ਮਨੋਰੰਜਨ ਦਾ ਮਹੱਤਵ

ਪ੍ਰੋ. ਕੁਲਬੀਰ ਸਿੰਘ
ਮਨੋਰੰਜਨ ਦੀ ਮਨੁੱਖਾ ਜੀਵਨ ਵਿਚ ਬੜੀ ਮਹੱਤਵਪੂਰਨ ਭੂਮਿਕਾ ਹੈ। ਤਣਾਅ ਨੂੰ ਘਟਾਉਣ ਲਈ, ਮਾਨਸਿਕ ਸਿਹਤ ਦੀ ਬਿਹਤਰੀ ਲਈ, ਸਮਾਜ ਨਾਲ – ਲੋਕਾਂ ਨਾਲ ਸਾਂਝ ਲਈ, ਸਿੱਖਣ ਲਈ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ। ਰੋਜ਼ਾਨਾ ਦੀ ਭੱਜ-ਦੌੜ ਅਤੇ ਰੁਝੇਵਿਆਂ ਤੋਂ ਰਾਹਤ ਲਈ।
ਮਨੋਰੰਜਨ ਕੇਵਲ ਸਮਾਂ ਬਤੀਤ ਕਰਨਾ ਨਹੀਂ ਹੈ। ਇਕ ਚੰਗੀ ਫ਼ਿਲਮ, ਇਕ ਚੰਗੀ ਕਿਤਾਬ, ਸਾਨੂੰ ਚਿੰਤਾਵਾਂ, ਫ਼ਿਕਰਾਂ ਅਤੇ ਓਵਰ ਥਿੰਕਿੰਗ ਤੋਂ ਰਾਹਤ ਦਿੰਦੀ ਹੈ। ਇਸ ਨਾਲ ਸਾਡੀ ਕਲਪਨਾ-ਸ਼ਕਤੀ, ਸਾਡੀ ਸਿਰਜਣਾਤਮਕ-ਸ਼ਕਤੀ ਤਿੱਖੀ ਹੁੰਦੀ ਹੈ। ਨਵੇਂ ਵਿਚਾਰ ਸੁੱਝਦੇ ਹਨ। ਸਾਡੇ ਸੋਚਣ ਦਾ ਤਰੀਕਾ ਬਦਲਦਾ ਹੈ।

ਜਦੋਂ ਅਸੀਂ ਪਰਿਵਾਰ ਜਾਂ ਦੋਸਤਾਂ ਨਾਲ ਫ਼ਿਲਮ ਵੇਖਦੇ ਹਾਂ, ਕਿਸੇ ਸੰਗੀਤਕ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਾਂ ਅਤੇ ਬਾਅਦ ਵਿਚ ਉਸ ਬਾਰੇ ਵਿਚਾਰ-ਵਿਟਾਂਦਰਾ ਕਰਦੇ ਹਾਂ ਤਾਂ ਇਕ ਹਾਂ-ਪੱਖੀ ਊਰਜਾ, ਇਕ ਉਤਸ਼ਾਹ, ਇਕ ਵਿਸ਼ਵਾਸ, ਇਕ ਸਾਂਝ ਦਾ ਸੰਚਾਰ ਹੁੰਦਾ ਹੈ। ਮਨ ਹਲਕਾ ਹੁੰਦਾ ਹੈ, ਸ਼ਾਂਤ ਹੁੰਦਾ ਹੈ, ਸਾਫ਼ ਹੁੰਦਾ ਹੈ। ਭਾਵਨਾਤਮਕ ਰਿਸਾਅ ਤੇ ਵਿਹਾਅ ਕਾਰਨ ਮਨ ਤੇ ਸਰੀਰ ਸਕੂਨ ਦੀ ਅਵਸਥ ਵਿਚ ਪਹੁੰਚ ਜਾਂਦੇ ਹਨ। ਅਰਾਮ ਤੇ ਚੈਨ ਮਹਿਸੂਸ ਕਰਦੇ ਹਨ। ਨਤੀਜੇ ਵਜੋਂ ਨਾੜੀ-ਪ੍ਰਬੰਧ ‘ਤੇ ਦਬਾਅ ਘੱਟਦਾ ਹੈ।

ਭਾਵੇਂ ਸਮੇਂ ਨਾਲ ਮਨੋਰੰਜਨ ਦੀ ਦੁਨੀਆਂ ਬਦਲ ਰਹੀ ਹੈ ਪਰੰਤੂ ਫ਼ਿਲਮ ਵੇਖਣ, ਸੰਗੀਤ ਸੁਣਨ, ਮਨਪਸੰਦ ਟੈਲੀਵਿਜ਼ਨ ਪ੍ਰੋਗਰਾਮ ਵੇਖਣ, ਥੀਏਟਰ ਵਿਚ ਨਾਟਕ ਵੇਖਣ, ਨੱਚਣ ਗਾਉਣ, ਤੈਰਨ, ਮਨਪਸੰਦ ਖੇਡ ਖੇਡਣ, ਬਾਗ਼ ਬਗੀਚੇ ਦੀ ਦੇਖ ਭਾਲ ਕਰਨ, ਪੇਂਟਿੰਗ ਵਿਚ ਸਮਾਂ ਬਤਾਉਣ, ਸ਼ੌਂਕ ਵਿਚ ਰੁੱਝੇ ਰਹਿਣ, ਸੈਰ-ਕਸਰਤ-ਯੋਗਾ ਕਰਨ, ਸਾਈਕਲ ਚਲਾਉਣ, ਪੁਸਤਕਾਂ ਪੜ੍ਹਨ, ਮਨਪਸੰਦ ਭੋਜਨ ਤਿਆਰ ਕਰਨ, ਸਮਾਜਕ ਭਾਈਚਾਰਕ ਸਰਗਰਮੀਆਂ ਵਿਚ ਸ਼ਾਮਲ ਹੋਣ, ਵਲੰਟੀਅਰ ਵਜੋਂ ਕਾਰਜ ਕਰਨ ਦਾ ਮਹੱਤਵ ਕਦੇ ਵੀ ਘੱਟ ਨਹੀਂ ਸਕਦਾ। ਬਲ ਕਿ ਆਮ, ਸਿਹਤਮੰਦ ਤੇ ਅਰਥ ਭਰਪੂਰ ਜੀਵਨ ਜਿਊਣ ਲਈ ਇਹ ਜ਼ਰੂਰੀ ਹੈ।

ਅਸੀਂ ਭਾਰਤੀ ਕਿੰਨੇ ਖੁਸ਼ ਹਾਂ?
ਦੁਨੀਆਂ ਦੇ 147 ਦੇਸ਼ਾਂ ਵਿਚ ਹੋਏ ਸਰਵੇ ਦੀ ਰਿਪੋਰਟ ਬੀਤੇ ਦਿਨੀਂ ਬੜੀ ਪ੍ਰਮੁੱਖਤਾ ਨਾਲ ਮੀਡੀਆ ਵਿਚ ਉਭਾਰੀ ਗਈ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵੈੱਲਬੀਇੰਗ ਰੀਸਰਚ ਸੈਂਟਰ ਦੁਆਰਾ ਜਾਰੀ ਰਿਪੋਰਟ ਤਿਆਰ ਕਰਦਿਆਂ ਲੋਕਾਂ ਦੀ ਮੱਦਦ ਕਰਨ ਦੇ ਰੁਝਾਨ, ਸਾਂਝਾ ਕੰਮ ਕਰਨ ਲਈ ਆਪਣੇ ਆਪ ਅੱਗੇ ਆਉਣ ਦੇ ਰੁਝਾਨ, ਲੱਭੀ ਚੀਜ਼ ਵਾਪਿਸ ਕਰਨ ਅਤੇ ਦਾਨ ਕਰਨ ਦੇ ਰੁਝਾਨ ਨੂੰ ਆਧਾਰ ਬਣਾਇਆ ਗਿਆ। ਇਹ ਰਿਪੋਰਟ ਵਿਸ਼ਵ ਖੁਸ਼ੀ ਦਿਵਸ ਮੌਕੇ 20 ਮਾਰਚ ਨੂੰ ਜਾਰੀ ਕੀਤੀ ਗਈ।

ਭਾਰਤ ਨੂੰ 147 ਦੇਸ਼ਾਂ ਵਿਚੋਂ 118ਵਾਂ ਸਥਾਨ ਮਿਲਿਆ। ਫਿਨਲੈਂਡ ਦੇ ਲੋਕ ਸਭ ਤੋਂ ਖੁਸ਼ ਹਨ। ਦੂਸਰਾ, ਤੀਸਰਾ ਅਤੇ ਚੌਥਾ ਸਥਾਨ ਡੈਨਮਾਰਕ, ਆਈਸਲੈਂਡ ਅਤੇ ਸਵੀਡਨ ਦਾ ਹੈ। ਅਫ਼ਗਾਨਿਸਤਾਨ ਸੂਚੀ ਵਿਚ ਸੱਭ ਤੋਂ ਅਖੀਰ ‘ਤੇ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੀ ਖੁਸ਼ੀ ਦੇ ਮਾਮਲੇ ਵਿਚ ਨੇਪਾਲ, ਪਾਕਿਸਤਾਨ, ਫ਼ਲਸਤੀਨ ਅਤੇ ਯੂਕਰੇਨ ਵਰਗੇ ਦੇਸ਼ ਵੀ ਭਾਰਤ ਤੋਂ ਬਿਹਤਰ ਸਥਿਤੀ ਵਿਚ ਹਨ।
ਮਜ਼ਬੂਤ ਪਰਿਵਾਰਕ ਢਾਂਚਾ, ਸਮਾਜਕ ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝ ਜਿਹੇ ਪਹਿਲੂ ਭਾਰਤ ਦੀ ਸਥਿਤੀ ਮਜ਼ਬੂਤ ਕਰਦੇ ਹਨ। ਸਰਕਾਰਾਂ ਦੁਆਰਾ ਆਰੰਭ ਕੀਤੇ ਕਈ ਪ੍ਰੋਗਰਾਮ ਅਤੇ ਸਕੀਮਾਂ ਵੀ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਫਿਨਲੈਂਡ ਨੂੰ ਪਹਿਲਾ ਸਥਾਨ ਕਿਉਂ?

ਫਿਨਲੈਂਡ ਨੂੰ ਪਹਿਲਾਂ ਸਥਾਨ ਕਿਉਂ ਮਿਲਦਾ ਹੈ? ਇਸ ਵਿਚ ਸਮਾਜਕ ਸੁਰੱਖਿਆ-ਪ੍ਰਬੰਧ, ਨਾਮਾਤਰ ਭ੍ਰਿਸ਼ਟਾਚਾਰ, ਉੱਚ ਵਿਸ਼ਵਾਸ-ਪੱਧਰ, ਕੰਮ-ਸਥਾਨ ਦਾ ਸੁਖਾਵਾਂ ਮਾਹੌਲ, ਕੁਦਰਤ ਨਾਲ ਨੇੜਤਾ, ਕੰਮ ਅਤੇ ਜੀਵਨ ਦਰਮਿਆਨ ਸੰਤੁਸ਼ਟੀਜਨਕ ਸੰਤੁਲਨ, ਕੰਮ ਦੇ ਘੱਟ ਘੰਟੇ, ਪ੍ਰਾਕ੍ਰਿਤਕ ਸੁੰਦਰਤਾ, ਹਰਿਆਵਲ, ਝੀਲਾਂ ਅਤੇ ਸਾਫ਼ ਸਫ਼ਾਈ ਦੀ ਅਹਿਮ ਭੂਮਿਕਾ ਸਾਹਮਣੇ ਆਉਂਦੀ ਹੈ।

ਅਜਾਦੀ, ਉਦਾਰਤਾ ਅਤੇ ਸਿਹਤਮੰਦ ਜੀਵਨ ਦੀ ਉਮੀਦ ਹੋਰ ਮਹੱਤਵਪੂਰਨ ਪਹਿਲੂ ਹਨ। ‘ਹਰੇਕ ਵਿਅਕਤੀ ਦਾ ਹੱਕ’ ਕਾਨੂੰਨ ਵੀ ਫਿਨਲੈਂਡ ਨੂੰ ਪਹਿਲਾ ਸਥਾਨ ਦਵਾਉਣ ਵਿਚ ਯੋਗਦਾਨ ਪਾਉਂਦਾ ਹੈ। ਇਹ ਉਹ ਕਾਨੂੰਨ ਹੈ ਜਿਸ ਤਹਿਤ ਫਿਨਲੈਂਡ ਦੇ ਹਰੇਕ ਨਾਗਰਿਕ ਨੂੰ ਇਹ ਅਧਿਕਾਰ ਮਿਲਦਾ ਹੈ ਕਿ ਆਪਣੇ ਨੇੜੇ ਦੇ ਕਿਸੇ ਵੀ ਜੰਗਲ ਨੂੰ, ਝੀਲ ਨੂੰ ਜਾਂ ਸਮੁੰਦਰੀ ਕਿਨਾਰੇ ਨੂੰ ਕੈਂਪ ਲਗਾਉਣ, ਹਾਈਕਿੰਗ ਅਤੇ ਫਲ੍ਹ ਚੁਗਣ ਜਿਹੀਆਂ ਸਰਗਰਮੀਆਂ ਲਈ ਵਰਤ ਸਕਦੇ ਹੋ।

ਫਿਨਲੈਂਡ ਨੂੰ ਲਗਾਤਾਰ ਅਠਵੀਂ ਵਾਰ ਇਹ ਸਥਾਨ ਮਿਲਿਆ ਹੈ। ਉਥੋਂ ਦੇ ਲੋਕ ਭਲਾਈ ਦੇ ਕੰਮਾਂ ਦਾ ਮਹੱਤਵ ਸਮਝਦੇ ਹਨ। ਦੂਸਰਿਆਂ ਦੀ ਖੁਸ਼ੀ ਵਿਚ ਖੁਸ਼ ਹੁੰਦੇ ਹਨ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬੁਨਿਆਦੀ ਆਰਥਿਕ ਲੋੜਾਂ ਦੀ ਪੂਰਤੀ ਉਪਰੰਤ ਹੀ ਕੋਈ ਵਿਅਕਤੀ ਖੁਸ਼ੀ ਤੇ ਸੰਤੁਸ਼ਟੀ ਅਨੁਭਵ ਕਰਦਾ ਹੈ ਅਤੇ ਦੂਸਰਿਆਂ ਦੀ ਭਲਾਈ ਨੂੰ ਮਦਦ ਲਈ ਨਿਕਲਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਫਿਨਲੈਂਡ ਦੇ ਲੋਕ ਇਸ ਪੱਖੋਂ ਖੁਸ਼ ਤੇ ਸੰਤੁਸ਼ਟ ਹਨ।