ਬਚਪਨ ਵਿਚ ਐਨਾ ਸਾਈਕਲ ਚਲਾਇਆ, ਐਨਾ ਸਾਈਕਲ ਭਜਾਇਆ ਕਿ ਮਨ ਅੱਕ-ਥੱਕ ਗਿਆ। ਫਿਰ ਕਦੇ ਨਾ ਸਾਈਕਲ ਚਲਾਇਆ, ਨਾ ਚਲਾਉਣ ਦੀ ਚਾਹ ਰਹੀ। ਦਹਾਕਿਆਂ ਦੇ ਦਹਾਕੇ ਬੀਤ ਗਏ।
ਸੈਰ-ਕਸਰਤ-ਯੋਗਾ ਮੈਨੂੰ ਲੱਗਦਾ ਏਨਾ ਤਸੱਲੀਬਖਸ਼ ਹੈ। ਸਰੀਰਕ ਸਰਗਰਮੀ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਪਰ ਰਿਟਾਇਰਮੈਂਟ ਬਾਅਦ ਉਮਰ ਦੇ ਇਸ ਪੜ੍ਹਾ ʼਤੇ ਸਾਈਕਲਿੰਗ ਦਾ ਸ਼ੌਕ ਜਾਗ ਪਿਆ ਹੈ। ਮੈਂ ਅਕਸਰ ਪੜ੍ਹਦਾ ਹਾਂ ਕਿ ਜ਼ਿੰਦਗੀ ਵਿਚ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ। ਨਵੀਆਂ ਕਸਰਤਾਂ, ਨਵੇਂ ਸਿਹਤ-ਗੁਰ ਅਪਣਾਉਂਦੇ ਰਹੋ।
ਫਿਰ ਜਦ ਸਾਈਕਲਿੰਗ ਦੇ ਸਿਹਤ-ਫਾਇਦਿਆਂ ʼਤੇ ਨਜ਼ਰ ਮਾਰੀ ਤਾਂ ਮਨ ਵਿਚ ਆਇਆ ਹੋਰ ਕੀ ਚਾਹੀਦਾ ਹੈ। ਹਿੰਙ ਲੱਗੇ ਨਾ ਫੜਕੜੀ ਰੰਗ ਵੀ ਆਵੇ ਚੋਖਾ। ਇਕ ਤੀਰ ਨਾਲ ਕਈ ਨਿਸ਼ਾਨੇ।
ਐਤਵਾਰ ਨੂੰ ਹੀ ਸਾਈਕਲਾਂ ਵਾਲੇ ਬਜ਼ਾਰ ਜਾ ਪੁੱਜਾ। ਇਹ ਸੋਚ ਕੇ ਕਿ ਕੋਈ ਨਾ ਕੋਈ ਦੁਕਾਨ ਤਾਂ ਖੁਲ੍ਹੀ ਹੋਵੇਗੀ। ਮੈਂ ਹੈਰਾਨ ਹੋ ਗਿਆ ਕਿ ਸੱਭ ਤੋਂ ਵੱਡੀ ਦੁਕਾਨ ਖੁਲ੍ਹੀ ਸੀ ਅਤੇ ਗਾਹਕ ਵੀ ਵਾਹਵਾ ਸਨ। ਛੁੱਟੀ ਵਾਲਾ ਦਿਨ ਹੋਣ ਕਰਕੇ। ਬਹੁਤੇ ਬੱਚੇ ਸਨ ਆਪਣੇ ਮਾਂ ਬਾਪ ਨਾਲ ਨਵਾਂ ਸਾਈਕਲ ਲੈਣ ਆਏ ਸਨ।
ਦੁਕਾਨ ਮਾਲਕ ਬੜਾ ਚੁਸਤ, ਬੜਾ ਸਿਆਣਾ ਸੀ। ਸਾਰਿਆਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਅਟੈਂਡ ਕਰੀ ਜਾ ਰਿਹਾ ਸੀ। ਕਦੀ ਏਧਰ ਕਦੇ ਓਧਰ। ਸਾਈਕਲ ਵੇਚੀ ਜਾ ਰਿਹਾ ਸੀ। ਗਾਹਕ ਵੀ ਖੁਸ਼ ਮਾਲਕ ਵੀ ਖੁਸ਼। ਦੁਕਾਨ ਵਾਹਵਾ ਵੱਡੀ ਸੀ। ਮਾਲਕ ਵੀ ਦੋ ਤਿੰਨ ਜਾਣੇ ਖੜੇ ਸਨ। ਇਕ ਤਾਂ ਪੈਸੇ ਲੈਣ ʼਤੇ ਹੀ ਸੀ। ਚਾਰ-ਪੰਜ ਹੈਲਪਰ ਸਨ।
ਮੇਰੇ ਤੋਂ ਮੇਰੀਆਂ ਜ਼ਰੂਰਤਾਂ ਅਤੇ ਪਸੰਦ ਪੁੱਛਣ ਬਾਅਦ ਦੋ ਤਿੰਨ ਸਾਈਕਲ ਵਿਖਾਏ ਜਿਹੜੇ ਆਕਰਸ਼ਕ ਸਨ। ਅੱਠ ਤੋਂ ਦਸ ਹਜ਼ਾਰ ਦੀ ਕੀਮਤ ਵਾਲੇ। ਮੈਨੂੰ ਚੰਗੇ ਲੱਗੇ ਪਰ ਮਨ ਨਹੀਂ ਮੰਨਿਆ। ਚਲਾਵੇਂ ਜਿਹੇ ਸਨ। ਮੇਰੀ ਦੁਬਿਧਾ ਪਛਾਣ ਕੇ ਉਸਨੇ ਇਕ ਟੱਕ ਕਿਹਾ, ʽʽਛੱਡੋ ਜੀ ਸੱਭ ਤੁਸੀਂ ਇਹ ਲੈ ਜਾਓ। ਤੁਹਾਡੇ ਲਈ ਇਹ ਸੱਭ ਤੋਂ ਬਿਹਤਰ ਹੈ। ਯਾਦ ਕਰੋਗੇ। ਬਰੈਂਡ ਵੀ ਤੁਹਾਡੀ ਪਸੰਦ ਵਾਂਗ ਵਧੀਆ ਅਤੇ ਕੁਆਲਟੀ ਵੀ। ਆਹ ਮੇਰਾ ਵਿਜ਼ਟਿੰਗ ਕਾਰਡ ਲੈਜੋ। ਸੱਤ ਸਾਲ ਸਾਈਕਲ ਨੂੰ ਕੁਛ ਹੋਜੇ ਇੱਥੇ ਲੈ ਆਇਓ।ʼʼ ਉਹ ਇਕੋ ਸਾਹੇ ਐਨਾ ਕੁਝ ਕਹਿ ਗਿਆ। ਮੈਂ ਸਾਈਕਲ ਵੱਲ ਨਜ਼ਰ ਮਾਰੀ। ਵਧੀਆ ਸੀ। ਇੰਗਲੈਂਡ ਦਾ ਬਰੈਂਡ। ਰੇਲੀ, ਨੌਟਿੰਗਮ-ਇੰਗਲੈਂਡ। ਦਿੱਖ ਵਧੀਆ। ਰੰਗ-ਰੂਪ ਵਧੀਆ। ਹੰਢਣਸਾਰ ਤੇ ਚੱਲਣ ਵਿਚ ਹਲਕਾ-ਛੋਹਲਾ।
ਹੁਣ ਸੈਰ ਤੇ ਸਵਾਰੀ ਦੋਵੇਂ ਕਰਨ ਲੱਗਾ ਹਾਂ। ਸੈਰ ਦੇ ਆਪਣੇ ਫਾਇਦੇ, ਸਾਈਕਲ ਦੇ ਆਪਣੇ ਲਾਭ। ਮੁਢਲੇ ਕੁਝ ਦਿਨ ਲੱਤਾਂ ਬਾਹਾਂ ਦੁਖਦੀਆਂ ਰਹੀਆਂ। ਥਕਾਵਟ ਵੀ ਹੋਈ। ਪਰ ਬਾਅਦ ਵਿਚ ਸੱਭ ਰਵਾਂ ਹੋ ਗਿਆ। ਦਿਮਾਗੀ ਧੁੰਦ ਗਾਇਬ ਹੋ ਗਈ। ਸਾਈਕਲਿੰਗ ਦੇ ਲਾਭ ਨਜ਼ਰ ਆਉਣ ਲੱਗੇ।
ਪੁਰਾਣੇ ਲੋਕ ਖੂਬ ਸਾਈਕਲ ਚਲਾਉਂਦੇ ਸਨ। ਡਾਕਟਰ ਕੋਲ ਬਹੁਤ ਘੱਟ ਜਾਂਦੇ ਸਨ। ਅੱਜ ਵੀ ਸਾਡੇ ਸਮਾਜ ਦਾ ਜਿਹੜਾ ਵਰਗ ਸਾਈਕਲ ਚਲਾਉਂਦਾ ਹੈ ਉਹ ਡਾਕਟਰਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਹੋਇਆ ਹੈ ਕਿਉਂਕਿ ਰੋਜ਼ਾਨਾ ਸਾਈਕਲ ਚਲਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਤਣਾਅ ਘੱਟਦਾ ਹੈ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਹੁੰਦਾ ਹੈ। ਫੇਫੜੇ ਮਜ਼ਬੂਤ ਹੁੰਦੇ ਹਨ। ਭਾਰ ਘੱਟਦਾ ਹੈ। ਮਸਲ ਤਾਕਤਵਰ ਅਤੇ ਲਚਕੀਲੇ ਹੁੰਦੇ ਹਨ। ਜੋੜ ਮਜ਼ਬੂਤ ਬਣਦੇ ਹਨ ਅਤੇ ਲਚਕ ਵੱਧਦੀ ਹੈ। ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕਿਸੇ ਹੱਦ ਤੱਕ ਬਚ ਸਕਦੇ ਹਾਂ। ਦਿਲ ਦੀ ਸਿਹਤ ਸੁਧਰਦੀ ਹੈ। ਸਰੀਰਕ ਤਾਲਮੇਲ ਬਿਹਤਰ ਬਣਦਾ ਹੈ। ਊਰਜ਼ਾ ਵਿਚ ਵਾਧਾ ਹੁੰਦਾ ਹੈ। ਪਿੱਠ ਦਰਦ ਦੂਰ ਹੁੰਦੀ ਹੈ। ਸਰੀਰ ਆਪਣੇ ਅਸਲੀ ਕੁਦਰਤੀ ਆਕਾਰ ਵਿਚ ਆ ਜਾਂਦਾ ਹੈ। ਵਿਅਕਤੀ ਸਰੀਰਕ ਮਾਨਸਿਕ ਤੌਰ ʼਤੇ ਚੁਸਤ ਰਹਿੰਦਾ ਹੈ। ਗਹਿਰੀ-ਗੂੜ੍ਹੀ ਨੀਂਦ ਆਉਂਦੀ ਹੈ। ਖੂਨ ਦਾ ਦਬਾਅ ਅਤੇ ਦਿਲ ਦੀ ਧੜਕਨ ਠੀਕ ਰਹਿੰਦੀ ਹੈ। ਜਿੰਨਾ ਸਮਾਂ ਤੁਸੀਂ ਸਾਈਕਲ ਚਲਾਉਂਦੇ ਹੋ ਡਿਜ਼ੀਟਲ ਡਿਵਾਈਸਾਂ ਤੋਂ ਬਚੇ ਰਹਿੰਦੇ ਹੋ। ਸਰੀਰ ਦਾ ਪੋਸਚਰ ਠੀਕ ਹੁੰਦਾ ਹੈ। ਮੂਡ-ਮਾਈਂਡ ਠੀਕ ਰਹਿੰਦਾ ਹੈ। ਗੋਡਿਆਂ ਦੀਆਂ ਪ੍ਰੇਸ਼ਾਨੀਆਂ ਘੱਟਦੀਆਂ ਹਨ। ਪੈਰਾਂ, ਗਿੱਟਿਆਂ, ਲੱਕ, ਗਰਦਨ, ਬਾਹਾਂ ਅਤੇ ਹੱਥਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪੈਟਰੋਲ-ਡੀਜ਼ਲ ਦੀ ਬਜਾਏ ਕੈਲਰੀਆਂ ਬਲਦੀਆਂ ਹਨ। ਸ਼ੂਗਰ ਦੀ ਬਿਮਾਰੀ ਦਾ ਖਤਰਾ ਘੱਟਦਾ ਹੈ। ਸਰੀਰ ਅੰਦਰ ਨਾੜੀਆਂ ਵਿਚ ਖੂਨ ਦਾ ਵਹਾਅ ਬਿਹਤਰ ਹੁੰਦਾ ਹੈ। ਰੋਜ਼ਾਨਾ 30 ਮਿੰਟ ਜਾਂ ਇਸਤੋਂ ਵੱਧ ਸਾਈਕਲਿੰਗ ਨਾਲ ਸਮੁੱਚੇ ਤੌਰ ʼਤੇ ਸਰੀਰ ਅਤੇ ਸਿਹਤ ਨੂੰ ਹੈਰਾਨੀਜਨਕ ਫਾਇਦੇ ਪਹੁੰਚਦੇ ਹਨ। ਪਾਚਨ-ਪ੍ਰਣਾਲੀ ਠੀਕ ਤਰ੍ਹਾਂ ਕੰਮ ਕਰਨ ਲੱਗਦੀ ਹੈ।
ਬਾਹਰ ਖੁਲ੍ਹੀ ਥਾਂ ਵਧੇਰੇ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਧੁੱਪ ਵਿਚੋਂ ਵਿਟਾਮਿਨ ਡੀ ਮਿਲਦਾ ਹੈ। ਸਰੀਰਕ ਤੇ ਸਿਹਤ ਪ੍ਰਤੀ ਚੇਤੰਨਤਾ ਵੱਧਦੀ ਹੈ। ਕਸਰਤ ਦਾ, ਖੇਡਾਂ ਦਾ ਸੌਕ ਪੈਦਾ ਹੁੰਦਾ ਹੈ।
ਸਾਈਕਲਿੰਗ ਨਾਲ ਬੁਢੇਪਾ ਦੂਰ ਜਾਂਦਾ ਹੈ। ਉਮਰ ਲੰਮੀ ਹੁੰਦੀ ਹੈ। ਸਵੈ-ਮਾਣ ਉੱਚਾ ਉੱਠਦਾ ਹੈ। ਚੰਗੇ ਹਾਰਮੋਨਜ਼ ਰਲੀਜ਼ ਹੋਣ ਨਾਲ ਚੰਗਾ ਮਹਿਸੂਸ ਹੁੰਦਾ ਹੈ। ਕੰਮ ਵਿਚ ਮਨ ਲੱਗਦਾ ਹੈ।
ਸਰੀਰ ਨੂੰ, ਸਿਹਤ ਨੂੰ, ਮਨ ਨੂੰ ਐਨਾ ਕੁਝ ਮਿਲਦਾ ਹੈ, ਏਨੇ ਫਾਇਦੇ ਹਨ ਤਾਂ ਫਿਰ ਸਾਈਕਲ ਚਲਾਉਣ ਵਿਚ ਹਰਜ ਕੀ ਹੈ? ਘਰ ਤੋਂ ਕੰਮ-ਕਾਰ ਵਾਲੀ, ਨੌਕਰੀ ਵਾਲੀ ਜਗ੍ਹਾ ਜੇ ਬਹੁਤੀ ਦੂਰ ਨਹੀਂ ਤਾਂ ਆਓ ਸਾਈਕਲ ʼਤੇ ਹੀ ਚੱਲਦੇ ਹਾਂ। ਕਾਰ, ਸਕੂਟਰ ਨੂੰ ਘਰੇ ਆਰਾਮ ਕਰਨ ਦਿਓ।
ਪ੍ਰੋ. ਕੁਲਬੀਰ ਸਿੰਘ