
(24 ਮਾਰਚ, 2025) ਮੰਜਕੀ ਪੰਜਾਬੀ ਸੱਥ, ਭੰਗਾਲਾ ਦੇ ਵਿਹੜੇ ਵਿੱਚ ਕੁੱਲ ਆਲਮ ਦੀਆਂ ਪੰਜਾਬੀ ਸੱਥਾਂ ਦੀ ਇਕੱਤਰਤਾ ਡਾ. ਨਿਰਮਲ ਸਿੰਘ ਲਾਂਬੜਾ ਅਤੇ ਸ. ਮੋਤਾ ਸਿੰਘ ਸਰਾਏ ਹੁਰਾਂ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿੱਚ ਪੰਜਾਬੀ ਸੱਥਾਂ ਦੇ ਸਰਵ- ਸਾਂਝੇ ਕਾਰਜਾਂ, ਵਿਹਾਰਾਂ ਅਤੇ ਸਦਾਚਾਰਕ ਮੁੱਲਾਂ ਸੰਬੰਧੀ ਚਰਚਾ ਕੀਤੀ ਗਈ। ਪੰਜਾਬੀ ਸੱਥਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ, ਵਰਤਮਾਨ ਵਿੱਚ ਚੁਣੌਤੀਆਂ ਅਤੇ ਭਵਿੱਖਮੁਖੀ ਉਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਸ ਦੌਰਾਨ ਪੰਜਾਬੀ ਸੱਥ ਲਾਂਬੜਾ ਦੇ ਮੁੱਖ ਸੰਚਾਲਕ ਡਾ. ਨਿਰਮਲ ਸਿੰਘ ਲਾਂਬੜਾ ਹੁਰਾਂ ਪੰਜਾਬੀ ਸੱਥਾਂ ਦੀ ਹੋਂਦ, ਵਿਕਾਸ ਅਤੇ ਕਾਰਜੀ ਆਧਾਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਯੂਰਪੀ ਪੰਜਾਬੀ ਸੱਥ ਵਾਲਸਾਲ (ਯੂ.ਕੇ.) ਦੇ ਮੁੱਖ ਸੰਚਾਲਕ ਸ.ਮੋਤਾ ਸਿੰਘ ਸਰਾਏ ਹੁਰਾਂ ਪੰਜਾਬੀ ਸੱਥਾਂ ਨਾਲ਼ ਆਪਣੀ ਭਾਵੁਕ ਸਾਂਝ ਨੂੰ ਬਿਆਨਿਆ ਅਤੇ ਪੰਜਾਬੀ ਸੱਥਾਂ ਨੂੰ ਅਗਲੇਰੀ ਪੀੜ੍ਹੀ ਸੰਬੰਧੀ ਸੁਚੇਤ ਕਰਨ ਦਾ ਸੁਨੇਹਾ ਦਿੱਤਾ।
ਇਸ ਦੌਰਾਨ ਪੰਜਾਬੀ ਸੱਥਾਂ ਦੀ ਇਲਾਕਾਈ ਵਿਸ਼ੇਸ਼ਤਾ ਅਤੇ ਹਰ ਇਕਾਈ ਦੇ ਹਾਜ਼ਰ ਸੰਚਾਲਕਾਂ ਵੱਲੋਂ ਆਪਣੀ ਇਕਾਈ ਦੇ ਕਾਰਜਾਂ ਸੰਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੰਜਾਬੀ ਸੱਥ ਜਰਗ ਤੋਂ ਨਵਜੋਤ ਸਿੰਘ ਮੰਡੇਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਰਾਸਤੀ ਗਾਇਕੀ ਦੇ ਅਖਾੜਾ ਗਾਇਕੀ ਦਾ ਰੰਗ ਬੰਨ੍ਹਿਆ। ਇਸ ਸਮੇਂ ਪ੍ਰਸਿੱਧ ਪੰਜਾਬੀ ਕਵੀ ਸੰਤ ਸਿੰਘ ਸੰਧੂ, ਮਲਵਈ ਪੰਜਾਬੀ ਸੱਥ ਮੰਡੀ ਕਲਾਂ ਤੋਂ ਡਾ.ਜਸਵਿੰਦਰ ਸ਼ਰਮਾ, ਪੰਜਾਬੀ ਸੱਥ ਸਰਹਿੰਦ ਤੋਂ ਸੰਤ ਸਿੰਘ ਸੋਹਲ, ਵਿਰਾਸਤੀ ਪੰਜਾਬੀ ਸੱਥ ਸਰਹਿੰਦ ਤੋਂ ਡਾ. ਹਰਪ੍ਰੀਤ ਸਿੰਘ,ਮਾਝਾ ਪੰਜਾਬੀ ਸੱਥ ਬੁਤਾਲਾ ਤੋਂ ਬਲਜਿੰਦਰ ਕੌਰ ਬੱਲ, ਗੁਰਪ੍ਰੀਤ ਸਿੰਘ, ਦਯਾ ਕੌਰ ਬੱਲ, ਨੌਜਵਾਨ ਪੰਜਾਬੀ ਸੱਥ ਚੰਡੀਗੜ੍ਹ ਤੋਂ ਜਗਤਾਰ ਸਿੰਘ ਦਿਓਲ, ਗੁਰਪ੍ਰੀਤ ਸਿੰਘ ਮਾਨ, ਪੁਆਧੀ ਪੰਜਾਬੀ ਸੱਥ ਮੋਹਾਲੀ ਤੋਂ ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਪੰਜਾਬੀ ਸੱਥ ਬਰਵਾਲੀ, ਫ਼ਤਹਿਗੜ੍ਹ ਸਾਹਿਬ ਦੇ ਸੰਚਾਲਕ ਗੁਰਦੀਪ ਸਿੰਘ ਕੰਗ, ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਦੇ ਸੰਚਾਲਕ ਸ. ਲਾਭ ਸਿੰਘ ਸੰਧੂ, ਮੰਜਕੀ ਪੰਜਾਬੀ ਸੱਥ ਦੇ ਹਿਤੈਸ਼ੀ ਸਾਬਕਾ ਸਰਪੰਚ ਸ. ਦਵਿੰਦਰ ਸਿੰਘ ਬੋਪਾਰਾਏ, ਪ੍ਰੋ. ਜਸਵੀਰ ਸਿੰਘ ਸ਼ਾਇਰ, ਜਿੰਗਾ ਸਿੰਘ, ਪੰਜਾਬੀ ਸੱਥ ਲਾਂਬੜਾ ਤੋਂ ਬਲਜਿੰਦਰ ਰਾਣੀ ਹੁਸੈਨਪੁਰ ਅਤੇ ਕੋਮਲ ਸਿੰਘ ਸੰਧੂ, ਉੱਘੇ ਕਵਿੱਤਰੀ ਬੀਬੀ ਸੁਖਦੀਪ ਕੌਰ ਬਿਰਧਨੋ, ਯੂਰਪੀ ਪੰਜਾਬੀ ਸੱਥ ਦੇ ਹਿਤੈਸ਼ੀ ਸ. ਅਜੈਬ ਸਿੰਘ ਗਰਚਾ ਬਰਮਿੰਘਮ ਅਤੇ ਬਲਦੇਵ ਸਿੰਘ ਆਲੇਵਾਲੀ, ਵੁਲਵਰਹੈਂਪਟਨ ਆਦਿ ਨੇ ਆਪਣੇ ਗਹਿਰ ਗੰਭੀਰ ਵਿਚਾਰ ਦਿੱਤੇ। ਆਖ਼ਰ ਵਿੱਚ ਮੰਜਕੀ ਪੰਜਾਬੀ ਸੱਥ, ਭੰਗਾਲਾ ਦੇ ਮੁੱਖ ਸੰਚਾਲਕ ਪ੍ਰਿੰ. ਕੁਲਵਿੰਦਰ ਸਿੰਘ ਸਰਾਏ ਹੁਰਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।