‘ਫੁੱਲ ਪੱਤੀਆਂ’ ਕਾਵਿ ਸੰਗ੍ਰਹਿ ਦੇ ਤਿੰਨ ਰੰਗ

ਆਮ ਤੌਰ ਤੇ ਸੰਪਾਦਿਤ ਕਾਵਿ ਸੰਗ੍ਰਹਿ ਵਿਚ ਸੰਪਾਦਕ ਪੰਦਰਾਂ ਵੀਹ ਜਾਂ ਇਸ ਤੋਂ ਵੀ ਜਿਆਦਾ ਕਵੀਆਂ ਦੀਆਂ ਇਕ-ਇਕ ਜਾਂ ਦੋ- ਦੋ ਕਵਿਤਾਵਾਂ ਲੈ ਕੇ ਪੁਸਤਕ ਤਿਆਰ ਕਰ ਲੈਂਦੇ ਹਨ। ਇਸ ਨਾਲ ਭਾਵੇਂ ਪੁਸਤਕ ਦਾ ਆਕਾਰ ਤਾਂ ਵੱਧ ਜਾਂਦਾ ਹੈ, ਪਰ ਕਿਸੇ ਵੀ ਕਵੀ ਦੀ ਕਾਵਿ ਕਲਾ ਸੰਬੰਧੀ ਪਾਠਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਪ੍ਰਸਤੁਤ ਪੁਸਤਕ ਦੇ ਸੰਪਾਦਕ ਜਸਬੀਰ ਸਿੰਘ ਆਹਲੂਵਾਲੀਆ ਨੇ ਇਸ ਪੱਖੋਂ ਸਲਾਹੁਣਯੋਗ ਕੰਮ ਕੀਤਾ ਹੈ ਕਿ ਉਹਨਾਂ ਨੇ ਆਸਟ੍ਰੇਲੀਆ ਵਸਦੇ ਤਿੰਨ ਪਰਵਾਸੀ ਕਵੀਆਂ ਦੀਆਂ ਵੀਹ-ਵੀਹ ਤੋਂ ਵੀ ਜਿਆਦਾ ਕਵਿਤਾਵਾਂ ਨੂੰ ਸ਼ਾਮਿਲ ਕਰ ਕੇ ਪਾਠਕਾਂ ਨੂੰ ਸੰਬੰਧਿਤ ਕਵੀਆਂ ਦੀਆਂ ਕਾਵਿ ਸੰਭਾਵਨਾਵਾਂ ਤੋਂ ਜਾਣੂ ਕਰਵਾ ਦਿੱਤਾ ਹੈ। ਭਾਵੇਂ ਪੁਸਤਕ ਦੇ ਮੁੱਖ ਬੰਦ ਵਿਚ ਸੰਪਾਦਕ ਨੇ ਇਹ ਲਿਖਿਆ ਹੈ ਕਿ ‘ਫੁੱਲ ਪੱਤੀਆਂ’ ਵਿਚ ਸ਼ਾਮਿਲ ਤਿੰਨੇ ਕਵੀ ਸ਼ੌਕ ਵੱਜੋਂ ਹੀ ਲੇਖਕ ਹਨ, ਪਰ ਇਹਨਾਂ ਵਿਚੋਂ ਦੋ ਕਵੀ (ਤਖਤਿੰਦਰ ਸਿੰਘ ਸੰਧੂ ਅਤੇ ਸੰਪਾਦਕ ਜਸਬੀਰ ਸਿੰਘ ਆਹਲੂਵਾਲੀਆ) ਲੇਖਕ ਦੇ ਤੌਰ ਤੇ ਆਪਣੀ ਕੁਝ ਕੁ ਪਹਿਚਾਣ ਬਣਾ ਚੁੱਕੇ ਹਨ। ਤਖਤਿੰਦਰ ਸਿੰਘ ਦੀਆਂ ਕੁਝ ਕਵਿਤਾਵਾਂ ਇਕ ਸਾਂਝੇ ਸੰਗ੍ਰਹਿ ਵਿਚ ਸ਼ਾਮਿਲ ਹੋ ਚੁੱਕੀਆਂ ਹਨ ਅਤੇ ਆਸਟ੍ਰੇਲੀਆ ਤੋਂ ਪ੍ਰਕਾਸ਼ਿਤ ਕੁਝ ਪਰਚਿਆਂ ਵਿਚ ਵੀ ਉਸ ਦੀਆਂ ਕਵਿਤਾਵਾਂ ਛਪਦੀਆਂ ਰਹਿੰਦੀਆਂ ਹਨ। ਜਸਬੀਰ ਸਿੰਘ ਆਹਲੂਵਾਲੀਆ ਦੀਆਂ ਕੁਝ ਕਹਾਣੀਆਂ ਤਿੰਨ ਸੰਪਾਦਿਤ ਪੁਸਤਕਾਂ ਦਾ ਸ਼ਿੰਗਾਰ ਬਣੀਆਂ ਹਨ ਅਤੇ ਉਸਦਾ ਇਕ ਮੌਲਿਕ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਅਮਰੀਕ ਸਿੰਘ ਡੋਗਰਾ ਦੀਆਂ ਕਵਿਤਾਵਾਂ ਭਾਵੇਂ ਪਹਿਲੀ ਵਾਰ ਪੁਸਤਕ ਵਿਚ ਦਰਜ ਹੋ ਰਹੀਆਂ ਹਨ, ਪਰ ਉਹ ਸਿਡਨੀ ਦੇ ਗੁਰਦਵਾਰਿਆਂ ਅਤੇ ਸਾਹਿਤਕ ਹਲਕਿਆਂ ਵਿਚ ਇਕ ਚਰਚਿਤ ਨਾਂ ਹੈ। ਉਹ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕਰਦਾ ਰਹਿੰਦਾ ਹੈ।

ਤਖਤਿੰਦਰ ਸਿੰਘ ਸੰਧੂ ਦੀਆਂ 22 .ਗ਼ਜ਼ਲ ਨੁਮਾ ਰਚਨਾਵਾਂ ਵਿਚ ਪਰਵਾਸ ਅਤੇ ਆਪਣੇ ਦੇਸ ਦੇ ਕੁਝ ਵਰਤਾਰਿਆਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ਗ਼ਜ਼ਲ ਨੁਮਾ ਇਸ ਲਈ ਰਿਹਾ ਹੈ ਕਿ ਉਹ ਗ਼ਜ਼ਲ ਦੇ ਤਕਨੀਕੀ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਉਸ ਦਾ ਮੁੱਖ ਮੰਤਵ ਆਪਣੇ ਦਿਲ ਦੇ ਵਲਵਲਿਆਂ ਨੂੰ ਪੇਸ਼ ਕਰਨਾ ਹੈ ਨਾ ਕਰੇ ਗ਼ਜ਼ਲ ਦੇ ਕਰੜੇ ਨਿਯਮਾਂ ਦਾ ਧਿਆਨ ਰੱਖਣਾ।

ਤਖਤਿੰਦਰ ਨੂੰ ਪਤਾ ਹੈ ਕਿ ਸਾਡੇ ਦੇਸ ਵਿਚੋਂ ਜਿਆਦਾ ਪਰਵਾਸ ਆਪਣੇ ਅਤੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਹੁਲਾਰਾ ਦੇਣ ਲਈ ਕੀਤਾ ਜਾਂਦਾ ਹੈ। ਉਸ ਨੂੰ ਇਹ ਵੀ ਚੰਗੀ ਤਰਾਂ ਪਤਾ ਹੈ ਕਿ ਪੈਸੇ ਦਾ ਲਾਲਚ ਵੱਧਦਾ ਹੀ ਜਾਂਦਾ ਹੈ। ਇਹ ਲਾਲਚ ਸਮਾਂ ਬੀਤਣ ਦੇ ਨਾਲ-ਨਲ ਹੋਰ ਪ੍ਰਬਲ ਹੁੰਦਾ ਰਹਿੰਦਾ ਹੈ। ਉਸ ਦੀ ਪਹਿਲੀ ਹੀ ਗ਼ਜ਼ਲ ਦਾ ਪਹਿਲਾ ਸ਼ੇਅਰ ਹੀ ਇਸਦੀ ਵਧੀਆ ਉਦਾਹਰਣ ਹੈ:

ਪੈਸਿਆਂ ਲਈ ਅਸੀਂ ਪ੍ਰਦੇਸੀ ਭੱਜੇ, ਬਹੁਤ ਕਮਾ ਲਏ ਨਾ ਫੇਰ ਵੀ ਰੱਜੇ।
ਕੰਮ ਹੀ ਕੰਮ ਵੱਲ ਰਾਤ ਦਿਨ ਜਾਈਏ, ਆਪਣੇ ਲਈ ਨਾ ਸਮਾਂ ਕੱਢ ਪਾਈਏ।
ਕਵੀ ਨੂੰ ਇਹ ਵੀ ਭਲੀ-ਭਾਂਤ ਪਤਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਦੇਖਾ-ਦੇਖੀ ਦੇ ਚੱਕਰਾਂ ਵਿਚ ਪਿਆ ਪਰਵਾਸੀ ਆਪਣੇ ਆਪ ਨੂੰ ਕਿਸੇ ਜਾਲ ਵਿਤ ਫਸਿਆ ਮਹਿਸੂਸ ਰਚਦਾ ਹੈ:

ਦੇਖੋ ਦੇਖ ਖਰੀਦ ਲਈਆਂ ਕਾਰਾਂ, ਪੈਂਦੀਆਂ ਨੇ ਹੁਣ ਕਿਸ਼ਤਾਂ ਦੀਆਂ ਮਾਰਾਂ।
ਪਰਦੇਸੀਆਂ ਨੂੰ ਆਪਣੇ ਦੇਸ ਦਾ ਭੂ ਹੇਰਵਾ ਲੱਗਿਆ ਹੀ ਰਹਿੰਦਾ ਹੈ:
ਆ ਲੋਹੇ ਦੇ ਖੰਭਾਂ ਵਾਲੇ ਪੰਛੀਆਂ, ਤੈਨੂੰ ਡਾਲਰਾਂ ਦੇ ਚੋਗ ਚੁਗਾਵਾਂ
ਉੱਡ ਚਲ ਦੇਸ ਮੇਰੇ ਵੱਲ, ਮੈਨੂੰ ਉਡੀਕਣ ਪਿੰਡ ਦੀਆਂ ਰਾਵਾਂ।

ਇਹਨਾਂ ਸਤਰਾਂ ਵਿਚ ਹਵਾਈ ਜਹਾਜ ਨੂੰ ‘ਲੋਹੇ ਦੇ ਖੰਭਾਂ ਵਾਲਾ ਪੰਛੀ’ ਕਹਿਣਾ ਅਤੇ ਟਿੱਕਟਾਂ ਨੂੰ ‘ਡਾਲਰਾਂ ਦੇ ਚੋਗ’ ਨਾਲ ਤੁਲਨਾ ਕਰਨੀ ਕਲਾਮਈ ਕਾਵਿਕ ਸ਼ੈਲੀ ਦੀ ਵਧੀਆ ਉਦਾਹਰਣ ਹੈ। ‘ਕਿਸਾਨ ਦਾ ਦਰਦ’ ਨਜ਼ਮ ਵੀ ਤਖਤਿੰਦਰ ਦੀ ਵਧੀਆ ਕਾਵਿ ਰਚਨਾ ਹੈ, ਜਿਸ ਵਿਚ ਉਸ ਨੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ, ਬਾ-ਖ਼ੂਬੀ ਪੇਸ਼ ਕੀਤਾ ਹੈ।

ਕਰਜ਼ਾ ਤੇ ਵਿਆਜ ਦੇਖੋ ਦਿਨੋਂ ਦਿਨ ਵੱਧਦਾ, ਗੱਦੀਆਂ ਤੇ ਬੈਠੇ ਸੇਠਾਂ ਖ਼ਜ਼ਾਨੇ ਆਪਣੇ ਭਰੇ ਨੇ।
ਖਰੀਦ ਵੇਲੇ ਖੋਟਾ ਹੀ ਅਨਾਜ ਹੋਵੇ ਕਿਸਾਨ ਦਾ, ਵੇਚਣੇ ਜਦੋਂ ਕਹਿੰਦੇ ਇਹ ਮਾਲ ਬੜੇ ਹੀ ਖਰੇ ਨੇ।

ਜਸਬੀਰ ਸਿੰਘ ਆਹਲੂਵਾਲੀਆ ਨੂੰ ਮੈਂ ਬਤੌਰ ਕਹਾਣੀਕਾਰ ਤਾਂ ਜਾਣਦਾ ਹਾਂ, ਪਰ ਇਹ ਪੁਸਤਕ ਪੜ੍ਹ ਕੇ ਪਤਾ ਲੱਗਿਆ ਕਿ ਉਹ ਇਕ ਚੰਗਾ ਕਵੀ ਵੀ ਹੈ। ਪ੍ਰਸਤੁਤ ਪੁਸਤਕ ਵਿਚ ਉਸ ਦੀਆਂ ਵੀਹ ਕਵਿਤਾਵਾਂ ਦਰਜ ਹਨ। ਉਸ ਨੇ ਆਪਣੀਆਂ ਕਵਿਤਾਵਾਂ ਵਿਚ ਵਿਕੋਲਿਤਰੇ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰਗਟਾਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਹਾਣੀ ਦੇ ਨਾਲ-ਨਾਲ ਕਾਵਿ ਵਿਧਾ ਦਾ ਵੀ ਮਾਹਰ ਹੈ। ਉਸ ਨੇ ਪਿਆਰ ਮੁਹੱਬਤ ਦੀਆਂ ਕਵਿਤਾਵਾਂ ਵੀ ਲਿਖੀਆਂ ਹਨ, ਮਾਂ ਬੋਲੀ ਪ੍ਰਤੀ ਆਪਣਾ ਹੇਜ ਵੀ ਪ੍ਰਗਟਾਇਆ ਹੈ, ਉਸ ਦੀਆਂ ਕਵਿਤਾਵਾਂ ਵਿਚੋਂ ਧਾਰਮਿਕ ਰੰਗਣ ਵੀ ਝਲਕਦੀ ਹੈ, ਦੇਸ ਭਗਤੀ ਦੀ ਖੂਸ਼ਬੂ ਵੀ ਮਹਿਕਦੀ ਹੈ ਅਤੇ ਕਈ ਛੋਟੀਆਂ-ਛੋਟੀਆਂ ਦਿਸਣ ਵਾਲੀਆਂ ਚੀਜ਼ਾਂ ਨੂੰ ਵੀ ਉਹ ਆਪਣੀ ਕਾਵਿਕ ਸ਼ੈਲੀ ਰਾਹੀਂ ਪੇਸ਼ ਕਰ ਜਾਂਦਾ ਹੈ।

ਉਸਦੀ ਪਹਿਲੀ ਹੀ ਕਵਿਤਾ ‘ਬੂਹੇ ਤੇ ਲੱਗੀ ਘੰਟੀ’ ਇਕ ਬਹੁਤ ਹੀ ਭਾਵਪੂਰਤ ਕਵਿਤਾ ਹੈ। ‘ਜਲਿਆਂ ਵਾਲਾ ਬਾਗ਼’ ਕਵਿਤਾ ਭਾਵੇਂ ਉਸ ਨੇ ਆਪਣੇ ਕਾਲਜ ਸਮੇਂ ਲਿਖੀ ਸੀ, ਪਰ ਹੁਣ ਵੀ ਸਰੋਤੇ ਉਸ ਤੋਂ ਇਹ ਕਵਿਤਾ ਬਾਰ-ਬਾਰ ਸੁਣਨ ਦੀ ਫਰਮਾਇਸ਼ ਕਰਦੇ ਰਹਿੰਦੇ ਹਨ। ਜਿਸ ਕਿਸੇ ਨੇ ਜਲਿਆਂ ਵਾਲਾ ਬਾਗ਼ ਨਾ ਵੀ ਦੇਖਿਆ ਹੋਵੇ, ਇਹ ਕਵਿਤਾ ਪੜ ਕੇ ਉਸ ਦੇ ਸਾਹਮਣੇ ਜਲਿਆਂ ਵਾਲੇ ਬਾਗ਼ ਦਾ ਦ੍ਰਿਸ਼ ਸਾਕਾਰ ਹੋ ਜਾਂਦਾ ਹੈ। ‘ਜ਼ਿੰਦਗੀ ਦਾ ਸਫਰ’ ਦੀ ਕਾਵਿ ਸ਼ੈਲੀ ਕਾਬਲੇ ਤਾਰੀਫ਼ ਹੈ। ਇਸ ਵਿਚ ਕਦੇ ਉਹ ‘ਇਕ ਪਲ ਤੋਂ ਦੂਜੇ ਪਲ ਤੱਕ’ ਦੀ ਗੱਲ ਕਰਦਾ ਹੈ, ਕਦੇ ‘ਇਕ ਸਾਹ ਤੋਂ ਦੂਜੇ ਸਾਹ ਤੱਕ’ ਦੀ, ਕਦੇ ‘ਦੂਜੇ ਪਲ ਤੋਂ ਅਗਲੇ ਪਲ ਤੱਕ’ ਦੀ ਅਤੇ ਅੰਤ ਵਿਚ ਉਹ ਕਹਿੰਦਾ ਹੈ “ਸਾਹਾਂ ਦੇ ਇਸ ਚੱਕਰ ਵਿਤ ਬੰਨਿਆਂ/ ਜ਼ਿੰਦਗੀ ਦਾ ਇਹ ਸਫਰ ਮੁਕਾਵਾਂ।” ਇਕ ਤਰਾਂ ਨਾਲ ਉਸ ਨੇ ਜ਼ਿੰਦਗੀ ਦੀ ਸੱਚਾਈ ਪੇਸ਼ ਕਰ ਦਿੱਤੀ ਹੈ। ‘ਅੱਜ ਦੀ ਸਿੱਖੀ’ ਵਿਚ ਕਵੀ ਨੇ ਵਰਤਮਾਨ ਸਮੇਂ ਵਿਚ ਸਿੱਖ ਧਰਮ ਵਿਚ ਆਏ ਨਿਘਾਰਾਂ ਦੀ ਗੱਲ ਕੀਤੀ ਹੈ। ‘ਉਹ ਧਰਤੀ ਅਤੇ ਇਹ ਧਰਤੀ’ ਵਿਚ ਉਸ ਨੇ ਆਪਣੀ ਜਨਮ ਭੂਮੀ ਅਤੇ ਪਰਵਾਸ ਕਰਨ ਤੋਂ ਬਾਅਦ ਨਵੇਂ ਦੇਸ (ਆਸਟ੍ਰੇਲੀਆ) ਦੀ ਆਪਸੀ ਤੁਲਨਾ ਕੀਤੀ ਹੈ। ਕਵਿਤਾ ਦੀਆਂ ਪਹਿਲੀਆਂ ਸਤਰਾਂ ਹੀ ਪਾਠਕਾਂ ਨੂੰ ਆਪਣੇ ਨਾਲ ਜੋੜਨ ਵਾਲੀਆਂ ਹਨ:

ਉਸ ਧਰਤੀ ਦਾ ਰੰਗ ਲਾਲ ਸੀ/ਇਸ ਧਰਤੀ ਦਾ ਚਿੱਟਾ ਹੈ/ਉਹ ਧਰਤੀ ਦਾ ਵਾਸੀ ਕਾਲਾ ਸੀ/ ਇਸ ਧਰਤੀ ਦਾ ਵਾਸੀ ਚਿੱਟਾ ਹੈ। ਇਸ ਚਿੱਟੇ, ਕਾਲੇ ਦੀ ਹੀ ਮਾਇਆ ਹੈ/ਬਾਕੀ ਤਾਂ ਸਭ ਕੁਝ ਫਿੱਕਾ ਹੈ।

ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਦੋਹਾਂ ਮੁਲਕਾਂ ਦੀ ਵਿਵਹਾਰਕ ਸੋਚ ਦਾ ਅੰਤਰ ਸਪਸ਼ਟ ਹੋ ਜਾਂਦਾ ਹੈ:

ਜਿਸ ਗਊ ਦਾ ਇਹ ਦੁੱਧ ਪੀਵੇ
ਉਸ ਗਊ ਦਾ ਮਾਸ ਵੀ ਖਾਵੇ।

ਕਵੀ ਨੂੰ ਇਹ ਦੁੱਖ ਹੈ ਕਿ ਉਸ ਦੀ ਜਨਮ ਭੂਮੀ ਵਾਲੇ ਦੇਸ ਵਿਚ ਮਾਸੂਮ ਬੱਚੀਆਂ ਦੀ ਪੱਤ ਲੁੱਟਣ ਵਰਗੇ ਕੁਕਰਮ ਹੁੰਦੇ ਹੀ ਰਹਿੰਦੇ ਹਨ ਅਤੇ ਪੜ੍ਹੇ-ਲਿਖੇ ਨੌਜਵਾਨ ਵਿਹਲੇ ਹੀ ਫਿਰਦੇ ਰਹਿੰਦੇ ਹਨ ਅਤੇ ਜਾਤ-ਪਾਤ ਦਾ ਵੱਖਰੇਵਾਂ ਵੀ ਦੇਸ ਦੇ ਮਾਹੌਲ ਨੂੰ ਗੰਧਲਾ ਕਰਦਾ ਹੈ। ਇਸੇ ਲਈ ਉਹ ਕਹਿੰਦਾ ਹੈ:

ਪਰ ਇਸ ਧਰਤੀ ਤੇ/ਬੱਚੀਆਂ ਦੀ ਪੱਤ ਨਹੀਂ ਰੁਲਦੀ/ਚੜਦੀ ਜਵਾਨੀ/ਨੌਕਰੀ ਲਈ ਸੜਕਾਂ ਤੇ ਨਹੀਂ ਰੁਲਦੀ/ਇਕ ਦੂਜੇ ਤੋਂ ਜਾਤ-ਪਾਤ, ਊਚ-ਨੀਚ ਦੇ/ਅਫ਼ਸਾਨੇ ਨਹੀਂ ਸੁਣਦੀ।

ਇਸ ਤਰਾਂ ਜਸਬੀਰ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਪੜ੍ਹ ਕੇ ਇਸ ਗੱਲ ਦਾ ਭਲੀ-ਭਾਂਤ ਪਤਾ ਲੱਗ ਜਾਂਦਾ ਹੈ ਕਿ ਉਹ ਇਕ ਅਜਿਹਾ ਕਵੀ ਹੈ ਜੋ ਆਪਣੇ ਆਸੇ-ਪਾਸੇ ਜੋ ਵਾਪਰ ਰਿਹਾ ਹੈ, ਉਸ ਪ੍ਰਤੀ ਪੂਰੀ ਤਰਾਂ ਸੁਚੇਤ ਰਹਿੰਦਾ ਹੈ, ਉਸ ਵਿਚ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣ ਦੀ ਦਲੇਰੀ ਹੈ, ਉਹ ਭਾਵੇਂ ਆਪਣੇ ਵਿਰਸੇ ਨਾਲ ਵੀ ਜੁੜਿਆ ਹੋਇਆ ਹੈ, ਪਰ ਵਰਤਮਾਨ ਨਾਲ ਵੀ ਇੱਕ-ਮਿਕ ਹੋ ਕੇ ਰਹਿੰਦਾ ਹੈ।
‘ਫੁੱਲ ਪੱਤੀਆਂ’ ਦਾ ਤੀਜਾ ਕਵੀ ਅਮਰੀਕ ਸਿੰਘ ਡੋਗਰਾ ਹੈ। ਕੰਪਿਊਟਰ ਖੇਤਰ ਦਾ ਮਾਹਰ, ਕਵੀ ਡੋਗਰਾ ਭਾਵੇਂ ਸਿੱਖ ਧਰਮ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ, ਪਰ ਪੰਜਾਬ ਦੇ ਅਮੀਰ ਵਿਰਸੇ ਦੀ ਵੀ ਪੂਰੀ ਸੋਝੀ ਰੱਖਦਾ ਹੈ, ਮਾਂ ਬੋਲੀ ਪੰਜਾਬ ਪ੍ਰਤੀ ਚਿੰਤਾਤੁਰ ਵੀ ਹੈ, ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਹੈ, ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ ਉਠਾਉਂਦਾ ਹੈ, ਉਸ ਦੀ ਸੋਚ ਆਸ਼ਾਵਾਦੀ ਹੈ, ਵਹਿਮਾਂ ਭਰਮਾਂ ਨੂੰ ਨਿੰਦਦਾ ਵੀ ਹੈ। ਉਹ ਖੁਲ੍ਹੀ ਕਵਿਤਾ ਨਾਲੋਂ ਆਪਣੀ ਕਵਿਤਾ ਵਿਚ ਤੋਲ-ਤੁਕਾਂਤ ਦੀ ਪਰੰਪਰਾ ਨੂੰ ਅਪਨਾਉਂਦਾ ਹੈ।

ਉਪਰੋਕਤ ਵਿਸ਼ਿਆਂ ਤੇ ਤਾਂ ਉਹ ਬੜੇ ਵਧੀਆ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਾ ਹੈ ਅਤੇ ਪਾਠਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਪਰ ਉਸ ਦੀਆਂ ਸਾਰੀਆਂ ਕਵਿਤਾਵਾਂ ਨਾਲੋਂ ਇਕ ਵੱਖਰੇ ਹੀ ਵਿਸ਼ੇ ਨੂੰ ਪ੍ਰਗਟਾਉਂਦੀ ਉਸਦੀ ਕਵਿਤਾ ‘ਕੰਧ’ ਬੌਧਿਕ ਪਾਠਕਾਂ ਅਤੇ ਆਲੋਚਕਾਂ ਦਾ ਸਭ ਤੋਂ ਜਿਆਦਾ ਧਿਆਨ ਖਿੱਚਦੀ ਹੈ। ਇਸ ਵਿਚ ਉਸ ਨੇ ‘ਪੰਜ ਵੈਰੀ’, ‘ਕੁੱਟ ਕੁੱਟ ਲੇਪ ਬਣਾਉਣਾ, ‘ਕੰਧ’ ਬਣਾਉਣੀ, ‘ਆਪਣੀ ਟੌਰ’ ਬਣਾਉਣੀ, ਇਹਨਾਂ ਕੰਧਾਂ ਵੱਲੋਂ ਸਾਹ ਹੀ ਘੁਟਣਾ, ਅੰਤ ਵਿਚ ਕਵੀ ਨੂੰ ਪਛਤਾਵਾ ਹੋਣਾ ਕਿ ਜੇ ਉਸ ਨੇ ‘ਕੰਧਾਂ’ ਦੀ ਥਾਂ ‘ਪੁਲ ਬਣਾਏ’ ਹੁੰਦੇ ਅਤੇ ‘ਪ੍ਰੇਮ ਭਾਵ ਵਧਾਇਆ ਹੁੰਦਾ’ ਤਾਂ ਕਿੰਨਾ ਚੰਗਾ ਹੁੰਦਾ। ਕਵਿਤਾ ਦੇ ਅਖੀਰ ਵਿਚ ਕਵੀ ਨਸੀਹਤ ਕਰਦਾ ਹੈ:

ਆਉ ਆਪਸੀ ਪਿਆਰ ਵਧਾਈਏ/ਪਿਆਰ ਭਰਿਆ ਸੰਸਾਰ ਬਣਾਈਏ।

ਇਸੇ ਕਵਿਤਾ ਦੀਆਂ ਇਹ ਸਤਰਾਂ ਵੀ ਧਿਆਨ ਖਿੱਚਦੀਆਂ ਹਨ:

ਕੰਧਾਂ ਬਣਾਉਣ ਦਾ ਆਦੀ ਹੋ ਗਿਆ/ਭੁੱਲ-ਭੁਲਈਆਂ ‘ਚ ਮੈਂ ਖੋ ਗਿਆ/ਦਮ ਮੇਰਾ ਇਹ ਘੁੱਟਣ ਲੱਗੀਆਂ/ ਰਿਸ਼ਤੇ ਦੀ ਜੜ ਪੁੱਟਣ ਲੱਗੀਆਂ।
ਇਸ ਪ੍ਰਤੀਕਆਤਮਕ ਕਵਿਤਾ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਅਮਰੀਕ ਸਿੰਘ ਡੋਗਰਾ ਵਿਚ ਇਕ ਸੁਹਜਆਤਮਿਕ ਕਵੀ ਲੁਕਿਆ ਬੈਠਾ ਹੈ। ਜੇ ਉਹ ਅਜਿਹੀਆਂ ਕਵਿਤਾਵਾਂ ਰਚਣ ਵੱਲ ਪ੍ਰੇਰਿਤ ਹੋਵੇ ਤਾਂ ਪੰਜਾਬੀ ਕਾਵਿ ਜਗਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਸਕਦਾ ਹੈ।
ਇਸ ਤੋਂ ਇਲਾਵਾ ‘ਰੱਬ ਦਾ ਕੰਪਿਊਟਰ’ ਵੀ ਇਕ ਵਧੀਆ ਕਵਿਤਾ ਹੈ। ਕੰਪਿਊਟਰ ਦੇ ਖੇਤਰ ਦੀ ਸ਼ਬਦਾਵਲੀ(ਸੋਫ਼ਟਵੇਅਰ, ਵਾਇਰਸ, ਅਪਗਰੇਡ) ਦੀ ਵਰਤੋਂ ਕਰਕੇ ਰੱਬ ਵੱਲੋਂ ਦਿਸਦੇ ਅਤੇ ਅਣ-ਦਿਸਦੇ ‘ਖੰਡ-ਬ੍ਰਹਿਮੰਡ’ ਦੇ ਪਸਾਰੇ ਸੰਬੰਧੀ ਸਮਝਾ ਦਿੱਤਾ ਹੈ।
ਗੁਰੂ ਦੀ ਗੋਲਕ, ਮਾਂ ਬੋਲੀ ਪੰਜਾਬੀ, ਇਕ ਆਵਾਜ, ਭਰਮ ਵਹਿਮ ਆਦਿ ਕਵਿਤਾਵਾਂ ਵੀ ਪ੍ਰਭਾਵਿਤ ਕਰਦੀਆਂ ਹਨ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਸੰਪਾਦਿਤ ਕਾਵਿ ਸੰਗ੍ਰਹਿ ਆਮ ਪਾਠਕਾਂ ਵਿਚ ਪ੍ਰਵਾਨ ਚੜਨ ਵਾਲਾ ਹੈ। ਜੇ ਇਹ ਤਿੰਨੇ ਕਵੀ ਚੰਗੇ ਕਾਵਿ ਸਾਹਿਤ ਤੋਂ ਪ੍ਰੇਰਣਾ ਲੈ ਕੇ ਕਵਿਤਾਵਾਂ ਰਚਣ ਤਾਂ ਪੰਜਾਬੀ ਕਾਵਿ ਜਗਤ ਨੂੰ ਹੋਰ ਅਮੀਰ ਕਰ ਸਕਦੇ ਹਨ।
ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਦਿੱਖ ਅਤੇ ਸਵਰਕ ਪ੍ਰਭਾਵਸ਼ਾਲੀ ਹੈ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ