
ਜਦੋਂ ਵੀ ਮੈਂ ਇਕੱਲਾ ਬੈਠਾਂ ਹੋਵਾਂ, ਅਕਸਰ ਸੋਚਦਾ ਹਾਂ, ‘ਕੀ ਮੈਂ ਇਕ ਭਲਾ ਇਨਸਾਨ ਹਾਂ ਜਾਂ ਬੁਰਾ’? ਅੱਜ ਮੈਂ ਜੋ ਵੀ ਹਾਂ, ਕੀ ਮੇਰੇ ਹਾਲਾਤ ਨੇ ਮੈਨੂੰ ਅਜਿਹਾ ਬਣਾ ਦਿੱਤਾ ਹੈ’?
ਮੈਂ ਅਦਿਤਿਆ ਰਾਣਾ, ਮੇਰੀ ਕਹਾਣੀ ਹੈ ‘ਕਰੋਨਾ’ ਸਮੇਂ ਦੀ। ਇਹ ਕਹਾਣੀ ਉਸ ਸਮੇਂ ਸ਼ੁਰੂ ਹੋਈ ਜਦੋਂ 2020 ਵਿਚ ਕਰੋਨਾ ਦੀ ਹਲਚਲ ਕਰਕੇ ਮੈਂ ਪੈਸੇ-ਧੇਲੇ ਵੱਲੋਂ ਟੁੱਟ ਜਿਹਾ ਗਿਆ ਸੀ। ਹੌਲੀ-ਹੌਲੀ ਹਾਲਾਤ ਕੁਝ ਠੀਕ ਤਾਂ ਹੋਏ, ਪਰ ਬਹੁਤੇ ਵਧੀਆ ਨਹੀਂ। ਮੈਂ, ਜੋ ਕਦੇ ਇਕ ਹੋਟਲ ਦਾ ਮੁੱਖ ਚੈਫ ਸੀ, ਉਸ ਨੂੰ ਮਜ਼ਬੂਰੀ ਵੱਸ ਰਿਸ਼ੀਕੇਸ਼ ਦੇ ਇਕ ਕਾਫ਼ੀ ਹਾਉਸ ਵਿਚ ਕੰਮ ਕਰਨਾ ਪਿਆ, ਜਿਸ ਨਾਲ ਰੋਜ਼ੀ-ਰੋਟੀ ਚਲ ਪਈ। ਅਚਾਨਕ ਹੀ 24 ਨਵੰਬਰ,2020 ਨੂੰ ਮੈਨੂੰ ਜਰਮਨੀ ਤੋਂ ਮੇਰੇ ਇਕ ਕਰੀਬੀ ਮਿੱਤਰ ਦਾ ਫੋਨ ਆਇਆ। ਅਸਲ ਵਿਚ ਉਹ ਮੇਰਾ ਦੋਸਤ ਨਹੀਂ, ਗੁਰੂ ਸੀ, ਜਿਸ ਨੇ ਮੈਨੂੰ ਅਲੱਗ-ਅਲੱਗ ਤਰਾਂ ਦੇ ਖਾਣੇ ਬਣਾਉਣੇ ਸਿਖਾਏ ਸੀ, ਉਹ ਸੀ ਦਿਨੇਸ਼ ਮਹਿਰਾ। ਮੈਂ ਸਤਿਕਾਰ ਵਜੋਂ ਉਸ ਨੂੰ ਮਹਿਰਾ ਸਾਹਿਬ ਕਹਿ ਕੇ ਹੀ ਬੁਲਾਉਂਦਾ। ਉਸ ਨੇ ਦੱਸਿਆ ਕਿ ਉਸ ਨੂੰ ਜਰਮਨੀ ਵਿਚ ਉਸਦੀ ਸਹਾਇਤਾ ਲਈ ਇਕ ਸਹਾਇਕ ਦੀ ਲੋੜ ਹੈ ਅਤੇ ਮੈਨੂੰ ਕਿਹਾ ਕਿ ਜੇ ਮੈਂ ਚਾਹਵਾਂ ਕਾਂ ਉਸ ਕੋਲ ਆ ਸਕਦਾ ਹਾਂ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਮੁਸ਼ਕਿਲ ਸਮੇਂ ਕੋਈ ਮੇਰੀ ਸਹਾਇਤਾ ਕਰ ਰਿਹਾ ਹੈ। ਮਹਿਰਾ ਸਾਹਿਬ ਦੀ ਪਤਨੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ, ਉਸਦੀ ਇਕੋ-ਇਕ ਬੇਟੀ ਉਸ ਕੋਲ ਜਰਮਨੀ ਰਹਿ ਰਹੀ ਸੀ ਅਤੇ ਉਸਦੀ ਮਾਂ ਦੇਹਰਾਦੂਨ।
ਜਰਮਨੀ ਜਾਣ ਲਈ ਕਾਗਜ਼ੀ ਕਾਰਵਾਈ ਪੂਰੀ ਹੁੰਦੇ ਤਕਰੀਬਨ ਤਿੰਨ ਮਹੀਨੇ ਲੱਗ ਗਏ। 7 ਅਪ੍ਰੈਲ 2021 ਨੂੰ ਮੈਂ ਜਹਾਜ਼ ਚੜ੍ਹਨਾ ਸੀ। ਮੈਨੂੰ ਅਜੇ ਤੱਕ ਯਾਦ ਹੈ ਕਿ ਉਸ ਦਿਨ ਦਿੱਲੀ ਹਵਾਈ ਅੱਡੇ ਤੇ ਮੈਂ ਆਪਣੀ ਪ੍ਰੇਮਿਕਾ, ਸ੍ਰਿਸ਼ਟੀ ਤੋਂ ਕਿਵੇਂ ਜੁਦਾ ਹੋਇਆ ਸੀ। ਮੈਂ ਉਸ ਨਾਲ ਵਾਇਦਾ ਕੀਤਾ ਕਿ ਦੋ ਸਾਲ ਬਾਅਦ ਜਦੋਂ ਮੈਂ ਵਾਪਿਸ ਆਇਆ ਤਾਂ ਮੈਂ ਉਸਦੇ ਘਰ ਵਿਆਹ ਦਾ ਰਿਸ਼ਤਾ ਲੈ ਕੇ ਆਵਾਂਗਾ। ਜਦੋਂ ਮੈਂ ਜਰਮਨੀ ਪਹੁੰਚਿਆ ਤਾਂ ਮਹਿਰਾ ਸਾਹਿਬ ਅਤੇ ਉਹਨਾਂ ਦੀ ਬੇਟੀ ਮੈਨੂੰ ਲੈਣ ਆਏ ਹੋਏ ਸੀ। ਜ਼ਿੰਦਗੀ ਵਿਚ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਅਨਾਥ ਨਹੀਂ, ਮੇਰਾ ਪਰਿਵਾਰ ਮੈਨੂੰ ਹਵਾਈ ਅੱਡੇ ਤੇ ਲੈਣ ਆਇਆ ਹੈ।
ਇਕ ਦਿਨ ਅਰਾਮ ਕਰਕੇ ਮੈਂ ਮਹਿਰਾ ਸਾਹਿਬ ਨਾਲ ਉਹਨਾਂ ਦੇ ਰੈਸਟੋਰੈਂਟ ਜਾਣ ਲੱਗ ਪਿਆ ਜੋ ਕਿ ਡਸਲਫੋਰਡ ਦਾ ਬਹੁਤ ਹੀ ਪ੍ਰਸਿੱਧ ਰੈਸਟੋਰੈਂਟ ਸੀ। ਉਸ ਵਿਚ ਚਾਰ ਰਸੋਈਏ ਅਲੱਗ-ਅਲੱਗ ਸਮੇਂ ਕੰਮ ਕਰਦੇ ਸੀ। ਮਹਿਰਾ ਸਾਹਿਬ ਨੇ ਦੱਸਿਆ ਕਿ ਕਰੋਨਾ ਦੇ ਫੈਲਣ ਨਾਲ ਰੈਸਟੋਰੈਂਟ ਦੀ ਕਮਾਈ ਬਹੁਤ ਘਟ ਗਈ ਸੀ। ਸ਼ਾਮ ਦੇ ਸਮੇਂ ਉਹਨਾਂ ਦੀ ਬੇਟੀ ਵੀ ਆਪਣੇ ਪਿਤਾ ਦੇ ਕੰਮ ਵਿਚ ਹੱਥ ਵਟਾਉਣ ਆਉਂਦੀ।
ਮੈਨੂੰ ਜਰਮਨੀ ਆਏ ਨੂੰ ਡੇਢ ਲਾਲ ਹੋ ਚੁੱਕਿਆ ਸੀ। ਹੁਣ ਮੈਨੂੰ ਇਸ ਗੱਲ ਦੀ ਕਾਹਲੀ ਸੀ ਕਿ ਮੈਂ ਕਦੋਂ ਦੇਸ ਵਾਪਿਸ ਜਾਵਾਂ ਅਤੇ ਸ੍ਰਿਸ਼ਟੀ ਨਾਲ ਕੀਤਾ ਵਾਅਦਾ ਪੂਰਾ ਕਰਾਂ, ਪਰ ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ।
ਮਹਿਰਾ ਸਾਹਿਬ ਬਿਮਾਰ ਹੋ ਗਏ। ਜਦੋਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ tan ਪਤਾ ਲੱਗਿਆ ਕਿ ਉਹਨਾਂ ਨੂੰ ਕਰੋਨਾ ਹੈ। ਉਹ ਪੰਦਰਾਂ ਦਿਨ ਹਸਪਤਾਲ ਰਹੇ। ਇਸ ਦੌਰਾਨ ਮੈਂ ਉਹਨਾਂ ਦੀ ਸੇਵਾ ਕਰਨ ਵਿਚ ਕੋਈ ਕਸਰ ਨਾ ਛੱਡੀ। ਮਹਿਰਾ ਸਾਹਿਬ ਨੇ ਮੇਰੇ ਕੋਲੋਂ ਵਾਅਦਾ ਲਿਆ ਕਿ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਮੈਂ ਉਹਨਾਂ ਦੀ ਬੇਟੀ ਅਤੇ ਮਾਂ ਦਾ ਪੂਰਾ ਧਿਆਨ ਰੱਖਾਂਗਾ। ਡਾਕਟਰਾਂ ਨੇ ਉਹਨਾਂ ਦਾ ਇਲਾਜ ਕਰਨ ਲਈ ਕੋਈ ਕਸਰ ਨਾ ਛੱਡੀ, ਪਰ ਉਹਨਾਂ ਨੂੰ ਬਚਾ ਨਾ ਸਕੇ। ਉਹਨਾਂ ਦੀ ਬੇਟੀ ਰੌਸ਼ਨੀ ਦੀ ਉਮਰ ਉਸ ਸਮੇਂ 15 ਸਾਲ ਦੀ ਹੀ ਸੀ। ਉਸ ਲਈ ਆਪਣੇ ਪਿਤਾ ਦਾ ਵਿਛੋੜਾ ਸਹਾਰਨਾ ਬਹੁਤ ਮੁਸ਼ਕਿਲ ਸੀ। ਰੈਸਟੋਰੈਂਟ ਦੀ ਕਮਾਈ ਇਕ ਬਾਰ ਫੇਰ ਘਟਣ ਲੱਗੀ, ਇਸ ਲਈ ਸਾਨੂੰ ਮਜ਼ਬੂਰੀ ਵਿਚ ਰੈਸਟੋਰੈਂਟ ਬੰਦ ਕਰਨਾ ਪਿਆ। ਅਖੀਰ ‘ਚ ਇਹ ਫੈਸਲਾ ਕੀਤਾ ਕਿ ਮੈਂ ਰੌਸ਼ਨੀ ਨੂੰ ਇੰਡੀਆ ਵਾਪਸ ਲੈ ਜਾਵਾਂ।
ਇੰਡੀਆ ਆ ਕੇ ਪਹਿਲਾ ਕੰਮ ਮੈਂ ਇਹ ਕੀਤਾ ਕਿ ਮਹਿਰਾ ਸਾਹਿਬ ਦੇ ਮਾਤਾ ਜੀ ਕੋਲ ਦੇਹਰਾਦੂਨ ਗਿਆ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਉਹਨਾਂ ਨੂੰ, ਉਹਨਾਂ ਦੇ ਪੁੱਤਰ ਦੇ ਤੁਰ ਜਾਣ ਦੀ ਖ਼ਬਰ ਕਿਵੇਂ ਦੱਸਾਂ। ਉਹਨਾਂ ਨੂੰ ਦਿੱਖਦਾ ਵੀ ਬਹੁਤ ਘੱਟ ਸੀ ਅਤੇ ਦੂਜਾ ਉਹਨਾਂ ਦੀ ਯਾਦਾਸ਼ਤ ਵੀ ਕਮਜ਼ੋਰ ਹੋ ਚੁੱਕੀ ਸੀ। ਰੌਸ਼ਨੀ ਅਤੇ ਮੈਨੂੰ ਘਰ ਆਇਆ ਦੇਖ ਕੇ ਉਹਨਾਂ ਨੂੰ ਲੱਗਿਆ ਜਿਵੇਂ ਮੈਂ ਉਹਨਾਂ ਦਾ ਪੁੱਤਰ ਹਾਂ ਜੋ ਆਪਣੀ ਧੀ ਨਾਲ ਜਰਮਨੀ ਤੋਂ ਉਹਨਾਂ ਨੂੰ ਮਿਲਣ ਆਇਆ ਹਾਂ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹਨਾਂ ਨੇ ਮੈਨੂੰ ਅਤੇ ਆਪਣੀ ਪੋਤੀ ਨੂੰ ਕਲਾਵੇ ਵਿਚ ਲੈ ਲਿਆ। ਮੈਂ ਚੁੱਪ ਹੀ ਰਿਹਾ ਅਤੇ ਸੋਚਣ ਲੱਗਿਆ ਕਿ ਕੀ ਕਰਾਂ। ਬਜ਼ੁਰਗ ਔਰਤ ਲਗਾਤਾਰ ਬੋਲੀ ਜਾ ਰਹੀ ਸੀ। ਅਸੀਂ ਦੋਵੇਂ ਉਸਦੀ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਹਾਲਤ ਵਿਚ ਨਹੀਂ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਅਗਲੇ ਦਿਨ ਉਥੋਂ ਚਲਾ ਜਾਵਾਂਗਾ, ਪਰ ਮਹਿਤਾ ਸਾਹਿਬ ਦੀ ਬੁੱਢੀ ਮਾਂ ਅਤੇ ਲਾਚਾਰ ਰੌਸ਼ਨੀ ਦਾ ਚਿਹਰਾ ਦੇਖ ਕੇ ਮੈਂ ਜਾ ਨਾ ਸਕਿਆ ਅਤੇ ਉਹਨਾਂ ਕੋਲ ਹੀ ਰਹਿਣ ਦਾ ਫੈਸਲਾ ਕੀਤਾ। ਮੈਂ ਸ੍ਰਿਸ਼ਟੀ ਨਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਇਆ। ਮੈਨੂੰ ਰੌਸ਼ਨੀ ਦੀ ਪੜ੍ਹਾਈ ਅਤੇ ਉਸਦੀ ਦਾਦੀ ਦੀ ਸਿਹਤ ਦਾ ਵੀ ਫਿਕਰ ਸੀ। ਰੌਸ਼ਨੀ ਦਾ ਦਾਖ਼ਲਾ ਇਕ ਵਧੀਆ ਸਕੂਲ ਵਿਚ ਕਰਵਾ ਦਿੱਤਾ। ਹੁਣ ਸਮੱਸਿਆ ਸੀ ਮਹਿਰਾ ਸਾਹਿਬ ਦੇ ਮਾਤਾ ਜੀ ਦੇ ਇਲਾਜ ਦੀ। ਉਹਨਾਂ ਦਾ ਇਲਾਜ ਦੇਹਰਾਦੂਨ ਦੇ ਵਧੀਆ ਹਸਪਤਾਲ ਵਿਚੋਂ ਕਰਵਾਉਣਾ ਸ਼ੁਰੂ ਕੀਤਾ। ਡਾਕਟਰ ਨੇ ਦੱਸਿਆ ਕਿ ਉਹਨਾਂ ਦੀ ਐਨੀਸੀਆ(ਭੁੱਲਣ ਦੀ ਬਿਮਾਰੀ)ਦੂਜੀ ਸਟੇਜ ਤੇ ਹੈ ਅਤੇ ਕੁਝ ਟੈਸਟ ਦੱਸੇ। ਰੌਸ਼ਨੀ ਵੀ ਸਾਡੇ ਨਾਲ ਹੀ ਸੀ।
ਜਦੋਂ ਅਸੀਂ ਟੈਸਟ ਕਰਵਾਉਣ ਲੈਬੋਰਟਰੀ ਪਹੁੰਚੇ ਤਾਂ ਉਸ ਦਿਨ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਉਥੇ ਮੈਨੂੰ ਮੇਰੀ ਦੋਸਤ ਸ੍ਰਿਸ਼ਟੀ ਮਿਲੀ ਜੋ ਲੈਬ ਵਿਚ ਕੰਮ ਕਰਦੀ ਸੀ, ਪਰ ਉਹ ਇਸ ਤਰਾਂ ਪੇਸ਼ ਆਈ ਜਿਵੇਂ ਉਹ ਮੈਨੂੰ ਜਾਣਦੀ ਹੀ ਨਾ ਹੋਵੇ। ਜਦੋਂ ਉਸਨੇ ਮੈਨੂੰ ਮਹਿਤਾ ਸਾਹਿਬ ਦੀ ਮਾਂ ਅਤੇ ਰੌਸ਼ਨੀ ਨਾਲ ਦੇਖਿਆ ਤਾਂ ਪਤਾ ਨਹੀਂ ਉਸ ਨੂੰ ਕੀ ਹੋ ਗਿਆ। ਉਸਨੇ ਮੇਰੇ ਵੱਲ ਇਸ ਤਰਾਂ ਦੇਖਿਆ ਜਿਵੇਂ ਮੈਂ ਕੁਝ ਗਲਤ ਕੀਤਾ ਹੋਵੇ। ਮੈਂ ਉਸਦੇ ਬਦਲੇ ਰਵੀਏ ਨੂੰ ਦੇਖ ਕੇ ਦੁਬਿਧਾ ਵਿਚ ਪੈ ਗਿਆ। ਦੂਜੇ ਦਿਨ ਮੈਂ ਟੈਸਟ ਰਿਪੋਰਟਾਂ ਲੈਣ ਲੈਬ ਵਿਚ ਦੁਬਾਰਾ ਗਿਆ, ਪਰ ਸ੍ਰਿਸ਼ਟੀ ਉਥੇ ਨਹੀਂ ਸੀ। ਮੈਂ ਲੈਬ ਵਿਚ ਕੰਮ ਕਰਨ ਵਾਲੇ ਕਿਸੇ ਕਰਮਚਾਰੀ ਤੋਂ ਉਸ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਸ ਦਿਨ ਉਸਦੀ ਮੰਗਣੀ ਸੀ। ਇਹ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਿਆ। ਰਿਪੋਰਟਾਂ ਲੈ ਕੇ ਮੈਂ ਘਰ ਚਲਾ ਗਿਆ। ਉਸ ਦਿਨ ਮੈਂ ਆਪਣੇ ਅਤੀਤ ਨੂੰ ਭੁੱਲ ਜਾਣ ਦਾ ਫੈਸਲਾ ਕੀਤਾ।
ਮੈਂ ਇਕ ਯਤੀਮ ਸੀ, ਪਰ ਹੁਣ ਰੱਬ ਨੇ ਮੈਨੂੰ ਪਿਆਰ ਕਰਨ ਵਾਲੀ ਇਕ ਮਾਂ ਦੇ ਦਿੱਤੀ ਹੈ ਅਤੇ ਇਕ ਬਹੁਤ ਹੀ ਪਿਆਰੀ ਬੇਟੀ।
ਸਭ ਕੁਝ ਠੀਕ ਚਲ ਰਿਹਾ ਸੀ, ਪਰ ਇਕ ਦਿਨ ਅਚਾਨਕ ਹੀ ਮਾਂ ਦੀ ਯਾਦਾਸ਼ਤ ਵਾਪਿਸ ਆ ਗਈ। ਉਸਨੇ ਮੈਨੂੰ ਕਾਹਲੀ ਨਾਲ ਪੁੱਛਿਆ, “ਤੂੰ ਕੌਣ ਹੈਂ, ਮੇਰਾ ਪੁੱਤਰ ਕਿਥੇ ਹੈ?”
ਇਕ ਲੰਬਾ ਸਾਹ ਲੈ ਕੇ ਉਹ ਰੋਣ ਲੱਗੀ। ਉਸਨੇ ਦੱਸਿਆ ਕਿ ਉਸ ਦਾ ਪੁੱਤਰ ਹਰ ਹਫ਼ਤੇ ਹੀ ਉਸ ਨੂੰ ਜਰਮਨੀ ਤੋਂ ਫੋਨ ਕਰਦਾ ਸੀ, ਪਰ ਬਹੁਤ ਸਮੇਂ ਤੋਂ ਉਸਨੇ ਫੋਨ ਨਹੀਂ ਕੀਤਾ। ਉਸਨੇ ਆਪਣੇ ਬੇਟੇ ਦੀਆਂ ਪਸੰਦ ਅਤੇ ਨਾ ਪਸੰਦ ਚੀਜ਼ਾਂ ਬਾਰੇ ਵੀ ਦੱਸਿਆ। ਮੈਨੂੰ ਉਸਦੀ ਦਿਮਾਗੀ ਹਾਲਤ ਦਾ ਪਤਾ ਨਹੀਂ ਸੀ ਲੱਗ ਰਿਹਾ।
ਅਗਲੇ ਦਿਨ ਡਾਕਟਰ ਨੂੰ ਮੈਂ ਮਾਂ ਦੀ ਹਾਲਤ ਬਾਰੇ ਦੱਸਿਆ। ਉਸ ਅਨੁਸਾਰ ਇਹ ਸਭ ਕੁਝ ਦਵਾਈਆਂ ਅਤੇ ਉਸਦੇ ਅਚੇਤ ਮਨ ਕਰਕੇ ਸੀ। ਉਹ ਦਿਨ ਵੀ ਮੇਰੇ ਲਈ ਬਹੁਤ ਨਹਿਸ਼ ਦਿਨ ਸੀ। ਮੈਨੂੰ ਆਪਣਾ ਪਹਿਲਾ ਪਿਆਰ ਫੇਰ ਦਿੱਖਿਆ। ਉਸਦੀਆਂ ਬਾਂਹਾਂ ਲਾਲ ਚੂੜੀਆਂ ਨਾਲ ਭਰੀਆਂ ਹੋਈਆਂ ਸੀ। ਘਰ ਪਹੁੰਚ ਕੇ ਮੈਂ ਕਿਸੇ ਨਾ ਕਿਸੇ ਕੰਮ ਵਿਚ ਰੁਝਿਆ ਰਿਹਾ। ਮੈਨੂੰ ਮਹਿਰਾ ਸਾਹਿਬ ਦੀ ਡਾਇਰੀ ਮਿਲੀ, ਜਿਸ ਵਿਚ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਕਈ ਗੱਲਾਂ ਲਿਖੀਆਂ ਹੋਈਆਂ ਸੀ, ਪਰ ਮੈਂ ਪੂਰੀ ਡਾਇਰੀ ਨਾ ਪੜ੍ਹੀ। ਮੈਂ ਉਹ ਪੰਨਾ ਜਰੂਰ ਪੜ੍ਹਿਆ ਜਿਸ ‘ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਮਕਸਦ ਸੰਬੰਧੀ ਲਿਖਿਆ ਹੋਇਆ ਸੀ। ਉਹਨਾਂ ਦੀ ਇਹ ਇੱਛਾ ਸੀ ਕਿ ਉਹ ਆਪਣੇ ਸ਼ਹਿਰ ਦੇਹਰਾਦੂਨ ਵਿਚ ਇਕ ਰੈਸਟੋਰੈਂਟ ਖੋਲਣ। ਮੈਂ ਇਸ ਸੰਬੰਧੀ ਬਹੁਤ ਸੋਚਿਆ ਅਤੇ ਰੌਸ਼ਨੀ ਨਾਲ ਵੀ ਗੱਲ ਕੀਤੀ। ਮੈਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਰੈਸਟੋਰੈਂਟ ਤੇ ਲਾ ਦਿੱਤੀ। ਛੇ ਮਹੀਨੇ ਬਾਅਦ ਜਦੋਂ ਰੈਸਟੋਰੈਂਟ ਖੋਲਿਆ ਤਾਂ ਉਸਦੇ ਨਾਂ ਰੱਖਿਆ ‘ਮਹਿਰਾ ਕਿਚਨ’।
ਹੁਣ ਮੈਂ ਆਪਣੀ ਜ਼ਿੰਦਗੀ ਆਪਣੀ ਬੇਟੀ ਅਤੇ ਆਪਣੀ ਮਾਂ ਨਾਲ ਬਿਤਾ ਰਿਹਾ ਹਾਂ। ਕਈ ਬਾਰ ਮੈਂ ਆਪਣੇ ਆਪ ਤੋਂ ਪੁੱਛਦਾ ਹਾਂ, “ਕੀ ਸਾਡੀ ਜ਼ਿੰਦਗੀ ਵਿਚ ਜੋ ਕੁਝ ਵੀ ਵਾਪਰਦਾ ਹੈ, ਉਹ ਪਹਿਲਾਂ ਹੀ ਲਿਖਿਆ ਹੁੰਦਾ ਹੈ ਅਤੇ ਕੌਣ ਲਿਖੇ ਸਾਡੇ ਲੇਖ?”
ravindersodhi51@gmail.com