
ਵਾਹਿਗੁਰੂ ਜੀ ਕੀ ਫਤਹਿ, ਸਾਰਿਆਂ ਨੂੰ ਭਾਈ। ਪੰਜਾਬ ਚ ਅਸੀਂ ਮੌਜਾਂ
ਚ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਰੱਬ ਤੋਂ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪਿੰਡ ਚ ਸਦਾ ਹੀ ਨਾ ਕਦੇ ਚੰਗੇ ਬੰਦਿਆਂ ਦਾ ਟੋਟਾ ਰਿਹਾ ਅਤੇ ਨਾ ਮਾੜਿਆਂ ਦਾ। ਇੱਕ ਵੈਲੀ ਮਗਰੋਂ ਲਹਿੰਦਾ ਤਾਂ ਕੋਈ ਹੋਰ ਕਬੀ ਜੰਮ ਪੈਂਦਾ। ਇਵੇਂ ਹੀ ਭਲੇ ਬੰਦੇ ਦੀ ਘਾਟ ਪੂਰੀ ਕਰਨ ਲਈ ਰੱਬ ਕਿਸੇ ਹੋਰ ਸਾਊ ਨੂੰ ਤਿਆਰ ਕਰ ਦਿੰਦਾ। ਬੜੇ ਹੀ ਚੰਗੇ-ਮੰਦੇ, ਪਿੰਡ ਦੇ ਇਤਿਹਾਸ ਦਾ ਹਿੱਸਾ ਬਣ ਗਏ ਹਨ। ਤੁਹਾਨੂੰ ਸਮੇਂ-ਸਮੇਂ ਅਜੇਹੀਆਂ ਸੱਚੀਆਂ ਵਾਰਤਾਵਾਂ ਦੱਸਦੇ ਰਹਾਂਗੇ, ਅੱਜ ਹਰਦੇਵ ਛੱਪੜ ਆਲੇ ਦੀ ਦਿਆਲਤਾ-ਸਾਖੀ ਸੁਣਾਂਉਂਦੇ ਹਾਂ। ਆਪਣੇ ਪਿੰਡ ਗੁਰੂ ਘਰ ਦੀ ਨਵੀਂ ਬਿਲਡਿੰਗ ਬਣਾਉਣੀ ਸੀ। ਪਿੰਡ ਦੇ ਵਿਚਾਲੇ ਹੋਣ ਕਰਕੇ ਚਾਰ-ਚੁਫੇਰੇ ਵਾਸਾ ਸੀ। ਨਾਲ ਲੱਗਦਾ ਇੱਕ ਘਰ ਛੱਡ ਅਗਲਾ ਖੁੱਲ੍ਹਾ ਵਾੜਾ ਦਾਨ ਦੇਣ ਦੀ ਹਾਮੀ ਮਾਲਕਾਂ ਨੇ ਭਰ ਦਿੱਤੀ। ਹੁਣ ਰੇੜਕਾ ਸੀ ਧਰਮੂ ਗਰੀਬ ਦਾ। ਘੈਂਸ-ਘੈਂਸ ਮਗਰੋਂ ਉਹਨੇ ਰਾਹ ਦਿੱਤਾ ਬਈ, ‘ਮੈਨੂੰ ਏਨੀਂ ਥਾਂ, ਮੇਰੇ ਖੇਤ ਆਲੇ ਪਾਸੇ ਦੇ ਕੇ ਕੱਚਾ ਘਰ ਪਾ ਕੇ ਦਿਓ, ਮੈਂ ਇਹ ਘਰ ਖਾਲੀ ਕਰ ਦੇਵਾਂਗਾ!
ਅਸੀਂ ਸੋਚਵਾਨ ਹੋ ਗੇ। ਨੀਂਦ ਨਾ ਆਈ ਸਾਰੀ ਰਾਤ। ਤੜਕੇ ਕੱਠੇ ਹੋਏ, ਬਾਬਾ ਤਦਬੀਰ ਸਿੰਹੁ, ਬਾਈ ਗੁਰਤੇਜ ਸਿੰਘ, ਮੰਬਰ ਚਰਨੀਂ ਤੇ ਮੈਂ। ਵਿਉਂਤ ਬਣਾਂ ਅਸੀਂ ਹਰਦੇਵ ਸਿੰਹੁ ਛੱਪੜ ਆਲੇ ਕੋਲ ਜਾ ਅਰਜ ਗੁਜਾਰੀ, ‘ਤੇਰਾ ਥਾਂ ਉਹਦੇ ਖੇਤ ਦੇ ਰਾਹ ਵੱਲ, ਜਿਵੇਂ ਮਰਜੀ ਦੇਹ!
ਉਹਨੇ ਸਾਨੂੰ ਚਾਹ ਪੀਣ ਦੀ ਸ਼ਰਤ ਉੱਤੇ, ਬਿਠਾ ਲਿਆ, ਅੰਦਰ ਭਰਾਵਾਂ ਨਾਲ ਸਲਾਹ ਕਰਕੇ ਆਇਆ। ਆ ਕੇ ਹੱਥ ਬੰਨ੍ਹ ਕੇ ਕਹਿੰਦਾ, “ਪੰਚਾਇਤੇ! ਅਸੀਂ ਨਿਆਂਈਂ ਚੋਂ ਜਿੰਨਾਂ ਥਾਂ ਚਾਹੀਦਾ ਦਿੰਨੇਂ ਆਂ। ਪੁੰਨ ਲੇਖੇ ਗੁਰੂ-ਘਰ ਨੂੰ, ਧੰਨ ਭਾਗ ਸਾਡੇ ਸਾਥੋਂ ਸੇਵਾ ਲਈ ਸੰਗਤ ਨੇ।" ਸਾਡੀਆਂ, ਸਾਰਿਆਂ ਦੀਆਂ, ਅੱਖਾਂ ਇਹ ਗੱਲ ਸੁਣ ਤ੍ਰਿਪ-ਤ੍ਰਿਪ ਕਰਨ ਲੱਗ ਪਈਆਂ,
ਕੇਰਾਂ ਤਾਂ ਕਿਸੇ ਨੂੰ ਸ਼ਬਦ ਹੀ ਨਾ ਲੱਭੇ। ਬਾਈ ਗੁਰਤੇਜ ਸਿੰਘ ਤਾਂ ਉੱਠ ਉਹਦੇ ਪੈਰੀਂ ਹੀ ਪੈ ਗਿਆ। ਰਾਹ ਚੋਂ ਹੀ ਹੱਥ ਫੜਦਾ ਹਰਦੇਵ ਸਿੰਹੁ ਕਹਿੰਦਾ, “ਸਾਡੀ ਸੇਵਾ ਲੇਖਾ ਲੱਗੇ, ਨਾ ਕੋਈ ਪਰਚੀ ਕੱਟਿਉ ਨਾ ਹੀ ਸਪੀਕਰ
ਚੋ ਬੋਲਿਉ, ਮਿੰਨਤ ਐ।” ਖ਼ੈਰ, ਮੁੜ ਕੇ ਆਏ ਤਾਂ ਗਲੀ ਚ ਮੰਬਰ ਚਰਨ ਸਿੰਹੁ ਦੱਸਦਾ, “ਬਈ ਇਹ ਰੱਬ ਦੀ ਕ੍ਰਿਪਾ ਹੀ ਸਮਝੋ ਇੰਨ੍ਹਾਂ ਤੇ, ਏਨਾਂ ਦੇ ਦਾਦੇ ਨੇ ਆਪਣੇ ਸਰਕਾਰੀ ਸਕੂਲ ਲਈ ਜ਼ਮੀਨ ਦਾਨ ਕੀਤੀ ਸੀ, ਤਾਂਹੀਂਉਂ ਰੰਗ-ਭਾਗ ਲੱਗੇ ਆ, ਸਾਰਾ ਟੱਬਰ ਤਰੱਕੀ ਤੇ ਐ।" ਸੋ, ਬਈ, ਅੱਜ ਵਾਲਾ ਖੁੱਲ੍ਹਾ ਗੁਰੂ-ਘਰ ਏਨਾਂ ਦਾਨੀ-ਜਿਊੜਿਆਂ ਕਰਕੇ ਐ ਭਾਈ। ਦਾਨੀ-ਜਿੰਦਾਬਾਦ। ਹੋਰ, ਪਿੰਡਾਂ
ਚ ਫਾਸਟਫੂਡ ਦਾ ਭੁੱਸ ਵੱਧ ਰਿਹੈ। ਮਹਿੰਗਾਈ ਪਚੀਂਗੜਾ ਕੱਢੀ ਜਾਂਦੀ ਐ। ਬਰਾਨੀ ਹਾੜੀ, ਦੀ ਵਾਢੀ ਦਾ ਜੋਰ ਐ। ਨਿਆਣੇਂ ਲਗੋਂ-ਪਗੋਂ ਸਾਰੇ ਈ ਪਾਸ ਹੋ ਗਏ ਹਨ। ਸਕੂਲਾਂ `ਚ ਦਾਖਲੇ ਹੋ ਰਹੇ ਹਨ। ਸਰਕਾਰ ਕਈ ਹੰਭਲੇ ਮਾਰੀ ਜਾਂਦੀ ਐ। ਕਿਸਾਨ ਨਵੀਆਂ ਜੁਗਤਾਂ ਘੜ ਰਹੇ ਹਨ। ਗਰਮੀ-ਠੰਡ ਦੀ ਲੁਕਣ-ਮੀਚੀ ਹੈ। ਸੱਚ, ਬਾਬੇ ਭੂਰੇ ਸ਼ਾਹ ਦਾ ਮੇਲਾ ਆ ਗਿਆ ਹੈ। ਚੰਗਾ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061