ਵਿਦੇਸ਼ਾਂ ਨਾਲ ਇਨਸਾਨੀ ਸੁਰੱਖਿਆ ਦੀ ਗਾਰੰਟੀ ਦਾ ਮੁੱਦਾ ਉਠਾਉਣਾ ਸਮੇਂ ਦੀ ਲੋੜ

ਵਿਦੇਸ਼ਾਂ ਨਾਲ ਇਨਸਾਨੀ ਸੁਰੱਖਿਆ ਦੀ ਗਾਰੰਟੀ ਦਾ ਮੁੱਦਾ ਉਠਾਉਣਾ ਸਮੇਂ ਦੀ ਲੋੜ

ਬਲਵਿੰਦਰ ਸਿੰਘ ਭੁੱਲਰ
ਕੇਂਦਰ ਜਾਂ ਰਾਜ ਸਰਕਾਰਾਂ ਜੇਕਰ ਹੋਰ ਦੇਸਾਂ ਦੀਆਂ ਸਰਕਾਰਾਂ ਨਾਲ ਕੋਈ ਸਮਝੌਤਾ ਜਾਂ ਸੰਧੀ ਕਰਦੀਆਂ ਹਨ, ਤਾਂ ਉਸ ਵਿੱਚ ਆਰਥਿਕ ਲਾਭ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਇਹ ਸੰਧੀਆਂ ਜਾਂ ਤਾਂ ਇਨਸਾਨਾਂ ਨੂੰ ਖਤਮ ਕਰਨ ਵਾਲੇ ਮਾਰੂ ਹਥਿਆਰਾਂ ਦੇ ਖਰੀਦਣ ਦੀਆਂ ਹੁੰਦੀਆਂ ਹਨ ਜਾਂ ਫੇਰ ਵੱਡੇ ਵੱਡੇ ਅਮੀਰ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਲੀਆਂ ਤਜਵੀਜਾਂ ਸਬੰਧੀ ਹੁੰਦੀਆਂ ਹਨ। ਇੱਥੇ ਹੀ ਬੱਸ ਨਹੀਂ ਜੇਕਰ ਆਮ ਵਪਾਰੀ ਲੋਕ ਵੀ ਭਾਰਤ ਨਾਲ ਲਗਦੀਆਂ ਸਰਹੱਦਾਂ ਖੋਹਲਣ ਦੀ ਮੰਗ ਕਰਦੇ ਹਨ ਤਾਂ ਉਹ ਵੀ ਦਰਾਮਦ ਬਰਾਮਦ ਲਈ ਹੀ ਕਰਦੇ ਹਨ ਤਾਂ ਜੋ ਉਸਤੋਂ ਮਾਲੀ ਫਾਇਦਾ ਪ੍ਰਾਪਤ ਕੀਤਾ ਜਾ ਸਕੇ। ਇਸਤੋਂ ਅੱਗੇ ਗੱਲ ਚਲਦੀ ਹੈ ਧਾਰਮਿਕ ਜਾਂ ਸਿਆਸੀ ਜਥੇਬੰਦੀਆਂ ਦੀ। ਹਿੰਦੂ ਸੰਗਠਨ ਜਿੱਥੇ ਵਿਦੇਸਾਂ ਵਿਚਲੇ ਆਪਣੇ ਧਾਰਮਿਕ ਅਸਥਾਨਾਂ ਦੇ ਦਰਸਨਾਂ ਲਈ ਦੂਜੇ ਦੇਸਾਂ ਨਾਲ ਸਮਝੌਤੇ ਕਰਕੇ ਲਾਹਾ ਲੈਣ ਦੀ ਕੋਸਿਸ ਕਰਦੇ ਹਨ, ਉੱਥੇ ਸਿੱਖ ਸੰਸਥਾਵਾਂ ਵੀ ਕਿਰਪਾਨ ਜਾਂ ਪਗੜੀ ਦਾ ਮੁੱਦਾ ਉਠਾ ਕੇ ਹਰ ਸਮੇਂ ਸਿਆਸੀ ਲਾਹਾ ਲੈਣ ਲਈ ਯਤਨਸ਼ੀਲ ਰਹਿੰਦੀਆਂ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਇਨਸਾਨੀ ਜਿੰਦਗੀਆਂ ਦੀ ਸੁਰੱਖਿਆ ਦਾ ਮੁੱਦਾ ਉਠਾਉਣ ਦੀ ਕਿਸੇ ਨੇ ਵੀ ਲੋੜ ਮਹਿਸੂਸ ਨਹੀਂ ਕੀਤੀ। ਆਮ ਲੋਕ ਨਿੱਤ ਦਿਨ ਵਿਦੇਸ਼ਾਂ ਵਿੱਚ ਕਤਲ ਹੋ ਰਹੇ ਹਨ, ਮਰ ਰਹੇ ਹਨ। ਉਹਨਾਂ ਦੇ ਵਾਰਸ ਇਧਰ ਲਾਸ਼ ਲੈਣ ਲਈ ਅਤੇ ਆਪਣੇ ਦੇ ਅੰਤਿਮ ਦਰਸ਼ਨ ਕਰਨ ਲਈ ਵੀ ਤੜਪਦੇ ਰਹਿੰਦੇ ਹਨ, ਪਰ ਸੁਣਦਾ ਕੋਈ ਨਹੀਂ। ਸਾਡੇ ਦੇਸ਼ ਦੀਆਂ ਗੁੰਮਰਾਹ ਕੀਤੀਆਂ ਧੀਆਂ ਵਿਦੇਸ਼ਾਂ ਵਿੱਚ ਗੁਲਾਮਾਂ ਵਾਲੀ ਜਿੰਦਗੀ ਬਤੀਤ ਕਰ ਰਹੀਆਂ ਹਨ। ਜੱਗ ਜਾਹਰ ਹੋਣ ਤੇ ਕੋਈ ਨਾ ਕੋਈ ਵਾਪਸ ਲਿਆਂਦੀ ਜਾਂਦੀ ਹੈ, ਪਰ ਕਿੰਨੀਆਂ ਕੁ ਅਜਿਹਾ ਜੀਵਨ ਹੰਢਾ ਰਹੀਆਂ ਹਨ ਇਸਦਾ ਅੰਦਾਜ਼ਾ ਹੀ ਲਾਉਣਾ ਮੁਸਕਿਲ ਹੈ।

ਅਜਿਹਾ ਲੱਗਭੱਗ ਹਰ ਦੇਸ਼ ਵਿੱਚ ਹੀ ਹੋ ਰਿਹਾ ਹੈ, ਪਰ ਕਤਲਾਂ ਦੇ ਮਾਮਲੇ ਵਿੱਚ ਮਨੀਲਾ ਕੁੱਝ ਅੱਗੇ ਹੈ। ਭਾਰਤੀ ਖਾਸ ਕਰਕੇ ਬਹੁਤੇ ਪੰਜਾਬੀ ਮਨੀਲਾ ਵਿੱਚ ਕਿਸਤਾਂ ਤੇ ਸਮਾਨ ਵੇਚਣ ਦਾ ਧੰਦਾ ਕਰਦੇ ਹਨ। ਉਹ ਸੁਭਾ ਲੋਕਾਂ ਦੇ ਘਰਾਂ ਵਿੱਚ ਸਮਾਨ ਸਪਲਾਈ ਕਰਦੇ ਹਨ ਅਤੇ ਬਾਅਦ ਦਪਹਿਰ ਉਹ ਕਿਸਤਾਂ ਇਕੱਠੀਆਂ ਕਰਦੇ ਹਨ। ਲੁਟੇਰਿਆਂ ਨੂੰ ਇਸ ਕਾਰਜਸ਼ੈਲੀ ਦੀ ਮੁਕੰਮਲ ਜਾਣਕਾਰੀ ਹੋਣ ਸਦਕਾ ਉਹ ਕਿਸਤਾਂ ਦੀ ਰਕਮ ਲੈ ਕੇ ਆਉਂਦੇ ਇਹਨਾਂ ਭਾਰਤੀਆਂ ਤੇ ਹਮਲਾ ਕਰਕੇ ਉਹਨਾਂ ਦੇ ਕਤਲ ਕਰ ਦਿੰਦੇ ਹਨ ਅਤੇ ਰਕਮ ਲੁੱਟ ਲੈਂਦੇ ਹਨ। ਮਨੀਲਾ ਵਿੱਚ ਇਹ ਸਿਲਸਿਲਾ ਤਕਰੀਬਨ ਵੀਹ ਸਾਲਾਂ ਤੋਂ ਚੱਲ ਰਿਹਾ ਹੈ, ਪਰ ਅੱਜ ਤੱਕ ਇਸਨੂੰ ਠੱਲ ਨਹੀਂ ਪਾਈ ਜਾ ਸਕੀ। ਕੁੜੀਆਂ ਨੂੰ ਗੁਲਾਮ ਬਣਾ ਕੇ ਉਹਨਾਂ ਦਾ ਸਰੀਰਕ ਸੋਸਣ ਕਰਨ ਅਤੇ ਉਹਨਾਂ ਤੋਂ ਜਬਰੀ ਘਰਾਂ ਦਾ ਕੰਮ ਧੰਦਾ ਕਰਾਉਣ ਦੀਆਂ ਬਹੁਤੀਆਂ ਘਟਨਾਵਾਂ ਅਰਬ ਦੇਸ਼ਾਂ ਵਿੱਚ ਵਾਪਰਦੀਆਂ ਹਨ। ਕਾਫ਼ੀ ਲੜਕੀਆਂ ਸਿਆਸੀ ਦਬਾਅ ਸਦਕਾ ਵਾਪਸ ਵੀ ਲਿਆਂਦੀਆਂ ਹਨ, ਜਿਹਨਾਂ ਅਸਲੀਅਤ ਨੂੰ ਮੀਡੀਆ ਰਾਹੀਂ ਪੇਸ਼ ਕੀਤਾ ਹੈ।

ਕੈਨੇਡਾ ਜਿਸਨੂੰ ਬਹੁਤ ਸੁਰੱਖਿਆਤ ਦੇਸ਼ ਮੰਨਿਆਂ ਜਾਂਦਾ ਸੀ। ਪਿਛਲੇ ਤਿੰਨ ਕੁ ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਵੱਲ ਵਹੀਰਾਂ ਘੱਤ ਦਿੱਤੀਆਂ। ਲੱਖਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ ਉੱਥੇ ਪਹੁੰਚ ਕੇ ਆਪਣੇ ਕਾਰੋਬਾਰ ਸਥਾਪਤ ਕੀਤੇ, ਉਹਨਾਂ ਵੱਡੇ ਵੱਡੇ ਫਾਰਮ ਬਣਾ ਲਏ। ਉਹਨਾਂ ਦੀ ਆਮਦਨ ਅਤੇ ਐਸੋ ਇਸ਼ਰਤ ਦੀ ਜਿੰਦਗੀ ਵੇਖਦਿਆਂ ਪੰਜਾਬੀਆਂ ਦਾ ਰੁਝਾਨ ਲਗਾਤਾਰ ਵਧਦਾ ਗਿਆ। ਹੁਣ ਕਈ ਸ਼ਹਿਰ ਤੇ ਇਲਾਕੇ ਤਾਂ ਅਜਿਹੇ ਬਣ ਗਏ, ਜਿਹਨਾਂ ਨੂੰ ਵੇਖਦਿਆਂ ਪੰਜਾਬ ਦਾ ਹੀ ਭੁਲੇਖਾ ਪੈ ਜਾਂਦਾ ਹੈ। ਹੁਣ ਉੱਥੇ ਪੰਜਾਬ ਵਾਂਗ ਗੈਂਗਸਟਰ ਗਰੁੱਪ ਬਣ ਚੁੱਕੇ ਹਨ, ਸਰੇਆਮ ਉਹਨਾਂ ਦੀਆਂ ਲੜਾਈਆਂ ਹੁੰਦੀਆਂ ਹਨ। ਫਿਰੌਤੀਆਂ ਮੰਗੀਆਂ ਜਾਂਦੀਆਂ ਹਨ। ਕਤਲ ਕੀਤੇ ਜਾਂਦੇ ਹਨ। ਘਰਾਂ ਵਿੱਚ ਸਹੁਰਿਆਂ ਵੱਲੋਂ ਨੂੰਹਾਂ ਦੇ ਕਤਲ ਕੀਤੇ ਜਾਂਦੇ ਹਨ, ਸਰੀ ਵਿੱਚ ਕੀਤੇ ਇਕ ਲੜਕੀ ਅਮਨਦੀਪ ਕੌਰ ਦੇ ਕਤਲ ਦੀ ਗੁੱਥੀ ਚਾਰ ਸਾਲ ਬਾਅਦ ਖੁੱਲੀ ਸੀ, ਕਿ ਉਸਦੇ ਪਤੀ ਨੇ ਹੀ ਕਤਲ ਕੀਤਾ ਸੀ। ਭਾਰਤੀਆਂ ਪੰਜਾਬੀਆਂ ਦੀ ਲਾਸ਼ਾਂ ਸਮੁੰਦਰ ਕਿਨਾਰਿਓ ਮਿਲਦੀਆਂ ਰਹਿੰਦੀਆਂ ਹਨ। ਮਨੁੱਖੀ ਅਧਿਕਾਰਾਂ ਲਈ ਆਵਾਜ ਬੁਲੰਦ ਕਰਨ ਵਾਲੀ ਬਲੋਚਸਤਾਨ ਦੀ ਬੀਬੀ ਕਰੀਮਾ ਮਹਿਰਾਬ ਦੀ ਲਾਸ਼ ਕੈਨੇਡਾ ਦੇ ਸ਼ਹਿਰ ਹਰਬੋਰਫਰੰਟ ਦੇ ਨੇੜੇ ਇੱਕ ਝੀਲ ਕੇ ਕਿਨਾਰੇ ਤੋਂ ਮਿਲੀ ਸੀ।
ਅਮਰੀਕਾ ਬਾਰੇ ਘੋਖ ਕਰੀਏ ਤਾਂ ਪੰਜਾਬੀ ਦੋ ਸੌ ਸਾਲ ਪਹਿਲਾਂ ਹੀ ਉਸ ਦੇਸ ਵਿੱਚ ਜਾਣ ਲੱਗੇ ਸਨ, ਜਿਹਨਾਂ ਉੱਥੋਂ ਦੇ ਜੰਗਲਾਂ ਨੂੰ ਕੱਟ ਕੱਟ ਕੇ ਵਾਹੀ ਯੋਗ ਬਣਾਇਆ ਅਤੇ ਅੱਤ ਦੀ ਮਿਹਨਤ ਕੀਤੀ। ਉੱਥੇ ਵਸਦੇ ਭਾਰਤੀਆਂ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਤਨਦੇਹੀ ਨਾਲ ਭਾਗ ਲਿਆ ਸੀ। ਪਰ ਫੇਰ ਵੀ ਉੱਥੇ ਪੰਜਾਬੀ ਆਪਣੀ ਪਹਿਚਾਣ ਬਣਾਉਣ ਵਿੱਚ ਪੂਰੇ ਸਫ਼ਲ ਨਹੀ ਹੋ ਸਕੇ, ਕੁੱਝ ਸਾਲ ਪਹਿਲਾਂ ਓਬਾਮਾ ਬਿਨ ਲਾਦੇਨ ਨੇ ਅਮਰੀਕਾ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ, ਲਾਦੇਨ ਪਗੜੀ ਬੰਨਦਾ ਸੀ ਬਹੁਤ ਮੁਸਲਮਾਨ ਪਗੜੀ ਬੰਨਦੇ ਹਨ। ਲਾਦੇਨ ਦੀਆਂ ਅਮਰੀਕਾ ਵਿਰੋਧੀ ਕਾਰਵਾਈ ਵੇਖਦਿਆਂ ਅਮਰੀਕਨ ਲੋਕ ਪੰਜਾਬੀਆਂ ਤੇ ਹਮਲੇ ਕਰਦੇ ਰਹੇ। ਉਹ ਭੁਲੇਖੇ ਵਿੱਚ ਸਨ ਕਿ ਇਹ ਲਾਦੇਨ ਦੇ ਸਾਥੀ ਹੀ ਹਨ। ਉੱਥੇ ਪੰਜਾਬੀਆਂ ਦੇ ਇਹਨਾਂ ਕਤਲਾਂ ਨੂੰ ਰੋਕਣ ਲਈ ਅਮਰੀਕਾ ਵਿੱਚ ਠੋਸ ਕਦਮ ਨਾ ਉਠਾਏ ਗਏ। ਉੱਥੇ ਕਤਲਾਂ ਦੀਆਂ ਘਟਨਾਵਾਂ ਅੱਜ ਵੀ ਆਮ ਹੀ ਵਾਪਰਦੀਆਂ ਹਨ। ਸੈਕਰਾਮੈਂਟੋ ਕੈਲੀਫੋਰਨੀਆਂ ’ਚ ਭਾਰਤੀ ਮੂਲ ਦੀ ਸਲਿਨੀ ਸਿੰਘ ਦੀ ਲਾਸ਼ ਹੈਮਿਲਟਨ ਖੇਤਰ ’ਚ ਸੀਵਰੇਜ ਦੇ ਗੰਦੇ ਪਾਣੀ ਚੋਂ ਮਿਲੀ ਸੀ। ਕਰੀਬ ਡੇਢ ਸਾਲ ਬਾਅਦ ਉਸਦਾ ਕਾਤਲ ਜੈਫਰੀ ਸਮਿਥ ਗਿ੍ਰਫਤਾਰ ਕੀਤਾ ਜਾ ਸਕਿਆ ਸੀ। ਅਜਿਹੇ ਮਾਮਲੇ ਨਿਊਜੀਲੈਂਡ ਵਿੱਚ ਵੀ ਵਾਪਰਦੇ ਰਹਿੰਦੇ ਹਨ। ਇਸ ਦੇਸ਼ ਦੇ ਦੱਖਣੀ ਆਕਲੈਂਡ ਖੇਤਰ ਦੇ ਸ਼ਹਿਰ ਹੰਟਲੀ ਦੇ ਨੇੜੇ ਵੀ ਇੱਕ ਘਿਨਾਉਣੀ ਘਟਨਾ ਵਾਪਰੀ ਸੀ, ਜਦੋ ਭਾਰਤੀ ਮੂਲ ਦੀ ਚਾਰ ਸਾਲ ਦੇ ਪੁੱਤਰ ਦੀ ਮਾਂ ਰਣਜੀਤਾ ਸਰਮਾਂ ਦੀ ਸੜਕ ਦੇ ਕਿਨਾਰੇ ਅੱਗ ਨਾਲ ਸੜੀ ਲਾਸ ਮਿਲੀ। ਮੈਡੀਕਲ ਰਿਪੋਰਟ ਅਨੁਸਾਰ ਉਸਨੂੰ ਅੱਗ ਲਗਾ ਕੇ ਕਾਤਲਾਂ ਨੇ ਸੜਕ ਕਿਨਾਰੇ ਸੁੱਟ ਦਿੱਤਾ ਸੀ। ਭਾਰਤ ਪਾਕਿਸਤਾਨ ਦੀ ਸਰਹੱਦ ਤੇ ਨਿੱਤ ਦਿਨ ਇਨਸਾਨਾਂ ਨੂੰ ਮਾਰ ਦੇਣ, ਫੜ ਕੇ ਤਸੱਦਦ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਵੱਖ ਵੱਖ ਦੇਸ਼ਾਂ ਵਿੱਚ ਸਮੁੰਦਰ ਦੇ ਕਿਨਾਰੇ ਜਾਂ ਜੰਗਲਾਂ ਵਿੱਚ ਭਾਰਤੀਆਂ ਦੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਆਮ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

ਬਹੁਤ ਸਾਰੇ ਮਾਮਲਿਆਂ ਵਿੱਚ ਕਾਤਲ ਫੜੇ ਵੀ ਜਾਂਦੇ ਹਨ, ਪਰ ਉਹਨਾਂ ਮੁਕੱਦਮਿਆਂ ਦੀ ਪੈਰਵੀ ਮਿ੍ਰਤਕ ਦੇ ਵਾਰਸ ਭਾਰਤ ’ਚ ਰਹਿੰਦੀਆਂ ਸਹੀ ਢੰਗ ਨਾਲ ਨਹੀਂ ਕਰ ਸਕਦੇ। ਜਿਸਦਾ ਕਾਤਲਾਂ ਨੂੰ ਫਾਇਦਾ ਮਿਲ ਜਾਂਦਾ ਹੈ, ਉਹ ਜੇਲੋਂ ਬਾਹਰ ਆ ਜਾਂਦੇ ਹਨ। ਮਿ੍ਰਤਕ ਦੇ ਬੱਚੇ ਰੁਲਦੇ ਰਹਿੰਦੇ ਹਨ, ਉਹ ਨਾ ਭਾਰਤ ਆ ਸਕਦੇ ਹਨ ਅਤੇ ਨਾ ਹੀ ਉੱਥੇ ਉਹਨਾਂ ਦੀ ਸੰਭਾਲ ਕਰਨ ਵਾਲਾ ਹੁੰਦਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਕਿਸੇ ਸਰਕਾਰ ਜਾਂ ਸੰਸਥਾ ਨੇ ਅੱਜ ਤੱਕ ਨਹੀਂ ਉਠਾਇਆ। ਵਿਦੇਸਾਂ ਵਿੱਚ ਭਾਰਤੀਆਂ ਦੇ ਕਤਲ ਹੋ ਰਹੇ ਹਨ, ਉਹਨਾਂ ਦੇ ਬੱਚੇ ਰੁਲ ਰਹੇ ਹਨ, ਮਾਪੇ ਰੋ ਰੋ ਕੇ ਥੱਕ ਜਾਣ ਉਪਰੰਤ ਭਾਣਾ ਮੰਨ ਕੇ ਸਬਰ ਕਰ ਲੈਂਦੇ ਹਨ, ਫਿਰ ਵੀ ਵਿਦੇਸੀ ਸਰਕਾਰਾਂ ਨਾਲ ਕੇਵਲ ਆਰਥਿਕ ਸੰਧੀਆਂ ਹੋ ਰਹੀਆਂ ਹਨ, ਵਪਾਰਕ ਰਸਤੇ ਖੋਹਲਣ ਦੀ ਗੱਲ ਚੱਲ ਰਹੀ ਹੈ, ਕਿਰਪਾਨ ਪਗੜੀ ਦੇ ਮੁੱਦੇ ਭਖ ਰਹੇ ਹਨ ਜਦੋਂ ਕਿ ਇਨਸਾਨੀ ਸੁਰੱਖਿਆ ਦਾ ਮੁੱਦਾ ਦੱਬਿਆ ਜਾ ਰਿਹਾ ਹੈ। ਸੋ ਬਾਕੀ ਸੰਧੀਆਂ ਜਾਂ ਮੁੱਦਿਆਂ ਨਾਲੋ ਇਨਸਾਨਾਂ ਦੀ ਸੁਰੱਖਿਆ, ਜਾਨ ਮਾਲ ਦੀ ਗਾਰੰਟੀ ਦਾ ਮੁੱਦਾ ਪਹਿਲ ਦੇ ਅਧਾਰ ਤੇ ਉਠਾਉਣਾ ਅੱਜ ਦੇ ਸਮੇਂ ਦੀ ਲੋੜ ਹੈ।

ਮੋਬਾ: 98882-75913