ਲਹਿੰਦੇ ਪੰਜਾਬ ਦੇ ਦੋ ਪ੍ਰਸਿੱਧ ਲੋਕ ਨਾਇਕ, ਮਲੰਗੀ ਡਾਕੂ ਤੇ ਨਿਜ਼ਾਮ ਲੋਹਾਰ।

ਜਿਵੇਂ ਸਾਡੇ ਪੰਜਾਬ ਵਿੱਚ ਦੁੱਲਾ ਭੱਟੀ, ਜੱਗਾ ਡਾਕੂ, ਸੁੱਚਾ ਸੂਰਮਾ ਅਤੇ ਜਿਊਣਾ ਮੌੜ ਲੋਕ ਨਾਇਕਾਂ ਦੇ ਤੌਰ ‘ਤੇ ਪ੍ਰਸਿੱਧ ਹੋਏ ਹਨ, ਉਸੇ ਤਰਾਂ ਪਾਕਿਸਤਾਨੀ ਪੰਜਾਬ ਜਾਂ ਲਹਿੰਦੇ ਪੰਜਾਬ ਵਿੱਚ ਮਲੰਗੀ ਡਾਕੂ ਅਤੇ ਨਿਜ਼ਾਮ ਲੋਹਾਰ ਪ੍ਰਸਿੱਧ ਹਨ।

ਮਲੰਗੀ ਮਲੰਗੀ ਲਾਹੌਰ ਇਲਾਕੇ ਦਾ ਪ੍ਰਸਿੱਧ ਡਕੈਤ ਸੀ ਪਰ ਗਰੀਬ ਗੁਰਬਿਆਂ ਦੀ ਮਦਦ ਕਰਨ ਕਾਰਨ ਉਹ ਲੋਕ ਨਾਇਕ ਦੇ ਤੌਰ ‘ਤੇ ਪ੍ਰਸਿੱਧ ਹੋਇਆ ਹੈ। ਉਸ ਦਾ ਜਨਮ ਪਿੰਡ ਸਿੱਧੂਪੁਰ (ਤਹਿਸੀਲ ਚੂਨੀਆਂ ਜਿਲ੍ਹਾ ਲਾਹੌਰ) ਵਿਖੇ ਸੰਨ 1890 – 91 ਵਿੱਚ ਹੋਇਆ ਸੀ। ਜਦੋਂ ਉਹ ਛੇ ਮਹੀਨੇ ਦਾ ਸੀ ਤਾਂ ਉਸ ਦੇ ਬਾਪ ਦੀ ਮੌਤ ਹੋ ਗਈ ਤੇ ਪਿੰਡ ਦੇ ਜ਼ੋਰਾਵਰ ਜ਼ੈਲਦਾਰ ਜ਼ਮਾਲ ਸ਼ਾਹ ਨੇ ਮਾਮਲਾ (ਜ਼ਮੀਨ ਦਾ ਟੈਕਸ) ਨਾ ਭਰਨ ਦਾ ਦੋਸ਼ ਲਗਾ ਉਸ ਦੀ ਮਾਂ ਨੂੰ ਜ਼ਮੀਨ ਤੋਂ ਬੇਦਖਲ ਕਰ ਦਿੱਤਾ। ਮਲੰਗੀ ਦੀ ਇੱਕ ਭੈਣ ਵੀ ਸੀ ਜੋ ਉਸ ਤੋਂ 10 12 ਸਾਲ ਵੱਡੀ ਸੀ। ਜਦੋਂ ਮਲੰਗੀ 7- 8 ਸਾਲ ਦਾ ਸੀ ਤਾਂ ਜ਼ੈਲਦਾਰ ਦੇ ਭਤੀਜੇ ਰਫੀਕ ਨੇ ਉਸ ਨਾਲ ਬਲਾਤਕਾਰ ਕਰ ਦਿੱਤਾ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਜਦੋਂ ਮਲੰਗੀ ਜਵਾਨ ਹੋਇਆ ਤਾਂ ਉਸ ਨੂੰ ਲੋਕਾਂ ਦੇ ਮਜ਼ਾਕਾਂ ਦਾ ਸਾਹਮਣਾ ਕਰਨਾ ਪਿਆ ਕਿ ਜ਼ੈਲਦਾਰਾਂ ਨੇ ਉਸ ਦੀ ਜ਼ਮੀਨ ਦੇ ਨਾਲ ਨਾਲ ਭੈਣ ਦੀ ਇੱਜ਼ਤ ਵੀ ਲੁੱਟ ਲਈ ਹੈ।

ਅਣਖੀਲੇ ਮਲੰਗੀ ਕੋਲੋਂ ਇਹ ਬੇਇੱਜ਼ਤੀ ਬਰਦਾਸ਼ਤ ਨਾ ਹੋਈ। ਉਹ ਡਾਕੂਆਂ ਦੇ ਇੱਕ ਗਰੋਹ ਵਿੱਚ ਸ਼ਾਮਲ ਹੋ ਗਿਆ ਤੇ ਜਲਦੀ ਹੀ ਉਸ ਦਾ ਸਰਦਾਰ ਬਣ ਗਿਆ। ਉਸ ਨੇ ਪਹਿਲੀ ਵੱਡੀ ਵਾਰਦਾਤ ਆਪਣਾ ਬਦਲਾ ਲੈਣ ਲਈ ਕੀਤੀ ਤੇ ਸਿੱਧੂਪੁਰ ‘ਤੇ ਹਮਲਾ ਕਰ ਕੇ ਜ਼ੈਲਦਾਰ ਜਮਾਲ ਸ਼ਾਹ ਅਤੇ ਬਲਾਤਕਾਰੀ ਰਫੀਕ ਸਮੇਤ ਪਰਿਵਾਰ ਦੇ 9 ਮਰਦ ਕਤਲ ਕਰ ਦਿੱਤੇ। ਇਸ ਤੋਂ ਬਾਅਦ ਉਹ ਆਮ ਜਨਤਾ ਵਿੱਚ ਮਰਦਾਨਗੀ ਅਤੇ ਅਣਖ ਦਾ ਤੇ ਦੇਸ਼ ਦੇ ਗੱਦਾਰ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਲੋਕਾਂ ਦਾ ਖੂਨ ਚੂਸਣ ਵਾਲੇ ਸ਼ਾਹੂਕਾਰਾਂ ਲਈ ਦਹਿਸ਼ਤ ਦਾ ਪ੍ਰਤੀਕ ਬਣ ਗਿਆ। ਉਸ ਨੇ ਅਨੇਕਾਂ ਸਰਕਾਰੀ ਝੋਲੀਚੁੱਕ ਅਹਿਲਕਾਰਾਂ ਨੂੰ ਲੁੱਟਿਆ ਤੇ ਮਾਲ ਲੋੜਵੰਦਾਂ ਵਿੱਚ ਵੰਡ ਦਿੱਤਾ ਜਿਸ ਕਾਰਨ ਉਸ ਦੀ ਛਵੀ ਰਬਿਨਹੁੱਡ ਵਾਲੀ ਬਣ ਗਈ। ਪੰਜਾਬ ਸਰਕਾਰ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਦੋ ਮੁਰੱਬੇ (50 ਏਕੜ) ਜ਼ਮੀਨ ਅਤੇ 1000 ਰੁਪਏ ਇਨਾਮ ਰੱਖਣ ਦੇ ਬਾਵਜੂਦ ਕਿਸੇ ਨੇ ਵੀ ਉਸ ਦੀ ਮੁਖਬਰੀ ਨਾ ਕੀਤੀ ਤੇ ਉਹ ਕਈ ਸਾਲਾਂ ਤੱਕ ਸਰਗਰਮ ਰਿਹਾ। ਨੁਸਰਤ ਫਤਿਹ ਅਲੀ ਖਾਨ ਦੀ ਕੱਵਾਲੀ “ਜੋ ਜੰਮਿਆਂ ਸੋ ਮਰਨਾ ਉਸ ਨੇ, ਜੋ ਬਣਿਆਂ ਜੋ ਢਹਿਣਾ” ਦੇ ਅਨੁਸਾਰ ਉਸ ਦਾ ਵੀ ਆਖਰੀ ਵਕਤ ਆ ਗਿਆ। ਮਲੰਗੀ ਆਪਣੇ ਸਭ ਤੋਂ ਭਰੋਸੇ ਯੋਗ ਸਾਥੀ ਕਰੀਮ ਬਖਸ਼ ਅਰਾਈਂ ਦੀ ਗੱਦਾਰੀ ਕਾਰਨ ਦਸੰਬਰ 1929 ਨੂੰ ਹੋਏ ਇੱਕ ਗਹਿਗੱਚ ਮੁਕਾਬਲੇ ਦੌਰਾਨ ਪੁਲਿਸ ਹੱਥੋਂ ਮਾਰਿਆ ਗਿਆ। ਪੂਰੀ ਚੜ੍ਹਾਈ ਦੌਰਾਨ ਉਸ ਦੀ ਇਲਾਕੇ ਵਿੱਚ ਐਨੀ ਦਹਿਸ਼ਤ ਹੁੰਦੀ ਸੀ ਕਿ ਮੁਹਾਵਰਾ ਬਣ ਗਿਆ ਸੀ, “ਦਿਨੇ ਰਾਜ ਫਿਰੰਗੀ ਦਾ ਤੇ ਰਾਤੀਂ ਰਾਜ ਮਲੰਗੀ ਦਾ।”

ਮਲੰਗੀ ਦੀ ਕਹਾਣੀ ਕਈ ਥਾਈਂ ਜੱਗੇ ਡਾਕੂ ਨਾਲ ਰਲਗੱਡ ਹੁੰਦੀ ਹੈ। ਜੱਗੇ ਦੀ ਭਗੌੜਾ ਹੋਣ ਤੋਂ ਪਹਿਲਾਂ ਮਲੰਗੀ ਨਾਲ ਗੂੜ੍ਹੀ ਯਾਰੀ ਸੀ ਕਿਉਂਕਿ ਮਲੰਗੀ ਦਾ ਪਿੰਡ ਜੱਗੇ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਦੇ ਨਜ਼ਦੀਕ ਹੀ ਸੀ। ਉਹ ਲੰਘਦਾ ਵੜਦਾ ਜੱਗੇ ਦੇ ਡੇਰੇ ਠਹਿਰ ਕੇ ਰੋਟੀ ਪਾਣੀ ਛਕ ਜਾਂਦਾ ਸੀ ਤੇ ਜੱਗਾ ਉਸ ਦੀ ਬਹਾਦਰੀ ਦੀਆਂ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਸੀ। ਜੱਗੇ ਦਾ ਜਨਮ 1901-02 ਈਸਵੀ ਦੇ ਕਰੀਬ ਹੋਇਆ ਸੀ ਤੇ ਮਲੰਗੀ ਦੀ ਮੌਤ ਵੇਲੇ ਉਹ ਕਰੀਬ 26 27 ਸਾਲ ਦਾ ਭਰ ਜਵਾਨ ਚੋਬਰ ਸੀ। ਜਦੋਂ ਉਹ ਖੂੰਖਾਰ ਡਾਕੂ ਬਣ ਗਿਆ ਤਾਂ ਉਸ ਨੇ ਮਲੰਗੀ ਦਾ ਬਦਲਾ ਲੇੈਣ ਦੀ ਠਾਣ ਲਈ। ਪਰ ਉਸ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਸ ਦਾ ਆਪਣਾ ਹਾਲ ਮਲੰਗੀ ਵਾਲਾ ਹੋਣ ਵਾਲਾ ਹੈ ਤੇ ਉਸ ਦਾ ਸਾਥੀ ਲਾਲੂ ਪੁਲਿਸ ਦਾ ਟਾਊਟ ਬਣ ਚੁੱਕਾ ਹੈ। ਇੱਕ ਦਿਨ ਦੁਪਹਿਰੇ ਜੱਗਾ ਆਪਣੇ ਸਾਥੀਆਂ ਸੋਹਣ ਤੇਲੀ, ਲਾਲੂ ਤੇ ਬੰਤੇ ਸਮੇਤ ਮਲੰਗੀ ਦੇ ਉੱਜੜੇ ਹੋਏ ਡੇਰੇ ਉਸ ਦੀ ਅੰਨ੍ਹੀ ਮਾਂ ਕੋਲ ਜਾ ਪਹੁੰਚਿਆ। ਲਾਲੂ ਦਾ ਪਿੰਡ ਲੱਖੂਕੇ ਸਿੱਧੂਪੁਰ ਦੇ ਨਜ਼ਦੀਕ ਹੀ ਪੈਂਦਾ ਸੀ ਤੇ ਉਸ ਨੇ ਮਿਲਣ ਗਿਲਣ ਤੇ ਸ਼ਰਾਬ ਮੰਗਾਉਣ ਦੇ ਬਹਾਨੇ ਆਪਣੇ ਪੰਜ ਭਰਾਵਾਂ ਨੂੰ ਉਥੇ ਬੁਲਾ ਲਿਆ। ਸੋਹਣ ਤੇਲੀ ਨੇ ਲੱਖੂਕੇ ਪਿੰਡ ਆਪਣੇ ਕਿਸੇ ਵਾਕਿਫ ਨੂੰ ਮਿਲਣ ਲਈ ਜਾਣਾ ਸੀ, ਇਸ ਲਈ ਉਸ ਨੇ ਸ਼ਰਾਬ ਨਾ ਪੀਤੀ। ਜਦੋਂ ਜੱਗਾ ਤੇ ਉਸ ਦਾ ਸਾਥੀ ਬੰਤਾ ਸ਼ਰਾਬੀ ਹੋ ਗਏ ਤਾਂ ਸਾਰਿਆਂ ਨੇ ਰੋਟੀ ਖਾਧੀ। ਰੋਟੀ ਖਾਣ ਤੋਂ ਬਾਅਦ ਬੰਤਾ ਤੇ ਜੱਗਾ ਸੌਂ ਗਏ ਤੇ ਸੋਹਣ ਆਪਣੇ ਵਾਕਿਫ ਨੂੰ ਮਿਲਣ ਲਈ ਤੁਰ ਗਿਆ। ਉਸ ਦੇ ਜਾਂਦਿਆਂ ਸਾਰ ਲਾਲੂ ਹੋਰਾਂ ਨੇ ਜੱਗੇ ਅਤੇ ਬੰਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸੋਹਣ ਤੇਲੀ ਗੋਲੀਆਂ ਦੀ ਅਵਾਜ਼ ਸੁਣ ਕੇ ਵਾਪਸ ਆਇਆ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ। ਜੱਗੇ ਦੀ ਮੌਤ ਫਰਵਰੀ 1930 ਵਿੱਚ ਮਲੰਗੀ ਦੀ ਮੌਤ ਤੋਂ ਕਰੀਬ ਚਾਰ ਕੁ ਮਹੀਨੇ ਬਾਅਦ ਹੋਈ ਸੀ।

ਨਿਜ਼ਾਮ ਲੋਹਾਰ ਨਿਜ਼ਾਮ ਲੋਹਾਰ ਭਾਵੇਂ ਡਾਕੂ ਸੀ, ਪਰ ਲਹਿੰਦੇ ਪੰਜਾਬ ਵਿੱਚ ਉਸ ਨੂੰ ਸੁਤੰਤਰਤਾ ਸੰਗਰਾਮੀ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਨਿਜ਼ਾਮ ਦਾ ਜਨਮ ਸਿੱਖ ਰਾਜ ਸਮੇਂ ਸੰਨ 1835 ਈਸਵੀ ਨੂੰ ਜਿਲ੍ਹਾ ਤਰਨ ਤਾਰਨ (ਸ਼ਾਇਦ ਪਿੰਡ ਸੋਹਲ ਥਾਣਾ ਝਬਾਲ) ਵਿਖੇ ਹੋਇਆ ਸੀ। ਸੰਨ 1849 ਵਿੱਚ ਜਦੋਂ ਉਹ 13 14 ਸਾਲ ਦਾ ਸੀ ਤਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। ਨਿਜ਼ਾਮ ਖੇਤੀਬਾੜੀ ਦੇ ਸੰਦ ਬਣਾਉਣ ਦੇ ਨਾਲ ਦੇਸੀ ਪਿਸਤੌਲ ਬਣਾਉਣ ਦਾ ਵੀ ਉਸਤਾਦ ਸੀ। ਲੋਕ ਗਾਥਾਵਾਂ ਅਨੁਸਾਰ ਸੰਨ 1868 ਈਸਵੀ ਵਿੱਚ ਉਸ ਦਾ ਕਿਸੇ ਅੰਗਰੇਜ਼ ਅਫਸਰ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਜਿਸ ਨੇ ਪੰਜਾਬੀਆਂ ਬਾਰੇ ਬਹੁਤ ਹੀ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ। ਗੁੱਸੇ ਵਿੱਚ ਆ ਕੇ ਨਿਜ਼ਾਮ ਨੇ ਉਸ ਨੂੰ ਕਤਲ ਕਰ ਦਿੱਤਾ ਤੇ ਫਰਾਰ ਹੋ ਕੇ ਉਸ ਸਮੇਂ ਦੇ ਪ੍ਰਸਿੱਧ ਡਕੈਤਾਂ ਜੀਤ ਸਿੰਘ ਅਤੇ ਮਲਕੀਤ ਸਿੰਘ ਦੇ ਗਰੋਹ ਵਿੱਚ ਸ਼ਾਮਲ ਹੋ ਗਿਆ। ਨਿਜ਼ਾਮ ਦੀ ਅਗਵਾਈ ਹੇਠ ਗਰੋਹ ਨੇ ਸਰਕਾਰੀ ਖਜ਼ਾਨੇ ਅਤੇ ਅਮੀਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਲੁੱਟਿਆ ਹੋਇਆ ਮਾਲ ਗਰੀਬਾਂ ਵਿੱਚ ਵੰਡ ਦੇਣ ਕਾਰਨ ਉਹ ਜਨਤਾ ਵਿੱਚ ਬੇਹੱਦ ਪ੍ਰਸਿੱਧ ਹੋ ਗਿਆ।

1872 ਈਸਵੀ ਵਿੱਚ ਨਜ਼ਾਇਜ ਹਥਿਆਰ ਬਰਾਮਦ ਕਰਨ ਖਾਤਰ ਪੁਲਿਸ ਨੇ ਅੰਗਰੇਜ਼ ਡੀ.ਐਸ.ਪੀ. ਰਿਚਰਡ ਕੋਲ ਦੀ ਅਗਵਾਈ ਹੇਠ ਉਸ ਦੇ ਘਰ ‘ਤੇ ਰੇਡ ਕਰ ਦਿੱਤੀ। ਉਸ ਦਾ ਗੁਪਤ ਤਹਿਖਾਨਾ ਲੱਭਣ ਲਈ ਉਸ ਦੀ ਭੈਣ ਅਤੇ ਮਾਂ ‘ਤੇ ਭਿਆਨਕ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਉਸ ਦੀ ਮਾਂ ਦੀ ਮੌਤ ਹੋ ਗਈ। ਜਦੋਂ ਇਹ ਖਬਰ ਨਿਜ਼ਾਮ ਕੋਲ ਪਹੁੰਚੀ ਤਾਂ ਉਸ ਦੇ ਤਨ ਬਦਨ ਨੂੰ ਅੱਗ ਲੱਗ ਗਈ। ਉਸ ਨੇ ਕੁਝ ਹੀ ਦਿਨਾਂ ਬਾਅਦ ਥਾਣੇ ‘ਤੇ ਹਮਲਾ ਕਰ ਕੇ ਰਿਚਰਡ ਕੋਲ ਦੀ ਹੱਤਿਆ ਕਰ ਦਿੱਤੀ ਤੇ ਮਹੀਨੇ ਕੁ ਬਾਅਦ ਰੇਡ ਦਾ ਹੁਕਮ ਦੇਣ ਵਾਲੇ ਐਸ.ਪੀ. ਰੋਨਾਲਡ ਦਾ ਵੀ ਕਤਲ ਕਰ ਦਿੱਤਾ। ਐਨੇ ਸੀਨੀਅਰ ਅੰਗਰੇਜ਼ ਅਫਸਰਾਂ ਦੇ ਕਤਲ ਹੋ ਜਾਣ ਕਾਰਨ ਪੁਲਿਸ ਹੱਥ ਧੋ ਕੇ ਨਿਜ਼ਾਮ ਦੇ ਪਿੱਛੇ ਪੈ ਗਈ ਪਰ ਉਹ ਹੱਥ ਨਾ ਆਇਆ ਤੇ ਛਾਂਗਾ ਮਾਂਗਾ ਦੇ ਜੰਗਲ (ਕਸੂਰ) ਵਿੱਚ ਗਾਇਬ ਹੋ ਗਿਆ। ਕੁਝ ਮਹੀਨੇ ਸ਼ਾਂਤ ਰਹਿਣ ਤੋਂ ਬਾਅਦ ਉਸ ਨੇ ਕਸੂਰ ਥਾਣੇ ‘ਤੇ ਹਮਲਾ ਕਰ ਦਿੱਤਾ ਤੇ ਆਪਣੇ ਦੋ ਪੁਰਾਣੇ ਸਾਥੀਆਂ ਜਬਰੂ ਤੇ ਸੁਰਜੂ ਨੂੰ ਪੁਲਿਸ ਹਿਰਾਸਤ ਤੋਂ ਛੁਡਾ ਲਿਆ। ਦੋ ਕੁ ਮਹੀਨਿਆਂ ਬਾਅਦ ਜਦੋਂ ਨਿਜ਼ਾਮ ਕੁਦਰਤੀ ਸੁਰਜੂ ਦੀ ਮਾਤਾ ਦਾ ਹਾਲ ਚਾਲ ਪਤਾ ਕਰਨ ਲਈ ਉਸ ਦੇ ਘਰ ਗਿਆ ਤਾਂ ਪਤਾ ਚੱਲਿਆ ਕਿ ਉਹ ਕਿਸੇ ਤਵਾਇਫ ਦੇ ਇਸ਼ਕ ਵਿੱਚ ਪਾਗਲ ਹੋਇਆ ਫਿਰਦਾ ਹੈ ਤੇ ਦੇਖ ਭਾਲ ਖੁਣੋਂ ਬਜ਼ੁਰਗ ਮਾਤਾ ਦੀ ਹਾਲਤ ਬਹੁਤ ਬੁਰੀ ਹੈ।

ਇਸ ‘ਤੇ ਗੁੱਸੇ ਵਿੱਚ ਆ ਕੇ ਨਿਜ਼ਾਮ ਨੇ ਸੁਰਜੂ ਦੀ ਰੱਜ ਕੇ ਫਿੱਟ ਲਾਹਨਤ ਕੀਤੀ ਤੇ ਉਸ ਨੂੰ ਤਵਾਇਫ ਤੋਂ ਖਹਿੜਾ ਛੁਡਾ ਕੇ ਆਪਣੀ ਮਾਂ ਦਾ ਖਿਆਲ ਰੱਖਣ ਦੀ ਸਖਤ ਤਾੜਨਾ ਕੀਤੀ। ਇਸ ਗੱਲ ਦਾ ਜਦੋਂ ਤਵਾਇਫ ਨੂੰ ਪਤਾ ਲੱਗਾ ਤਾਂ ਉਸ ਨੇ ਸੁਰਜੂ ਨੂੰ ਨਿਜ਼ਾਮ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਇਸ਼ਕ ਵਿੱਚ ਅੰਨ੍ਹਾਂ ਹੋਇਆ ਸੁਰਜੂ ਪੁਲਿਸ ਦਾ ਮੁਖਬਰ ਬਣ ਗਿਆ ਤੇ ਕਸੂਰ ਜਿਲ੍ਹੇ ਵਿਖੇ ਨਿਜ਼ਾਮ ਦੇ ਟਿਕਾਣੇ ਦੀ ਸੂਹ ਦੇ ਦਿੱਤੀ। ਇਸ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਉਸ ਦੀ ਘੇਰਬੰਦੀ ਕਰ ਲਈ ਤੇ ਦੋ ਤਿੰਨ ਘੰਟੇ ਦੀ ਗੋਲਾਬਾਰੀ ਤੋਂ ਬਾਅਦ ਨਿਜ਼ਾਮ ਆਪਣੇ ਛੇ ਸਾਥੀਆਂ ਸਮੇਤ ਮਾਰਿਆ ਗਿਆ ਪਰ ਜਬਰੂ ਬਚ ਕੇ ਨਿਕਲ ਗਿਆ। ਜਦੋਂ ਜਬਰੂ ਨੂੰ ਸੁਰਜੂ ਦੀ ਗੱਦਾਰੀ ਬਾਰੇ ਪਤਾ ਚੱਲਿਆ ਤਾਂ ਉਸ ਨੇ ਨੇ ਹਫਤੇ ਕੁ ਬਾਅਦ ਹੀ ਉਸ ਦੀ ਹੱਤਿਆ ਕਰ ਦਿੱਤੀ। ਨਿਜ਼ਾਮ ਨੂੰ ਕਸੂਰ ਦੇ ਕਬਰਿਸਤਾਨ ਵਿਖੇ ਦਫਨਾਇਆ ਗਿਆ ਸੀ। ਅੰਗਰੇਜ਼ ਸਰਕਾਰ ਨੇ ਉਸ ਦੇ ਦਫਨ ਕਫਨ ਸਮੇਂ ਹੋਣ ਵਾਲੇ ਇਕੱਠ ‘ਤੇ ਕੰਟਰੋਲ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਕਿ ਜੋ ਵੀ ਉਸ ਦੇ ਜ਼ਨਾਜੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਉਸ ਨੂੰ 2 ਰੁਪਏ (ਉਸ ਵੇਲੇ ਵੱਡੀ ਰਕਮ) ਟੈਕਸ ਦੇਣਾ ਪਵੇਗਾ। ਪਰ ਨਿਜ਼ਾਮ ਲੋਹਾਰ ਐਨਾ ਹਰਮਨ ਪਿਆਰਾ ਸੀ ਕਿ ਸਰਕਾਰ ਨੂੰ 35000 ਰੁਪਏ ਟੈਕਸ ਪ੍ਰਾਪਤ ਹੋਇਆ ਜਿਸ ਤੋਂ ਪਤਾ ਲੱਗਦਾ ਹੈ ਕਿ 17500 ਲੋਕ ਉਸ ਦੇ ਜਨਾਜ਼ੇ ਵਿੱਚ ਸ਼ਾਮਲ ਹੋਏ ਸਨ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062