ਪਹਾੜਾਂ ਦੇ ਨਜ਼ਦੀਕ ਇੱਕ ਪਿੰਡ ਸੀ। ਉੱਥੇ ਕੋਈ ਵੀ ਪੱਕੀ ਸੜਕ ਨਹੀਂ ਸੀ। ਇੱਧਰ – ਉੱਧਰ ਜਾਣ ਲਈ ਲੋਕ ਪਗਡੰਡੀਆਂ ਦੀ ਵਰਤੋਂ ਕਰਦੇ ਸਨ। ਪਿੰਡ ਵਿੱਚ ਇੱਕ ਸਕੂਲ ਸੀ। ਉਸੇ ਪਿੰਡ ਵਿੱਚ ਚੰਦਨ ਨਾਂ ਦਾ ਇੱਕ ਬੱਚਾ ਰਹਿੰਦਾ ਸੀ। ਚੰਦਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ , ਪਰ ਆਪਣੇ ਚੰਚਲ ਸੁਭਾਅ ਕਰਕੇ ਥੋੜ੍ਹਾ ਸ਼ਰਾਰਤੀ ਵੀ ਸੀ। ਉਹ ਰੋਜ਼ਾਨਾ ਸਕੂਲ ਨਹੀਂ ਸੀ ਜਾਂਦਾ। ਜਿਸ ਕਰਕੇ ਉਸਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਣ ਲੱਗ ਪਿਆ ਸੀ , ਪਰ ਉਹ ਨਾ ਤਾਂ ਆਪਣੇ ਅਧਿਆਪਕਾਂ ਦੀ ਗੱਲ ਸੁਣਦਾ ਤੇ ਨਾ ਹੀ ਆਪਣੇ ਮਾਪਿਆਂ ਦੀ।
ਇੱਕ ਦਿਨ ਉਹ ਸਕੂਲ ਜਾਣ ਦੀ ਥਾਂ ਘਰ ਤੋਂ ਦੂਰ ਜਾ ਕੇ ਪਤੰਗ ਉਡਾਉਣ ਲੱਗਿਆ। ਕੁਝ ਸਮੇਂ ਬਾਅਦ ਉਸਦੀ ਪਤੰਗ ਦੀ ਡੋਰ ਟੁੱਟ ਗਈ ਤੇ ਚੰਦਨ ਆਪਣੀ ਪਤੰਗ ਨੂੰ ਲੱਭਦਾ – ਲੱਭਦਾ ਘਰ ਤੋਂ ਦੂਰ ਪਹਾੜਾਂ ਵੱਲ ਚੱਲ ਪਿਆ। ਉਹ ਕਾਫੀ ਥੱਕ ਗਿਆ ਸੀ ਤੇ ਘਬਰਾ ਕੇ ਰੋਣ ਲੱਗਾ। ਅਚਾਨਕ ਇੱਕ ਪਰੀ ਉਸਦੇ ਰੋਣ ਦੀ ਆਵਾਜ਼ ਸੁਣ ਕੇ ਉੱਥੇ ਆ ਗਈ ਤੇ ਫਿਰ ਚੰਦਨ ਨੇ ਉਸ ਨੂੰ ਸਾਰੀ ਗੱਲ ਦੱਸੀ। ਫਿਰ ਪਰੀ ਨੇ ਉਸਨੂੰ ਸਮਝਾਇਆ ਕਿ ਤੈਨੂੰ ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਮਾਤਾ – ਪਿਤਾ ਨੂੰ ਦੱਸੇ ਬਿਨਾਂ ਘਰੋਂ ਦੂਰ ਨਹੀਂ ਜਾਣਾ ਚਾਹੀਦਾ ਸੀ। ਹੁਣ ਚੰਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ। ਉਸਨੇ ਪਰੀ ਨਾਲ ਵਾਅਦਾ ਕੀਤਾ ਕਿ ਹੁਣ ਤੋਂ ਉਹ ਹਰ ਰੋਜ਼ ਸਕੂਲ ਜਾਵੇਗਾ ਤੇ ਮਨ ਲਗਾ ਕੇ ਪੜ੍ਹਾਈ ਕਰੇਗਾ। ਪਰੀ ਨੇ ਉਸਨੂੰ ਉਸਦਾ ਗੁੰਮ ਹੋਇਆ ਪਤੰਗ ਵੀ ਲੱਭ ਕੇ ਦਿੱਤਾ। ਪਰੀ ਖੁਸ਼ ਹੋ ਕੇ ਉੱਡਕੇ ਦੂਰ ਪਹਾੜਾਂ ਵੱਲ ਚਲੀ ਗਈ ਤੇ ਚੰਦਨ ਆਪਣੇ ਘਰ ਪਹੁੰਚ ਗਿਆ। ਪਰੀ ਨਾਲ਼ ਕੀਤੇ ਵਾਅਦੇ ਅਨੁਸਾਰ ਚੰਦਨ ਮਨ ਲਗਾ ਕੇ ਪੜ੍ਹਾਈ ਕਰਦਾ ਰਿਹਾ ਤੇ ਵੱਡਾ ਹੋ ਕੇ ਇੱਕ ਅਫਸਰ ਬਣਿਆ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
( ਸਾਹਿਤ ਵਿੱਚ ਕੀਤੇ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦੋ ਵਾਰ ਦਰਜ ਹੈ )
9478561356