
(ਹਰਜੀਤ ਲਸਾੜਾ, ਬ੍ਰਿਸਬੇਨ 14 ਅਪਰੈਲ) ‘ਬੋਲਡ ਬਿਊਟੀਜ਼ ਕੂਈਨਜਲੈਂਡ’ ਵੱਲੋਂ ਵਿਸਾਖੀ ਦੇ ਪਾਵਨ ਦਿਹਾੜੇ ‘ਤੇ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਪਸਵਿਚ ਸ਼ਹਿਰ ਦੇ ਸਪ੍ਰਿੰਗਫੀਲਡ ਦੇ ਰੋਬੈਲ ਡੋਮੇਨ ਵਿਖੇ ਆਯੋਜਿਤ ਇਹ ਸਮਾਗਮ ਪੰਜਾਬੀ ਸਭਿਆਚਾਰ, ਏਕਤਾ ਅਤੇ ਸਮਾਜਿਕ ਸੂਝਬੂਝ ਨੂੰ ਸਮਰਪਿਤ ਰਿਹਾ। ਇਹ ਪ੍ਰਗਟਾਵਾ ਸਮਾਰੋਹ ਸੰਸਥਾਪਕ ਰੀਤੂ ਅਹੀਰ ਅਤੇ ਮੋਨਾ ਸਿੰਘ ਨੇ ਕੀਤਾ। ਇਸ ਮੌਕੇ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕੇਕ ਕੱਟਿਆ ਗਿਆ।
ਉਹਨਾਂ ਦੇ ਜਨਮ ਦਿਹਾੜੇ ਨੂੰ ਨਿਆਂ, ਬਰਾਬਰੀ ਅਤੇ ਸਵੈ-ਗੌਰਵ ਦੇ ਸੱਦੇ ਵਜੋਂ ਯਾਦ ਕੀਤਾ ਗਿਆ। ਬੁਲਾਰਿਆਂ ‘ਚ ਰੀਤੂ ਅਹਿਰ, ਹਰਿਆਣਵੀ ਐਸੋਸੀਏਸ਼ਨ ਤੋਂ ਨੀਤੂ ਸੁਹਾਗ, ਕੁਲਦੀਪ ਕੌਰ, ਜਗਰੂਪ ਬੁੱਟਰ ਆਦਿ ਨੇ ਡਾ. ਅੰਬੇਡਕਰ ਦੀ ਸਿੱਖਿਆ ਅਤੇ ਸੰਵਿਧਾਨ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ।
ਉਹਨਾਂ ਵੱਲੋਂ ਮਹਿਲਾਵਾਂ ਲਈ ਕੀਤੇ ਕੰਮਾਂ ਨੂੰ ਸਲਾਹਿਆ ਗਿਆ। ਇਸ ਸਮਾਗਮ ਦੌਰਾਨ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਰਹੀਆਂ। ਵੀਰਾਂਸ਼ੂ ਸਿੰਘ ਅਤੇ ਡਾਇਸ਼ਾ ਸਿੰਘ ਦੇ ਭੰਗੜੇ ਨੇ ਪੰਜਾਬੀ ਰੰਗ ਬੰਨਿਆ। ਇਹ ਸਮਾਗਮ ਭਾਰਤੀ, ਪੰਜਾਬੀ ਸੰਸਕ੍ਰਿਤੀ ਅਤੇ ਇਤਿਹਾਸ ਨੂੰ ਮਨਾਉਣ ਲਈ ਇੱਕ ਮਹੱਤਵਪੂਰਨ ਮੌਕਾ ਸੀ। ਸੰਸਥਾ ਵੱਲੋਂ ਸਮੂਹ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।