ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ 40 ਵਿਅਕਤੀ ਭੀਖ ਮੰਗਣ ਲਈ ਮਜਬੂਰ, 3 ਬੈਡਰੂਮ ਵਾਲੇ ਘਰ ਵਿਚ ਕਰ ਰਹੇ ਨੇ ਗੁਜ਼ਾਰਾ

ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਵਿਚ ਭਾਰਤੀ ਮੂਲ ਦੇ 40 ਵਿਅਕਤੀ ਭੀਖ ਮੰਗਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਉਹ ਰੁਜ਼ਗਾਰ ਭਰਤੀ ਲਈ ਲੱਖਾਂ ਰੁਪਏ ਦੇ ਕੇ ਵਿਦੇਸ਼ ਆਏ ਸਨ ਤੇ ਇੱਥੇ ਆ ਕੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ। ਇਹ 40 ਵਿਅਕਤੀ ਇਕ ਤਿੰਨ ਬੈਡਰੂਮ ਵਾਲੇ ਘਰ ਵਿਚ ਰਹਿੰਦੇ ਹਨ ਤੇ ਇਕੋ ਬਾਥਰੂਮ ਤੇ ਇਕੋ ਰਸੋਈ ਵਰਤਦੇ ਹਨ।

ਇਥੇ ਰਹਿਣ ਲਈ ਮਜ਼ਬੂਰ ਹੋਏ ਪ੍ਰਵਾਸੀ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਨੂੰ ਕੰਮ ਵਾਸਤੇ ਬੁਲਾਇਆ ਗਿਆ ਸੀ, ਪਰ ਇਥੇ ਕੋਈ ਕੰਮ ਨਹੀਂ ਦਿੱਤਾ ਗਿਆ। ਇਸ ਘਰ ਵਿਚ ਜਦੋਂ ਪੁਲਿਸ ਚੈਕਿੰਗ ਲਈ ਆਈ ਤਾਂ ਹੁਣ ਇਹ ਮੁੱਦਾ ਜਾਂਚ ਦਾ ਵਿਸ਼ਾ ਬਣ ਗਿਆ ਹੈ। ਇਨ੍ਹਾਂ ਪ੍ਰਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਜ਼ਾਰਾਂ ਡਾਲਰ ਕੰਮ ਦਾ ਵੀਜ਼ਾ ਲੈਣ ਲਈ ਦਿੱਤੇ ਸਨ ਪਰ ਇਥੇ ਉਨ੍ਹਾਂ ਨੂੰ ਕੋਈ ਕੰਮ ਅਤੇ ਪੈਸਾ ਨਹੀਂ ਮਿਲਿਆ।

ਇਹ ਪ੍ਰਵਾਸੀ ਕਾਮੇ ਖਾਣਾ ਖ਼ਤਮ ਹੋਣ ਤੋਂ ਬਾਅਦ ਭੀਖ ਮੰਗਣ ਤੱਕ ਮਜਬੂਰ ਹੋ ਗਏ ਹਨ। ਇਕ ਭਾਰਤੀ ਪ੍ਰਵਾਸੀ ਪ੍ਰਸਾਦ ਬਾਬੂ ਨੇ ਦੱਸਿਆ ਕਿ ਤਿੰਨ ਦਿਨ ਤੋਂ ਉਨ੍ਹਾਂ ਕੋਲ ਕੁਝ ਵੀ ਖਾਣ ਲਈ ਨਹੀਂ ਹੈ, ਸਿਰਫ਼ ਪਾਣੀ ਪੀ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਿਹਤਰ ਜੀਵਨ ਲਈ ਇਥੇ ਆਏ ਸਨ, ਪਰ ਭੀਖ ਮੰਗਣ ਤੱਕ ਪਹੁੰਚ ਗਏ ਹਨ। ਉਹ ਮੰਦਿਰ ਜਾ ਰਹੇ ਹਨ ਅਤੇ ਖਾਣਾ ਖਾ ਰਹੇ ਹਨ। ਇਹ ਪ੍ਰਵਾਸੀ ਤਿੰਨ ਮਹੀਨਿਆਂ ਤੋਂ ਇਥੇ ਇਸੇ ਪਰੇਸ਼ਾਨੀ ਵਿਚ ਹਨ। ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਕ ਡਾਲਰ ਵੀ ਘਰ ਨਹੀਂ ਭੇਜਿਆ।

ਇਕ ਛੋਟੇ ਘਰ ਦੇ ਵਿਚ ਐਨੇ ਲੋਕ ਇਕੱਠੇ ਹਨ ਕਿ ਹਰ ਕੋਨੇ ਵਿਚ, ਕਾਰ ਗੈਰਾਜ ਵਿਚ ਥੱਲੇ ਗੱਦੇ ਸੁੱਟ ਕੇ ਸੌਂ ਰਹੇ ਹਨ। ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਥਿਤ ਵੀਜ਼ਾ ਧੋਖਾਧੜੀ ਅਤੇ ਪ੍ਰਵਾਸੀ ਸ਼ੋਸ਼ਣ ਦੀ ਇੱਕ ਵੱਡੀ ਜਾਂਚ ਸ਼ੁਰੂ ਕੀਤੀ ਹੈ, ਜੋ ਕਿ ਗੰਭੀਰ ਅਪਰਾਧਿਕ ਅਪਰਾਧ ਵਜੋਂ ਕੀਤੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਲਿਟਲ ਨੇ ਇਸ ਸਬੰਧੀ ਕਿਹਾ ਕਿ ਸਾਡੇ ਕੋਲ ਲਗਭਗ 27,000 ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਹਨ, ਸਾਡੇ ਕੋਲ ਇਸ ਵੀਜ਼ਾ ਸਕੀਮ ਦੇ ਤਹਿਤ ਨਿਊਜ਼ੀਲੈਂਡ ਵਿਚ ਲਗਭਗ 77,000 ਕਰਮਚਾਰੀ ਹਨ। ਜ਼ਿਆਦਾਤਰ ਲੋਕ ਵਧੀਆ ਕੰਮ ਕਰ ਰਹੇ ਹਨ।