ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪੇਸ਼ ਕਰਦੇ ਨਾਟਕ

“ਸੂਰਾ ਸੋ ਪਹਿਚਾਨੀਐ” ਨਾਟਕ ਦੀ ਸਫਲ ਪੇਸ਼ਕਾਰੀ ਦੀਆਂ ਝਲਕੀਆਂ

ਸਿੱਖ ਇਤਿਹਾਸ ਦਾ ਹਰ ਪੰਨਾ ਹੀ ਇਸ ਧਰਮ ਦੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦੀਆਂ ਵੀਰ ਗਾਥਾਵਾਂ ਨਾਲ ਭਰਿਆ ਹੋਇਆ ਹੈ। ਕਮਾਲ ਦੀ ਗੱਲ ਹੈ ਕਿ ਸਿੱਖ ਗੁਰੂਆਂ ਨੇ ਆਪਣੇ ਸਿੱਖਾਂ ਨੂੰ ਕੁਰਬਾਨੀ ਦੇ ਰਾਹ ਤੋਰਨ ਤੋਂ ਪਹਿਲਾਂ ਇਸ ਕਾਰਜ ਲਈ ਆਪ ਮਿਸਾਲ ਪੇਸ਼ ਕੀਤੀ। ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਆਪਣੇ ਸਿੱਖਾਂ ਦਾ ਮਾਰਗ ਦਰਸ਼ਨ ਕੀਤਾ ਕਿ ਜੁਲਮ ਦਾ ਟਾਕਰਾ ਕਰਨ ਲਈ ਜਾਣ ਦੀ ਪਰਵਾਹ ਨਹੀਂ ਕੀਤੀ ਜਾਂਦੀ। ਉਹਨਾਂ ਤੋਂ ਬਾਅਦ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੇ ਧਾਰਮਿਕ ਚਿੰਨ੍ਹ ‘ਤਿਲਕ, ਜੰਜੂ’ ਦੀ ਰਾਖੀ ਲਈ ਸ਼ਹੀਦ ਹੋ ਕੇ ਸਿੱਖ ਕੌਮ ਦੇ ਨਾਲ-ਨਾਲ ਬਾਕੀ ਧਰਮਾਂ ਦੇ ਪੈਰੋਕਾਰਾਂ ਅਤੇ ਆਗੂਆਂ ਨੂੰ ਇਕ ਨਵਾਂ ਰਾਹ ਦਿਖਾਇਆ ਕਿ ਜੁਲਮ ਕਿਸੇ ਨਾਲ ਵੀ ਹੋ ਰਿਹਾ ਹੋਵੇ, ਬਿਨਾਂ ਡਰੇ ਉਸ ਵਿਰੁੱਧ ਆਵਾਜ ਉਠਾਉਣਾ ਸਭ ਦਾ ਇਖ਼ਲਾਕੀ ਫਰਜ਼ ਹੈ। ਗੁਰੂ ਗੋਬਿੰਦ ਸਿੰਘ ਦੀ ਨੇ ਕੁਰਬਾਨੀਆਂ ਦੀ ਇਸ ਪ੍ਰਥਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹੋਏ ਆਪਣੇ ਸਿੱਖਾਂ ਦੇ ਨਾਲ-ਨਾਲ ਆਪਣੇ ਚਾਰੋ ਸਾਹਿਬਜ਼ਾਦਿਆਂ ਨੂੰ ਵੀ ਸ਼ਹਾਦਤ ਦੇ ਰਾਹ ਤੇ ਤੋਰਿਆ।

ਚਾਰੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪੇਸ਼ ਕਰਦਾ ਰਵਿੰਦਰ ਸਿੰਘ ਸੋਢੀ ਦਾ ਪ੍ਰਸਿੱਧ ਨਾਟਕ “ਸੂਰਾ ਸੋ ਪਹਿਚਾਨੀਐ” ਪਿਛਲੇ ਦਿਨੀਂ ਪੰਜਾਬੀ ਰੰਗ ਮੰਚ ਦੀ ਸਿਰਮੌਰ ਸੰਸਥਾ ਇੰਪੈਕਟ ਆਰਟਸ ਵੱਲੋਂ ਚੰਡੀਗੜ ਵਿਚ ਦੋ ਵਾਰ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਨਿਰਦੇਸ਼ਨ ਪੰਜਾਬੀ ਰੰਗ ਮੰਚ ਅਤੇ ਫਿਲਮਾਂ ਦੇ ਚਰਚਿਤ ਹਸਤਾਖਰ ਬਨਿੰਦਰ ਸਿੰਘ ਬੰਨੀ ਵੱਲੋਂ ਕੀਤਾ ਗਿਆ। ਇਸ ਨਾਟਕ ਦੀ ਪਹਿਲੀ ਪੇਸ਼ਕਾਰੀ 26 ਦਸੰਬਰ ਨੂੰ ਚੰਡੀਗੜ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ(ਸੈਕਟਰ 35) ਦੇ ਵਿਦਿਆਰਥੀਆਂ ਲਈ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਸਾਬਕਾ ਵਿੱਦਿਆ ਮੰਤਰੀ ਅਤੇ ਅਕਾਲੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਦਲਜੀਤ ਸਿੰਘ ਚੀਮਾ ਨੇ ਕੀਤੀ। ਮੁੱਖ ਮਹਿਮਾਨ ਦਾ ਵਿਚਾਰ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਨੂਠੇ ਢੰਗ ਨਾਲ ਪੇਸ਼ ਕਰਦੇ ਅਜਿਹੇ ਨਾਟਕ ਦੀਆਂ ਜਿਆਦਾ ਤੋਂ ਜਿਆਦਾ ਪੇਸ਼ਕਾਰੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਆਪਣੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਮਿਲ ਸਕੇ। ਉਹਨਾਂ ਨੇ ਨਾਟਕ ਦੇ ਸਾਰੇ ਕਲਾਕਾਰਾਂ ਦੀ ਇਸ ਗੱਲੋਂ ਭਰਪੂਰ ਪ੍ਰਸੰਸਾ ਕੀਤੀ ਕਿ ਉਹਨਾਂ ਨੇ ਬੜੀ ਮਿਹਨਤ ਅਤੇ ਲਗਣ ਨਾਲ ਅਦਾਕਾਰੀ ਕਰਕੇ ਦਰਸ਼ਕਾਂ ਨੂੰ ਆਪਣੀ ਕਲਾ ਨਾਲ ਮੰਤਰ ਮੁਗਧ ਕੀਤਾ ਹੈ। ਉਹਨਾਂ ਨੇ ਨਾਟਕ ਦੇ ਨਿਰਦੇਸ਼ਕ ਬਨਿੰਦਰ ਸਿੰਘ ਬੰਨੀ ਨੂੰ ਯਕੀਨ ਦੁਆਇਆ ਕਿ ਉਹ ਇਸ ਨਾਟਕ ਦੀਆਂ ਵੱਧ ਤੋਂ ਵੱਧ ਪੇਸ਼ਕਾਰੀਆਂ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਇਸੇ ਨਾਟਕ ਦੀ ਦੂਜੀ ਪੇਸ਼ਕਾਰੀ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ 29 ਦਸੰਬਰ ਨੂੰ ਪੰਜਾਬ ਕਲਾ ਭਵਨ ਚੰਡੀਗੜ ਦੇ ਰੰਧਾਵਾ ਆਡੀਟੋਰੀਅਮ ਵਿਚ ਕੀਤੀ ਗਈ। ਇਸ ਪੇਸ਼ਕਾਰੀ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਟਕ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਖੜੇ ਹੋ ਕੇ ਕਲਾਕਾਰਾਂ ਦਾ ਸਨਮਾਨ ਕੀਤਾ। ਕਈ ਦਰਸ਼ਕ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡਦੇ ਰਹੇ। ਕਈ ਦਰਸ਼ਕਾਂ ਦਾ ਵਿਚਾਰ ਸੀ ਕਿ ਨਾਟਕ ਵਿਚ ਭਾਵੇਂ ਉਸ ਸਮੇਂ ਦੀ ਮੁਗਲ ਹਕੂਮਤ ਦੇ ਆਹਲਾ ਅਫਸਰਾਂ ਦੀਆਂ ਬਦਇਖਲਾਕੀਆਂ ਨੂੰ ਪੇਸ਼ ਕੀਤਾ ਗਿਆ ਹੈ, ਪਰ ਨਾਟਕ ਵਿਚ ਕਿਤੇ ਵੀ ਇਸਲਾਮ ਧਰਮ ਵਿਰੁੱਧ ਇਕ ਸ਼ਬਦ ਨਹੀਂ ਬੋਲਿਆ ਗਿਆ। ਨਾਟਕ ਦੀਆਂ ਦੋ ਸੂਤਰਧਾਰ ਪਾਤਰਾਂ–ਸਰਹਿੰਦ ਅਤੇ ਚਮਕੌਰ ਸਾਹਿਬ ਦੀ ਧਰਤੀ ਨੇ ਵਧੀਆ ਢੰਗ ਨਾਲ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰੂਪਮਾਨ ਕਰ ਦਿੱਤਾ। ਪਾਗਲ ਔਰਤ ਦੇ ਕਿਰਦਾਰ ਨੇ ਮੁਗਲ ਸਿਪਾਹੀਆਂ ਨੂੰ ਆਪਸੀ ਲੜਾਈ ਤੋਂ ਵਰਜਦਿਆਂ ਸੁਨੇਹਾ ਦਿੱਤਾ ਕਿ ਦੁਨੀਆਂ ਦਾ ਕੋਈ ਵੀ ਧਰਮ, ਧਰਮ ਦੇ ਅਧਾਰ ਤੇ ਦੂਜਿਆਂ ਤੇ ਜੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸ ਪਾਤਰ ਰਾਹੀਂ ਨਾਟਕਕਾਰ ਨੇ ਧਰਮ ਦੇ ਫ਼ਲਸਫ਼ੇ ਦੀ ਵੀ ਵਿਆਖਿਆ ਕਰ ਦਿੱਤੀ। ਨਾਟਕ ਦੇ ਅੰਤ ਵਿਚ ਨੌਜਵਾਨ ਸਿੱਖ ਪੀੜੀ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਉਹ ਆਪਣੇ ਮਹਾਨ ਧਰਮ ਦੀਆਂ ਰਵਾਇਤਾਂ ਨੂੰ ਅਪਣਾਉਣ।
ਇਸ ਪੇਸ਼ਕਾਰੀ ਦੀ ਖਾਸ ਗੱਲ ਇਹ ਰਹੀ ਕਿ ਨਾਟਕ ਦੇ ਸਾਰੇ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਕਮਲਦੀਪ ਕੌਰ, ਰਜਤ ਸਚਦੇਵਾ, ਇੰਦਰਜੀਤ ਸਿੰਘ, ਸ਼ਰਨ ਬਘਾਨੀਆਂ, ਸਮਨਿਤ ਸਿੰਘ, ਨੇਹਾ ਧੀਮਾਨ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਸ਼ਿਵਮ ਸ਼ਰਮਾ, ਜਤਿਨ ਸਚਦੇਵਾ, ਅਜੇ ਚੌਧਰੀ, ਕੰਵਲ, ਦਾਨਿਸ਼, ਪਰਨੀਤ ਕੌਰ, ਕਰਿਸ਼ਨਾ ਅਤੇ ਰਵੀਤੇਜ ਸਿੰਘ ਨੇ ਵੱਖ-ਵੱਖ ਕਿਰਦਾਰ ਨਿਭਾਏ। ਨਾਟਕ ਦਾ ਸੰਗੀਤ ਪੁਸ਼ਪਿੰਦਰ ਬੱਗਾ ਨੇ ਤਿਆਰ ਕੀਤਾ। ਰੌਸ਼ਨੀ ਵਿਊਂਤਕਾਰੀ ਸੌਰਵ ਅਤੇ ਬਬਿਤ ਦੀ ਸੀ, ਕਲਾਕਾਰਾਂ ਦਾ ਮੇਕਅੱਪ ਹਰਵਿੰਦਰ ਸਿੰਘ ਅਤੇ ਗੌਰਵ ਰਾਏ ਦਾ। ਨਾਟਕ ਲਈ ਪੁਸ਼ਾਕਾਂ ਤਿਆਰ ਕਰਨ ਦੀ ਜਿੱਮੇਵਾਰੀ ਰੁਪਿੰਦਰ ਕੌਰ ਅਤੇ ਸੁਮਿਤ ਸਵਾਮੀ ਨੇ ਬਾ ਖ਼ੂਬੀ ਨਿਭਾਈ। ਸਟੇਜ ਦੇ ਪਿੱਛੇ ਕੰਮ ਕਰਨ ਲਈ ਜਸ਼ਨਦੀਪ ਸਿੰਘ, ਚਰਨਜੀਤ ਸਿੰਘ, ਨਵੀਨ ਅਰੋੜਾ, ਨਵਦੀਪ ਸਿੰਘ ਅਤੇ ਭਵਸ਼ੀਲ ਸਾਹਨੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਤੋਂ ਪਹਿਲਾ ਵੀ ਇੰਪੈਕਟ ਆਰਟਸ ਵੱਲੋਂ “ਸੂਰਾ ਸੋ ਪਹਿਚਾਨੀਐ” ਨਾਟਕ ਦੀਆਂ ਕਈ ਪੇਸ਼ਕਾਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ