
ਦੁੱਖ-ਸੁੱਖ ਹੰਢਾ ਰਹੇ ਸਾਰਿਆਂ ਨੂੰ ਗੁਰ-ਫਤਿਹ ਪ੍ਰਵਾਨ ਹੋਵੇ ਜੀ। ਅਸੀਂ ਰੱਬ ਦੇ ਭਾਣੇ ਵਿੱਚ ਹਾਂ। ਵਾਹਿਗੁਰੂ ਤੁਹਾਨੂੰ ਇੱਲ-ਬਲਾਵਾਂ ਤੋਂ ਬਚਾਵੇ। ਅੱਗੇ ਸਮਾਚਾਰ ਇਹ ਹੈ ਕਿ ਅਮਰ ਸਿੰਹੁ ਦਸੌਂਧੀਏ ਦੇ ਸੱਥਰ ਉੱਤੇ ਹਿਰਖ ਕਰਨ ਆਏ ਸਾਰੇ, ਪਹਿਲਾਂ ਢਾਰਸ ਦੇਣ ਦੀ ਗੱਲਾਂ ਕਰਦੇ ਰਹੇ, ਫੇਰ ਬਾਹਰੋਂ ਜਹਾਜ ਉੱਤੇ ਮੋੜੇ ਲੋਕਾਂ ਦੀ ਕਹਾਣੀ ਲੈ ਬੈਠੇ। ਅਜੀਤ ਅਖ਼ਬਾਰ ਜਿਵੇਂ ਇਸੇ ਖ਼ਬਰ ਦੇ ਵਿਸਥਾਰ ਨਾਲ ਹੀ ਭਰਿਆ ਪਿਆ ਸੀ। ਜੱਸੀ ਦਾ ਪੱਪਾ, ਮੋਟੀਆਂ-ਮੋਟੀਆਂ ਖ਼ਬਰਾਂ ਬੋਲੀ ਜਾਵੇ। ਸਿਮਲਾ ਬਾਈ ਆਂਹਦਾ, “ਗੱਲ ਤਾਂ ਮਾੜੀ ਹੀ ਹੈ, ਨੋਟਾਂ ਦਾ ਥੱਬਾ ਲਾ ਕੇ ਗਏ ਇਨ੍ਹਾਂ ਦਾ, ਹੁਣ ਬਣੂੰਗਾ ਕੀ?” “ਬਣਨਾ ਕੀ ਐ ਜੀ, ਉੱਜੜਗੇ ਇੱਕ ਵਾਰੀ ਤਾਂ, ਪਲਟਾ ਵੱਜ ਗਿਆ ਘਰ ਨੂੰ।” ਵਿਰੋਧੀ ਧਿਰ ਵਾਲੇ ਇੱਕ ਨੇਤਾ ਨੇ ਜਵਾਬ ਦਿੱਤਾ। “ਨਾ ਸਰਕਾਰ ਨੀ ਕੋਈ ਬਾਂਹ ਫੜਦੀ?” ਸਿਮਲੇ ਨੇ ਹਮਦਰਦੀ ਜਤਾਈ। “ਫੜੂਗੀ ਸਿਮਲੇ, ਕੱਲ੍ਹ ਮੰਤਰੀ ਆਪ ਗਿਆ ਸੀ ਹਵਾਈ ਅੱਡੇ ਉੱਤੇ, ਉਹਨੇ ਆਖਿਆ, ‘ਮੱਦਦ ਕਰਾਂਗੇ ਪੂਰੀ, ਕੇਂਦਰ ਸਰਕਾਰ ਵੀ ਮਰੀਕਾ ਨਾਲ ਗੱਲਬਾਤ ਕਰੇ।
ਸਰਕਾਰੂ ਪਾਰਟੀ ਦੇ ਚਿੱਟਕੱਪੜੀਏ ਨੇ ਸਿਮਲੇ ਵੱਲ ਝਾਕਦਿਆਂ, ਪੱਖ ਪੂਰਿਆ। “ਜੇ ਬਾਈ ਲੀਡਰ ਇਮਾਨਦਾਰ ਹੋਣ, ਏਥੇ ਰੋਜਗਾਰ ਦੇਣ ਤਾਂ ਕੀ ਲੋੜ ਐ, ਤੀਵੀਂ-ਬੱਚਿਆਂ ਸਣੇ, ਬੁੱਕ-ਨੋਟਾਂ ਦਾ ਚਾੜ੍ਹ ਕੇ, ਖਲਕਤ ਨੂੰ ਖੁਆਰ ਹੋਣ ਦੀ।” ਹਾਰੀ ਪਾਰਟੀ ਆਲੇ ਨੇਤਾ ਨੂੰ ਪ੍ਰਚਾਰ ਲਈ ਮੁੱਦਾ ਲੱਭ ਗਿਆ ਸੀ।
“ਇਹ ਕਿਹੜਾ ਹੁਣੇ ਦੀ ਗੱਲ ਐ, ਪਿਛਲੇ ਸੌ-ਸਾਲਾਂ ਤੋਂ ਈਂ ਲੋਕ, ਦੋ ਨੰਬਰ ਚ ਜਾਂਦੇ ਐ, ਕਈ ਕਰੋੜਪਤੀ ਵੀ ਬਣਗੇ ਮਿਹਨਤਾਂ ਕਰਕੇ ਪਰ ਇੱਕ ਗੱਲ ਮੇਰੀ ਸਮਝ ਤੋਂ ਬਾਹਰ ਐ ਬਈ ਘਰ-ਘਾਟ ਵੇਚ ਕੇ, ਬੀਵੀ-ਬੱਚਿਆਂ ਨੂੰ ਖੁਆਰ ਕਰਕੇ ਜਿੰਨਾ ਧਨ, ਇਹ ਗਾਲਦੇ ਐ, ਇੰਨੇ ਨਾਲ ਤਾਂ ਇਹ ਬੈਂਕ ਦੇ ਵਿਆਜੂ ਨਾਲ ਐਥੇ ਈ ਰੋਟੀ ਖਾ ਸਕਦੇ ਐ, ਕਿ ਨਹੀਂ?" ਸਰਕਾਰ ਦੇ ਪੱਖੀ ਨੇ ਤਰਕ ਦਾ ਬਾਣ ਛੱਡਿਆ। “ਬੈਂਕ ਵੀ ਤਾਂ ਪੰਜ ਲੱਖ ਦੀ ਹੀ ਗਰੰਟੀ ਕਰਦੇ ਐ, ਵੱਧ ਦਾ ਤਾਂ ਖਤਰਾ ਈ ਐ।" ਸਕੂਲ ਸਟਾਫ
ਚੋਂ ਇੱਕ ਮਾਸਟਰ ਨੇ ਜਾਣਕਾਰੀ ਦਿੱਤੀ। “ਕੋਈ ਕੰਮ-ਧੰਦਾ ਕਿਹੜਾ ਚੱਲਦੈ, ਨਾ ਨੌਕਰੀ ਮਿਲਦੀ ਐ, ਮੇਰਾ ਪੋਤਾ ਬੀਆ-ਪਾਸ ਐ, ਸਾਰੇ ਵੈਣ ਵਿਹਾ-ਲੇ, ਕਿਤੇ ਹੱਥ ਨੀ ਅੜਦਾ, ਨਾਲੇ ਸਾਡਾ ਗਰੀਬਾਂ ਚ ਵੀ ਨਾਂ ਬੋਲਦੈ।" ਸਿਮਲੇ ਭਗਤ ਨੇ ਹਕੀਕਤ ਮੂਹਰੇ ਰੱਖੀ ਤਾਂ ਕਈਆਂ ਦੇ ਕੰਨ ਖੜ੍ਹੇ ਹੋ ਗਏ। ਇਸ ਤੋਂ ਪਹਿਲਾਂ ਕਿ ਕਿਸੇ ਹੋਰ ਦੇ ਸਿੰਗ ਫਸਦੇ, ਗੱਤੇ ਦੇ ਲਾਲ ਕੱਪਾਂ
ਚ ਆਈ ਚਾਹ ਨੂੰ ਸੁੜਕਦੇ, ਨਿੰਮੋਝੂਣੀ ਖੁਨਾਮੀ ਨੂੰ ਨਾਲ ਹੀ ਡਕਾਰਨ ਲੱਗੇ।
ਹੋਰ, ਐਤਕੀਂ, ਠੰਡ ਘੱਟ ਕਰਕੇ ਗਰਮੀ ਆ ਰਹੀ ਹੈ। ਮਾਝੇ, ਦੁਆਬੇ, ਪੁਆਧ ਅਤੇ ਮਾਲਵੇ ਵੱਲ, ਸਾਰੇ ਗੁੱਡ ਆ। ਪਿੰਡਾਂ ਦਾ ਭਾਈਚਾਰਾ ਕਾਇਮ ਹੈ। ਪੰਜਾਬ ਅੰਗੜਾਈ ਲੈ ਰਿਹਾ ਹੈ। ਹਰੇ ਮਟਰ, ਸਾਗ, ਛੋਲੀਆ ਅਤੇ ਕਿੰਨੂ ਦਾ ਬੋਲਬਾਲਾ ਹੈ। ਲਿਖਾਰੀ, ਯੂਨੀਅਨਾਂ ਵਾਲੇ ਅਤੇ ਸੇਵਾਦਾਰ ਆਪਣਾ ਹਿੱਸਾ, ਪਾਈ ਜਾਂਦੇ ਹਨ। ਬਿਜਲੀ, ਪਾਣੀ ਅਤੇ ਨੋਟਬੰਦੀ ਵੀ ਚੱਲੀ ਜਾਂਦੀਆਂ ਹਨ। ਹੁਣ ਪੰਜਾਬੀਆਂ ਨੇ ਰੀਲਾਂ ਪਾਉਣ ਵਾਲੀ ਧੁੱਕੀ ਕੱਢ ਦਿੱਤੀ ਹੈ। ਸੱਚ, ਉੱਤੋੜਿੱਤੀ ਕਈ ਮੌਤਾਂ ਹੋ ਗਈਆਂ ਹਨ, ਰੱਬ ਦਾ ਭਾਣਾ, ਤੁਸੀਂ ਨਾ ਡੋਲਿਓ। ਚੰਗਾ-ਮਿਲਾਂਗੇ ਅਗਲੇ ਐਤਵਾਰ, ਬਸੰਤ ਬਹਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061