
ਬਠਿੰਡਾ, 4 ਫਰਵਰੀ, ਬਲਵਿੰਦਰ ਸਿੰਘ ਭੁੱਲਰ
ਦੇਸ਼ ਦੀ ਆਜ਼ਾਦੀ ਲਈ ਲੰਬਾ ਸਮਾਂ ਲੜਾਈ ਲੜਣ ਵਾਲੇ ਜੁਝਾਰੂ ਦੇਸ਼ ਭਗਤ ਸੇਰ ਜੰਗ ਦੇ ਜੀਵਨ ਤੇ ਆਧਾਰਤ ਪ੍ਰਸਿੱਧ ਸਾਹਿਤਕਾਰ ਸ੍ਰੀ ਅਤਰਜੀਤ ਵੱਲੋਂ ਲਿਖੇ ਨਾਵਲ ‘ਸੀਸ ਤਲੀ ਤੇ’ ਉਪਰ ਵਿਚਾਰ ਗੋਸ਼ਟੀ ਹੋਈ। ਸਥਾਨਕ ਟੀਚਰਜ ਹੋਮ ਵਿਖੇ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪਿ੍ਰੰ: ਬੱਗਾ ਸਿੰਘ, ਸ੍ਰੀ ਅਤਰਜੀਤ, ਸ੍ਰੀ ਲਛਮਣ ਸਿਘ ਮਲੂਕਾ, ਸ੍ਰੀ ਸੁਰਿੰਦਰਪ੍ਰੀਤ ਘਣੀਆ ਸ਼ਾਮਲ ਸਨ।
ਪੰੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਨਾਵਲ ਉੱਪਰ ਪੇਪਰ ਪੜਦਿਆਂ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਨਾਵਲ ਦੇ ਕੁੱਝ ਅੰਸ਼ ਪੇਸ਼ ਕਰਦਿਆਂ ਕਿਹਾ ਕਿ ਨਾਵਲ ਆਜ਼ਾਦੀ ਸੰਘਰਸ਼ ਦੇ ਨਾਲ ਨਾਲ ਅੱਜ ਦੇ ਹਾਲਾਤਾਂ ਨੂੰ ਵੀ ਲੈ ਕੇ ਚਲਦਾ ਹੈ ਅਤੇ ਸੇਰ ਜੰਗ ਸਮੇਤ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਝੱਲੇ ਦੁੱਖਾਂ ਅਤੇ ਕੀਤੀਆਂ ਕੁਰਬਾਨੀਆਂ ਦੀ ਬਾਤ ਪਾਉਂਦਾ ਹੈ। ਨਾਵਲ ਸਪਸ਼ਟ ਕਰਦਾ ਹੈ ਕਿ ਕੋਈ ਸੰਘਰਸ਼ ਤਾਂ ਹੀ ਜਿੱਤਿਆ ਜਾ ਸਕਦਾ ਹੈ ਜੇ ਉਹ ਧਰਮਾਂ, ਜਾਤਾਂ, ਗੋਤਾਂ ਤੋਂ ਉੱਪਰ ਉੱਠ ਕੇ ਇੱਕਮੁੱਠਤਾ ਨਾਲ ਲੜਿਆ ਜਾਵੇ। ਉਹਨਾਂ ਕਿਹਾ ਕਿ ਇਹ ਇਤਿਹਾਸਕ ਨਾਵਲ ਜਿੱਥੇ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ, ਉੱਥੇ ਲੋਕ ਹਿਤਾਂ ਤੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕਤਾ ਪ੍ਰਗਟ ਕਰਦਾ ਹੋਇਆ ਉਹਨਾਂ ਦੀ ਪ੍ਰਾਪਤੀ ਦਾ ਰਾਹ ਵਿਖਾਉਂਦਾ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਹਾਕਮ ਧਿਰ ਵੱਲੋਂ ਸਾਹਿਤ ਇਤਿਹਾਸ ਤੇ ਹਮਲੇ ਕੀਤੇ ਜਾ ਰਹੇ ਹਨ, ਉਦੋਂ ਸਾਹਿਤਕਾਰਾਂ ਵੱਲੋਂ ਅਜਿਹਾ ਪ੍ਰਗਤੀਸ਼ੀਲ ਸਾਹਿਤ ਰਚ ਕੇ ਘਰ ਘਰ ਪਹੁੰਚਾਉਣ ਦਾ ਫ਼ਰਜ ਅਦਾ ਕਰਨਾ ਚਾਹੀਦਾ ਹੈ। ਚਰਚਾ ਵਿੱਚ ਭਾਗ ਲੈਂਦਿਆਂ ਗਜਲਗੋ ਸ੍ਰੀ ਰਣਬੀਰ ਰਾਣਾ ਅਤੇ ਨਾਵਲਕਾਰ ਸ੍ਰੀ ਜਸਵਿੰਦਰ ਜਸ ਨੇ ਨਾਵਲ ਦੇ ਵਿਸ਼ੇ ਦੀ ਸਲਾਘਾ ਕਰਦੇ ਹੋਏ ਇਸ ਵਿਚਲੀਆਂ ਘਾਟਾਂ ਕਮੀਆਂ ਨੂੰ ਉਜਾਗਰ ਕਰਦਿਆਂ ਕਾਹਲ ਵਿੱਚ ਲਿਖਿਆ ਕਰਾਰ ਦਿੱਤਾ। ਉਹਨਾਂ ਦੇਸ਼ ਭਗਤਾਂ ਬਾਰੇ ਸਾਹਿਤ ਰਚਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਰਚਨਾਕਾਰ ਨੂੰ ਪਹਿਲਾਂ ਰਚਨਾ ਵਿਚਲੇ ਸਮੇਂ ਤੇ ਸਥਾਨ ਵੱਲ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ।
ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਅਤੇ ਟੀਚਰਜ ਹੋਮ ਟਰੱਸਟ ਦੇ ਆਗੂ ਸ੍ਰੀ ਲਛਮਣ ਮਲੂਕਾ ਨੇ ਕਿਹਾ ਕਿ ਨਾਵਲ ਤੇ ਪ੍ਰਭਾਵਸ਼ਾਲੀ ਗੋਸ਼ਟੀ ਹੋਈ ਹੈ ਅਤੇ ਨਾਵਲ ਆਜ਼ਾਦੀ ਘੁਲਾਟੀਆਂ ਤੇ ਹੋਏ ਤਸ਼ੱਦਦ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਦਾ ਹੋਇਆ ਪਾਠਕਾਂ ਦੇ ਮਨ ਨੂੰ ਹਲੂਣਾ ਦਿੰਦਾ ਹੈ। ਗਜ਼ਲਗੋ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਇਤਿਹਾਸਕ ਨਾਵਲ ਦਾ ਵਿਸ਼ਾ ਤੇ ਸ਼ਬਦਾਵਲੀ ਪਾਠਕ ਨੂੰ ਹਲੂਣਦੇ ਹਨ, ਪਰ ਲਿਖਣ ਵਿੱਚ ਕੀਤੀ ਕਾਹਲ ਪ੍ਰਗਟ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਪੁਸਤਕ ਛਾਪਣ ਤੋਂ ਪਹਿਲਾਂ ਖਰੜੇ ਉੱਪਰ ਬਹਿਸ ਕੀਤੀ ਜਾਵੇ ਤਾਂ ਰਚਨਾਵਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸ੍ਰੀ ਅਤਰਜੀਤ ਨੇ ਗੋਸ਼ਟੀ ਤੇ ਤਸੱਲੀ ਪ੍ਰਗਟ ਕਰਦਿਆਂ ਮੰਨਿਆਂ ਕਿ ਨਾਵਲ ਲਿਖਣ ਸਮੇਂ ਸਿਹਤ ਸਾਜ਼ਗਾਰ ਨਾ ਹੋਣ ਕਾਰਨ ਕਾਹਲ ਜਰੂਰ ਕੀਤੀ ਗਈ ਸੀ। ਪਿ੍ਰੰ: ਬੱਗਾ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਕਿਹਾ ਕਿ ਨਾਵਲ ਜਿੱਥੇ ਆਜ਼ਾਦੀ ਸੰਘਰਸ਼ ਦੀ ਬਾਤ ਪਾਉਂਦਾ ਹੈ ਉੱਥੇ ਲੋਕ ਏਕਤਾ ਦੀ ਜਿੱਤ ਦੀ ਸ਼ਾਹਦੀ ਵੀ ਭਰਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਭਗਵਾਂਕਰਨ ਦੇ ਦੌਰ ਵਿੱਚ ਸਮੇਂ ਦੇ ਹਾਣ ਦੀਆਂ ਮੌਲਿਕ ਰਚਨਾਵਾਂ ਰਚਣ ਦੀ ਵੀ ਜਰੂਰਤ ਹੈ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਵ ਸ੍ਰੀ ਅਮਰਜੀਤ ਜੀਤ, ਕਮਲ ਬਠਿੰਡਾ, ਸੁਰਿੰਦਰਪ੍ਰੀਤ ਘਣੀਆ, ਮਨਜੀਤ ਬਠਿੰਡਾ, ਦਮਜੀਤ ਦਰਸ਼ਨ ਆਦਿ ਨੇ ਗ਼ਜ਼ਲਾਂ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਡਾ: ਅਜੀਤਪਾਲ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਵੱਖ ਵੱਖ ਸਾਹਿਤ ਸਭਾਵਾਂ ਦੀ ਏਕਤਾ ਦੀ ਲੋੜ ਤੇ ਜੋਰ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਕਹਾਣੀਕਾਰ ਆਗਾਜ਼ਵੀਰ ਨੇ ਬਾਖੂਬੀ ਨਿਭਾਈ।