ਰਸਭਰੀ ਆਵਾਜ਼ ਦਾ ਮਾਲਕ ਆਸਾ ਸਿੰਘ ਮਸਤਾਨਾ

ਜਨਮ ਦਿਨ ਤੇ ਵਿਸ਼ੇਸ਼, ਮਿਤੀ 22 ਅਗਸਤ ਲਈ

‘‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ’’ ਵਰਗਾ ਸੱਚ ਸਟੇਜਾਂ ਤੇ ਦਰਸ਼ਕਾਂ ਦੇ ਰੂਬਰੂ ਪੇਸ਼ ਕਰਨ ਵਾਲਾ ਅਤੇ ਰੇਡੀਓ ਰਾਹੀਂ ਘਰਾਂ ਵਿੱਚ ਬੈਠੇ ਸਰੋਤਿਆਂ ਦੇ ਕੰਨਾਂ ਵਿੱਚ ਇਹ ਸੱਚ ਪਹੁੰਚਾ ਕੇ ਜੀਵਨ ਪੰਧ ਤੋਂ ਸੁਚੇਤ ਕਰਨ ਵਾਲਾ, ਰਸਭਰੀ ਆਵਾਜ਼ ਦਾ ਮਾਲਕ ਪ੍ਰਸਿੱਧ ਸੂਫ਼ੀ ਗਾਇਕ ਆਸਾ ਸਿੰਘ ਮਸਤਾਨਾ ਆਮ ਗਾਇਕਾਂ ਨਾਲੋਂ ਵੱਖਰੀ ਦਿੱਖ ਵਾਲਾ ਕਲਾਕਾਰ ਹੋਇਆ ਹੈ। ਪਰ ਉਸਦੀ ਦਿਲ ਦੀਆਂ ਗਹਿਰਾਈਆਂ ਚੋਂ ਉਠਦੀ ਆਵਾਜ਼ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲਦੀ ਤੇ ਕੀਲ ਕੇ ਬਿਠਾ ਰਖਦੀ ਸੀ।


ਸਾਂਝੇ ਪੰਜਾਬ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਵਾਲੀ ਪਵਿੱਤਰ ਧਰਤੀ ਸੇਖਪੁਰਾ, ਜੋ ਹੁਣ ਪਾਕਿਸਤਾਨ ਵਿੱਚ ਹੈ ਵਿਖੇ 22 ਅਗਸਤ 1927 ਨੂੰ ਸ੍ਰ: ਪ੍ਰੀਤਮ ਸਿੰਘ ਦੇ ਘਰ ਸ੍ਰੀਮਤੀ ਅਮਿ੍ਰਤ ਕੌਰ ਦੀ ਕੁੱਖੋਂ ਮਸਤਾਨਾ ਨੇ ਜਨਮ ਲਿਆ। ਸਕੂਲੀ ਪੜਾਈ ਪੂਰੀ ਕਰਦਿਆਂ ਉਸਨੇ ਜਵਾਨੀ ਵਿੱਚ ਦਸਤਕ ਹੀ ਦਿੱਤੀ ਸੀ, ਕਿ ਪਾਕਿਸਤਾਨ ਵੱਖਰਾ ਦੇਸ਼ ਬਣ ਗਿਆ। ਇਸ ਸਮੇਂ ਉਹਨਾਂ ਦੇ ਪਰਿਵਾਰ ਨੂੰ ਆਪਣੀ ਜਨਮ ਭੋਇ ਤੋਂ ਹਿਜਰਤ ਕਰਨੀ ਪਈ। ਘਰ ਬਾਰ ਛੱਡ ਉਹ ਦਿੱਲੀ ਪਹੁੰਚ ਗਏ, ਚਾਂਦਨੀ ਚੌਂਕ ਇਲਾਕੇ ’ਚ ਉਹਨਾਂ ਡੇਰਾ ਜਮਾ ਲਿਆ।


ਉਹਨਾਂ ਆਪਣਾ ਪਰਿਵਾਰਕ ਗੁਜਾਰਾ ਚਲਾਉਣ ਲਈ ਛੋਟੇ ਮੋਟੇ ਕੰਮ ਸੁਰੂ ਕੀਤੇ। ਆਸਾ ਸਿੰਘ ਨੂੰ ਸਰਕਾਰੀ ਬੈਂਕ ਚਾਂਦਨੀ ਚੌਂਕ ਵਿਖੇ ਸਰਵਿਸ ਮਿਲ ਗਈ। ਆਸਾ ਸਿੰਘ ਮਸਤਾਨਾ ਸੰਗੀਤ ਦਾ ਬਹੁਤ ਸ਼ੌਕੀਨ ਸੀ, ਇਸ ਲਈ ਵਿਹਲਾ ਸਮਾਂ ਮਿਲਣ ਤੇ ਉਹ ਦਿੱਲੀ ਦੇ ਪ੍ਰਸਿੱਧ ਸੰਗੀਤਕਾਰ ਉਸਤਾਦ ਪੰਡਿਤ ਦੁਰਗਾ ਪ੍ਰਸਾਦਿ ਤੋਂ ਸੰਗੀਤਕ ਸਿੱਖਿਆ ਹਾਸਲ ਕਰਨ ਲੱਗ ਗਿਆ। ਮਿਥੇ ਕੰਮ ਪ੍ਰਤੀ ਦਿਲਚਸਪੀ ਕਿਸੇ ਇਨਸਾਨ ਨੂੰ ਬਹੁਤ ਛੇਤੀ ਸਫ਼ਲ ਕਰ ਦਿੰਦੀ ਹੈ, ਇਸ ਕਰਕੇ ਆਸਾ ਸਿੰਘ ਮਸਤਾਨਾ ਬਹੁਤ ਜਲਦੀ ਸੰਗੀਤਕ ਸਿੱਖਿਆ ਪ੍ਰਾਪਤ ਕਰਕੇ ਇੱਕ ਵਧੀਆ ਸੂਫੀ ਗਾਇਕ ਬਣ ਗਿਆ। ਉਹ ਦਿੱਲੀ ਵਿਖੇ ਸਟੇਜਾਂ ਤੇ ਸਰੋਤਿਆਂ ਦੇ ਰੂਬਰੂ ਹੋਇਆ ਤਾਂ ਉਸਨੂੰ ਮਿਲੇ ਹੁੰਗਾਰੇ ਨੇ ਉਸਦਾ ਹੌਂਸਲਾ ਹੋਰ ਵਧਾ ਦਿੱਤਾ ਅਤੇ ਕੁਝ ਹੀ ਸਮੇਂ ਵਿੱਚ ਉਹ ਚੰਗੇ ਗਾਇਕਾਂ ਵਿੱਚ ਸਾਮਲ ਹੋ ਗਿਆ।


ਆਸਾ ਸਿੰਘ ਮਸਤਾਨਾ ਨੇ ਸੂਫੀ ਗਾਇਕੀ ਦੇ ਨਾਲ ਨਾਲ ਲੋਕਗੀਤ, ਫਿਲਮੀ ਅਫ਼ਸਾਨੇ ਵੀ ਗਾਏ ਅਤੇ ਫਿਲਮਾਂ ਲਈ ਪਲੇਅ ਬੈਕ ਸਿੰਗਰ ਵਜੋਂ ਵੀ ਕੰਮ ਕੀਤਾ। 1949 ਵਿੱਚ ਰੇਡੀਓ ਤੋਂ ਉਹਨਾਂ ਦਾ ਪਹਿਲਾ ਗੀਤ ‘‘ਤੱਤੀਏ ਹਵਾਏ ਕਿਹੜੇ ਪਾਸਿਉਂ ਤੂੰ ਆਈਂ ਏਂ’’ ਪ੍ਰਸਾਰਿਤ ਹੋਇਆ। ਉਸਦੇ ਮਿੱਠੇ ਬੋਲਾਂ ਅਤੇ ਪਿਆਰੀਆਂ ਸੰਗੀਤਕ ਧੁੰਨਾ ਨੇ ਉਸ ਸਮੇਂ ਦੀ ਮਸਹੂਰ ਗਾਇਕਾ ਸੁਰਿੰਦਰ ਕੌਰ ਤੇ ਅਜਿਹਾ ਪ੍ਰਭਾਵ ਛੱਡਿਆ ਕਿ ਉਸਨੇ ਮਸਤਾਨਾ ਸਾਹਿਬ ਨਾਲ ਗਾਉਣ ਦੀ ਇੱਛਾ ਪ੍ਰਗਟ ਕਰ ਦਿੱਤੀ। ਆਸਾ ਸਿੰਘ ਮਸਤਾਨਾ ਨੂੰ ਵੀ ਚੰਗੇ ਸਹਿਯੋਗੀ ਦੀ ਲੋੜ ਸੀ, ਦੋਵਾਂ ਦਿਲ ਖਿੱਚਵੀਆਂ ਆਵਾਜ਼ਾਂ ਨੇ ਜਦੋਂ ਸਰੋਤਿਆਂ ਦੇ ਰੂਬਰੂ ਗੀਤ ਪੇਸ਼ ਕੀਤੇ ਤਾਂ ਚੰਗਾ ਹੁੰਗਾਰਾ ਮਿਲਿਆ। ਇਸ ਉਪਰੰਤ ਉਸਨੇ ਗਾਇਕੀ ਨੂੰ ਆਪਣੇ ਜਿੰਦਗੀ ਦਾ ਹਿੱਸਾ ਹੀ ਬਣਾ ਲਿਆ।


ਆਸਾ ਸਿੰਘ ਮਸਤਾਨਾ ਨੇ ਸੋਲੋ ਅਤੇ ਦੋਗਾਣੇ ਦੋਵਾਂ ਤਰਾਂ ਦੇ ਗੀਤ ਗਾਏ। ਉਹਨਾਂ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਮੁਟਿਆਰੇ ਜਾਣਾ ਦੂਰ ਪਿਆ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮਾ ਹੁੰਮਾ ਕੇ ਚੱਲਣਗੇ, ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਪੇਕੇ ਜਾਣ ਵਾਲੀਏ, ਗੱਲਾਂ ਗੱਲਾਂ ਵਿੱਚ ਗਲ ਪਿਆਰ ਪੈ ਗਿਆ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਇਹ ਮੁੰਡਾ ਨਿਰਾ ਸ਼ਨਿਚਰ ਐ, ਬੁੱਲ ਸੁੱਕਗੇ ਦੰਦਾਸੇ ਵਾਲੇ, ਆਦਿ ਸੈਂਕੜੇ ਸੂਫੀ, ਰੋਮਾਂਟਿਕ ਤੇ ਸੱਭਿਆਚਾਰ ਗੀਤਾਂ ਤੋਂ ਇਲਾਵਾ ਲੋਕ ਗੀਤ ਹੀਰ, ਜੁਗਨੀ, ਮਿਰਜਾ ਅਤੇ ਧਾਰਮਿਕ ਗੀਤ ਚਾਂਦਨੀ ਚੌਂਕ ਦੀਏ ਧਰਤੀਏ, ਗੁਰੂ ਤੇਗ ਬਹਾਦਰ ਪਿਆਰਾ, ਆਦਿ ਵੀ ਸਰੋਤਿਆਂ ਦੇ ਰੂਬਰੂ ਕੀਤੇ। ਮਸਤਾਨਾ ਜਦ ਵਾਰਿਸ ਸ਼ਾਹ ਦਾ ਕਲਾਮ ‘ਹੀਰ ਆਖਦੀ ਜੋਗੀਆ ਝੂਠ ਆਖੇਂ’ ਪੇਸ਼ ਕਰਦਾ ਤਾਂ ਉਹ ਕਲਾ ਵਿੱਚ ਏਨਾ ਖੁੱਭ ਜਾਂਦਾ, ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਪਹੁੰਚ ਗਿਆ ਹੋਵੇ। ਇਸੇ ਤਰਾਂ ਜਦ ਆਪਣਾ ਅਫ਼ਸਾਨਾ ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ’ ਪੇਸ਼ ਕਰਦਾ ਤਾਂ ਸਰੋਤਿਆਂ ਨੂੰ ਇਸ ਕਦਰ ਭਾਵੁਕ ਕਰ ਦਿੰਦਾ ਸੀ ਕਿ ਉਹਨਾਂ ਦੇ ਜ਼ਿਹਨ ਵਿੱਚ ਅਰਥੀ ਲੈ ਕੇ ਜਾ ਰਹੇ ਤੇ ਮਗਰ ਯਾਰ ਦੋਸਤ ਜਾਂਦੇ ਦਿਸਣ ਲੱਗ ਜਾਂਦੇ ਸਨ। ਦੋਗਾਣੇ ਉਹਨਾਂ ਬਹੁਤੇ ਸੁਰਿੰਦਰ ਕੌਰ ਨਾਲ ਹੀ ਗਾਏ, ਕੁਝ ਗੀਤ ਉਹਨਾਂ ਪ੍ਰਕਾਸ ਕੌਰ ਨਾਲ ਹੀ ਰਿਕਾਰਡ ਕਰਵਾਏ ਹਨ। ਭਾਵੇਂ ਆਸਾ ਸਿੰਘ ਮਸਤਾਨਾ ਖ਼ੁਦ ਇੱਕ ਗੀਤਕਾਰ ਵੀ ਸੀ, ਪਰ ਉਹਨਾਂ ਹਰਚਰਨ ਪਰਵਾਨਾ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਬੀ ਕੇ ਪੁਰੀ, ਇੰਦਰਜੀਤ ਹਸਨਪਰੀ, ਚਾਣਨ ਗੋਬਿੰਦਪੁਰੀ ਆਦਿ ਗੀਤਕਾਰਾਂ ਦੇ ਗੀਤ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤੇ।


ਆਸਾ ਸਿੰਘ ਮਸਤਾਨਾ ਨੂੰ 1985 ਵਿੱਚ ਭਾਰਤ ਸਰਕਾਰ ਵੱਲੋਂ ਪ੍ਰਸਿੱਧ ਐਵਾਰਡ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਪੰਜਾਬ ਸਰਕਾਰ ਵੱਲੋ ਦਿਲਗੀਰ ਐਵਾਰਡ, ਸਿਵਲੀਅਨ ਐਵਾਰਡ ਸਮੇਤ ਅਨੇਕਾਂ ਸੰਸਥਾਵਾਂ ਵੱਲੋਂ ਸਮੇਂ ਸਮੇਂ ਸਨਮਾਨਿਤ ਕੀਤਾ ਗਿਆ। ਇਹ ਉਘਾ ਪੰਜਾਬੀ ਗਾਇਕ, ਗੀਤਕਾਰ, ਪਲੇਅਬੈਕ ਸਿੰਗਰ ਦਿੱਲੀ ਵਿਖੇ 71 ਸਾਲ ਉਮਰ ਭੋਗ ਕੇ 23 ਮਈ 1999 ਨੂੰ ਸਰੋਤਿਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਅੱਜ ਵੀ ਉਸਦੇ ਗੀਤਾਂ ਨੂੰ ਸਰੋਤੇ ਬਹੁਤ ਪਿਆਰ ਨਾਲ ਸੁਣਦੇ ਹਨ।

ਮੋਬਾ: 098882 75913