਣ ਗਈ ਹੈ। ਤੀਆਂ ਦਾ ਕਿਤੇ-ਕਿਤੇ ਹੀ ਝਾਉਲਾ ਜਿਹਾ ਹੈ। ਟੀ-ਸ਼ਰਟਾਂ, ਕੈਪਰੀ ਅਤੇ ਜੀਨਾਂ ਦਾ ਰਿਵਾਜ ਹੈ। ਸਰਕਾਰੀ ਮਾਸ਼ਟਰ, ਡਾਕ ਭੇਜਣ ਨੇ ਹੀ ਹੰਭਾ ਲਏ ਹਨ। ਸਾਡੇ ਰਾੜੇ-ਵੀੜੇ ਤਾਂ ਇੰਜ ਹੀ ਚੱਲਦੇ ਹਨ, ਤੁਸੀਂ ਫਿਕਰ ਨਾ ਕਰਿਓ। ਆਪਣਾ ਖਿਆਲ ਰੱਖਿਓ, ਧਿਆਨ ਤੁਹਾਡੇ ਵੱਲ ਹੀ ਹੈ। ਹੰਭੜਾਂ ਆਲਾ ਕਾਕਾ ਆ ਰਿਹੈ, ਸੰਭਾਲ ਲੈਣਾਂ। ਸੱਚ, ਭਿੰਡੇ ਕੀ ਭੂਰੀ ਵੀ ਮੰਗੀ ਗਈ। ਚੰਗਾ, ਨਾਲ ਪਿਆਰ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061