ਪਿੰਡ, ਪੰਜਾਬ ਦੀ ਚਿੱਠੀ (157)

ਪਿੰਡੋਂ, ਦੂਰ ਵਸੇਂਦੇ, ਸਾਰੇ ਆਪਣਿਆਂ ਨੂੰ, ਮੋਹ ਭਰਿਆ, ਆਦਾਬ ਜੀ। ਇੱਥੇ, ਸਾਡੇ ਉੱਤੇ ਰੱਬ ਦੀ ਮਿਹਰ ਹੈ। ਪ੍ਰਮਾਤਮਾ ਤੁਹਾਨੂੰ ਵੀ ਰਾਜ਼ੀ-ਖੁਸ਼ੀ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਸੱਥ ਚ ‘ਪਾਲੀ ਕੀ ਹੱਟੀ, ਪੱਕੀ ਬੰਦ ਹੋ ਗਈ ਹੈ। ਰੌਣਕ ਖੁੱਸੀ ਦਾ ਵਿਗੋਚਾ, ਸਭ ਨੂੰ ਹੋਇਆ। ਪੱਕੀ ਬਣੀ ਗਲੀ, ਦੇ ਇੱਕ ਪਾਸੇ ਬਦਬੋ ਮਾਰਦੀ ਨਾਲੀ ਉੱਪਰ, ਬੈਂਚ-ਕੌਂਸਲ ਨੇ ‘ਹੱਟੀ ਬੰਦ ਹੋਣ ਦਾ ਤਬਸਰਾ ਸ਼ੁਰੂ ਕੀਤਾਕਾਲੀਆਂ ਦੇ ਜੱਗੇ ਨੇ ਡੱਕੇ ਨਾਲ ਲੱਤ ਖੁਰਕਦਿਆਂ, ਨੀਂਵੀਂ ਪਾ ਗੱਲ ਛੇੜੀ, “ਲੈ ਬਈ ਪਾਲੀ ਕਾ ਵੀ ਪੈ ਗਿਆ ਭੋਗ ਫੇਰ!” “ਪੈਣਾਂ ਈ ਸੀ, ਮੁੰਡੇ ਦੇ ਲੱਛਣ ਲੈ ਬੈਠੇ, ਮੰਡੀ ਜਾ ਕੇ ਜੂਲਾ ਵੀ ਖੇਡਦਾ ਸੀ ਅਤੇ ਖਰਮਸਤੀਆਂ ਵੀ ਕਰਦਾ ਸੀ, ਖੜਕ-ਗੇ, ਪੀਪੇ।” ਰੋਜ਼ਾਨਾ ਦੀ ਹਾਜ਼ਰੀ ਆਲੇ ਬਿੱਲੇ ਨੇ ਗੱਲ ਨਿਬੇੜੀ। “ਲੈ ਬਈ, ਇਹ ਕੋਈ ਬਕਸ਼ ਈ ਹੁੰਦੀ ਐ ਕਿਸੇ ਥਾਂ ਨੂੰ, ਪਿੰਡ ਚ ਕਿੰਨੇ ਥਾਂ ਹੱਟੀਆਂ ਖੁੱਲ੍ਹੀਆਂ, ‘ਨਹੀਂ ਚੱਲੀਆਂ, ਮੇਰੀ ਉਮਰ ਵੇਖ ਲੋ, ਕਈ ਕਰਤਾਰੇ, ਬਚਿੱਤਰ, ਮਿਲਖੀ ਰਾਮ, ਦੁਲੀ ਚੰਦ, ਸੱਤੀ ਅਤੇ ਫੱਤੇ ਕੇ ਆਏ ਪਰ ਹੱਟੀ ਐਸੇ ਥਾਂ ਹੀ ਚੱਲੀ। ਨਿੱਕੇ ਹੁੰਦਿਆਂ ਅਸੀਂ ਬਾਲੀ ਰਾਮ ਵੇਖਿਆ, ਕੱਚੀ ਹੱਟੀ, ਕੱਚਾ ਘਰ, ਨਸਵਾਰ ਲਾ, ਚੌਵੀ ਘੰਟੇ ਗੱਦੀ ਤੇ ਗੱਲੇ ਦਾ ਹੀ ਵਣਜ ਚੱਲਦਾ। ਕੋਈ ਹਾਥ ਨੀ ਸੀ। ਕੋਈ ਕਮੀ ਨਾ। ਉਹਨੇ ਹੱਥ ਝਾੜੇ ਤਾਂ ‘ਸੁਰਤਾ ਆ ਗਿਆ। ਉਸ ਨੂੰ ਬਾਦਸ਼ਾਹ ਹੀ ਕਹਿੰਦੇ ਸਨ। ਹੱਟੀ, ਘਰ, ਸਾਰੇ ਭਰੇ ਰਹਿੰਦੇ, ਗੁੜ-ਵੜੇਵੇਂ, ਕਣਕ, ਨਰਮਾਂ, ਹਰ ਪਾਸੇ ਸਾਮਾਨ, ਚੂਹੇ ਖੇਡਦੇ, ਪੀਪਿਆਂ ਉੱਤੇ। ਸੁਰਤੇ ਨੇ ਕਿੱਲੋ ਸੋਨਾ ਪਾ ਕੇ ਕੁੜੀ ਤੋਰੀ। ਅੱਧੇ ਪਿੰਡ ਦੀ ਜ਼ਮੀਨ ਗਹਿਣੇ ਲੈ-ਲੀ। ਚਾਲੀ ਸਾਲਾਂ ਮਗਰੋਂ ਓਹ ਨਿੱਬੜਿਆ ਤਾਂ ਉਹਦਾ ਰਿਸ਼ਤੇਦਾਰ ਆ ਗਿਆ ਪਾਲੀ, ਖਾਲੀ ਡੱਬਿਆਂ ਨਾਲ ਗੁੱਡੀ ਚੜ੍ਹਾਉਣ ਲੱਗਾ। ਫੇਰ ਓਹੀ ਚੜ੍ਹਾਈਆਂ। ਪੱਕਾ ਘਰ, ਪੱਕੀ ਦੁਕਾਨ ਪਾਈ। ਸੀਸਿਆਂ ਆਲੀਆਂ ਲਮਾਰੀਆਂ ਤੇ ਰੈਕ। ਕਿਹੜਾ ਸਮਾਨ, ਜਿਹੜਾ ਨਹੀਂ ਸੀ ਹੱਟੀਚ। ਖਾਣ-ਪੀਣ ਤੋਂ ਲੈ, ਕਿੱਲ-ਪੱਤਰੀ, ਦਵਾਈਆਂ ਨੁਸਖੇ ਪਤੰਜਲੀ ਦੇ, ਫੋਨ ਵੀ ਮਿਲਦੇ, ਮਿਠਿਆਈਆਂ ਵੀ। ਦੁਕਾਨ ਕੀ ਪੂਰਾ, ਵੱਡਾ ਸਟੋਰ ਈ ਸੀ। ਪੈਸਾ-ਪੈਸਾ ਜੋੜ ਉਹਨੇ ਢੇਰ ਲਾ-ਤੇ। ਪਾਲੀ ਦੇ ‘ਸੋਨੇ ਦੇ ਚਮਚੇ ਆਲੇ ਲਾਲੀਨੇ ਐਸਾ ਚੰਦ ਚੜ੍ਹਾਇਆ ਕਿ ਹੜ੍ਹ ਵਾਂਗੂੰ, ਸਭ ਕੁੱਝ ਹੜ੍ਹ ਗਿਆ।" ਖੇਤੂ ਨੇ ਹੱਡ-ਬੀਤੀ ਅਤੇ ਜੱਗ-ਬੀਤੀ ਰਲਾ ਕੇ ਦੱਸੀ ਸੀ ਕਿ, ਛੱਤੇ ਬੰਬਰ ਨੇ ਸਿਰ ਹਿਲਾ ਕੇ ਸਹਿਮਤੀ ਦਿੰਦਿਆਂ ਕਿਹਾ, “ਖੇਤਾ ਸਿੰਹਾਂ, ਆਪਣੇ ਪਿੰਡ ਨੂੰ ਬੋਲ ਐ, ਜਿਹੜਾ ਆਊ, ਖੱਟੂ-ਵੱਟੂ ਪਰ ਖੂਹ ਦੀ ਮਿੱਟੀ ਖੂਹਚ ਲੱਗੂ, ਲੈ ਕੇ ਨੀ ਜਾਊ।”


ਹੋਰ, ਇੱਕ ਮਹੀਨੇ ਚ, ਆਪਣੇ ਪਿੰਡੋਂ, ਪੰਜ ਬੱਚੇ, ਫ਼ਲਾਈ ਕਰ ਗਏ ਹਨ। ਗੁਰਦੇਵ ਕਾਨੂੰਗੋ, ਕਨੇਡੇ ਤੋਂ ਫੇਰੀ ਲਾ ਆਇਆ ਹੈ। ਸਰਪੰਚੀ ਲਈ ਘਾਰੂ ਕੇ, ਵੇਟ, ਰੇਟ ਤੇ ਡੇਟ, ਜਾਂਚ ਰਹੇ ਹਨ। ਪ੍ਰਿਥੀ ਨਕਟਾ, ਅਜੇ ਵੀ ਚਿੱਟਾ ਵੇਚ ਰਿਹੈ। ਹੰਸਾ ਹੁਬਲੀ ਆਲੇ ਨੂੰ, ਟਰੱਕਚ ਘਾਟਾ ਪੈ ਗਿਐ। ਮਿੱਠਣ ਸਿੰਘ ਕੇ, ਮਹਿੰਗਾ ਕੁੱਤਾ ਲੈ ਆਏ ਹਨ। ਗੱਦਰਖੇੜਾ, ਗਿੱਦੜਬਾਹੇ ਅਤੇ ਗਾਖਲ ਸੁੱਖੀ-ਸਾਂਦੀ ਹੈ। ਸਬਜ਼ੀਆਂ ਦੇ ਭਾਅ, ਫੇਰ ਪਾਣੀ ਵਾਂਗੂੰ ਚੜ੍ਹੀ ਆਉਂਦੇ ਹਨ। ਹਰ ਪਾਸੇ ਚਾਰਾਂ ਚੋਂ ਤਿੰਨ ਜਣੇ ਫ਼ੋਨ, ਚਲਾ ਰਹੇ ਹਨ। ਅਵਾਰਾ ਪਸ਼ੂ ਹੁਣ ਵੀ ਬਹੁਤ ਹਨ। ਮੌਸਮ ਬਦਲ ਰਿਹਾ। ‘ਹਰ ਘਰ ਤਿਰੰਗਾ ਰੰਗ ਬਿਖੇਰ ਰਿਹੈ। ਲੀਡਰਾਂ ਦੇ ਹਾਲ, ਨਹੀਂ ਬਦਲੇ। ਭੂਰਾ, ਭੱਪਾ, ਭਾਨਾ, ਭੋਲਾ, ਭੰਬੀਰੀ, ਭੋਮਾ, ਸਾਰੇ ਜਿੰਦਾਬਾਦ ਹਨ। ਸੱਚ, ਹਰੀ ਕੇ ਹੰਸੂ ਨੇ, ਹੁੱਡੂ ਮਾਰ ਕੇ, ਹਰਤੇ ਦੀ, ਹਸਲੀ ਦੀ ਹੱਡੀ ਹਿਲਾ ਦਿੱਤੀ ਹੈ। ਚੰਗਾ, ਚੜ੍ਹਦੀ ਕਲਾ `ਚ ਰਹਿਓ, ਮਿਲਾਂਗੇ ਫੇਰ, ਅਗਲੇ ਐਤਵਾਰ।
ਤੁਹਾਡਾ ਆਪਣਾ,

ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061