2007 ਵਿੱਚ ਮੈਂ ਬਤੌਰ ਡੀ.ਐਸ.ਪੀ. ਕਾਦੀਆਂ ਪੁਲਿਸ ਜਿਲ੍ਹਾ ਬਟਾਲਾ ਵਿਖੇ ਤਾਇਨਾਤ ਸੀ। ਉਸ ਸਾਲ 13 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਜਿਸ ਵਿੱਚ ਅਕਾਲੀ ਭਾਜਪਾ ਗੱਠਜੋੜ ਕਾਂਗਰਸ ਪਾਰਟੀ ਨੂੰ ਹਰਾ ਕੇ ਸੱਤਾ ‘ਤੇ ਕਾਬਜ਼ ਹੋਇਆ ਸੀ। ਜਨਵਰੀ ਮਹੀਨੇ ਵਿੱਚ ਚੋਣ ਪ੍ਰਚਾਰ ਬਹੁਤ ਜੋਰ ਸ਼ੋਰ ਨਾਲ ਚੱਲ ਰਿਹਾ ਸੀ ਤੇ ਦੋਵਾਂ ਧਿਰਾਂ ਨੇ ਆਪਣੀ ਸਾਰੀ ਤਾਕਤ ਝੋਂਕੀ ਹੋਈ ਸੀ। 25 ਜਨਵਰੀ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਰੀ ਸਬ ਡਵੀਜ਼ਨ ਦੇ ਕਸਬੇ ਸ੍ਰੀ ਹਰਗੋਬਿੰਦਪੁਰ ਵਿਖੇ ਕਾਂਗਰਸ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਾ ਸੀ। ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਲੈਂਡਿੰਗ ਵਾਸਤੇ ਨਜ਼ਦੀਕੀ ਪਿੰਡ ਹਰਚੋਵਾਲ ਦੀ ਦਾਣਾ ਮੰਡੀ ਅਤੇ ਸ੍ਰੀ ਹਰਗੋਬਿੰਦਪੁਰ ਵਿਖੇ ਹੈਲੀਪੈਡ ਬਣਾਏ ਗਏ ਸਨ। ਮੁੱਖ ਮੰਤਰੀ ਨੇ ਪਹਿਲਾਂ ਹਰਚੋਵਾਲ ਵਿਖੇ ਕਿਸੇ ਪ੍ਰੋਜੈਕਟ ਦਾ ਉਦਘਾਟਨ ਕਰਨਾ ਸੀ ਤੇ ਫਿਰ ਹੈਲੀਕਾਪਟਰ ਰਾਹੀਂ ਸ੍ਰੀ ਹਰਗੋਬਿੰਦਪੁਰ ਰੈਲੀ ਵਾਸਤੇ ਜਾਣਾ ਸੀ। ਮੁੱਖ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਲਗਾਈ ਗਈ ਸੀ ਤੇ ਹੈਲੀਪੈਡ, ਰੂਟ ਅਤੇ ਰੈਲੀ ਆਦਿ ਵਰਗੇ ਮਹੱਤਵਪੂਰਣ ਥਾਵਾਂ ਦੀ ਜ਼ਿੰਮੇਵਾਰੀ ਸੀਨੀਅਰ ਅਫਸਰਾਂ ਨੂੰ ਸੌਂਪੀ ਗਈ ਸੀ।
ਪ੍ਰੋਗਰਾਮ ਮੇਰੀ ਸਬ ਡਵੀਜ਼ਨ ਵਿੱਚ ਹੋਣ ਕਾਰਨ ਪੰਡਾਲ ਵਿੱਚ ਬੈਰੀਕੇਡਿੰਗ ਅਤੇ ਹੈਲੀਪੈਡ ਦੀ ਤਿਆਰੀ ਦੀ ਜ਼ਿੰਮੇਵਾਰੀ ਮੇਰੀ ਅਤੇ ਮੇਰੇ ਅਧੀਨ ਆਉਣ ਵਾਲੇ ਥਾਣਾ ਮੁਖੀਆਂ ਦੀ ਸੀ। ਹੈਲੀਪੈਡ ਜਿਸ ਜਗ੍ਹਾ ‘ਤੇ ਬਣਿਆ ਸੀ, ਉਹ ਜਗ੍ਹਾ ਇੱਕ ਪਾਸੇ ਤੋਂ ਪੂਰੀ ਤਰਾਂ ਨਾਲ ਕਿਸੇ ਰੁਕਾਵਟ ਤੋਂ ਰਹਿਤ ਸੀ ਪਰ ਦੂਸਰੇ ਪਾਸੇ 50 ਕੁ ਮੀਟਰ ਦੂਰ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਗੁਜ਼ਰਦੀਆਂ ਸਨ। ਮੁੱਖ ਮੰਤਰੀ ਦੀ ਆਮਦ ਤੋਂ ਇੱਕ ਦਿਨ ਪਹਿਲਾਂ ਸੀ.ਐਮ. ਸਕਿਉਰਟੀ ਦੀਆਂ ਐਡਵਾਂਸ ਟੀਮਾਂ ਨੇ ਸਾਰੇ ਰੂਟ, ਪੰਡਾਲ ਅਤੇ ਹੈਲੀਪੈਡ ਦਾ ਨਿਰੀਖਣ ਕੀਤਾ ਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕੀਤੀ। ਜੇ ਕਿਤੇ ਉਹ ਤਾਰਾਂ ਬਾਰੇ ਇਤਰਾਜ਼ ਕਰ ਦੇਂਦੇ ਤਾਂ ਮੈਂ ਨਿਸ਼ਚਿਤ ਹੀ ਜਗ੍ਹਾ ਬਦਲ ਦੇਣੀ ਸੀ। 25 ਫਰਵਰੀ ਵਾਲੇ ਦਿਨ ਸੁਵੱਖਤੇ ਹੀ ਸਾਰੀ ਫੋਰਸ ਆਪੋ ਆਪਣੀਆਂ ਡਿਊਟੀਆਂ ‘ਤੇ ਪਹੁੰਚ ਗਈ। ਮੁੱਖ ਮੰਤਰੀ ਦਾ ਸਵਾਗਤ ਕਰਨ ਲਈ 10 ਕੁ ਵਜੇ ਤੱਕ ਬਟਾਲੇ ਦਾ ਐਸ.ਐਸ.ਪੀ., ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਬਾਜਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਜਿਲ੍ਹੇ ਦੇ ਕਈ ਹੋਰ ਮੰਤਰੀ ਅਤੇ ਵਿਧਾਇਕ ਵੀ ਹਰਚੋਵਾਲ ਹੈਲੀਪੈਡ ‘ਤੇ ਪਹੁੰਚ ਚੁੱਕੇ ਸਨ। 12 ਕੁ ਵਜੇ ਮੁੱਖ ਮੰਤਰੀ ਦਾ ਹੈਲੀਕਾਪਟਰ ਆਉਂਦਾ ਦਿਖਾਈ ਦਿੱਤਾ ਤਾਂ ਹੈਲੀਪੈਡ ‘ਤੇ ਖੜ੍ਹੇ ਸੀ.ਐਮ. ਸਕਿਉਰਟੀ ਦੇ ਡੀ.ਐਸ.ਪੀ. ਨੇ ਵਾਕੀ ਟਾਕੀ ਰਾਹੀਂ ਹੈਲੀਕਾਪਟਰ ਵਿੱਚ ਬੈਠੇ ਸੀ.ਐਮ. ਦੇ ਚੀਫ ਸਕਿਉਰਟੀ ਇੰਚਾਰਜ ਨੂੰ ਲੈਂਡਿੰਗ ਦੇ ਰਸਤੇ ਅਤੇ ਤਾਰਾਂ ਬਾਰੇ ਜਾਣਕਾਰੀ ਦੇ ਦਿੱਤੀ ਜੋ ਉਸ ਨੇ ਪਾਇਲਟਾਂ ਨੂੰ ਦੱਸ ਦਿੱਤੀ। ਲੈਂਡਿੰਗ ਬਹੁਤ ਹੀ ਅਰਾਮ ਨਾਲ ਹੋ ਗਈ ਤੇ ਮੁੱਖ ਮੰਤਰੀ ਗੁਲਦਸਤੇ ਆਦਿ ਲੈਣ ਤੋਂ ਬਾਅਦ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਚਲਾ ਗਿਆ। ਐਸ.ਐਸ.ਪੀ. ਤੇ ਬਾਕੀ ਨੇਤਾ ਵੀ ਉਸ ਨਾਲ ਚਲੇ ਗਏ।
ਹੈਲੀਕਾਪਟਰ ਦੇ ਦੋ ਪਾਇਲਟ ਸਨ ਜਿਨ੍ਹਾਂ ਵਿੱਚੋਂ ਮੇਨ ਪਾਇਲਟ ਕਾਫੀ ਜਿਆਦਾ ਉਮਰ ਦਾ ਸੀ ਤੇ ਕੋ ਪਾਇਲਟ ਨੌਜਵਾਨ ਸੀ। ਚੰਗੀ ਗੱਲ ਇੱਹ ਹੋਈ ਕਿ ਦੋਵਾਂ ਨੇ ਲੈਂਡਿੰਗ ਤੋਂ ਬਾਅਦ ਤਾਰਾਂ ਦਾ ਚੰਗੀ ਤਰਾਂ ਮੁਆਇਨਾ ਕਰ ਲਿਆ ਸੀ। ਕੁਝ ਦੇਰ ਬਾਅਦ ਮੁੱਖ ਮੰਤਰੀ ਵਾਪਸ ਆ ਕੇ ਹੈਲੀਕਾਪਟਰ ਵਿੱਚ ਬੈਠ ਗਿਆ ਤੇ ਉਸ ਦੇ ਨਾਲ ਉਸ ਦਾ ਉ.ਐਸ.ਡੀ, ਸਕਿਉਰਟੀ ਇੰਚਾਰਜ, ਪ੍ਰਤਾਪ ਸਿੰਘ ਬਾਜਵਾ, ਫਤਿਹਜੰਗ ਬਾਜਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸਵਾਰ ਹੋ ਗਏ। ਹੈਲੀਕਾਪਟਰ ਨੇ ਜਦੋਂ ਉਡਾਣ ਭਰੀ ਤਾਂ ਪਤਾ ਨਹੀਂ ਵਿੱਚ ਬੈਠੇ ਹੱਟੇ ਕੱਟੇ ਬੰਦਿਆਂ ਦੇ ਕਪੈਸਟੀ ਤੋਂ ਵੱਧ ਵਜ਼ਨ ਕਾਰਨ ਜਾਂ ਪਾਇਲਟਾਂ ਦੀ ਗਲਤੀ ਕਾਰਨ ਉਹ ਉੱਪਰ ਜਾ ਕੇ ਪਿੱਛੇ ਮੁੜਨ ਦੀ ਬਜਾਏ ਸਿੱਧਾ ਤਾਰਾਂ ਵਿੱਚ ਜਾ ਫਸਿਆ ਜੋ ਉਸ ਦੇ ਪੱਖੇ ਨਾਲ ਵਲੇਟੀਆਂ ਗਈਆਂ। ਤਾਰਾਂ ਅਤੇ ਪੱਖਿਆਂ ਦੇ ਟੁਕੜੇ ਸਾਡੇ ਸਿਰਾਂ ਉੱਪਰੋਂ ਉੱਡਦੇ ਹੋਏ ਬਿਜਲੀ ਦੀ ਗਤੀ ਨਾਲ ਦੂਰ ਦੂਰ ਜਾ ਕੇ ਡਿੱਗੇ ਪਰ ਰੱਬ ਦੀ ਕ੍ਰਿਪਾ ਨਾਲ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਾ ਹੋਇਆ। ਹੈਲੀਕਾਪਟਰ ਅਜੇ ਥੋੜ੍ਹੀ ਉੱਚਾਈ ਤੇ ਹੋਣ ਕਾਰਨ ਧੜੰ੍ਹਮ ਕਰਦਾ ਸਿੱਧੇ ਦਾ ਸਿੱਧਾ ਧਰਤੀ ‘ਤੇ ਆਣ ਡਿੱਗਾ। ਐਸ.ਐਸ.ਪੀ. ਤੇ ਮੇਰੇ ਹੋਸ਼ ਉੱਡ ਗਏ ਕਿ ਸਾਡੀ ਨੌਕਰੀ ਤਾਂ ਹੁਣ ਗਈ, ਕਿਉਂਕਿ ਬਲੀ ਦੇ ਬੱਕਰੇ ਤਾਂ ਅਸੀਂ ਹੀ ਬਣਨਾ ਸੀ। ਐਸ.ਐਸ.ਪੀ. ਬੜਬੜਾਇਆ, “ਬਲਰਾਜ, ਅਬ ਕਿਆ ਹੋਗਾ?” ਹਾਲਾਤ ਵੇਖ ਕੇ ਮੈਂ ਜਵਾਬ ਦਿੱਤਾ, “ਸਰ ਹੋਣਾ ਕੀ ਹੈ, ਆਪਾਂ ਸਮਾਨ ਬੰਨ੍ਹੀਏਂ। ਜੇ ਮੁੱਖ ਮੰਤਰੀ ਨੂੰ ਕੁਝ ਹੋ ਗਿਆ ਹੋਇਆ ਤਾਂ ਫਿਰ ਸ਼ਾਇਦ ਆਪਣਾ ਸਮਾਨ ਕਦੇ ਵੀ ਨਾ ਖੁਲ੍ਹੇ।” ਸੁਣ ਕੇ ਐਸ.ਐਸ.ਪੀ. ਨੂੰ ਠੰਡ ਵਿੱਚ ਵੀ ਤਰੇਲੀਆਂ ਆ ਗਈਆਂ।
ਦਾਣਾ ਮੰਡੀ ਵਿੱਚ ਮੌਤ ਵਰਗਾ ਸੰਨਾਟਾ ਛਾਇਆ ਹੋਇਆ ਸੀ ਕਿਉਂਕਿ ਹੈਲੀਕਾਪਟਰ ਵਿੱਚੋਂ ਕੋਈ ਵੀ ਬਾਹਰ ਨਹੀਂ ਸੀ ਆ ਰਿਹਾ ਤੇ ਕਰੈਸ਼ ਕਾਰਨ ਉੱਡੇ ਮਿੱਟੀ ਘੱਟੇ ਦੇ ਗੁਬਾਰ ਕਾਰਨ ਸਾਨੂੰ ਉਸ ਦੇ ਅੰਦਰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਆਖਰ ਦਸ ਕੁ ਮਿੰਟਾਂ ਬਾਅਦ ਇੱਕ ਪਾਇਲਟ ਬਾਹਰ ਆਇਆ ਤੇ ਉਸ ਨੇ ਦਰਵਾਜ਼ਾ ਖੋਲ੍ਹ ਕੇ ਮੁੱਖ ਮੰਤਰੀ ਅਤੇ ਬਾਕੀਆਂ ਨੂੰ ਬਾਹਰ ਕੱਢਿਆ। ਚੰਗੀ ਕਿਸਮਤ ਨੂੰ ਕਿਸੇ ਦੇ ਝਰੀਟ ਤੱਕ ਨਹੀਂ ਸੀ ਆਈ। ਦੇਰੀ ਹੋਣ ਦਾ ਕਾਰਨ ਇਹ ਸੀ ਕਿ ਡਿੱਗਣ ਦੇ ਝਟਕੇ ਕਾਰਨ ਮੁੱਖ ਮੰਤਰੀ ਦੀ ਪੱਗ ਹਿੱਲ ਗਈ ਸੀ ਜਾਂ ਢੱਠ ਗਈ ਸੀ ਜਿਸ ਨੂੰ ਠੀਕ ਠਾਕ ਕਰਦਿਆਂ ਸਮਾਂ ਲੱਗ ਗਿਆ ਸੀ। ਮੁੱਖ ਮੰਤਰੀ ਦੇ ਨਾਲ ਬੈਠੇ ਕਈ ਵੀ.ਆਈ.ਪੀਜ਼ ਨੇ ਢੱਠੀਆਂ ਪੱਗਾਂ ਦੇ ਵਲੇਟ ਮਾਰੇ ਹੋਏ ਸਨ। ਸਾਖਸ਼ਾਤ ਯਮਰਾਜ ਦੇ ਦਰਸ਼ਨ ਹੋਣ ਕਾਰਨ ਸਾਰਿਆਂ ਦੇ ਚਿਹਰੇ ਇਸ ਤਰਾਂ ਸਨ ਜਿਵੇਂ ਸਾਰਾ ਖੂਨ ਨਚੋੜ ਲਿਆ ਗਿਆ ਹੋਵੇ। ਮੁੱਖ ਮੰਤਰੀ ਨੂੰ ਬਾਹਰ ਨਿਕਲਦੇ ਸਾਰ ਪੱਤਰਕਾਰਾਂ ਨੇ ਘੇਰ ਲਿਆ ਤੇ ਸਵਾਲਾਂ ਦੀ ਬੌਛਾੜ ਕਰ ਦਿੱਤੀ ਕਿ ਇਹ ਹਾਦਸਾ ਕਿਸ ਦੀ ਗਲਤੀ ਕਾਰਨ ਹੋਇਆ ਹੈ? ਕਿਹੜੇ ਕਿਹੜੇ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ? ਪਰ ਸਾਡੀ ਕਿਸਮਤ ਚੰਗੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਸ਼ਾਸ਼ਨ ਪੱਖੀ ਮੁੱਖ ਮੰਤਰੀ ਸੀ ਤੇ ਉਹ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਘੱਟ ਹੀ ਵਿਸ਼ਵਾਸ਼ ਕਰਦਾ ਸੀ। ਉਸ ਨੇ ਪੱਤਰਕਾਰਾਂ ਨੂੰ ਇੱਕ ਹੀ ਜਵਾਬ ਨਾਲ ਚੁੱਪ ਕਰਵਾ ਦਿੱਤਾ, “ਸੱਚੇ ਪਾਤਸ਼ਾਹ ਦੀ ਕ੍ਰਿਪਾ ਨਾਲ ਮੇਰੀ ਜਾਨ ਬਚ ਗਈ ਹੈ ਹੋਰ ਕੀ ਚਾਹੀਦਾ ਹੈ? ਕਿਸੇ ਦੇ ਖਿਲਾਫ ਕੋਈ ਕਰਵਾਈ ਨਹੀਂ ਕੀਤੀ ਜਾਵੇਗੀ।” ਇਸ ਤੋਂ ਬਾਅਦ ਉਹ ਸੜਕ ਰਾਹੀਂ ਸ੍ਰੀ ਹਰਗੋਬਿੰਦ ਪੁਰ ਰੈਲੀ ਵਾਲੇ ਸਥਾਨ ਨੂੰ ਚਲਾ ਗਿਆ।
ਮੁੱਖ ਮੰਤਰੀ ਤੋਂ ਤਾਂ ਸਾਡੀ ਖਲਾਸੀ ਹੋ ਗਈ ਪਰ ਫਿਰ ਸਿਵਲ ਐਵੀਏਸ਼ਨ ਵਿਭਾਗ (ਹਵਾਬਾਜ਼ੀ ਮੰਤਰਾਲਾ) ਵੱਲੋਂ ਪੜਤਾਲਾਂ ਸ਼ੁਰੂ ਹੋ ਗਈਆਂ। ਹਾਜ਼ਰ ਹੋਣ ਲਈ ਕਦੇ ਚੰਡੀਗੜ੍ਹ ਬੁਲਾਇਆ ਜਾਂਦਾ ਤੇ ਕਦੇ ਦਿੱਲੀ। ਇਨ੍ਹਾਂ ਪੜਤਾਲਾਂ ਦਾ ਅੰਤ ਉਦੋਂ ਹੋਇਆ ਜਦੋਂ ਹੈਲੀਕਾਪਟਰ ਦੇ ਬਲੈਕ ਬਾਕਸ ਦੀ ਰਿਾਕਰਡਿੰਗ ਸਾਹਮਣੇ ਆ ਗਈ ਜਿਸ ਵਿੱਚ ਕੋ ਪਾਇਲਟ ਚੀਕ ਚੀਕ ਕੇ ਮੁੱਖ ਪਾਇਲਟ ਨੂੰ ਸਾਵਧਾਨ ਕਰਦਾ ਹੋਇਆ ਕਹਿ ਰਿਹਾ ਸੀ, “ਸਰ ਕੀ ਕਰ ਰਹੇ ਹੋ? ਸਾਹਮਣੇ ਤਾਰਾਂ ਹਨ। ਪਿੱਛੇ ਨੂੰ ਮੋੜੋ, ਪਿੱਛੇ ਨੂੰ ਮੋੜੋ।” ਇਸ ਪੜਤਾਲ ਵਿੱਚ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਤੇ ਮੁੱਖ ਪਾਇਲਟ ਨੂੰ ਦੋਸ਼ੀ ਠਹਿਰਾ ਕੇ ਉਸ ਦਾ ਉਡਾਣ ਲਾਇਸੰਸ ਰੱਦ ਕਰ ਦਿੱਤਾ ਗਿਆ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062