
ਜੇ ਮੈਂ 25 ਸਾਲ ਦਾ ਹੁੰਦਾ ਅਤੇ ਤੂੰ 18 ਦੀ; ਜੇ ਪਹਿਲੀ ਤੱਕਣੀ ਵਿਚ ਹੀ ਆਪਣਾ ਪਿਆਰ ਹੋ ਜਾਂਦਾ; ਜੇ ਚਿੱਠੀਆਂ ਤੋਂ ਇਲਾਵਾ ਸੁੱਖ ਸੁਨੇਹੇ ਪਹੁੰਚਾਉਣ ਦਾ ਹੋਰ ਕੋਈ ਸਾਧਨ ਨਾ ਹੁੰਦਾ; ਜੇ ਮੈਂ ਤੈਨੂੰ ਪਿਆਰ ਪੱਤਰ ਲਿਖਦਾ; ਉਹ ਪਿਆਰ ਪੱਤਰ ਕਿਸ ਤਰਾਂ ਦਾ ਹੁੰਦਾ? ਸ਼ਾਇਦ ਇਸ ਤਰਾਂ ਦਾ:
ਪਿਆਰੀ ਆਰ,
ਕੀ ਹਾਲ ਹੈ? ਇਸ ਵੇਲੇ ਕੀ ਕਰ ਰਹੀਂ ਹੈ?
ਮੈਂ ਤੈਨੂੰ ਆਪਣੇ ਦਿਮਾਗ ਦੀਆਂ ਅੱਖਾਂ ਨਾਲ ਦੇਖ ਸਕਦਾ ਕਿ ਤੂੰ ਮੇਰੇ ਬਾਰੇ ਕੀ ਸੋਚ ਰਹੀਂ ਹੈਂ, ਜਿਵੇਂ ਮੈਂ ਹਰ ਰੋਜ ਤੇਰੇ ਬਾਰੇ। ਮੈਨੂੰ ਇਸ ਤਰਾਂ ਲੱਗ ਰਿਹਾ ਹੈ ਤੂੰ ਮੇਰੇ ਸਾਹਮਣੇ ਬੈਠੀ ਹੈਂ ਅਤੇ ਮੈਂ ਤੇਰੀ ਸੁੰਦਰਤਾ ਦਾ ਦੀਵਾਨਾ ਹਾਂ।
ਮੈਨੂੰ ਅਜੇ ਤੱਕ ਉਹ ਦਿਨ ਯਾਦ ਹੈ ਜਦ ਮੈਂ ਪਹਿਲੀ ਬਾਰ ਤੈਨੂੰ ਆਪਣੀ ਸਟਾਫ਼ ਕੌਂਸਲ ਦੀ ਇਕੱਤਰਤਾ ਵੇਲੇ ਕਾਲਜ ਵਿਚ ਦੇਖਿਆ ਸੀ। ਤੂੰ ਆਪਣੇ ਕਾਲਜ ਦੇ ਦੂਜੇ ਹਿੱਸੇ ਵਿਚ ਸਰਸਵਤੀ ਪੂਜਾ ਸ਼ੁਰੂ ਕਰਨ ਬਾਰੇ ਗੱਲ ਕੀਤੀ ਸੀ। ਤੂੰ ਕਿਸੇ ਵਕੀਲ ਵਰਗੀ ਲੱਗ ਰਹੀ ਸੀ, ਜਿਵੇਂ ਅਦਾਲਤ ਵਿਚ ਕਿਸੇ ਮੁਕੱਦਮੇ ਦੀ ਪੈਰਵੀ ਕਰ ਰਹੀ ਹੋਵੇਂ। ਉਸੇ ਪਲ ਮੇਰੇ ਦਿਲ ਵਿਚ ਤੇਰੇ ਪਿਆਰ ਦੀ ਚਿਣਗ ਪੈਦਾ ਹੋ ਗਈ ਸੀ।
ਉਸ ਤੋਂ ਬਾਅਦ ਮੈਂ ਦੂਜੇ ਕੈਂਪਸ ਵਿਚ ਆ ਗਿਆ ਸੀ। ਕੀ ਤੈਨੂੰ ਯਾਦ ਹੈ ਕਿ ਤੇਰਾ ਹੱਥ ਮੇਰੀ ਪਿੱਠ ਤੇ ਲੱਗ ਗਿਆ ਸੀ ਅਤੇ ਤੂੰ ਇਸ ਲਈ ਮੁਆਫ਼ੀ ਮੰਗੀ ਸੀ, ਪਰ ਮੈਨੂੰ ਇਹ ਚੰਗਾ ਲੱਗਿਆ ਸੀ। ਤੈਨੂੰ ਪਤਾ ਹੈ, ਉਹ ਮੇਰੇ ਲਈ ਬਹੁਤ ਖਾਸ ਮੌਕਾ ਸੀ, ਪਰ ਕਿਉਂ ਜੋ ਮੈਂ ਕਾਲਜ ਦਾ ਸੁਪਡੈਂਟ ਸੀ, ਇਸ ਲਈ ਮੈਂ ਕੁਝ ਕਹਿ ਨਹੀਂ ਸੀ ਸਕਿਆ। ਮੈਂ ਆਪਣੇ ਰੁਤਬੇ ਦੀ ਮਰਿਆਦਾ ਕਾਇਮ ਰੱਖਣੀ ਸੀ। ਇਕ ਦਿਨ ਤੂੰ ਮੇਰੇ ਕਮਰੇ ਵਿਚ ਆ ਕੇ ਮੈਨੂੰ ਸੁਝਾਓ ਦਿੱਤਾ ਸੀ ਕਿ ਆਪਾਂ ਇਕ ਰਸਾਲੇ ਲਈ ਸਾਂਝੇ ਤੌਰ ਤੇ ਪਰਚਾ ਲਿਖੀਏ। ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਸੀ। ਫੇਰ ਇਕ ਦਿਨ ਮੈਂ ਸੁਪਡੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਤੁਹਾਡੇ ਨਾਲ ਹੀ ਸਟਾਫ਼ ਰੂਮ ਵਿਚ ਆ ਕੇ ਬੈਠਣ ਲੱਗ ਪਿਆ ਸੀ ਅਤੇ ਤੁਹਾਡੇ ਸਭ ਦੇ ਨੇੜੇ ਹੋ ਗਿਆ ਸੀ।
ਤੈਨੂੰ ਪਤੈ, ਜਦੋਂ ਮਰਸੀ ਸੁਪਡੈਂਟ ਬਣਿਆ ਤਾਂ ਆਪਣੇ ਪ੍ਰਿੰਸੀਪਲ ਦਾ ਵਿਚਾਰ ਸੀ ਕਿ ਮੈਂ ਮੁੱਖ ਕਾਲਜ ਵਿਚ ਆ ਜਾਵਾਂ। ਮੈਨੂੰ ਬਹੁਤ ਦੁੱਖ ਹੋਇਆ ਕਿ ਮੈਨੂੰ ਤੁਹਾਡੇ ਸਾਰਿਆਂ ਤੋਂ ਦੂਰ ਜਾਣਾ ਪਏਗਾ, ਖਾਸ ਕਰ ਤੇਰੇ ਕੋਲੋਂ। ਇਕ ਦਿਨ ਮੁੱਖ ਕਾਲਜ ਵਿਚ ਮੇਰੀ ਦੋ ਪੁਰਾਣੇ ਸਹਿ-ਕਰਮੀਆਂ ਨਾਲ ਲੜਾਈ ਹੋ ਗਈ ਅਤੇ ਪ੍ਰਿੰਸੀਪਲ ਨੇ ਮੈਨੂੰ ਇਥੇ ਹੀ ਰਹਿਣ ਲਈ ਕਿਹਾ। ਮੈਨੂੰ ਦਿਲੀ ਖੁਸ਼ੀ ਹੋਈ ਕੇ ਤੇਰੇ ਤੋਂ ਦੂਰ ਨਹੀਂ ਜਾਣਾ ਪਏਗਾ। ਫੇਰ ਰੱਬ ਦੀ ਮਿਹਰ ਸਦਕਾ ਮੈਂ ਦਿਨ- ਬ-ਦਿਨ ਤੇਰੇ ਹੋਰ ਨੇੜੇ ਹੁੰਦਾ ਰਿਹਾ ਅਤੇ ਹੁਣ ਤੂੰ ਮੇਰੀ ਸਭ ਤੋਂ ਨਜ਼ਦਿਕੀ ਦੋਸਤ ਹੈਂ। ਤੈਨੂੰ ਮੈਂ ਆਪਣੇ ਨਾਲ ਕੰਮ ਕਰਨ ਵਾਲੀ ਘੱਟ ਅਤੇ ਦੋਸਤ ਜਿਆਦਾ ਮੰਨਦਾ ਹਾਂ। ਸੱਚ ਪੁੱਛੇਂ ਤਾਂ ਆਪਣੇ ਕਾਲਜ ਦਿਨਾਂ ਤੋਂ ਬਾਅਦ ਮੈਨੂੰ ਤੇਰੇ ਵਰਗਾ ਮਿੱਤਰ ਮਿਲਿਆ ਹੀ ਨਹੀਂ। ਤੇਰੇ ਤੋਂ ਪਹਿਲਾਂ ਮੈਂ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਐਨੀ ਖੁਲ੍ਹ ਕੇ ਗੱਲ ਬਾਤ ਨਹੀਂ ਸੀ ਕਰਦਾ।
ਤੈਨੂੰ ਪਤੈ, ਮੈਨੂੰ ਜ਼ਿੰਦਗੀ ਪ੍ਰਤੀ ਤੇਰਾ ਖੁੱਲ੍ਹਾ ਸੁਭਾਅ ਵਧੀਆ ਲੱਗਦਾ ਹੈ। ਤੂੰ ਸਿੱਧੀ ਗੱਲ ਕਰਦੀ ਹੈ ਜੋ ਮੈਨੂੰ ਤੇਰੇ ਵੱਲ ਖਿੱਚਦਾ ਹੈ। ਵਿਸ਼ਵਾਸ ਕਰ, ਤੂੰ ਮੇਰੇ ਦਿਲ ਵਿਚ ਪੱਕੀ ਥਾਂ ਬਣਾ ਲਈ ਹੈ। ਪੜ੍ਹਾਈ ਪ੍ਰਤੀ ਤੇਰਾ ਜਨੂੰਨ ਬਹੁਤ ਚੰਗਾ ਲੱਗਦਾ ਹੈ। ਤੇਰੇ ਵਿਚ ਜੋ ਮੁਕਾਬਲਾ ਕਰਨ ਦੀ ਭਾਵਨਾ ਹੈ, ਉਹ ਮੈਨੂੰ ਚੰਗੀ ਲੱਗਦੀ ਹੈ। ਮੇਰਾ ਵਿਸ਼ਵਾਸ ਹੈ ਕਿ ਜੇ ਮੈਂ ਤੇਰੇ ਨਾਲ ਮਿਲ ਕੇ ਖੋਜ ਪੱਤਰ ਲਿਖਾਂ ਤਾ ਮੈਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ।
ਤੂੰ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਤੈਨੂੰ ਆਪਣੀ ਗਰਲ ਫ਼ਰੈਂਡ ਸਮਝਦਾ ਹਾਂ, ਮੈਨੂੰ ਇਹ ਸੋਚਣਾ —,ਪਰ ਉਸ ਤੋਂ ਵੀ ਵੱਧ। ਮੈਂ ਤੈਨੂੰ ਆਪਣੀ ਸੀ. ਐਫ. ਕਹਿਣਾ ਜਿਆਦਾ ਚੰਗਾ ਲੱਗਦਾ ਹੈ, ਸਹਿਕਰਮੀ ਕਮ ਦੋਸਤ, ਜੇ ਗਰਲ ਫ਼ਰੈਂਡ ਨਹੀਂ। ਕੀ ਤੂੰ ਮੇਰੀ ਸੀ. ਐਫ. ਬਣੇਗੀ? ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਦੋਸਤ ਹੋਵੇਂ, ਜ਼ਿੰਦਗੀ ਭਰ ਲਈ ਮੇਰੀ ਵਧੀਆ ਦੋਸਤ।
ਹਮੇਸ਼ਾ ਤੇਰਾ ਆਪਣਾ।
ਬੀ।
ਇਹ ਪਹਿਲਾ ਵਟਸ ਐਪ ਸੁਨੇਹਾ ਸੀ ਜੋ ਬਰੁਨ ਨੇ ਰੀਆ ਨੂੰ ਭੇਜਿਆ ਸੀ। ਉਹ ਦੋਵੇਂ ਕੋਲਕਾਤਾ ਦੇ ਇਕ ਕਾਲਜ ਵਿਚ ਇਕੱਠੇ ਹੀ ਪੜ੍ਹਾਉਂਦੇ ਸੀ। ਬਰੁਨ ਮਿੱਤਰਾ ਅਤੇ ਰੀਆ ਚੌਧਰੀ। ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਸਟਾਫ਼ ਰੂਮ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋਣ। ਕਿਸੇ ਨੇ ਉਹਨਾਂ ਨੂੰ ਇਕ ਦੂਜੇ ਨਾਲ ਐਨੇ ਨੇੜੇ ਹੋ ਕੇ ਗੱਲਾਂ ਕਰਦੇ ਨਹੀਂ ਸੀ ਦੇਖਿਆ, ਨਾ ਸਟਾਫ਼ ਰੂਮ ਵਿਚ ਅਤੇ ਨਾ ਹੀ ਕਿਤੇ ਬਾਹਰ। ਸਿਰਫ ਬੱਚਿਆਂ ਦੀ ਪੜ੍ਹਾਈ ਜਾਂ ਉਹਨਾਂ ਨਾਲ ਸੰਬੰਧਿਤ ਆਮ ਜਿਹੀਆਂ ਗੱਲਾਂ ਹੀ ਹੁੰਦੀਆਂ। ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਰੀਆ ਮੈਡਮ ਨੇ ਬਰੁਨ ਸਰ ਨੂੰ ਕੋਈ ਸਾਂਝਾ ਪਰਚਾ ਲਿਖਣ ਲਈ ਕਿਹਾ ਸੀ, ਜਿਸ ਨੇ ਬਰੁਨ ਸਰ ਦੇ ਜ਼ਿਹਨ ‘ਤੇ ਇੱਕ ਅਮਿੱਟ ਨਿਸ਼ਾਨ ਛੱਡ ਗਿਆ । ਕਿਸੇ ਨੂੰ ਇਹ ਪਤਾ ਨਹੀਂ ਸੀ ਲੱਗਿਆ ਕਿ ਕਦੋਂ ਰੀਆ ਅਤੇ ਬਰੁਨ ਇਕ ਦੂਜੇ ਨਾਲ ਟਕਰਾਏ ਸੀ ਅਤੇ ਦੋਹਾਂ ਨੇ ਇਕ ਮੁਆਫ਼ੀ ਵੀ ਮੰਗੀ ਸੀ। ਉਹ ਭਾਵੇਂ ਆਮ ਜਿਹੀਆਂ ਗੱਲਾਂ ਸੀ, ਪਰ ਉਹ ਬਰੁਨ ਸਾਹਿਬ ਦੇ ਦਿਲ ਵਿਚ ਇਕ ਤੁਫਾਨ ਲਿਆਉਣ ਲਈ ਕਾਫੀ ਸੀ। ਜਿਵੇਂ ਹੀ ਇਸ ਸਾਲ 15 ਮਈ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਈਆਂ, ਤਾਂ ਰੀਆ ਦੇ ਮੋਬਾਇਲ ਤੋਂ ਬਰੁਨ ਸਾਹਿਬ ਨੂੰ ਇਕ ਸੁਨੇਹਾ ਆਇਆ, “ਸਰ, ਇਸ ਪੇਪਰ ਨੂੰ ਪੂਰਾ ਕਰਨਾ ਹੈ, ਮੈਂ ਤਾਂ ਆਪਣੇ ਵੱਲੋਂ ਪੂਰਾ ਕਰ ਦਿੱਤਾ ਹੈ। ਹੁਣ ਤੁਸੀਂ ਇਸ ਨੂੰ ਇਕ ਵਾਰ ਚੰਗੀ ਤਰਾਂ ਪੜ੍ਹ ਕੇ ਮੈਗਜ਼ੀਨ ਨੂੰ ਈ ਮੇਲ ਕਰਵਾ ਦਿਓ। ਪੇਪਰ 10 ਜੂਨ ਤੱਕ ਭੇਜਣਾ ਹੈ।“ ਇਸ ਦੇ ਨਾਲ ਹੀ ਉਸ ਨੇ ਦੋ ਹੱਸਦੇ ਹੋਏ ਚਿਹਰਿਆਂ ਦੀ ਨਿਸ਼ਾਨ (emoji)ਭੇਜੇ ਸੀ। ਬਰੁਨ ਨੇ ਉੱਤਰ ਦਿੱਤਾ, “ਕੋਈ ਸਮੱਸਿਆ ਨਹੀਂ ਮੈਡਮ, ਇਹ ਕੰਮ ਹੋ ਜਾਵੇਗਾ।“ ਇਸਦੇ ਨਾਲ ਹੀ ਉਹਨਾਂ ਨੇ ਦੋ ਖੜੇ ਅੰਗੂਠੇ ਦੇ ਨਿਸ਼ਾਨ ਭੇਜ ਦਿੱਤੇ। ਹੌਲੀ-ਹੌਲੀ ਉਹ ਦੋਵੇਂ ਪਹਿਲਾਂ ਤਾਂ ਇਕ ਦੂਜੇ ਦੇ ਖਿਆਲਾਂ ਵਿਚ ਆਉਣ ਲੱਗੇ ਅਤੇ ਫੇਰ ਦਿਲ ਅੰਦਰ। ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਕ ਦੂਜੇ ਨੂੰ ਦਿਲ ਦੇਣ ਦੀ ਸ਼ੁਰੂਆਤ ਕਿਸ ਵੱਲੋਂ ਹੋਈ ਸੀ, ਪਰ ਇਹ ਦੋਹਾਂ ਨੂੰ ਹੀ ਸਪਸ਼ਟ ਹੋ ਗਿਆ ਸੀ ਕਿ ਉਹ ਦੋਵੇਂ ਹੀ ਇਕ ਦੂਜੇ ਦੀ ਅੰਦਰੂਨੀ ਦੁਨੀਆਂ ‘ਚ ਦਾਖਲ ਹੋ ਰਹੇ ਹਨ।
ਇਹ ਉਹਨਾਂ ਦੋਹਾਂ ਦਾ ਰੋਜ਼ਾਨਾ ਦਾ ਹੀ ਕੰਮ ਹੋ ਗਿਆ ਸੀ ਕਿ ਉਹ ਘੰਟਿਆਂ ਬਦੀ ਆਪਸ ਵਿਚ ਮੋਬਾਇਲ ਦੇ ਸੁਨੇਹਿਆਂ ਰਾਹੀਂ ਗੱਲਬਾਤ ਕਰਦੇ ਰਹਿੰਦੇ।?
“ਤੁਸੀਂ ਕੀ ਕਰ ਰਹੇ ਹੋ?”
“ਕੁਝ ਨਹੀਂ, ਬੱਸ ਮੰਮਾ ਨਾਲ ਗੱਲਾਂ ਹੋ ਰਹੀਆਂ ਹਨ।“
“ਹੂੰ—ਕੀ ਮੋਮ ਅਜੇ ਤੱਕ ਤੇਰੇ ਕੋਲ ਹਨ?”
“ਹੂੰ—ਹੁਣ ਮੈਂ ਆਪਣੇ ਕਮਰੇ ਵਿਚ ਜਾ ਰਹੀ ਹਾਂ। ਬਹੁਤ ਕੰਮ ਕਰਨ ਵਾਲੇ ਹਨ।“
“ਤੂੰ ਐਨੀ ਰੁਝੀ ਹੋਈ ਹੈਂ?” ਇਸਦੇ ਨਾਲ ਹੱਸਦੇ ਚਿਹਰੇ ਦੀਆਂ ਦੋ ਤਸਵੀਰਾਂ।
“ਹੂੰ, ਮੰਮਾ ਲਈ ਚਾਹ ਬਣਾ ਰਹੀ ਹਾਂ।“
ਦੋ ਮਿੰਟ ਦਾ ਵਕਫ਼ਾ।
“ਠੀਕ ਹੈ, ਬਣਾਓ ਚਾਹ। ਜਦੋਂ ਵਿਹਲੇ ਹੋ ਗਏ, ਮੋਬਾਇਲ ‘ਤੇ ਆ ਜਾਣਾ।“ (ਫੁੱਲਾਂ ਦੀਆਂ ਅਤੇ ਹੱਸਦੇ ਚਿਹਰੇ ਦੀਆਂ ਤਸਵੀਰਾਂ)
ਕਈ ਵਾਰ ਉਹਨਾਂ ਦੇ ਸੁਨੇਹੇ ਨਿਰੋਲ ਵਿਦਿਅਕ ਮਾਮਲਿਆਂ ਸੰਬੰਧੀ ਹੀ ਹੁੰਦੇ।
“ਜਦੋਂ ਇਹ ਪੇਪਰ ਛਪ ਗਿਆ, ਉਸ ਤੋਂ ਬਾਅਦ ਆਪਾਂ ਕੁਝ ਹੋਰ ਪੇਪਰ ਵੀ ਮਿਲ ਕੇ ਲਿਖਾਂਗੇ। ਅਸਲ ਵਿਚ ਮੇਰੇ ਕੋਲ ਕਈ ਅਣ ਛਪੇ ਪੇਪਰ ਲਿਖੇ ਹੋਏ ਹਨ। ਉਹਨਾਂ ਕੁਝ ਸੋਧਣ ਵਾਲੇ ਹਨ।“
“ਇਹ ਤਾਂ ਬਹੁਤ ਵਧੀਆ ਹੈ।“ (ਅੰਗੂਠੇ ਦੀ ਤਸਵੀਰ)
“ਰਾਤ ਦਾ ਖਾਣਾ ਖਾ ਲਿਆ?”
“ਹੁਣ ਜਾ ਹੀ ਰਹੀ ਹਾਂ, ਮੰਮਾ ਬੁਲਾ ਰਹੇ ਹਨ। ਦਸ ਮਿੰਟ ਦੀ ਛੁੱਟੀ, ਓ ਕੇ?”
“ਓ ਕੇ ਡੀਅਰ, ਬਾਏ।“ ( ਅੰਗੂਠੇ ਅਤੇ ਫੁੱਲਾਂ ਦੀਆਂ ਤਸਵੀਰਾਂ)
ਫੇਰ ਤੀਹ ਮਿੰਟ ਬਾਅਦ ਦੋਵੇਂ ਹੀ ਪਾਤ ਦਾ ਖਾਣਾ ਖਾ ਕੇ, ਮੋਬਾਇਲ ਨਾਲ ਚਿਪਕ ਕੇ ਸੁਨੇਹੇ ਲਿਖਣ ਵਿਚ ਰੁੱਝ ਜਾਂਦੇ।
“ਹਾਂ, ਆ ਗਏ?”
ਪਰ ਦੂਜੇ ਪਾਸੇ ਤੋਂ ਕੋਈ ਜੁਆਬ ਨਹੀਂ।
“ਹੈਲੋ ਰੀਆ, ਖਾਣਾ ਖਾ ਲਿਆ?”
ਅਜੇ ਵੀ ਕੋਈ ਜੁਆਬ ਨਹੀਂ।
ਪੰਜ ਮਿੰਟ ਬਾਅਦ ਬਰੁਨ ਗੁੱਸੇ ਵਾਲੇ ਚਿਹਰਿਆਂ ਦੀਆਂ ਤਸਵੀਰਾਂ ਭੇਜਦਾ ਹੈ ਅਤੇ ਸੁਨੇਹਾ ਵੀ, “ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ? ਕਿਰਪਾ ਕਰਕੇ ਜੁਆਬ ਦਿਓ।“
ਤਿੰਨ ਮਿੰਟ ਬਾਅਦ ਰੀਆ ਦਾ ਚਿਹਰਾ ਮੋਬਾਇਲ ਦੀ ਸਕਰੀਨ ‘ਤੇ ਦਿੱਖਦਾ ਹੈ ਅਤੇ ਇਕ ਹੱਸਦੇ ਚਿਹਰੇ ਦੀ ਤਸਵੀਰ ਭੇਜਦੀ ਹੈ।
“ਹਾਂ ਜੀ, ਮੈਂ ਹਾਜ਼ਰ ਹਾਂ।“
“ਉਹ, ਮੈਂ ਕਦੋਂ ਦਾ ਇੰਤਜ਼ਾਰ ਕਰ ਰਿਹਾ ਸੀ।“ ਬਰੁਨ ਨੇ ਸ਼ਿਕਾਇਤ ਕੀਤੀ।
“ਸੱਚੀ? ਮੈਂ ਪਾਣ ਖਾ ਰਹੀ ਸੀ।“
“ਕੀ ਤੁਸੀਂ ਹਰ ਰੋਜ਼ ਪਾਣ ਖਾਂਦੇ ਹੋ?” ਬਰੁਨ ਨੇ ਪੁੱਛਿਆ।
“ਹਾਂ, ਜਰਦੇ ਨਾਲ।“ ਰੀਆ ਨੇ ਉੱਤਰ ਦਿੱਤਾ। “ਤੁਹਾਨੂੰ ਪਤਾ ਹੈ, ਇਹ ਮੇਰੀ ਆਦਤ ਹੈ।“
“ਉਹ, ਆਂਟੀ ਵੀ ਪਾਣ ਖਾਂਦੇ ਨੇ?”
“ਬਿਲਕੁਲ—ਦੋਵੇਂ ਮਾਵਾਂ-ਧੀਆਂ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਪਾਣ ਖਾਂਦੀਆਂ ਹਾਂ। ਸਾਨੂੰ ਪਾਣ ਦੇ ਪੱਤੇ, ਜਰਦਾ ਅਤੇ ਪਾਣ ਸੁਪਾਰੀ ਲਈ ਆਏ ਮਹੀਨੇ ਬਹੁਤ ਖਰਚ ਕਰਨਾ ਪੈਂਦਾ ਹੈ।“
“ਸੌਣ ਤੋਂ ਪਹਿਲਾਂ ਮੂੰਹ ਸਾਫ ਜ਼ਰੂਰ ਕਰ ਲੈਣਾ, ਨਹੀਂ ਬੜਾ ਨੁਕਸਾਨ ਹੁੰਦਾ ਹੈ?”—ਬਰੁਨ ਮੇ ਆਪਣਾ ਫਿਕਰ ਜ਼ਾਹਿਰ ਕੀਤਾ।
“ਉਹ ਤਾਂ ਮੈਂ ਰੋਜ਼ ਕਰਦੀ ਹਾਂ। ਸੌਣ ਤੋਂ ਪਹਿਲਾਂ ਚਿਹਰਾ ਧੋਣਾ ਅਤੇ ਮੂੰਹ ਸਾਫ ਕਰਨਾ।“
“ਓ ਕੇ, ਗੁੱਡ ਨਾਈਟ।“
“ਗੁੱਡ ਨਾਈਟ, ਕੱਲ ਫੇਰ ਚੈਟਿੰਗ ਕਰਾਂਗੇ।“
ਇਹ ਗਰਮੀਆਂ ਦੀਆਂ ਛੁੱਟੀਆਂ ਦੇ ਇਕ ਦਿਨ ਦੀ ਗੱਲਬਾਤ ਸੀ। ਇਸ ਤਰਾਂ ਹੀ ਉਹਨਾਂ ਦਾ ਇਹ ਸਿਲਸਿਲਾ ਜਾਰੀ ਰਿਹਾ। ਇਹ ਉਹਨਾਂ ਦਾ ਜਨੂੰਨ ਹੀ ਸੀ ਅਤੇ ਜਿਵੇਂ ਜ਼ਿੰਦਗੀ ਦੀ ਮਿਠਾਸ ਹੋਵੇ। ਚੈਟਿੰਗ ਤੋਂ ਬਿਨਾਂ ਉਹ ਬਹੁਤੀ ਦੇਰ ਰਹਿ ਹੀ ਨਹੀਂ ਸੀ ਸਕਦੇ। ਇਹ ਉਹਨਾਂ ਦੀ ਆਦਤ ਹੀ ਬਣ ਗਈ ਸੀ। ਜੇ ਅਜਿਹੇ ਸੁਨੇਹਿਆਂ ਵਿਚ ਅੱਧੇ ਘੰਟੇ ਜਾਂ ਵੱਧ ਤੋਂ ਵੱਧ ਇਕ ਘੰਟੇ ਦਾ ਵਕਫ਼ਾ ਪੈ ਜਾਂਦਾ ਤਾਂ ਦੋਹਾਂ ਨੂੰ ਬੇਚੈਨੀ ਹੋ ਜਾਂਦੀ?।
“ਕੀ ਤੂੰ ਕਿਸੇ ਕੰਮ ਵਿਚ ਰੁਝੀ ਹੋਈ ਹੈਂ ਰਿਆ?” —-ਦੂਜੇ ਪਾਸੇ ਤੋਂ ਕੋਈ ਜੁਆਬ ਨਹੀਂ।
ਬਰੁਨ ਐਨਾ ਉਤਾਵਲਾ ਹੋ ਗਿਆ ਕਿ ਉਹ ਫੋਨ ਹੀ ਕਰਨ ਲੱਗਿਆ ਸੀ ਕਿ ਸੁਨੇਹਾ ਆ ਗਿਆ।
“ਹਾਂ ਜੀ, ਆ ਗਈ—ਮੰਮਾ ਨਾਲ ਕੁਝ ਛੋਟੇ-ਮੋਟੇ ਕੰਮ ਕਰ ਰਹੀ ਲੀ—ਹੁਣ ਵਿਹਲੀ ਹਾਂ।“
“ਉਹ, ਮੈਂ ਕਦੋਂ ਤੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ।“
“ਸੱਚ? ਕੀ ਮੈਨੂੰ ਐਨਾ ਯਾਦ ਕਰ ਰਹੇ ਸੀ?”
“ਕੀ ਤੁਹਾਨੂੰ ਨਹੀਂ ਲੱਗਦਾ?”
ਰੀਆ ਨੇ ਇਕ ਦਿਲ ਦੀ ਇਕ ਤਸਵੀਰ ਭੇਜੀ। ਬਰੁਨ ਲਈ ਇਹ ਕਾਫੀ ਸੀ। ਉਸ ਸਮਝ ਗਿਆ ਕਿ ਰੀਆ ਉਸ ਲਈ ਕੀ ਮਹਿਸੂਸ ਕਰਦੀ ਹੈ।
ਇਸ ਤਰਾਂ ਦੇ ਸੁਨੇਹਿਆਂ ਨਾਲ ਗਰਮੀ ਦੇ ਦਿਨ ਲੰਘੀ ਜਾ ਰਹੇ ਸੀ। 35 ਦਿਨਾਂ ਵਿਚ ਹੀ ਦੋ ਸਹਿਕਰਮੀਆਂ ਨੂੰ ਇਕ ਦੂਜੇ ਪ੍ਰਤੀ ਲਗਾਉ ਪੈਦਾ ਹੋ ਗਿਆ ਸੀ। ਕਾਲਜ ਖੁੱਲ੍ਹ ਜਾਣ ਤੋਂ ਬਾਅਦ, ਫੇਰ ਉਹਨਾਂ ਨੇ ਕਾਲਜ ‘ਚ ਰੋਜ਼ਾਨਾ ਹੀ ਮਿਲਣਾ ਸੀ, ਪਰ ਫੇਰ ਕੀ ਹੋਵੇਗਾ? ਕੀ ਭਵਿੱਖ ਵਿਚ ਉਹਨਾਂ ਦੇ ਅਜਿਹੇ ਵਟਸ ਐਪ ਸੁਨੇਹੇ ਜਾਰੀ ਰਹਿਣਗੇ?
ਕਾਲਜ ਖੁੱਲ੍ਹਣ ਤੇ ਉਹ ਬਹੁਤ ਦੇਰ ਬਾਅਦ ਇਕ ਦੂਜੇ ਨੂੰ ਮਿਲੇ। ਵਿਦਿਆਰਥੀ ਘੱਟ ਹੀ ਆਏ ਸੀ, ਇਸ ਲਈ ਕਲਾਸਾਂ ਨਾ ਲੱਗੀਆਂ। ਪ੍ਰੋਫੈਸਰ ਸਾਰਾ ਦਿਨ ਗੱਪਾਂ ਮਾਰਦੇ ਰਹੇ ਜਾਂ ਹਾਸੀ ਮਜ਼ਾਕ। ਕਈਆਂ ਨੇ ਫੁਟਕਲ ਜਿਹੇ ਕੰਮ ਕਰ ਲਏ। ਬਰੁਨ ਅਤੇ ਰੀਆ ਨੇ ਵੀ ਬਾਕੀਆਂ ਵਾਂਗ ਦੂਜਿਆਂ ਦੀ ਤਰਾਂ ਆਮ ਜਿਹੀਆਂ ਗੱਲਾਂ ਹੀ ਕੀਤੀਆਂ, ਪਰ ਉਹਨਾਂ ਦੇ ਚਿਹਰਿਆਂ ‘ਤੇ ਖਾਸ ਤਰਾਂ ਦੀ ਮੁਸਕਰਾਹਟ ਸੀ, ਜਿਹੜੀ ਉਹੀ ਸਮਝ ਸਕਦੇ ਸੀ। ਦੋਹਾਂ ਦੀਆਂ ਨਜ਼ਰਾਂ ਮਿਲੀਆਂ, ਪਰ ਖਾਸ ਅੰਦਾਜ਼ ਵਿਚ। 11.30 ਛੁੱਟੀ ਹੋ ਗਈ ਅਤੇ ਸਾਰੇ ਘਰ ਚਲੇ ਗਏ।
ਇਕ ਦੂਜੇ ਪ੍ਰਤੀ ਦੋਹਾਂ ਦੀ ਖਿੱਚ ਦਿਨੋਂ-ਦਿਨ ਵੱਧਦੀ ਜਾ ਰਹੀ ਸੀ ਅਤੇ ਉਹਨਾਂ ਦਾ ਪਿਆਰ ਹਕੀਕਤ ਵਿਚ ਬਦਲ ਰਿਹਾ ਸੀ। 50 ਸਾਲ ਦਾ ਬਰੁਨ ਅਤੇ 32 ਸਾਲ ਦੀ ਰੀਆ। ਬਰੁਨ ਦਾ ਆਪਣਾ ਟੱਬਰ ਸੀ। 70 ਸਾਲ ਦੀ ਮਾਂ, 42 ਸਾਲ ਦੀ ਪਤਨੀ ਅਜੰਤਾ ਅਤੇ 10 ਸਾਲ ਦੀ ਬੇਟੀ ਰੋਜ਼ੀ। ਸਾਰੇ ਹੀ ਖੁਸ਼ ਸੀ, ਪਿਉ-ਧੀ, ਮਾਂ-ਪੁੱਤ, ਪਤੀ-ਪਤਨੀ। ਬਰੁਨ ਦੁਗਣਾ ਖੁਸ਼ ਸੀ, ਆਪਣੇ ਪਰਿਵਾਰ ਨਾਲ ਅਤੇ ਆਪਣੀ ਸੀ. ਐਫ. ਰੀਆ ਅਤੇ ਉਸਦੇ ਰੁਮਾਂਟਿਕ ਵਟਸ ਐਪ ਸੁਨੇਹਿਆਂ ਨਾਲ।
ਇਕ ਦਿਨ ਬਰੁਨ ਦਾ ਮੋਬਾਇਲ ਚਲ ਹੀ ਰਿਹਾ ਸੀ ਕਿ ਉਸ ਨੂੰ ਗ਼ੁਸਲਖ਼ਾਨੇ ਜਾਣਾ ਪਿਆ। ਉਸਦੇ ਮੋਬਾਇਲ ਤੇ ਲਗਾਤਾਰ ਸੁਨੇਹੇ ਆ ਰਹੇ ਸੀ। ਅਚਾਨਕ ਹੀ ਰੋਜ਼ੀ ਨੇ ਆਪਣੇ ਪਿਤਾ ਦੇ ਮੋਬਾਇਲ ਤੇ ਆ ਰਹੇ ਮੈਸੇਜ ਦੇਖ ਲਏ। ਉਸ ਨੇ ਰੋਜ਼ੀ ਦੀ ਇਕ ਅੱਖ ਮੀਚ ਕੇ ਹੱਸਦੀ ਹੋਈ ਦੀ ਫ਼ੋਟੋ ਦੇਖ ਲਈ। ਰੋਜ਼ੀ ਨੇ ਆਪਣੀ ਮੰਮੀ ਨੂੰ ਬੁਲਾ ਕੇ ਪੁੱਛਿਆ ਕਿ ਇਹ ਕੌਣ ਹੈ। ਰੀਆ ਦਾ ਨਾਂ ਕਿਉਂਕਿ ਮੋਬਾਇਲ ਵਿਚ ਸੀ, ਇਸ ਲਈ ਪਤਾ ਲੱਗ ਗਿਆ ਕਿ ਉਸਦੇ ਪਿਤਾ ਜੀ ਦੇ ਕਾਲਜ ਵਿਚ ਹੀ ਪ੍ਰੋਫੈਸਰ ਹੈ। ਮਾਵਾਂ-ਧੀਆਂ ਨੇ ਜਲਦੀ-ਜਲਦੀ ਸਾਰੇ ਸੁਨੇਹੇ ਪੜ੍ਹ ਲਏ। ਰੋਜ਼ੀ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਅਤੇ ਅਜੰਤਾ ਦਾ ਗੁੱਸੇ ਨਾਲ। ਬਰੁਨ ਜਦੋਂ ਗ਼ੁਸਲਖ਼ਾਨੇ ਤੋਂ ਬਾਹਰ ਆਇਆ ਤਾਂ ਆਪਣਾ ਮੋਬਾਇਲ ਉਹਨਾਂ ਕੋਲ ਦੇਖ ਕੇ ਉਸਦਾ ਚਿਹਰਾ ਪੂਣੀ ਵਰਗਾ ਚਿੱਟਾ ਹੋ ਗਿਆ। ਉਹ ਮੋਬਾਇਲ ਵੱਲ ਦੇਖ ਰਿਹਾ ਸੀ। ਮਾਂ-ਧੀ ਨੇ ਉਸ ਵੱਲ ਦੇਖਿਆ। ਬਰੁਨ ਨੂੰ ਲੱਗਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ। ਪਹਿਲੀ ਵਾਰ ਉਹਨਾਂ ਨੂੰ ਉਸ ‘ਤੇ ਸ਼ਕ ਹੋਇਆ ਸੀ। ਪਹਿਲੀ ਵਾਰ ਅਜੰਤਾ ਦੇ ਚਿਹਰੇ ‘ਤੇ ਬਰੁਨ ਅਤੇ ਰੀਆ ਪ੍ਰਤੀ ਨਫ਼ਰਤ ਪੈਦਾ ਹੋਈ। ਪਹਿਲੀ ਵਾਰ, ਪਰਿਵਾਰ ਦੀ ਸ਼ਾਂਤੀ ਖ਼ਤਮ ਹੋਈ ਸੀ ਅਤੇ ਘਰ ਦਾ ਹਰ ਜੀਅ ਉਦਾਸੀ ਦੇ ਆਲਮ ਵਿਚ ਸੀ।
Ravindersodhi51@gmail. com