
ਸਰਦੀਆਂ ਦੀ ਠੰਡੀ ਹਵਾ ਖਿੜਕੀਆਂ ਦੀਆਂ ਝੀਥਾਂ ‘ਚੋਂ ਅੰਦਰ ਆ ਰਹੀ ਸੀ। ਮੇਜ਼ ’ਤੇ ਪਈ ਪ੍ਰੋ. ਓਰਲੋਵ ਦੀ ਕਿਤਾਬ ਦੇ ਪੰਨੇ ਹਵਾ ਨਾਲ ਉੱਡ ਰਹੇ ਸੀ। ਹਵਾ ਜਿਵੇਂ ਵਗਦੀ-ਵਗਦੀ ਥੱਕ ਗਈ ਹੋਵੇ, ਕੁਝ ਦੇਰ ਲਈ ਰੁਕ ਗਈ ਅਤੇ ਕਿਤਾਬ ਦੇ ਪੰਨੇ ਵੀ ਉੱਡਣ ਤੋਂ ਰੁਕ ਗਏ। ਜਿਹੜਾ ਪੰਨਾ ਖੁੱਲ੍ਹਾ ਸੀ ਉਸਦੇ ਵਿਚਕਾਰ ਦੀ ਇਕ ਸਤਰ ‘ਤੇ ਨਿਸ਼ਾਨ ਲੱਗਿਆ ਹੋਇਆ ਸੀ: “ਨਜ਼ਰੀਆ ਬਦਲਣ ਨਾਲ ਹਰ ਚੀਜ਼ ਬਦਲ ਸਕਦੀ ਹੈ। ਜੇ ਕੋਈ ਕਿਸੇ ਚੀਜ਼
ਨੂੰ ਵਖਰੇ ਨਜ਼ਰੀਏ ਤੋਂ ਦੇਖੇ ਤਾਂ ਆਪਣਾ ਵਿਚਾਰ ਬਦਲ ਸਕਦਾ ਹੈ। “ਪ੍ਰੋ. ਓਰਲੋਵ ਜੋ ਲੱਕੜ ਦੇ ਇਕ ਪੁਰਾਣੇ ਮੇਜ਼ ਦੇ ਪਿੱਛੇ ਬੈਠਾ ਸੀ, ਉਸ ਨੇ ਆਪਣੇ ਪੜ੍ਹਾਈ ਵਾਲੇ ਕਮਰੇ ਦੀ ਖਿੜਕੀ ਤੋਂ ਬਾਹਰ ਦੇਖਿਆ। ਸਰੀਰਕ ਤੌਰ ‘ਤੇ ਭਾਵੇਂ ਉਹ ਆਪਣੇ ਕਮਰੇ ਵਿਚ ਬੈਠਾ ਸੀ, ਪਰ ਖਿਆਲਾਂ ਵਿਚ ਉਹ ਇਕ ਅਜਿਹੀ ਥਾਂ ਤੇ ਸੀ, ਜਿਥੋਂ ਉਹ ਬਹੁਤ ਦੇਰ ਤੋਂ ਵਾਪਿਸ ਨਹੀਂ ਸੀ ਆਇਆ। ਉਹ, ਉਸ ਇਕ ਖਾਸ ਦਿਨ ਨੂੰ ਯਾਦ ਕਰ ਰਿਹਾ ਸੀ ਜਦੋਂ ਉਸਦਾ ਦ੍ਰਿਸ਼ਟੀਕੋਣ ਬਦਲ ਗਿਆ ਸੀ। ਇਹ ਪੂਰੇ ਰਾਸ਼ਟਰ ਲਈ ਇਕ ਵੱਡਾ ਦਿਨ ਸੀ, ਸ਼ਾਇਦ ਉਸ ਲਈ ਦੇਸ ਨਾਲੋਂ ਵੀ ਜਿਆਦਾ। ਉਸਦੇ ਦੇਸ, ਉਸਦੇ ਮਾਣ, ਉਸਦੇ ਪਿਆਰੇ ਰਾਸ਼ਟਰ ਨੇ ਉਸ ਨੂੰ ਮਾਣ ਨਾਲ ਭਰ ਦਿੱਤਾ ਸੀ। ਉਹਨਾਂ ਨੇ ਜੰਗ ਜਿੱਤ ਲਈ ਸੀ ਜੋ ਕਿਸੇ ਦੂਜੇ ਦੇਸ ਦੇ ਵਿਰੁਧ ਸੀ। ਦੁਸ਼ਮਣ ਨੂੰ ਪੂਰੀ
ਤਰਾਂ ਖਤਮ ਕਰਨ ਦੀ ਅਤੇ ਆਤਮ ਸਪਰਮਣ ਕਰਨ ਦੀ ਖ਼ਬਰ ਹਰ ਪਾਸੇ ਜੰਗਲ ਦੀ ਅੱਗ ਦੀ ਤਰਾਂ ਫੈਲ ਗਈ ਸੀ। ਉਸਦੇ ਦਿਮਾਗ ਵਿਚ ਉਸ ਦਿਨ ਦੀਆਂ ਯਾਦਾਂ ਚੱਕਰ ਲਾਉਣ ਲੱਗੀਆਂ।
ਨਜ਼ਰੀਆ: ਕੱਟੜ ਦੇਸ ਭਗਤੀ
ਆਪਣੇ ਹੱਥ ਵਿਚ ਚਾਕ ਲਈ ਪ੍ਰੋ. ਓਰਲੋਵ ਆਪਣੇ ਚਿਹਰੇ ਦੇ ਘਬਰਾਹਟ ਵਾਲੇ ਹਾਵ-ਭਾਵ, ਪਰ ਪੂਰੇ ਦਿਲ ਨਾਲ ਆਪਣੀ ਜਮਾਤ ਨੂੰ ਪੜਾ ਰਹੇ ਸੀ। ਜੇ ਉਹਨਾਂ ਦੇ ਦਿਲ ਵਿਚ ਆਪਣੀ ਕੌਮ ਨਾਲੋਂ ਕਿਸੇ ਚੀਜ਼ ਬਾਰੇ ਵਧੇਰੇ ਉਤਸ਼ਾਹ ਸੀ ਤਾਂ ਉਹ ਸੀ ਪੜਾਉਣਾ। ਆਮ ਤੌਰ ‘ਤੇ ਉਹਨਾਂ ਨੂੰ ਪੜ੍ਹਾਉਣ ਦੇ ਸਮੇਂ ਕਿਸੇ ਤਰਾਂ ਦੀ ਵੀ ਦਖ਼ਲ ਅੰਦਾਜ਼ੀ ਪਸੰਦ ਨਹੀ ਸੀ। ਇਸ ਲਈ ਜੇ ਕੋਈ ਉਹਨਾਂ ਦੀ ਜਮਾਤ ਦਾ ਦਰਵਾਜ਼ਾ ਖੜਕਾਉਂਦਾ ਤਾਂ ਉਹਨਾਂ ਦਾ ਗੁੱਸੇ ਹੋਣਾ ਜਾਇਜ਼ ਹੁੰਦਾ, ਪਰ ਜਿਵੇਂ ਹੀ ਆਉਣ ਵਾਲੇ ਨੇ ਕਿਹਾ, “ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਅਸੀਂ ਜਿੱਤ ਗਏ”, ਪ੍ਰੋ. ਦਾ ਸਾਰਾ ਗੁੱਸਾ ਕਿਤੇ ਉੱਡ ਗਿਆ। ਉਹ ਸਿੱਧੇ ਖੜੇ ਹੋ ਗਏ, ਜਦੋਂ ਤੱਕ ਉਹਨਾਂ ਨੂੰ ਪੂਰੀ ਗੱਲ ਦੀ ਸਮਝ ਨਾ ਲੱਗੀ। ਲੜਾਈ ਖਤਮ ਹੋ ਗਈ। ਉਹ ਦੋ ਸਾਲ ਤੋਂ ਲੜਾਈ ਦੇ ਵਿਰੋਧੀਆਂ ਸਾਹਮਣੇ ਲੜਾਈ ਨੂੰ ਜਾਇਜ਼ ਸਿੱਧ ਕਰ ਰਹੇ ਸਨ। ਦੁਸ਼ਮਣਾਂ ਦੀਆਂ ਉਮੀਦਾਂ ਨੂੰ ਖਤਮ ਕਰਨਾ, ਉਹਨਾਂ ਦੀਆਂ ਆਸਾਂ ਨੂੰ ਚਕਨਾ-ਚੂਰ ਕਰਨਾ, ਉਹਨਾਂ ਦੇ ਮਾਨ-ਸਨਮਾਨ ਨੂੰ ਮਿੱਟੀ ਵਿਚ ਮਿਲਾਉਣ ਲਈ ਦੋ ਸਾਲ ਦਾ ਵਕਤ ਤਾਂ ਘੱਟ ਹੀ ਲੱਗਿਆ ਸੀ।
ਪ੍ਰੋ. ਓਰਲੋਵ ਦਾ ਚਿਹਰਾ ਜੋ ਆਮ ਤੌਰ ‘ਤੇ ਸਖ਼ਤ ਹੀ ਰਹਿੰਦਾ, ਇਕੋ ਦਮ ਸ਼ਾਂਤ ਹੋ ਗਿਆ ਅਤੇ ਹੌਲੀ-ਹੌਲੀ ਉਹਨਾਂ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਫੈਲ ਗਈ ਜੋ ਜਲਦੀ ਹੀ ਖੁੱਲ ਕੇ ਹੱਸਣ ਵਿਚ ਬਦਲ ਗਈ। ਉਸ ਬੁੱਢੇ ਪ੍ਰੋਫੈਸਰ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਉਸ ਨੇ ਜੋਸ਼ ਵਿਚ ਆ ਕੇ ਹਵਾ ਵਿਚ ਮੁੱਕੇ ਲਹਿਰਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਹੱਥ ਵਿਚੋਂ ਚਾਕ ਗਿਰ ਗਿਆ। ਉਹਨਾਂ ਦਾ ਦੇਸ ਜਿੱਤ ਗਿਆ ਸੀ। ਉਹਨਾਂ ਨੇ ਆਪਣੇ ਵਿਦਿਆਰਥੀਆਂ ਵੱਲ ਖੁਸ਼ੀ ਨਾਲ ਮੁਸਕਰਾ ਕੇ ਦੇਖਿਆ। ਇਕ ਵਿਦਿਆਰਥੀ ਦੀਆਂ ਅੱਖਾਂ ਵਿਚ ਹੰਝੂ ਆ ਗਏ, ਜਿਵੇਂ ਪ੍ਰੋਫੈਸਰ ਨੇ ਹੱਸਣ ਦੀ ਥਾਂ ਉਸ ਵੱਲ ਕੋਈ ਪੱਥਰ ਮਾਰਿਆ ਹੋਵੇ।
“ਸਰ, ਆਪਣੀ ਕਲਾਸ ਵਿਚ ਕੁਝ ਅਜਿਹੇ ਵਿਦਿਆਰਥੀ ਵੀ ਹਨ, ਜਿੰਨਾਂ ਦੇ ਕਰੀਬੀ ਇਸ ਜੰਗ ਦੌਰਾਨ ਆਪਣੀਆਂ ਜਾਣਾ ਗਵਾ ਚੁੱਕੇ ਹਨ। ਇਹ ਕੋਈ ਖੁਸ਼ੀ ਮਨਾਉਣ ਦਾ ਮੌਕਾ ਨਹੀਂ । ਲੜਾਈ ਭਲਾ ਕਿਵੇਂ ਕਿਸੇ ਦਾ ਫਾਇਦਾ ਕਰ ਸਕਦੀ ਹੈ?” ਇਕ ਵਿਦਿਆਰਥੀ ਨੇ ਕਿਹਾ।
ਪ੍ਰੋ. ਓਰਲੋਵ ਹੈਰਾਨ ਹੋ ਗਿਆ। ਇਹ ਤਾਂ ਪੂਰੀ ਕੌਮ ਲਈ ਮਾਣ ਦਾ ਦਿਨ ਸੀ। ਸਾਡੇ ਦੇਸ ਦੀ ਮਹਾਨ ਜਿੱਤ ਦੇ ਸਾਹਮਣੇ ਆਮ ਮਨੁੱਖੀ ਜ਼ਿੰਦਗੀਆਂ ਦੀ ਚਿੰਤਾ ਕਿਵੇਂ ਕੀਤੀ ਜਾਂ ਸਕਦੀ ਹੈ? ਸਾਡੇ ਰਾਸ਼ਟਰ ਦੇ ਸਾਹਮਣੇ ਮਨੁੱਖੀ ਜ਼ਿੰਦਗੀ ਕੀ ਹੈ? ਸਿਰਫ ਇਕ ਛੋਟਾ ਜਿਹਾ ਸਿਪਾਹੀ। ਚੈੱਸ ਦੀ ਖੇਡ ਵਿਚ ਵੀ ਜਿੱਤ ਪ੍ਰਾਪਤ ਕਰਨ ਲਈ ਕਈ ਮੋਹਰਿਆਂ ਨੂੰ ਮਰਵਾਉਣੇ ਪੈਂਦਾ ਹੈ। ਜਦੋਂ ਰਾਸ਼ਟਰ ਦੇ ਮਾਨ-ਸਨਮਾਨ ਦੀ ਗੱਲ ਹੋਵੇ ਤਾਂ ਕੁਝ ਛੋਟੇ ਮੋਹਰਿਆਂ ਦੀ ਕੁਰਬਾਨੀ ਕੋਈ ਮਾਇਨੇ ਨਹੀਂ ਰੱਖਦੀ। ਜਦ ਗੱਲ ਦੇਸ਼ ਦੇ ਮਾਣ-ਸਨਮਾਨ ਦੀ ਹੋਵੇ ਤਾਂ ਇਹ ਠੀਕ ਲੱਗਦੀਆਂ ਹਨ।
“ਖੁੱਲ੍ਹੇ ਦਿਲ ਨਾਲ ਸੋਚੋ, ਤੁਹਾਡਾ ਦੇਸ ਜਿੱਤਿਆ ਹੈ। ਇਹਨਾਂ ਯਤਨਾਂ ਦੀ ਪ੍ਰਸੰਸਾ ਕਰੋ।” ਕਲਾਸ ਖਤਮ। ਪ੍ਰੋ. ਓਰਲੋਵ ਨੇ ਰੁੱਖੇ ਜਿਹੇ ਢੰਗ ਨਾਲ ਕਿਹਾ।
ਉਹ ਜਮਾਤ ਵਿਚੋਂ ਵੱਡੇ ਕਮਰੇ ਵੱਲ ਕਾਹਲੀ-ਕਾਹਲੀ ਚਲੇ ਗਏ। ਉਹਨਾਂ ਦੇ ਕਦਮਾਂ ਵਿਚ ਖੁਸ਼ੀ ਭਰੀ ਤੇਜੀ ਸੀ। ਉਹ ਅਧਿਆਪਕਾਂ ਦੇ ਕਮਰੇ ਵਿਚ ਲੱਗੇ ਟੀ ਵੀ ਤੇ ਖ਼ਬਰਾਂ ਦੇਖਣੀਆਂ ਚਾਹੁੰਦੇ ਸੀ।
ਉਸਨੇ ਇਕ ਹਲਕੀ ਜਿਹੀ ਚੀਕ ਸੁਣੀ, ਜਿਸ ਨੇ ਉਹਨਾਂ ਦਾ ਧਿਆਨ ਖਿੱਚਿਆ। ਇਕ ਰੋ ਰਹੀ ਵਿਦਿਆਰਥਣ ਨੂੰ ਉਸਦੀਆਂ ਸਹੇਲੀਆਂ ਨੇ ਘੇਰਾ ਪਾਇਆ ਹੋਇਆ ਸੀ। ਉਹ ਰੋਂਦੀ ਹੋਈ ਕਹਿ ਰਹੀ ਸੀ, “ਮੇਰੀ ਮਾਂ, ਉਹ ਕਰਨਲ ਸੀ। ਉਹ, ਉਹ, ਜੰਗ ਵਿਚ ਨਹੀਂ ਬਚੀ।”
“ਲੜਾਈ ਦਾ ਫਾਇਦਾ ਕੀ ਹੈ? ਕੀਮਤੀ ਜਾਣਾ ਦਾ ਨੁਕਸਾਨ?” ਇਕ ਹੋਰ ਨੇ ਕਿਹਾ। ਉਸਦੀ ਆਵਾਜ਼ ਵਿਚੋਂ ਨਰਾਜ਼ਗੀ ਸਾਫ ਝਲਕ ਰਹੀ ਸੀ।
ਇਹ ਸੁਣਦੇ ਹੀ ਪ੍ਰੋ. ਓਰਲੋਵ ਨੂੰ ਗੁੱਸਾ ਆ ਗਿਆ ਅਤੇ ਉਹ ਚੀਕਿਆ, “ਤੁਸੀਂ ਇਸਦੀ ਮਹੱਤਤਾ ਨਹੀਂ ਸਮਝ ਸਕਦੇ। ਇਹ ਮਾਣ ਕਰਨ ਦਾ, ਖੁਸ਼ੀ ਮਨਾਉਣ ਦਾ ਦਿਨ ਹੈ। ਲੜਾਈ ਦਾ ਭਾਵ ਹੈ ਆਪਣੇ ਦੇਸ ਦੀ ਮਾਣ-ਮਰਿਆਦਾ ਕਾਇਮ ਰੱਖਣਾ। ਕੁਝ ਜਾਨਾਂ ਦਾ ਚਲੇ ਜਾਣਾ ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ।”
“ਜ਼ਿੰਦਗੀਆਂ…ਕੁਝ ਨਹੀਂ?” ਇਕ ਵਿਦਿਆਰਥੀ ਨੇ ਆਪਣੇ ਚਿਹਰੇ ‘ਤੇ ਹੈਰਾਨੀ ਵਾਲੇ ਪ੍ਰਭਾਵ ਲਿਆਉਂਦੇ ਹੋਏ ਕਿਹਾ।
“ਹਾਂ, ਕੁਝ ਨਹੀਂ, ਸਾਡੇ ਦੇਸ ਦੇ ਮੁਕਾਬਲੇ? ਜੰਗ ਵਿਚ ਸ਼ਹੀਦ ਹੋਣ ਵਾਲਿਆਂ ਨੂੰ ਸਾਰਾ ਦੇਸ ਸਨਮਾਨਿਤ ਕਰਦਾ ਹੈ।”
“ਸਰ, ਕੀ ਤੁਸੀਂ ਸਮਝਦੇ ਹੋ ਕਿ ਜਾਣ ਗਵਾਉਣ ਵਾਲਿਆਂ ਦੇ ਪਰਿਵਾਰਾਂ ਲਈ ਕੋਈ ਵੀ ਸਨਮਾਨ ਬਹੁਤ ਹੁੰਦਾ ਹੈ?”
“ਬਹੁਤ ਹੁੰਦਾ ਹੈ”, ਉਸ ਕੱਟੜ ਦੇਸ ਭਗਤ ਨੇ ਕਿਹਾ।
ਜਿਹੜੀ ਖਿੜਕੀ ਤੋਂ ਉਹ ਬਾਹਰ ਦੇਖ ਰਿਹਾ ਸੀ, ਉਸਦੇ ਕਿਨਾਰੇ ਤੇ ਬੈਠੇ ਇਕ ਛੋਟੇ ਜਿਹੇ ਪੰਛੀ ਦੇ ਚਹਿ-ਚਹਾਉਣ ਦੀ ਆਵਾਜ਼ ਨਾਲ ਪ੍ਰੋ. ਓਰਲੋਵ ਦੇ ਖਿਆਲਾਂ ਦੀ ਲੜੀ ਟੁੱਟੀ। ਉਸ ਦੇ ਬੁੱਲਾਂ ਦੇ ਕੋਨਿਆ ਤੇ ਹਰਕਤ ਜਿਹੀ ਹੋਈ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਕੇ ਉਹ ਹਲਕਾ ਜਿਹਾ ਮੁਸਕਰਾਇਆ।
ਬਹੁਤ ਸਾਲ ਪਹਿਲਾਂ ਜਦੋਂ ਪ੍ਰੋਫੈਸਰ, ਕਿਸੇ ਸਕੂਲ ਵਿਚ ਅਧਿਆਪਕ ਸੀ, ਉਸ ਦੇ ਚਿੱਟੇ ਵਾਲ ਉਦੋਂ ਭੂਰੇ ਰੰਗ ਦੇ ਹੁੰਦੇ ਸੀ, ਉਸਦੇ ਬੇਟੇ ਨੇ ਸੜਕ ‘ਤੇ ਪਿਆ ਇਕ ਜ਼ਖ਼ਮੀ ਪੰਛੀ ਦਿੱਖਿਆ। ਬੱਚਾ ਆਪਣੇ ਪਿਤਾ ਦੇ ਗੁੱਸੇ ਦੇ ਬਾਵਜੂਦ ਵੀ ਉਸ ਪੰਛੀ ਨੂੰ ਘਰ ਲੈ ਆਇਆ। ਬੱਚੇ ਨੇ ਪੰਛੀ ਦਾ ਧਿਆਨ ਰੱਖਿਆ, ਉਸਦੇ ਜ਼ਖ਼ਮਾਂ ‘ਤੇ ਦਵਾਈ ਲਾਈ। ਆਪਣੇ ਛੋਟੇ-ਛੋਟੇ ਹੱਥਾਂ ਨਾਲ ਉਹ ਪੰਛੀ ਨੂੰ ਕੁਝ ਖਵਾਉਂਦਾ। ਜਦੋਂ ਪੰਛੀ ਪੂਰੀ ਤਰਾਂ ਠੀਕ ਹੋ ਗਿਆ ਤਾਂ ਐਂਟੋਲੀ ਨੇ ਉਸ ਪੰਛੀ ਨੂੰ ਉੜਾ ਦਿੱਤਾ।
ਐਂਟੋਲੀ ਵੱਡਾ ਹੋ ਗਿਆ। ਉਸਦਾ ਪੰਛੀਆਂ ਅਤੇ ਜਾਨਵਰਾਂ ਨਾਲ ਪਿਆਰ ਹੋਰ ਵਧ ਗਿਆ। ਉਹ ਰੁੱਖਾਂ ਦੇ ਹੇਠ ਬੈਠਾ ਪੰਛੀਆਂ ਨੂੰ ਨਿਹਾਰਦਾ ਰਹਿੰਦਾ। ਉਹ ਆਮ ਤੌਰ ਤੇ ਗੁੰਮ, ਬਿਮਾਰ, ਬੇਸਹਾਰਾ ਜਾਂ ਜ਼ਖ਼ਮੀ ਜਾਨਵਰਾਂ ਨੂੰ ਘਰ ਲੈ ਆਉਂਦਾ, ਜਦੋਂ ਤੱਕ ਜੰਗ ਸ਼ੁਰੂ ਹੋਣ ਕਰਕੇ ਉਹ ਫੌਜ ਵਿਚ ਭਰਤੀ ਨਹੀਂ ਸੀ ਹੋ ਗਿਆ। ਭਾਵੇਂ ਪ੍ਰੋਫੈਸਰ ਨੂੰ ਆਪਣੇ ਪੁੱਤਰ ਦੇ ਇਸ ਫੈਸਲੇ ‘ਤੇ ਬਹੁਤ ਮਾਣ ਸੀ, ਪਰ ਫੇਰ ਵੀ ਉਸ ਦੀ ਕਮੀ ਉਸ ਨੂੰ ਬਹੁਤ ਖਲਦੀ, ਉਹ ਦੋ ਸਾਲ ਤੋਂ ਆਪਣੇ ਬੱਚੇ ਨੂੰ ਨਹੀਂ ਸੀ ਮਿਲਿਆ। ਉਹ ਫੇਰ ਇਕ ਵਾਰ ਪੁਰਾਣੀਆਂ ਯਾਦਾਂ ਵਿਚ ਗਵਾਚ ਗਿਆ।
ਨਜ਼ਰੀਆ: ਇਕ ਪਿਤਾ
ਪ੍ਰੋ. ਓਰਲੋਵ ਤਹਿ ਸਮੇਂ ‘ਤੇ ਕਾਲਜ ਤੋਂ ਘਰ ਆ ਰਹੇ ਸੀ। ਅੱਜ ਉਹਨਾਂ ਦੇ ਰਵੀਏ ਵਿਚ ਕੁਝ ਤਬਦੀਲੀ ਆਈ ਸੀ। ਇਸ ਤਰਾਂ ਲੱਗ ਰਿਹਾ ਸੀ ਜਿਵੇਂ ਜੰਗ ਜਿੱਤਣ ਦੀ ਖ਼ਬਰ ਨਾਲ ਉਹਨਾਂ ਦੀ ਉਮਰ ਦਸ ਸਾਲ ਘੱਟ ਹੋ ਗਈ ਹੋਵੇ। ਅਸਲੀ ਗੱਲ ਇਹ ਸੀ ਕਿ ਇਹ ਖ਼ਬਰ ਬਾਰ-ਬਾਰ ਆ ਰਹੀ ਸੀ ਕਿ ਹੁਣ ਫੌਜ ਦੇ ਜਵਾਨ ਆਪਣੇ ਘਰਾਂ ਨੂੰ ਵਾਪਿਸ ਆ ਜਾਣਗੇ। ਇਸਦਾ ਮਤਲਬ ਇਹ ਸੀ ਕਿ ਉਸਦਾ ਪੁੱਤਰ ਵੀ ਦੋ ਸਾਲ ਬਾਅਦ ਘਰ ਆ ਸਕੇਗਾ।
ਉਸ ਨੇ ਜਲਦੀ-ਜਲਦੀ ਨੌਕਰਾਣੀ ਨੂੰ ਬੁਲਾਇਆ ਕਿ ਰਸੋਈ ਸਾਫ ਕਰੇ, ਮਾਲੀ ਨੂੰ ਹੁਕਮ ਦਿੱਤਾ ਕਿ ਬਾਗ਼ ਦੀ ਸਫਾਈ ਕਰੇ। ਉਸ ਨੇ “ਘਰ ਵਾਪਸੀ ਲਈ ਸਵਾਗਤ” ਦੀ ਇਕ ਤਖ਼ਤੀ ਲਿਆ ਕੇ ਖਾਣੇ ਨਾਲੇ ਮੇਜ਼ ਦੀ ਪਿਛਲੀ ਕੰਧ ‘ਤੇ ਟੰਗ ਦਿੱਤੀ। ਹਲਕਾ ਜਿਹਾ ਸੰਗੀਤ ਲਾ ਕੇ ਉਹ ਆਪਣੇ ਪੁੱਤਰ ਦੇ ਸਵਾਗਤ ਲਈ ਕੀਤੇ ਪ੍ਰਬੰਧਾਂ ਦੀ ਚਿੰਤਾ ਕਰਦੇ ਹੋਏ ਉਸ ਨੂੰ ਘਬਰਾਹਟ ਵੀ ਹੋ ਰਹੀ ਸੀ। ਜਦੋਂ ਤੋਂ ਜੰਗ ਸ਼ੁਰੂ ਹੋਈ ਸੀ, ਉਹ ਇਸ ਦਿਨ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਉਸਦਾ ਪੁੱਤਰ ਵਾਪਿਸ ਆਏਗਾ ਅਤੇ ਉਹ, ਉਸਦੇ ਚਿਹਰੇ ‘ਤੇ ਜਿੱਤ ਦੀ ਖੁਸ਼ੀ ਦਾ ਜਲੌ ਦੇਖ ਸਕੇਗਾ। ਉਹ ਦਿਨ ਜਦੋਂ ਉਸਦਾ ਬੇਟਾ ਰੰਗ ਬਿਰੰਗੇ ਪੰਛੀਆਂ ਨੂੰ ਵਿਸ਼ਾਲ ਅੰਬਰ ਤੇ ਉੱਡਦੇ
ਦੇਖੇਗਾ। ਇਹ ਦਿਨ ਵਾਕਿਆ ਹੀ ਬਹੁਤ ਵੱਡਾ ਦਿਨ ਸੀ। ਉਸਨੇ ਸ਼ਾਮ ਦਾ ਸਾਰਾ ਸਮਾਂ ਆਪਣੇ ਪੁੱਤਰ ਦੇ ਮਨ ਪਸੰਦ ਖਾਣੇ ਬਣਾਉਣ ਵਿਚ ਹੀ ਲਾ ਦਿੱਤਾ।
ਘਰ ਦੀ ਘੰਟੀ ਵੱਜੀ। ਪ੍ਰੋਫੈਸਰ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆਈ ਅਤੇ ਉਹ ਕਾਹਲੀ-ਕਾਹਲੀ ਬਾਹਰ ਆਇਆ।
ਘਰ ਦੇ ਬਾਹਰ ਫੌਜੀ ਟਰੱਕ ਖੜਾ ਦੇਖ ਕੇ ਉਸ ਨੂੰ ਆਪਣੇ ਪੁੱਤਰ ਦੇ ਚਮਕਦੇ ਚਿਹਰੇ ਨੂੰ ਦੇਖਣ ਦੀ ਇੱਛਾ ਸੀ, ਪਰ ਜਦੋਂ ਉਸਨੇ ਆਪਣੇ ਬੇਟੇ ਦੀ ਜਗਾ ਫੌਜ ਦੇ ਕੁਝ ਜਵਾਨਾਂ ਨੂੰ ਖੜੇ ਦੇਖਿਆ, ਉਸ ਨੂੰ ਕੁਝ ਹੌਲ ਜਿਹਾ ਪਿਆ। ਨਹੀਂ, ਇਹ ਨਹੀਂ ਹੋ ਸਕਦਾ।ਉਸਦਾ ਡਰ ਠੀਕ ਹੀ ਨਿਕਲਿਆ। ਉਸਨੇ ਦੋ ਸਾਲ ਆਪਣੇ ਪੁੱਤਰ ਨੂੰ ਬਿਨਾ ਦੇਖਿਆਂ ਬਿਤਾਏ। ਉਸ ਨੂੰ ਆਸ ਨਹੀਂ ਸੀ ਕਿ ਜਦੋਂ ਉਹ, ਉਸ ਨੂੰ ਦੁਬਾਰਾ ਦੇਖੇਗਾ ਤਾਂ ਉਸਦਾ ਸਰੀਰ ਢਿੱਲਾ ਜਿਹਾ, ਨਿਰਜੀਵ ਅਤੇ ਕਫਨ ਨਾਲ ਢਕਿਆ ਹੋਵੇਗਾ। ਸਿਪਾਹੀ ਤਣੇ ਹੋਏ ਖੜੇ ਸਨ। ਉਹਨਾਂ ਵਿਚੋਂ ਇਕ ਨੇ ਕਿਹਾ, “ਉਹ ਬਹੁਤ ਬਹਾਦਰੀ ਨਾਲ ਲੜਿਆ।”
ਪਿਉ ਨੂੰ ਕੁਝ ਵੀ ਨਾ ਸੁਣਿਆ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਆਪਣੀ ਦੁਨੀਆਂ ਨੂੰ ਢਹਿ-ਢੇਰੀ ਹੁੰਦੇ ਦੇਖ ਰਿਹਾ ਸੀ। ਘਰ ਦੇ ਬਾਗ਼ ਵਿਚ ਲੱਗੇ ਦਰਖ਼ਤਾਂ ‘ਤੇ ਪੰਛੀਆਂ ਲਈ ਆਲ੍ਹਣੇ ਕੌਣ ਟੰਗੇਗਾ? ਉਸ ਨਾਲ ਮਨੁੱਖਤਾ ਅਤੇ ਦੇਸ ਭਗਤੀ ਤੇ ਕੌਣ ਬਹਿਸ ਕਰੇਗਾ? ਉਸ ਨੂੰ ਕੌਣ ਦੱਸੇਗਾ ਕਿ ਹਰ ਕੌਮ ਅਤੇ ਦੇਸ ਨਾਲੋਂ ਮਨੁੱਖਤਾ ਵੱਡੀ ਹੁੰਦੀ ਹੈ।
“ਸਰ, ਕੀ ਤੁਸੀਂ ਸਮਝਦੇ ਹੋ ਕਿ ਜਾਣ ਗਵਾਉਣ ਵਾਲਿਆਂ ਦੇ ਪਰਿਵਾਰਾਂ ਲਈ ਕੋਈ ਵੀ ਸਨਮਾਨ ਬਹੁਤ ਹੁੰਦਾ ਹੈ?” ਇਕ ਵਿਦਿਆਰਥੀ ਦੇ ਕਹੇ ਹੋਏ ਸ਼ਬਦ ਉਸਦੇ ਦਿਮਾਗ ਵਿਚ ਗੂੰਜਣ ਲੱਗੇ ਅਤੇ ਇਹਨਾਂ ਸ਼ਬਦਾਂ ਤੋਂ ਬਿਨਾਂ ਉਸ ਨੂੰ ਹੋਰ ਕੁਝ ਵੀ ਨਹੀਂ ਸੀ ਸੁਣ ਰਿਹਾ।
ਇਕ ਸਿਪਾਹੀ ਨੇ ਉਸ ਨੂੰ ਕਾਗਜ ਫੜਾਇਆ। ਹੰਝੂਆਂ ਕਾਰਨ ਉਸ ਨੂੰ ਸਭ ਕੁਝ ਧੁੰਧਲਾ-ਧੁੰਧਲਾ ਦਿਖ ਰਿਹਾ ਸੀ, ਪਰ ਉਸ ਨੇ ਆਪਣੇ ਪੁੱਤਰ ਦਾ ਨਾਂ ਪੜ੍ਹ ਲਿਆ ਅਤੇ ਉਸਦੇ ਬੇਟੇ ਦੀ ਬਹਾਦਰੀ ਸੰਬੰਧੀ ਕੁਝ ਲਿਖਿਆ ਹੋਇਆ। “ਇਹ ਕਾਫੀ ਨਹੀਂ ਹੈ।” ਪ੍ਰੋਫੈਸਰ ਨੇ ਕਿਹਾ। “ਇਹ ਕਾਫੀ ਨਹੀਂ ਹੈ।“ ਉਹ ਆਪਣੇ ਖਿਆਲਾਂ ਵਿਚ ਆਪਣੇ ਕਮਰੇ ਵਿਚ ਪਹੁੰਚ ਗਿਆ। ਉਸਦਾ ਬੱਚਾ ਚਲਾ ਗਿਆ। ਉਸਦੇ ਪੁੱਤਰ ਦੀ ਤਰਾਂ ਹੋਰ ਕਈ ਬੇ-ਗੁਨਾਹ ਵੀ ਚਲੇ ਗਏ। ਸ਼ਹਿਰ ਬਰਬਾਦ ਹੋ ਗਏ ਅਤੇ ਲੋਕ ਜ਼ਖ਼ਮੀ ਹੋ ਗਏ, ਮਰ ਗਏ ਜਾਂ ਅਫ਼ਸੋਸ ਮਨਾ ਰਹੇ ਹਨ। ਜੰਗ ਕਿਸੇ ਨੂੰ ਜਿਉਂਦਾ ਨਹੀਂ ਛੱਡਦੀ। ਜਦੋਂ ਉਸ ਨੇ ਆਪਣੀ ਕੱਟੜ ਦੇਸ ਭਗਤੀ ਦੀ ਐਨਕ ਉਤਾਰੀ ਫੇਰ ਹੀ ਉਸ ਨੂੰ ਦੁਨੀਆਂ ਦੀਆਂ ਮੁਸੀਬਤਾਂ ਦਾ ਪਤਾ ਲੱਗਿਆ। ਅਸਲੀ ਦੇਸ ਭਗਤੀ ਮਨੁੱਖਤਾ ਨੂੰ ਪਿਆਰ ਕਰਨਾ ਹੈ, ਨਾ ਕਿ ਬੇ ਮਤਲਬੀ ਜਿੱਤਾਂ ਦੇ ਜਸ਼ਨ ਮਨਾਉਣੇ, ਜਿੰਨਾਂ ਨਾਲ ਸਿਰਫ ਕੀਮਤੀ ਜਾਣਾ ਹੀ ਜਾਂਦੀਆਂ ਹਨ ਅਤੇ ਤਬਾਹੀ ਹੀ ਹੁੰਦੀ ਹੈ।