
(ਹਰਜੀਤ ਲਸਾੜਾ, ਬ੍ਰਿਸਬੇਨ 29 ਮਾਰਚ) ਪੰਜਾਬੀ ਸਾਹਿਤ ਜਗਤ ਦੀ ਮਕਬੂਲ ਕਹਾਣੀਕਾਰ ਗੁਰਮੀਤ ਪਨਾਗ ਇਨ੍ਹੀਂ ਦਿਨੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਫੇਰੀ ’ਤੇ ਹਨ। ਇਸ ਦੌਰਾਨ ਬ੍ਰਿਸਬੇਨ ਵਿਖੇ ਤਾਸਮਨ ਪੰਜਾਬੀ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਸਰਾਹਿਆ ਗਿਆ। ਇਸ ਮੌਕੇ ਸਾਹਿਤਕ ਵਿਚਾਰ-ਚਰਚਾ ਵੀ ਹੋਈ, ਜਿਸ ਵਿੱਚ ਪੰਜਾਬੀ ਸਾਹਿਤ ਦੇ ਵਿਕਾਸ ਅਤੇ ਵਿਦੇਸ਼ਾਂ ਵਿੱਚ ਇਸ ਦੀ ਪਹੁੰਚ ਬਾਰੇ ਗਹਿਰੀ ਗੱਲਬਾਤ ਹੋਈ। ਬੈਠਕ ਵਿੱਚ ਮਸ਼ਹੂਰ ਕਹਾਣੀਕਾਰ ਅਤਰਜੀਤ ਦੀ ਬੇਟੀ ਸ਼ਿਖਾ ਆਨੰਦ ਵੀ ਮੌਜੂਦ ਰਹੇ। ਗੁਰਮੀਤ ਪਨਾਗ ਜਿਨ੍ਹਾਂ ਦਾ ਕਹਾਣੀ ਸੰਗ੍ਰਹਿ ‘ਮੁਰਗ਼ਾਬੀਆਂ’ ਪੰਜਾਬੀ ਸਾਹਿਤ ਵਿੱਚ ਖਾਸ ਸਥਾਨ ਰੱਖਦਾ ਹੈ, ਨੇ ਇਸ ਸਨਮਾਨ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਸਾਹਿਤ ਨੂੰ ਵਿਦੇਸ਼ਾਂ ਵਿੱਚ ਹੋਰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਜਤਾਈ। ਗੱਲਬਾਤ ਦੌਰਾਨ ਲੇਖਕ ਦੀ ਲਿਖਣ ਸ਼ੈਲੀ ਨੂੰ ਸਰਲ ਪਰ ਪ੍ਰਭਾਵਸ਼ਾਲੀ ਦੱਸਿਆ ਗਿਆ ਜੋ ਪਾਠਕਾਂ ਨੂੰ ਕਹਾਣੀ ਦੇ ਭਾਵਨਾਤਮਕ ਪਹਿਲੂਆਂ ਨਾਲ ਜੋੜਦੀ ਹੈ।
ਦੱਸਣਯੋਗ ਹੈ ਕਿ ਲੇਖਿਕਾ ਨੇ ‘ਮੁਰਗ਼ਾਬੀਆਂ’ ਰਾਹੀਂ ਪੰਜਾਬੀ ਸਾਹਿਤ ਵਿੱਚ ਇਕ ਵੱਖਰੀ ਪਛਾਣ ਬਣਾਈ ਹੈ ਅਤੇ ਇਸ ਕਹਾਣੀ ਸੰਗ੍ਰਹਿ ਨੂੰ ਉਨ੍ਹਾਂ ਦੀਆਂ ਮੁੱਖ ਰਚਨਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਇਸ ਵਿੱਚ ਸਮਾਜਿਕ ਮੁੱਦਿਆਂ, ਮਨੁੱਖੀ ਰਿਸ਼ਤਿਆਂ ਅਤੇ ਜੀਵਨ ਦੀਆਂ ਬਾਰੀਕੀਆਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। ਇਹ ਕਹਾਣੀਆਂ ਅਕਸਰ ਆਮ ਲੋਕਾਂ ਦੇ ਜੀਵਨ, ਉਨ੍ਹਾਂ ਦੀਆਂ ਉਮੀਦਾਂ, ਨਿਰਾਸ਼ਾਵਾਂ ਅਤੇ ਸੰਘਰਸ਼ਾਂ ਨੂੰ ਉਜਾਗਰ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਵਿੱਚ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਜੀਵਨ ਦੀ ਝਲਕ ਵੀ ਮਿਲਦੀ ਹੈ, ਜਿਸ ਨਾਲ ਪਾਠਕ ਆਪਣੇ ਆਲੇ-ਦੁਆਲੇ ਦੀ ਹਕੀਕਤ ਨਾਲ ਜੁੜੇ ਜਾਪਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੀ ਸਾਹਿਤਕ ਹਲਕਿਆਂ ਵਿੱਚ ਚਰਚਾ ਹੈ ਤੇ ਇਹ ਕਹਾਣੀਆਂ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਤੇ ਪਾਠਕਾਂ ਲਈ ਇੱਕ ਮਹੱਤਵਪੂਰਨ ਅਧਿਐਨ ਦਾ ਹਿੱਸਾ ਬਣ ਸਕਦੀਆਂ ਹਨ। ਉਹਨਾਂ ਦਾ ਇਹ ਦੌਰਾ ਪੰਜਾਬੀ ਭਾਈਚਾਰੇ ਅਤੇ ਸਾਹਿਤ ਪ੍ਰੇਮੀਆਂ ਲਈ ਇੱਕ ਅਹਿਮ ਮੌਕਾ ਸਾਬਤ ਹੋ ਰਿਹਾ ਹੈ।