ਸਾਡੇ ਦੇਸ਼ ਵਿਚ ਪਿਤਾ-ਪੁਰਖੀ ਕਿੱਤਾ ਅਪਣਾਉਣ ਦੀ ਰੀਤ ਬਹੁਤ ਪੁਰਾਣੀ ਹੈ। ਸਾਹਿਤ ਜਾਂ ਕਲਾ ਆਦਿ ਖੇਤਰਾਂ ਵਿਚ ਅਜਿਹੀ ਰੀਤ ਬਹੁਤੀ ਸੰਭਵ ਨਹੀਂ ਹੁੰਦੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਵਿਅਕਤੀਗਤ ਮਿਹਨਤ ਦੇ ਨਾਲ-ਨਾਲ ਕੁਦਰਤ ਵੱਲੋਂ ਬਖਸ਼ੀ ਗਈ ਕਲਾ ਦੇ ਗੁਣਾਂ ਦੀ ਦਾਤ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕੁਦਰਤ ਦੀ ਇਹ ਅਹਿਮ ਬਖਸ਼ੀਸ਼, ਇਸ ਸ੍ਰਿਸ਼ਟੀ ਦੇ ਮਾਲਕ ਵੱਲੋਂ ਹੀ ਮਿਲਦੀ ਹੈ, ਵਿਰਾਸਤ ਵਿਚੋਂ ਨਹੀਂ। ਕੁਝ ਪਰਿਵਾਰਾਂ ਤੇ ਰੱਬੀ ਮਿਹਰ ਹੁੰਦੀ ਹੈ ਕਿ ਪਿਤਾ ਜਾਂ ਮਾਤਾ ਤੋਂ ਬਾਅਦ ਉਹਨਾਂ ਦੀ ਔਲਾਦ ਵੀ ਕਲਾ ਦੇ ਅਲੌਕਿਕ ਖਜਾਨੇ ਨੂੰ ਹੋਰ ਭਰਪੂਰ ਕਰਦੀ ਹੈ।
ਜੇ ਪੰਜਾਬੀ ਸਾਹਿਤ ਵਿਚ ਸਾਹਿਤਕ ਵਿਰਸੇ ਦੀ ਗੱਲ ਕਰੀਏ ਤਾਂ ਪੰਜਾਬੀ ਨਾਵਲ ਦੇ ਪਿਤਾਮਾ ਸ੍ਰ. ਨਾਨਕ ਸਿੰਘ ਦੇ ਪਰਿਵਾਰ ਤੇ ਇਹ ਰੱਬੀ ਮਿਹਰ ਹੋਈ ਲੱਗਦੀ ਹੈ ਕਿ ਉਹਨਾਂ ਦਾ ਸਾਹਿਤਕ ਵਿਰਸਾ, ਉਹਨਾਂ ਦੀ ਤੀਜੀ ਪੀੜ੍ਹੀ ਵੀ ਸਾਂਭ ਰਹੀ ਹੈ।
ਬਾਲਕ ਹੰਸ ਰਾਜ(ਨਾਨਕ ਸਿੰਘ ਦੇ ਬਚਪਨ ਦਾ ਨਾਂ) ਨੂੰ ਵਿਰਸੇ ਵਿਚ ਸਿਰਫ ਗਰੀਬੀ ਹੀ ਮਿਲੀ ਸੀ, ਪਰ ਉਹ ਆਪਣੀ ਮਿਹਨਤ, ਲਗਨ ਅਤੇ ਸਿਰੜ ਕਰਕੇ ਜੀਵਨ ਵਿਚ ਸਫਲ ਹੀ ਨਹੀਂ ਹੋਏ ਸਗੋਂ ਉਹਨਾਂ ਨੇ ਜ਼ਿੰਦਗੀ ਵਿਚ ਇਕ ਵਿਸ਼ੇਸ਼ ਮੁਕਾਮ ਵੀ ਹਾਸਲ ਕੀਤਾ। ਬਚਪਨ ਵਿਚ ਪੈਦਾ ਹੋਈ ਤੁਕਬੰਦੀ ਕਰਨ ਦੀ ਆਦਤ ਨੇ ਉਹਨਾਂ ਨੂੰ ਪਹਿਲਾਂ ਕਵੀ ਬਣਾਇਆ ਅਤੇ ਸਮਾਂ ਆਉਣ ਤੇ ਉਹਨਾਂ ਅੰਦਰ ਛੁਪੀ ਸਾਹਿਤਕ ਕਲਾ ਨੇ ਉਸਲ-ਵੱਟੇ ਲੈਣੇ ਸ਼ੁਰੂ ਕੀਤੇ ਅਤੇ ਉਹਨਾਂ ਨੇ ਨਾਵਲਕਾਰ ਦੇ ਤੌਰ ਤੇ ਪ੍ਰਸਿਧੀ ਪ੍ਰਾਪਤ ਕੀਤੀ। ਉਹਨਾਂ ਨੇ ਪੰਜਾਬੀ ਕਹਾਣੀਆਂ ਅਤੇ ਨਾਟਕ ਖੇਤਰ ਵਿਚ ਵੀ ਆਪਣੀ ਛਾਪ ਛੱਡੀ। ਜਦੋਂ ਉਹਨਾਂ ਦੇ ਬੱਚੇ ਵੱਡੇ ਹੋਏ, ਉਹ ਵੀ ਆਪਣੇ ਮਹਾਨ ਪਿਤਾ ਤੋਂ ਪ੍ਰੇਰਣਾ ਲੈ ਕੇ ਸਾਹਿਤਕ ਪਿੜ ਵਿਚ ਨਿਤਰੇ ਅਤੇ ਆਪਣਾ-ਆਪਣਾ ਨਾਂ ਚਮਕਾਇਆ। ਸਭ ਤੋਂ ਵੱਡੇ ਬੇਟੇ ਕਰਤਾਰ ਸਿੰਘ ਸੂਰੀ ਨੇ ਪੰਜਾਬੀ ਸਾਹਿਤ ਵਿਚ ਪੀ. ਐਚ. ਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਕਈ ਪੁਸਤਕਾਂ ਵੀ ਲਿਖੀਆਂ। ਉਹਨਾਂ ਤੋਂ ਬਾਅਦ ਕੁਲਬੀਰ ਸਿੰਘ ਨੇ ਵੀ ਐਮ. ਏ, ਬੀ. ਐਡ ਅਤੇ ਪੰਜਾਬੀ ਸਾਹਿਤ ਵਿਚ ਪੀ. ਐਚ.ਡੀ ਪ੍ਰਾਪਤ ਕੀਤੀ ਅਤੇ ਆਪਣੇ ਮਹਾਨ ਪਿਤਾ ਦੀ ਪੈੜ-ਚਾਲ ਨੱਪਦੇ ਹੋਏ ਬਾਲ ਸਾਹਿਤ ਵਿਚ ਨਵੀਆਂ ਪੈੜਾਂ ਸਿਰਜੀਆਂ।
ਸਾਡੇ ਦੇਸ਼ ਵਿਚ ਸਾਹਿਤਕ ਖੇਤਰ ਦਾ ਸਭ ਤੋਂ ਵਕਾਰੀ ਸਨਮਾਨ ‘ਸਾਹਿਤ ਐਕਡਮੀ’ ਦਾ ਪੁਰਸਕਾਰ ਹੈ। ਸ੍ਰ. ਨਾਨਕ ਸਿੰਘ ਨੂੰ ਇਹ ਸਨਮਾਨ ਉਹਨਾਂ ਦੇ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਲਈ ਮਿਲਿਆ ਸੀ। ਡਾ. ਕੁਲਬੀਰ ਸਿੰਘ ਸੂਰੀ ਦੀ ਬਾਲ ਕਹਾਣੀਆਂ ਦੀ ਪੁਸਤਕ ‘ਰਾਜਕੁਮਾਰ ਦਾ ਸੁਪਨਾ’ ਨੂੰ ਵੀ ਸਾਹਿਤ ਅਕੈਡਮੀ ਵੱਲੋਂ 2014 ਦੇ ਬਾਲ ਸਾਹਿਤ ਖੇਤਰ ਦੇ ਇਸ ਉੱਚ ਪੱਧਰੀ ਅਤੇ ਵਕਾਰੀ ਸਨਮਾਨ ਨਾਲ ਨਿਵਾਜਿਆ ਗਿਆ। ਨਿਸ਼ਚੇ ਹੀ ਇਹ ਨਾਨਕ ਸਿੰਘ ਪਰਿਵਾਰ ਦੇ ਸਮੁੱਚੇ ਪਰਿਵਾਰ ਲਈ ਮਾਣ ਵਾਲਾ ਅਵਸਰ ਸੀ ਅਤੇ ਵਿਅਕਤੀਗਤ ਤੌਰ ਤੇ ਡਾ.ਕੁਲਬੀਰ ਸਿੰਘ ਸੂਰੀ, ਉਹਨਾਂ ਦੀ ਸੁਪਤਨੀ ਅਤੇ ਦੋਵੇਂ ਬੱਚੀਆਂ ਲਈ ਫਖਰ ਵਾਲਾ ਦਿਨ। ਪੰਜਾਬੀ ਸਾਹਿਤ ਵਿਚ ਪਿਤਾ-ਪੁੱਤਰ ਦੋਵਾਂ ਨੂੰ ਹੀ ਸਾਹਿਤ ਅਕੈਡਮੀ ਦਾ ਇਨਾਮ ਮਿਲਣ ਦੀ ਇਹ ਇਕੋ-ਇਕ ਉਦਾਹਰਣ ਹੈ।
ਉਹਨਾਂ ਦੀ ਪਹਿਲੀ ਬਾਲ ਪੁਸਤਕ 1990 ਵਿਚ ਪ੍ਰਕਾਸ਼ਿਤ ਹੋਈ ਅਤੇ 2021 ਤੱਕ ਉਹਨਾਂ ਦੀਆਂ ਬਾਲ ਕਹਾਣੀਆਂ ਦੀਆਂ 33 ਅਤੇ ਤਿੰਨ ਬਾਲ ਨਾਵਲਾਂ ਸਮੇਤ ਕੁਲ 40 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅਨੁਵਾਦ ਦੇ ਖੇਤਰ ਵਿਚ ਵੀ ਉਹਨਾਂ ਦੀਆਂ ਪ੍ਰਸੰਸਾਯੋਗ ਪ੍ਰਾਪਤੀਆਂ ਹਨ। ਉਹਨਾਂ ਦੀਆਂ ਕੁਝ ਪੁਸਤਕਾ ਨੂੰ ਨੈਸ਼ਨਲ ਬੁੱਕ ਟਰੱਸਟ, ਦਿੱਲੀ ਵਲੋਂ ਛਾਪਿਆ ਗਿਆ ਹੈ। ਉਹਨਾਂ ਦੀਆਂ ਕੁਝ ਪ੍ਰਸਿੱਧ ਪੁਸਤਕਾਂ ਹਨ: ਗੁਬਾਰੇ ਤੋਂ ਪੁਲਾੜ ਜਹਾਜ ਤੱਕ, ਰਾਜਕੁਮਾਰ ਦਾ ਸੁਪਨਾ, ਗੋਲੂ ਭੋਲੂ, ਬਾਲ ਲੋਕ ਕਹਾਣੀਆਂ, ਸੱਚ ਦਾ ਪੱਲਾ, ਚਿੱਟਾ ਹੰਸ, ਸਚਾਈ ਦੀ ਜਿੱਤ ਘੰਟੀ ਦਾ ਭੇਦ ਬੰਦੇ ਅੰਦਰ ਬੰਦਾ, ਨਾਨਕਿਆਂ ਦਾ ਪਿੰਡ ਆਦਿ। ਪੰਜਾਬੀ ਦੇ ਪ੍ਰਸਿੱਧ ਪੰਜਾਬੀ ਅਖਬਾਰ ਅਜੀਤ ਵਿਚ ਉਹਨਾਂ ਦਾ ਲੜੀਵਾਰ ਕਾਲਮ ‘ਦਾਦੀ ਮਾਂ ਦੀਆਂ ਕਹਾਣੀਆਂ’ ਸਿਰਲੇਖ ਹੇਠ, 2004 ਤੋਂ 2011 ਤੱਕ ਲਗਾਤਾਰ ਛਪਦਾ ਰਿਹਾ।
ਸਾਹਿਤ ਅਕੈਡਮੀ ਦੇ ਇਨਾਮ ਤੋਂ ਇਲਾਵਾ ਉਹਨਾਂ ਦੇ ਬਾਲ ਨਾਵਲ ‘ਦੁੱਧ ਦੀਆਂ ਧਾਰਾਂ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 2015 ਦਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਲ ਸਾਹਿਤ ਪੁਰਸਕਾਰ ਪ੍ਰਾਪਤ ਹੋਇਆ। 2015 ਵਿਚ ਭਾਰਤੀ ਬਾਲ ਕਲਿਆਣ ਸੰਸਥਾ(ਰਜਿਸਟਰਡ) ਕਾਨਪੁਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ 2018 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਉਹਨਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਸ਼੍ਰੋਮਣੀ ਸਾਹਿਤਕਾਰ (ਬਾਲ ਸਾਹਿਤ) ਸਨਮਾਨ ਪ੍ਰਦਾਨ ਕੀਤਾ ਗਿਆ।
ਮਿੱਠ ਬੋਲੜੇ, ਸਭ ਦੇ ਕੰਮ ਆਉਣ ਵਾਲੇ ਡਾ. ਕੁਲਬੀਰ ਸਿੰਘ ਸੂਰੀ ਨੇ ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ ਪ੍ਰਕਾਸ਼ਨ ਘਰ ਦੀ ਸਥਾਪਨਾ ਕੀਤੀ ਅਤੇ ਉੱਚ ਪੱਧਰ ਦੀਆਂ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨ ਕਰਕੇ ਪੰਜਾਬੀ ਸਾਹਿਤ ਦੀ ਬਿਹਤਰੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਕਈ ਸਾਲ ਦੀ ਘਾਲਣਾ ਰੰਗ ਲਿਆਈ ਜਦੋਂ ਸਾਲ 2022 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸ੍ਰ. ਨਾਨਕ ਸਿੰਘ ਦੀ ਯਾਦ ਵਿਚ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਸ੍ਰ. ਨਾਨਕ ਸਿੰਘ ਦੀਆਂ ਸਾਰੀਆਂ ਰਚਨਾਵਾਂ ਅਤੇ ਉਹਨਾਂ ਦੇ ਸਾਹਿਤ ਸੰਬੰਧੀ ਛਪੀਆਂ ਆਲੋਚਨਾਤਮਿਕ ਪੁਸਤਕਾਂ ਦਾ ਇਕ ਵੱਖਰਾ ਸੈਕਸ਼ਨ ਸਥਾਪਿਤ ਕੀਤਾ ਗਿਆ।
ਡਾ. ਕੁਲਬੀਰ ਸਿੰਘ ਇਕ ਵਧੀਆ ਸਾਹਿਤਕਾਰ ਹੀ ਨਹੀਂ ਸਗੋਂ ਇਕ ਸੁਚੱਜੇ ਕਲਾਕਾਰ ਵੀ ਹਨ। ਉਹਨਾਂ ਦੀ ਬਾਲ ਕਹਾਣੀ ‘ਫੁਲਾਂ ਦਾ ਚੋਰ’ ਤੇ ਇਕ ਛੋਟੀ ਫਿਲਮ ਵੀ ਬਣ ਚੁੱਕੀ ਹੈ, ਜਿਸ ਵਿਚ ਉਹਨਾਂ ਦੀ ਅਦਾਕਾਰੀ ਬਾ-ਕਮਾਲ ਹੈ। ਉਹਨਾਂ ਦੀ ਕਹਾਣੀ ‘ਸੱਜੀ ਬਾਂਹ’ ਤੇ ਅਧਾਰਿਤ ਇਕ ਛੋਟੀ ਫਿਲਮ ‘ਲਾਡੋ’ ਵੀ ਬਣ ਚੁੱਕੀ ਹੈ। ਲਿਖਣ ਤੋਂ ਇਲਾਵਾ ਬੰਸਰੀ ਦੀਆਂ ਮਿੱਠੀਆਂ ਮਿੱਠੀਆਂ ਧੁੰਨਾ ਕੱਢਣਾ ਵੀ ਉਹਨਾਂ ਦਾ ਸ਼ੌਕ ਹੈ।
ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੇ ਸਾਹਿਤ ਦੇ ਖੇਤਰ ਵਿਚ ਜੋ ਵੀ ਪ੍ਰਾਪਤੀਆਂ ਕੀਤੀਆਂ ਹਨ, ਉਹ ਬਾਊ ਜੀ (ਸ੍ਰ. ਨਾਨਕ ਸਿੰਘ )ਅਤੇ ਮਾਤਾ ਸ਼੍ਰੀਮਤੀ ਰਾਜ ਕੌਰ ਵੱਲੋਂ ਬਚਪਨ ਤੋਂ ਮਿਲੀ ਸੁਚੱਜੀ ਅਗਵਾਈ, ਪਰਿਵਾਰਕ ਕਦਰਾਂ-ਕੀਮਤਾਂ, ਭੈਣਾ-ਭਰਾਵਾਂ ਅਤੇ ਸਨੇਹੀਆਂ ਵੱਲੋਂ ਮਿਲੇ ਪਿਆਰ ਅਤੇ ਹੌਂਸਲੇ ਸਦਕਾ ਹੀ ਹੈ। ਬਚਪਨ ਤੋਂ ਹੀ ਪ੍ਰਮੁੱਖ ਸਾਹਿਤਕਾਰਾਂ ਦਾ ਉਹਨਾਂ ਦੇ ਘਰ ਆਉਣਾ ਜਾਣਾ ਰਹਿੰਦਾ ਸੀ। ਉਹਨਾਂ ਦੀ ਸੰਗਤ ਤੋਂ ਵੀ ਉਹਨਾਂ ਨੂੰ ਸਾਹਿਤਕ ਅਗਵਾਈ ਮਿਲਦੀ ਰਹੀ। ਡਾ.ਸੂਰੀ ਨੂੰ ਇਹ ਮਾਣ ਵੀ ਹੈ ਕਿ ਉਹਨਾਂ ਦੀ ਜੀਵਨ ਸਾਥਣ ਸ਼੍ਰੀਮਤੀ ਗੁਰਿੰਦਰ ਕੌਰ ਦੇ ਸੁਹਿਰਦ ਸਾਥ ਕਰਕੇ ਉਹਨਾਂ ਦੇ ਪੈਰ ਹਮੇਸ਼ਾ ਧਰਤੀ ਨਾਲ ਹੀ ਜੁੜੇ ਰਹੇ ਅਤੇ ਉਹਨਾਂ ਦੀ ਘਰ ਗ੍ਰਹਿਸਥੀ ਬੜੀ ਸਾਵੀ-ਪੱਧਰੀ ਰਹੀ। ਇਕ ਆਦਰਸ਼ਕ ਮਾਹੌਲ ਵਿਚ ਪਲੀਆਂ ਉਹਨਾਂ ਦੀਆਂ ਦੋਵੇਂ ਬੇਟੀਆਂ-ਸਿਮਰ ਅਤੇ ਮਧੁਰ ਆਪਣੇ-ਆਪਣੇ ਚੁਣੇ ਹੋਏ ਖੇਤਰਾਂ ਵਿਚ ਕੰਮ ਕਰਦੀਆਂ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਆਪਣੇ ਸੁਖਦ ਪਰਿਵਾਰਕ ਜੀਵਨ ਦਾ ਆਨੰਦ ਮਾਣ ਰਹੀਆਂ ਹਨ।
ਜ਼ਿੰਦਗੀ ਦੀਆਂ 78 ਬਹਾਰਾਂ ਦੇ ਝੂਟੇ ਲੈ ਚੁੱਕੇ ਡਾ.ਕੁਲਬੀਰ ਸਿੰਘ ਕਈ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਹ ਨਾਨਕ ਸਿੰਘ ਲਿਟਰੇਰੀ ਫਾਉਂਡੇਸ਼ਨ ਦੇ ਚੇਅਰਮੈਨ ਹਨ, ਗੁਰਬਖਸ਼ ਸਿੰਘ-ਨਾਨਕ ਸਿੰਘ ਫਾਉਂਡੇਸ਼ਨ ਪ੍ਰੀਤ ਨਗਰ(ਅੰਮ੍ਰਿਤਸਰ) ਦੇ ਵਾਈਸ ਚੇਅਰਮੈਨ ਹਨ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਮੈਂਬਰ ਹਨ।
ਅਜਿਹੀ ਮਹਾਨ ਸਾਹਿਤਕ ਸਖਸ਼ੀਅਤ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਨਿਸਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜੋ ਸਾਹਿਤਕ ਵਿਰਾਸਤ ਉਹਨਾਂ ਨੂੰ ਆਪਣੇ ਬਾਊ ਜੀ ਤੋਂ ਪ੍ਰਾਪਤ ਹੋਈ, ਉਸ ਨੂੰ ਉਹਨਾਂ ਨੇ ਬੜੀ ਸ਼ਿਦਤ ਨਾਲ ਸੰਭਾਲਿਆ ਹੀ ਨਹੀਂ ਸਗੋਂ ਉਸ ਵਿਚ ਢੇਰ ਵਾਧਾ ਵੀ ਕੀਤਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇਹ ਮਕਸਦ ਬਣਾਇਆ ਕਿ ਬੱਚਿਆਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਣ ਲਈ ਉਹਨਾਂ ਨੂੰ ਮਿਆਰੀ ਬਾਲ ਪੁਸਤਕਾਂ ਉਪਲੱਬਧ ਕਰਵਾਈਆਂ ਜਾਣ। ਇਸ ਮੰਤਵ ਲਈ ਉਹ ਹੁਣ ਤੱਕ ਵੀ ਯਤਨਸ਼ੀਲ ਹਨ। ਉਹਨਾਂ ਦੀ ਅਜਿਹੀ ਉਸਾਰੂ ਸੋਚ ਨੂੰ ਸਾਰੇ ਪੰਜਾਬੀਆਂ ਵੱਲੋਂ ਦਿਲੋਂ ਸਲਾਮ ਕਰਨਾ ਬਣਦਾ ਹੈ।
ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ