
ਦੀਦਾਰ ਸਿੰਘ ਸ਼ੇਤਰਾ ਨਵਾਂਸ਼ਹਿਰ
ਪੰਜਾਬ ਦੀ ਮਿੱਟੀ ਦੀ ਆਪਣੀ ਹੀ ਖਸਲਤ ਹੈ। ਪੰਜਾਬ ਸਦੀਆਂ ਤੋਂ ਹੀ ਸਥਾਪਤੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕਣ ਦੀ ਸਮਰੱਥਾ ਰੱਖਦਾ ਆਇਆ ਹੈ। ਪੰਜਾਬ ਦੇ ਜਇਆਂ ਨੂੰ ਨਿੱਤ ਮੁਹਿੰਮਾਂ। ਅਜਿਹੇ ਅਖਾਣ ਐਵੇਂ ਹੀ ਹੋਂਦ ਵਿੱਚ ਨਹੀਂ ਆਏ। ਪੰਜਾਬ ਨੇ ਬਾਬਰਾਂ ਨੂੰ ਵੰਗਾਰਨ, ਔਰੰਗਿਆਂ ਨੂੰ ਲਲਕਾਰਨ ਦਾ ਇਤਿਹਾਸ ਸਿਰਜਿਆ ਹੈ। ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ ਜਿਹੀਆਂ ਸਤਰਾਂ ਪਿੱਛੇ ਸਦੀਆਂ ਦਾ ਇਤਿਹਾਸ ਛੁਪਿਆ ਹੋਇਆ ਹੈ। ਬਾਬਾ ਨਾਨਕ ਤੋਂ ਨੌਵੇਂ ਨਾਨਕ ਤੱਕ ਨੇ ਕਿਵੇਂ ਜਿਉਣਾ ਹੈ ਅਤੇ ਕਿਵੇਂ ਮਰਨਾ ਹੈ, ਦ੍ਰਿੜ ਕਰਵਾਇਆ। ਦਸਵੇਂ ਨਾਨਕ ਨੇ ਹੋਕਾ ਦਿੱਤਾ। ਜਾਗਦੀ ਜਮੀਰ ਵਾਲੇ ਲੋਕ ਗੁਰੂ ਤੋਂ ਪਹੁਲ ਪ੍ਰਾਪਤ ਕਰਕੇ ਬਹਾਦਰ ਨਹੀਂ ਸੀ ਬਣੇ, ਗੁਰੂ ਤੋਂ ਪਹੁਲ ਹੀ ਬਹਾਦਰਾਂ ਛਕੀ ਸੀ। ਇਹ ਇਹੀ ਕਾਰਨ ਸੀ ਉਹਨਾਂ ਸਰਸਾ ਤਰਦਿਆਂ ,ਕੱਚੀਆਂ ਗੜ੍ਹੀਆਂ , ਸਰਹੰਦ ਦੀਆਂ ਕੰਧਾਂ ਅਤੇ ਮਾਛੀਵਾੜੇ ਦੇ ਜੰਗਲਾਂ ਨੂੰ ਅਮਰਤਾ ਬਖਸ਼ੀ। ਦੁਨੀਆਂ ਦਾ ਪਹਿਲਾ ਲੋਕਰਾਜ ਸਥਾਪਿਤ ਕਰਨ ਵਾਲੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਪੰਜਾਬ ਦੇ ਜੰਗਲਾਂ ਬੇਲਿਆਂ ਵਿੱਚ ਦਹਾਕਿਆਂ ਬੱਧੀ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਉਣ ਵਾਲੇ ਪੰਜਾਬੀਆਂ ਨੇ ਇਸ ਧਰਤ ਨੂੰ ਸਰਕਾਰੇ ਖਾਲਸਾ ਦਾ ਖੂਬਸੂਰਤ ਰਾਜ ਪ੍ਰਬੰਧ ਦਿੱਤਾ।
ਸਦੀਆਂ ਦੀ ਮੁਗਲ ਹਕੂਮਤ ਨੂੰ ਖਦੇੜਨ ਤੋਂ ਲੈ ਕੇ ਗੋਰਾਸ਼ਾਹੀ ਨਾਲ ਲੋਹਾ ਲੈਂਦਿਆਂ ਪਗੜੀ ਸੰਭਾਲ ਜੱਟਾ ਅੰਦੋਲਨ,ਗਦਰੀ ਬਾਬਿਆਂ, ਬੱਬਰ ਅਕਾਲੀਆਂ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਸੁਨਾਮ ਜਹੇ ਸੂਰਮਿਆਂ ਨੂੰ ਜਨਮ ਦਿੱਤਾ। ਗੋਰਾ ਕਾਰੋਬਾਰੀ ਪੰਜਾਬੀਆਂ ਅਤੇ ਬੰਗਾਲੀਆਂ ਵੱਲੋਂ ਉਹਨਾਂ ਵਿਰੁੱਧ ਵਿੱਢੇ ਘੋਲਾਂ ਤੋਂ ਸਤਿਆ, 20 ਵੀਂ ਸਦੀ ਦੇ ਦੂਸਰੇ ਦਹਾਕੇ ਦੇ ਆਖਰੀ ਵਰ੍ਹਿਆਂ ਵਿੱਚ ਆਪਣਾ ਕਾਰੋਬਾਰ, ਭਾਰਤੀ ਕਾਰੋਬਾਰੀ ਨੂੰ ਸੌਂਪ ,ਖਿਸਕ ਜਾਣਾ ਚਾਹੁੰਦਾ ਸੀ। ਪਰ ਦੇਸ਼ ਦੇ ਖੈਰ ਖੁਹਾਅ ਬਣੇ ਬੈਠੇ ਦੇਸੀ ਕਾਰੋਬਾਰੀਆਂ ਵੱਲੋਂ ਹਾਲੇ ਵਾਗਡੋਰ ਸੰਭਾਲਣ ਦੀ ਅਸਮਰਥਾ ਦਿਖਾਉਣ ਕਾਰਨ ਤਿੰਨ ਦਹਾਕੇ ਹੋਰ ਟਿਕਿਆ ਰਿਹਾ। ਜਾਣ ਲੱਗਿਆ ਗੋਰਾ ਸੋਚੀ ਸਮਝੀ ਚਾਲ / ਸਾਜਿਸ਼ ਤਹਿਤ ਹੱਸਦੇ ਵੱਸਦੇ ਪੰਜਾਬੀਆਂ ਅਤੇ ਬੰਗਾਲੀਆਂ ਦੇ ਵੇਹੜੇ ਚ ਸੇਹ ਦਾ ਤੱਕਲਾ (ਵੰਡ )ਗੱਡ ਕੇ ਲੱਖਾਂ ਪੰਜਾਬੀਆਂ ਦੇ ਕਤਲਾਂ , ਘਰ ਬਾਰਾਂ ਦੇ ਉਜਾੜੇ ਅਤੇ ਆਪਣਿਆਂ ਹੱਥੋਂ ਹੀ, ਆਪਣੀਆਂ ਹੀ ਧੀਆਂ ਭੈਣਾਂ ਦੀ ਹੁੰਦੀ ਬੇਪਤੀ ਦੇਖ ਖਿੜ ਖਿੜਾ ਕੇ ਹੱਸਿਆ ਸੀ।
ਪੰਜਾਬੀਆਂ ਨੇ ਆਪਣੇ ਅੱਲੇ ਜ਼ਖਮਾਂ ਦੀ ਚੀਸ ਨੂੰ ਪੁਰਖਿਆਂ ਵੱਲੋਂ ਬਖਸ਼ੇ ਸਿਧਾਂਤ ਦੀ ਨਜ਼ਰ ਵਿੱਚ ਪੀਣ ਦੀ ਕੋਸ਼ਿਸ਼ ਕੀਤੀ। ਮੁੜ ਪੈਰਾਂ ਤੇ ਖੜੇ ਹੋਏ। ਇਹਨਾਂ ਗੁਲਾਮੀ ਤਾਂ ਨਾ ਮੁਗਲ ਸ਼ਾਹੀ ਦੀ, ਨਾ ਹੀ ਗੋਰਾ ਸ਼ਾਹੀ ਦੀ ਪ੍ਰਵਾਨ ਕੀਤੀ ਸੀ ।ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਆਦੀ ਪੰਜਾਬੀਆਂ ਨੇ ਧਰਮ ਦੇ ਨਾਂ ਤੇ ਸਥਾਪਿਤ ਕੀਤੇ ਜਾਣ ਵਾਲੇ ਦੇਸ਼ ਦਾ ਵਿਰੋਧ ਕੀਤਾ ਸੀ। ਪੰਜਾਬ ਦਾ ਦੇਸ਼ ਪਿਆਰ ਹੀ ਸੀ ਕਿ ਧਰਮ ਦੇ ਨਾਂ ਤੇ ਗੋਰਾ ਸ਼ਾਹੀ ਵੱਲੋਂ ਸਥਾਪਿਤ ਕੀਤੇ ਜਾ ਰਹੇ ਪਾਕਿਸਤਾਨ ਦੀ ਸਰਹੱਦ ਜਮਨਾ ਨਦੀ ਦੀ ਥਾਂ ਵਾਘਾ ਬਾਰਡਰ ਤੱਕ ਸੀਮਤ ਕਰ ਦਿੱਤੀ ਗਈ। ਪੰਜਾਬ ਦਾ ਸੁਭਾਅ ਹੀ ਹੈ ਕਿ ਇਹ ਪਹਿਲੇ ਲਲਕਾਰੇ ਨਾਲ ਹੀ ਉੱਠ ਖੜੋਂਦਾ ਹੈ । 1947 ਦੇ ਵੱਢੇ ਟੁੱਕੇ ਪੰਜਾਬ ਨੇ ਲਾਲ ਪਾਰਟੀ ਦੇ ਸੂਰਮਿਆਂ ਦਾ ਸਾਥ ਦਿੱਤਾ। ਖ਼ੁਸ਼ ਹੈਸੀਅਤ ਮੋਰਚਾ, ਪਰਜਾ ਮੰਡਲ ਲਹਿਰ ਨੇ ਪੰਜਾਬ ਅੰਦਰ ਜ਼ਿੰਦਗੀ ਨੂੰ ਮੁੜ ਧੜਕਣ ਲਾ ਦਿੱਤਾ ਸੀ। 1966 ਵਿੱਚ ਇੱਕ ਹੋਰ ਦੁਖਾਂਤ ਵਾਪਰਿਆ । ਬੋਲੀ ਦੇ ਅਧਾਰ ਤੇ ਦੇਸ਼ ਭਰ ਵਿਚ ਕੀਤੀ ਗਈ ਸੂਬਿਆਂ ਦੀ ਸਥਾਪਨਾ ਦੀ ਥਾਂ ਪੰਜਾਬ ਦੇ ਇਕ ਧੜੇ ਵਲੋਂ ਆਪਣੀ ਮਾਂ ਬੋਲੀ ਤੋਂ ਮੁੱਖ ਮੋੜਨ ਦੇ ਨਾਂ ਹੇਠਾਂ ਅਤੇ ਦੂਸਰੇ ਧੜੇ ਨੇ ਬੋਲੀ ਦੇ ਮੁੱਦੇ ਨੂੰ ਪਿੱਠ ਦੇਕੇ ਸ਼ਕਲਾਂ ਦੇ ਅਧਾਰ ਤੇ ਵੋਟਾਂ ਦੀ ਰਾਜਨੀਤੀ ਤਹਿਤ ਸਿੱਖ ਵੋਟਾਂ ਨੂੰ ਮੁੱਖ ਰੱਖਦਿਆਂ ਪੰਜਾਬ ਫ਼ਿਰ ਵੰਡਿਆ ਗਿਆ। ਇਸ ਦੇ ਆਪਣੇ ਹੀ ਲੋਕਾਂ ਪੰਜਾਬੀਆਂ ਨੂੰ ਇਕ ਵਾਰ ਫਿਰ ਵੰਡ ਦਿੱਤਾ ਗਿਆ। ਇਸ ਦੀ ਤਾਕਤ ਹੋਰ ਕਮਜ਼ੋਰ ਹੋ ਗਈ। ਪਰ ਇਸ ਨੇ ਈਨ ਨਾ ਮੰਨੀ ।ਇਸ ਦੀ ਸਾਹ-ਰਗ , ਇਸ ਦੇ ਪਾਣੀ ਖੋਹ ਲਏ ।
70 ਵਿਆਂ ਵਿੱਚ ਕੇਂਦਰੀ ਹਾਕਮਾਂ ਫਿਰ ਇੱਕ ਚਾਲ ਖੇਡੀ । ਪੰਜਾਬ ਦਾ ਲੱਕ ਤੋੜਨ ਲਈ ਝੂਠੇ ਮੁਕਾਬਲਿਆਂ ਵਿੱਚ ਗਦਰੀ ਬਾਬਾ ਬੂਝਾ ਸਿੰਘ ਅਤੇ ਬਾਬਾ ਮਰਗਿੰਦਪੁਰੀ ਵਰਗੇ ਸੈਕੜੇ ਦੇ ਕਰੀਬ ਯੋਧਿਆਂ ਦਾ ਝੂਠੇ ਮੁਕਾਬਲਿਆਂ ਵਿੱਚ ਸ਼ਿਕਾਰ ਖੇਡਿਆ ।ਪੰਜਾਬ ਨੇ ਹਾਰ ਨਾ ਮੰਨੀ ।ਇਹੋ ਹੀ ਦੌਰ ਹੈ ਜਦੋਂ ਪੰਜਾਬ ਵਿੱਚ ਕੇਂਦਰੀ ਹਾਕਮਾ ਨਸ਼ਿਆਂ ਦੀ ਵਿਸਾਤ ਵਿਛਾਈ । ਜਿਹੜੀ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਖਹਿੜਾ ਨਹੀਂ ਛੱਡ ਰਹੀ ਹੈ। ਪੰਜਾਬ ਨੂੰ ਇੱਕ ਵਾਰ ਫਿਰ ਹਰਾਉਣ ਦੀ ਨੀਤ ਨਾਲ ਉਸ ਵੱਲੋਂ ਸੰਸਾਰ ਵਪਾਰ ਸੰਸਥਾ ਦੇ ਨਿਯਮਾਂ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਚਮਕਾਉਣ ਦੀ ਚਾਲ ਚੱਲੀ।ਆਪਣੇ ਪਾਣੀਆਂ ,ਪੰਜਾਬੀ ਬੋਲਦੇ ਇਲਾਕਿਆਂ ਅਤੇ ਪੰਜਾਬ ਦੀ ਆਪਣੀ ਧਰਤੀ ਤੇ ਉਸਾਰੀ ਰਾਜਧਾਨੀ ਚੰਡੀਗੜ੍ਹ ਲਈ ਲਾਏ ਕਪੂਰੀ ਲੋਕ ਮੋਰਚੇ ਨੂੰ ਖਦੇੜਨ ਦੀ ਚਾਲ ਤਹਿਤ ਇਸ ਲੋਕ ਯੁੱਧ ਨੂੰ ਹਾਕਮਾਂ ਧਰਮ ਯੁੱਧ ਦਾ ਨਾਂ ਦੇ ਕੇ ਪੰਜਾਬੀਆਂ ਦੇ ਪ੍ਰੇਰਨਾ ਸਰੋਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਦਿੱਤਾ । ਇਸ ਦੌਰ ਵਿੱਚ ਹੀ ਕੇਂਦਰੀ ਹਾਕਮਾਂ ਨੂੰ ਉਹਨਾਂ ਵੱਲੋਂ ਸਿਰਜੀ ਕਾਲੀ ਹਨ੍ਹੇਰੀ ਨੇ 1984 ਜਿਹੀ ਨਸਲ ਕੁਸ਼ੀ ਨਾਲ ਵੀ ਰੱਜ ਨਾ ਆਇਆ ।
ਬੇਪਛਾਣੀਆਂ ਹਜ਼ਾਰਾਂ ਲਾਸ਼ਾਂ ਦਾ ਹਿਸਾਬ ਮੰਗਣਾ ਵਾਲੇ ਖਾਲੜਾ ਨੂੰ ਵੀ ਲਾਸ਼ ਬਣਾ ਕਿਧਰੇ ਖਪਾ ਦਿੱਤਾ।ਇਹ ਫਿਰ ਉੱਠਿਆ ਦੇਸੀ ਕਾਰਪੋਰੇਟ ਦੇ ਹੱਥਾਂ ਵਿੱਚ ਖੇਡਦੀ ਦੇਸ਼ ਦੀ ਰਾਜਸਤਾ ਨੇ ਇਸ ਤੋਂ ਇਸ ਦੀ ਜਮੀਨ ਖੋਹਣ ਦੀ ਕੋਸ਼ਿਸ਼ ਕੀਤੀ। ਇਹ ਫਿਰ ਹਿੱਕ ਡਾਹਕੇ ਖੜ੍ਹ ਗਿਆ। ਦੇਸ਼ ਭਰ ਦੇ ਕਿਸਾਨ ਇਸ ਦੀ ਅਗਵਾਈ ਪ੍ਰਵਾਨ ਕਰਦੇ ਹੋਏ, ਇਸ ਦੀ ਪਿੱਠ ਪਿੱਛੇ ਆਣ ਖੜੇ ਹੋਏ। ਹਾਕਮਾਂ ਲੱਖ ਚਾਲਾਂ ਚੱਲੀਆਂ। ਪਰ ਸਫਲਤਾ ਨਾ ਮਿਲੀ। ਕਰੋਨਾ ਦੇ ਨਾਂ ਤੇ ਦੇਸ਼ ਦੇ ਲੋਕਾਂ ਦਾ ਸਬਰ, ਸਹਿਣ ਸ਼ਕਤੀ ਅਤੇ ਅਣਖ ਦੀ ਪਰਖ ਕਰਦਿਆਂ ਥਾਲੀਆਂ ਖੜਕਾ ਕੇ ਭਰਮਾਉਣ ਦੀਆਂ ਕੋਸ਼ਿਸ਼ਾਂ ਨੂੰ ਪੰਜਾਬੀਆਂ ਨੇ ਟਿੱਚ ਕਰਕੇ ਜਾਣਦਿਆਂ , ਸਾਹਮਣੇ ਪਰੋਸੇ ਗਏ ਕਈ ਤਥਾ ਕਥਿੱਤ ਇਨਕਲਾਬੀਆਂ ਦੇ ਫੋਕੇ ਨਾਹਰਿਆਂ ਨੂੰ ਰੱਦ ਕਰਦਿਆਂ, ਸਬਰ ਸੰਤੋਖ ਨਾਲ ਸੰਘਰਸ਼ ਕਰਦਿਆਂ ਜਿੱਤ ਪ੍ਰਾਪਤ ਕੀਤੀ। ਇਹ ਕਿਸਾਨੀ ਸੰਘਰਸ਼ ਦੁਨੀਆਂ ਭਰ ਦੇ ਕਿਸਾਨਾਂ ਲਈ ਰਾਹ ਦਰਸਾਵਾ ਹੋ ਨਿਬੜਿਆ। ਹਾਲੇ ਬੀਤੇ ਦੀਆਂ ਜਥੇਬੰਦਕ ਪ੍ਰਾਪਤੀਆਂ ਅਤੇ ਘਾਟਾਂ ਦਾ ਮੁਲੰਕਣ ਹੋ ਹੀ ਰਿਹਾ ਸੀ ਕਿ ਕੁੱਝ ਕਾਹਲਿਆਂ ਫਿਰ ਮੋਰਚਾ ਖੋਹਲ ਦਿੱਤਾ ।ਕੇਂਦਰੀ ਹਾਕਮ ਦਾਅ ਤੇ ਸੀ ।ਪੰਜਾਬ ਦੀਆਂ ਸਿਆਸੀ ਪਾਰਟੀਆਂ ਦਿੱਲੀ ਦੀਆਂ ਹੱਦਾਂ ਤੇ ਲੜੇ ਗਏ ਇਸ ਸਫਲ ਕਿਸਾਨ ਮੋਰਚੇ ਨੇ ਇੱਕ ਤਰ੍ਹਾਂ ਧਕੇਲ ਕੇ ਹਾਸ਼ੀਏ ਤੇ ਕਰ ਦਿੱਤੀਆਂ ਸਨ। ਜਿਹੜੇ ਪਹਿਲਾਂ ਕਾਲੇ ਕਾਨੂੰਨਾਂ ਨੂੰ ਠੀਕ ਆਖ ਰਹੇ ਸਨ, ਪੰਜਾਬ ਦੇ ਕਿਸਾਨਾਂ ਦੇ ਗੁੱਸੇ ਅੱਗੇ , ਹੱਥ ਖੜੇ ਕਰਕੇ, ਅਚਨਚੇਤ ਕੇਂਦਰੀ ਹਾਕਮਾਂ ਵੱਲੋਂ ਪਾਸਾ ਵੱਟ ਲੈਂਦੇ ਹਨ। ਪੰਜਾਬ ਦੇ ਕਿਸਾਨ ਆਗੂ ਸੂਬੇ ਦੇਸ਼ ਦੇ ਰਾਜਨੀਤਿਕ ਲੋਕਾਂ ਵਿੱਚ ਆਏ ਨਿਘਾਰ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਹੀ ਕਾਰਨ ਸੀ ਕਿ ਉਸ ਇਤਿਹਾਸਕ ਕਿਸਾਨ ਘੋਲ ਵਿੱਚ ਪੰਜਾਬ ਦੇ ਹਰ ਵਰਗ ਸਾਹਿਤਕ ਸੱਭਿਆਚਾਰਕ ਧਾਰਮਿਕ ਕਾਮਿਆਂ ਨੇ (ਸਿਰਫ ਸਿਆਸੀ ਆਗੂਆਂ ਨੂੰ ਛੱਡ ਕੇ) ਸਭ ਨੇ ਸ਼ਮੂਲੀਅਤ ਕੀਤੀ ।
ਉਸ ਕਿਸਾਨ ਘੋਲ ਦੀ ਹੀ ਪ੍ਰਾਪਤੀ ਸੀ ਕਿ ਪੰਜਾਬ ਨੇ ਇੱਥੋਂ ਦੇ ਸਾਰੇ ਸਿਆਸੀ ਦਾਅ ਖੋਰਾਂ ਨੂੰ ਰੱਦ ਕਰਕੇ ਬਿਨਾਂ ਕਾਡਰ ਤੋਂ ਹੋਂਦ ਵਿੱਚ ਆਏ ਇੱਕ ਨਵੇਂ ਗਰੁੱਪ ਨੂੰ ਮਾਨਤਾ ਦੇ ਕੇ ਸੂਬੇ ਦੀ ਵਾਗ ਡੋਰ ਸੰਭਾਲ ਦਿੱਤੀ ।ਬਦਕਿਸਮਤੀ ਨਾਲ ਪੰਜਾਬ ਦੇ 92,93 ਵਿਧਾਇਕਾਂ ਦੇ ਹੁੰਦਿਆਂ ਸੁੰਦਿਆਂ ਚਲਦੀ ਫਿਰ ਵੀ ਇੱਥੇ ਦਿੱਲੀ ਦੀ ਹੀ ਰਹੀ। ਉਹ ਭਾਵੇਂ ਰਾਜਸਭਾ ਮੈਂਬਰਾਂ ਦੀ ਚੋਣ ਦਾ ਮਾਮਲਾ ਹੋਵੇ ਜਾਂ ਪੰਜਾਬ ਦੇ ਮੁੱਖ ਮਸਲੇ / ਮੁੱਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ , ਚੰਡੀਗੜ੍ਹ ਅਤੇ ਨਸ਼ਿਆਂ ਦਾ ਵਗਦਾ ਛੇਵਾਂ ਦਰਿਆ ਨੂੰ ਭੁਲਾ ਕੇ ਸੰਗੀਤਮਈ ਕੁਰਸੀ ਤੇ ਬੈਠਾ ਪੰਜਾਬ ਦਾ ਪੁੱਤਰ (?) ਅਖਵਾਉਣ ਵਾਲਾ ਰਬੜ ਦੀ ਮੋਹਰ ਬਣ ਕੇ ਰਹਿ ਗਿਆ। ਦਿੱਲੀ ਅਤੇ ਯੂਪੀ ਤੋਂ ਉਧਾਰੇ ਲਏ ਦਬਕਿਆਂ ,ਬੁਲਡੋਜ਼ਰ ਸੱਭਿਆਚਾਰ ਸਦਕਾ ਪੰਜਾਬ ਨੂੰ ਇੱਕ ਵਾਰ ਫਿਰ ਭੈ-ਭੀਤ ਕਰਨ ਵੱਲ ਹੋ ਤੁਰਿਆ। ਉਸ ਸ਼ਾਇਦ ਆਪਣੇ ਪੁਰਖਿਆਂ ਦਾ ਇਤਿਹਾਸ ਨਹੀਂ ਸੀ ਪੜ੍ਹਿਆ ਹੋਇਆ। ਭਾਰਤੀ ਡੀਪ ਸਟੇਟ ਦੀ ਪੰਜਾਬ ਵਿਰੋਧੀ ਹਰ ਕੋਸ਼ਿਸ਼ ਨੂੰ ਫਿਟਕਾਰ ਪਾਉਂਦਾ ਪੰਜਾਬ ਹਰ ਵਾਰ ਉੱਠ ਖੜੋਂਦਾ ਹੈ। ਪੰਜਾਬ ਆਪਣੇ ਲੋਕਾਂ ਦੇ ਸਿਦਕੀ ਸਿਰੜੀ ਮਿਹਨਤੀ ਅਤੇ ਨਾਬਰੀ ਸੁਭਾਅ ਸਦਕਾ ਇੱਕ ਵਾਰ ਫਿਰ ਉਠੇਗਾ । ਪੰਜਾਬ,ਗੁਰੂ ਦੇ ਬਖਸ਼ੇ ਸਰਬੱਤ ਦੇ ਭਲੇ ਦੀ ਲਈ ਜੀਵਤ ਰਹੇਗਾ।
ਦੀਦਾਰ ਸਿੰਘ ਸ਼ੇਤਰਾ
ਬੀ-5/614, ਕਵਿਤਾ ਭਵਨ,
ਚੰਡੀਗੜ੍ਹ ਰੋਡ ,
ਨਵਾਂਸ਼ਹਿਰ ਦੋਆਬਾ- 144514
( ਸ਼ਹੀਦ ਭਗਤ ਸਿੰਘ ਨਗਰ) ਪੰਜਾਬ।
9814922559