Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਤੁਹਾਡੀ ਫਸਲ ਤਾਂ ਫਰੀ ਹੁੰਦੀ ਐ। | Punjabi Akhbar | Punjabi Newspaper Online Australia

ਤੁਹਾਡੀ ਫਸਲ ਤਾਂ ਫਰੀ ਹੁੰਦੀ ਐ।

ਕਿਸਾਨਾਂ ‘ਤੇ ਕੋਈ ਨਾ ਕੋਈ ਮੁਸੀਬਤ ਟੁੱਟਦੀ ਹੀ ਰਹਿੰਦੀ ਹੈ। ਤੀਸਰੇ ਚੌਥੇ ਸਾਲ ਬੇਮੌਸਮੀ ਬਰਸਾਤ, ਸੋਕਾ, ਗੁਲਾਬੀ ਸੁੰਡੀ, ਨਕਲੀ ਕੀਟ ਨਾਸ਼ਕ, ਨਦੀਨ ਨਾਸ਼ਕ ਤੇ ਖਾਦਾਂ ਆਦਿ ਦੀ ਮਾਰ ਪੈ ਹੀ ਜਾਂਦੀ ਹੈ। ਜੇ ਰੱਬ ਰੱਬ ਕਰਦਿਆਂ ਫਸਲ ਸਹੀ ਸਲਾਮਤ ਅੰਜ਼ਾਮ ਨੂੰ ਪਹੁੰਚ ਵੀ ਜਾਵੇ ਤਾਂ ਫਿਰ ਇਸ ਸਾਲ ਦੇ ਝੋਨੇ ਵਾਂਗ ਮੰਡੀਆਂ ਵਿੱਚ ਬੇਕਦਰੀ। ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਵਿਅਕਤੀ ਸਾਹ ਲੈਣ ਵਾਲਾ (ਪੋਲਟਰੀ ਅਤੇ ਡੇਅਰੀ), ਸੜਕ ‘ਤੇ ਚੱਲਣ ਵਾਲਾ (ਟਰੱਕ ਟੈਕਸੀਆਂ ਆਦਿ) ਅਤੇ ਕੁਦਰਤ ‘ਤੇ ਨਿਰਭਰ (ਖੇਤੀਬਾੜੀ) ਧੰਦਾ ਕਰਦਾ ਹੈ, ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਆਮ ਲੋਕ ਸਮਝਦੇ ਹਨ ਕਿ ਖੇਤੀਬਾੜੀ ਤਾਂ ਸੌਖੀ ਹੀ ਬਹੁਤ ਹੈ। ਬੱਸ ਬੀਜ ਤੇ ਖਾਦ ਪਾਈ ਤੇ ਛੇ ਮਹੀਨਿਆਂ ਵਿੱਚ ਫਸਲ ਤਿਆਰ। ਉਨ੍ਹਾਂ ਨੂੰ ਨਹੀਂ ਪਤਾ ਕਿ ਮੰਡੀ ਵਿੱਚ ਪਈ ਕਣਕ ਜਾਂ ਝੋਨੇ ਦੀ ਢੇਰੀ ਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ। ਸੌਣ ਭਾਦਰੋਂ ਦੀਆਂ ਹੁੰਮਸ ਭਰੀਆਂ ਧੁੱਪਾਂ ਤੇ ਪੋਹ ਮਾਘ ਦੀ ਹੱਡ ਜਮਾਂ ਦੇਣ ਵਾਲੀ ਸਰਦੀ ਵਿੱਚ ਨੰਗੇ ਪੈਰੀਂ ਖੇਤਾਂ ਨੂੰ ਪਾਣੀ ਲਗਾਉਣਾ, ਖਾਦ ਖਿਲਾਰਨੀ ਅਤੇ ਕੀਟ ਨਾਸ਼ਕ – ਨਦੀਨ ਨਾਸ਼ਕ ਸਪਰੇਅ ਕਰਨੇ ਪੈਂਦੇ ਹਨ। ਜਿਸ ਵੇਲੇ ਅੱਧਾ ਭਾਰਤ ਏ.ਸੀ. ਦੀ ਠੰਡਕ ਜਾਂ ਹੀਟਰ ਦੇ ਨਿੱਘ ਦਾ ਅਨੰਦ ਮਾਣ ਰਿਹਾ ਹੁੰਦਾ ਹੈ, ਉਸ ਵੇਲੇ ਕਿਸਾਨ ਖੇਤਾਂ ਵਿੱਚ ਡਟੇ ਹੁੰਦੇ ਹਨ। ਇਹ ਦੁਨੀਆਂ ਦਾ ਇੱਕੋ ਇੱਕ ਵਪਾਰ ਹੈ ਜਿਸ ਵਿੱਚ ਵਿਕਰੇਤਾ ਦੀ ਬਜਾਏ ਰੇਟ ਖਰੀਦਦਾਰ ਤਹਿ ਕਰਦਾ ਹੈ।

35 40 ਸਾਲ ਪੁਰਾਣੀ ਗੱਲ ਜਦੋਂ ਮੈਂ ਪੜ੍ਹਾਈ ਦੇ ਨਾਲ ਨਾਲ ਖੇਤੀਬਾੜੀ ਵਿੱਚ ਆਪਣੇ ਪਿਤਾ ਜੀ ਦਾ ਹੱਥ ਵਟਾਉਂਦਾ ਹੁੰਦਾ ਸੀ। ਸਾਡੇ ਪਿੰਡ ਕਈ ਦੁਕਾਨਾਂ ਸਨ ਪਰ ਇੱਕ ਦੁਕਾਨਦਾਰ ਕਿੰਦੇ (ਕਾਲਪਨਿਕ ਨਾਮ) ਨਾਲ ਸਾਡਾ ਕਾਫੀ ਪਿਆਰ ਸੀ ਤੇ ਉਧਾਰ ਸੁਧਾਰ ਵੀ ਚੱਲਦਾ ਸੀ। ਇੱਕ ਦਿਨ ਮੈਂ ਕਿੰਦੇ ਦੀ ਦੁਕਾਨ ਦੇ ਪੀਪੇ ਵਿੱਚੋਂ ਮੁੰਗਫਲੀ ਦੀ ਮੁੱਠ ਭਰ ਲਈ। ਕਿੰਦਾ ਮੈਨੂੰ ਕਹਿਣ ਲੱਗਾ, “ਅਠਿਆਨੀ (ਪੰਜਾਹ ਪੈਸੇ) ਦੀ ਊ, ਐਵੇਂ ਮੁਫਤ ਨਾ ਸਮਝ ਲਈਂ।” ਮੈਂ ਮੁੰਗਫਲੀ ਵਾਪਸ ਪੀਪੇ ਵਿੱਚ ਸੁੱਟ ਦਿੱਤੀ ਤੇ ਬੋਲਿਆ, “ਤੂੰ ਜਿਹੜੇ ਸਾਡੇ ਖੇਤਾਂ ਵਿੱਚੋਂ ਤੀਜੇ ਚੌਥੇ ਦਿਨ ਛਟਾਲੇ (ਬਰਸੀਮ) ਦੀ ਪੰਡ ਵੱਢ ਲਿਆਉਨਾ, ਗਾਜਰਾਂ ਮੂਲੀਆਂ, ਗੋਂਗਲੂ, ਗੋਭੀ ਤੇ ਸਾਗ ਤੋੜ ਲਿਆਉਨਾ, ਉਨ੍ਹਾਂ ਦਾ ਕੋਈ ਮੁੱਲ ਨਹੀਂ? ਉਹ ਅੱਗੋਂ ਦੰਦੀਆਂ ਕੱਢ ਕੇ ਬੋਲਿਆ, “ਧਾਡਾ ਸਮਾਨ ਤਾਂ ਫਰੀ ਦਾ ਹੁੰਦਾ ਆ।” ਉਸ ਦੀ ਗੱਲ ਮੇਰੇ ਕਲੇਜੇ ‘ਤੇ ਲੜ ਗਈ, “ਅੱਛਾ, ਉਹ ਆਪੇ ਉੱਗ ਪੈਂਦੀਆਂ ਨੇ? ਬੀਜ ਤੇ ਖਾਦ ਮੁਫਤ ਮਿਲਦੇ ਆ? ਕੋਈ ਨੀਂ ਪੁੱਤ ਦੁਬਾਰਾ ਆਈਂ, ਦੱਸੂੰਗਾ ਤੈਨੂੰ ਸਾਡੀ ਫਸਲ ਫਰੀ ਦੀ ਹੁੰਦੀ ਆ ਕਿ ਮੁੱਲ ਦੀ।” ਇਹ ਕਹਿ ਕੇ ਮੈਂ ਘਰ ਨੂੰ ਚੱਲ ਪਿਆ ਤੇ ਕਿੰਦਾ ਸਮਝ ਗਿਆ ਕਿ ਉਸ ਨੇ ਗਲਤੀ ਕਰ ਲਈ ਹੈ। ਉਹ ਲਿਫਾਫੇ ਵਿੱਚ ਕਾਫੀ ਸਾਰੀ ਮੁੰਗਫਲੀ ਪਾ ਕੇ ਮੇਰੇ ਪਿੱਛੇ ਭੱਜਿਆ ਤੇ ਗਲਤੀ ਮੰਨ ਕੇ ਮੁੰਗਫਲੀ ਦੇ ਕੇ ਗਿਆ।

ਮੇਰਾ ਇੱਕ ਦੋਸਤ ਤੇਜਾ (ਕਾਲਪਨਿਕ ਨਾਮ) ਬਟਾਲੇ ਨੇੜੇ ਰਹਿੰਦਾ ਹੈ ਤੇ ਤਰਬੂਜ਼ ਤੇ ਖਰਬੂਜਿਆਂ ਦੀ ਕਾਸ਼ਤ ਕਰਦਾ ਹੈ। ਇੱਕ ਦਿਨ ਉਹ ਸੁਵੱਖਤੇ ਤਰਬੂਜ਼ਾਂ ਦੀ ਟਰਾਲੀ ਲੈ ਕੇ ਧਾਰੀਵਾਲ ਦੀ ਸਬਜ਼ੀ ਮੰਡੀ ਵਿੱਚ ਖੜ੍ਹਾ ਸੀ ਕਿ ਸੈਰ ਕਰਦਾ ਹੋਇਆ ਇੱਕ ਵਿਅਕਤੀ ਆਇਆ ਤੇ ਬਿਨਾਂ ਦੱਸੇ ਪੁੱਛੇ ਦੋ ਵਧੀਆ ਜਿਹੇ ਤਰਬੂਜ਼ ਚੁੱਕ ਕੇ ਚੱਲਦਾ ਬਣਿਆ। ਤੇਜਾ ਪਹਿਲਾਂ ਹੀ ਗਰਮੀ ਅਤੇ ਲੱਗ ਰਹੇ ਘੱਟ ਰੇਟ ਤੋਂ ਸੜਿਆ ਬਲਿਆ ਪਿਆ ਸੀ। ਉਸ ਨੇ ਉਸ ਵਿਅਕਤੀ ਨੂੰ ਜਾ ਘੇਰਿਆ ਤੇ ਪੁੱਛਿਆ ਕਿ ਭਾਈ ਸਾਹਿਬ ਇਹ ਕੀ ਕਰ ਰਹੇ ਹੋ? ਉਸ ਵਿਅਕਤੀ ਨੇ ਪੂਰੀ ਢੀਠਤਾਈ ਨਾਲ ਜਵਾਬ ਦਿੱਤਾ, “ਕਾਕਾ ਤੂੰ ਮੈਨੂੰ ਪਛਾਣਿਆ ਨਈਂ? ਮੈਂ ਸਾਬਕਾ ਮੰਤਰੀ ਫਲਾਣਾ ਸਿੰਘ ਆਂ।” “ਮੈਂ ਧਾਨੂੰ ਚੰਗੀ ਤਰਾਂ ਜਾਣਦਾ ਆਂ। ਪਰ ਤੁਹਾਡਾ ਫਰਜ਼ ਨਈਂ ਬਣਦਾ ਕਿ ਮੈਨੂੰ ਪੁੱਛ ਕੇ ਤਰਬੂਜ਼ ਚੁੱਕਦੇ? ਹੁਣ ਜੇ ਮੈਂ ਧਾਡੇ ਕੋਲੋਂ ਹਦਵਾਣੇ ਖੋਹ ਲਵਾਂ ਤਾਂ ਧਾਡੇ ਪੱਲੇ ਕੀ ਰਹੂਗਾ?” ਪਰ ਉਹ ਲੀਡਰ ਵੀ ਸਿਰੇ ਦਾ ਢੀਠ ਸੀ, “ਉਹ ਕਾਕਾ, ਦੋ ਹਦਵਾਣਿਆਂ ਲਈ ਮੈਂ ਤੈਨੂੰ ਕੀ ਪੁੱਛਦਾ? ਨਾਲੇ ਜੱਟਾਂ ਨੂੰ ਕੀ ਫਰਕ ਪੈਂਦਾ ਦੋ ਚਾਰ ਹਦਵਾਣਿਆਂ ਨਾਲ,” ਤੇ ਉਹ ਤਰਬੂਜ਼ ਲੈ ਕੇ ਤੁਰਦਾ ਬਣਿਆ।

ਮੇਰਾ ਇੱਕ ਦੋਸਤ ਹਰਬੰਸ ਲਹਿਰਾ ਗਾਗਾ ਨੇੜੇ ਨੰਗਲਾ ਪਿੰਡ ਦਾ ਰਹਿਣ ਵਾਲਾ ਹੈ। ਅੱਜ ਤੋਂ 15 20 ਪਹਿਲਾਂ ਉਥੇ ਵੱਡੇ ਪੱਧਰ ‘ਤੇ ਮੁੰਗਫਲੀ ਦੀ ਕਾਸ਼ਤ ਹੁੰਦੀ ਸੀ। ਇੱਕ ਵਾਰ ਉਸ ਦਾ ਤਾਇਆ ਲਹਿਰੇ ਮੰਡੀ ਮੁੰਗਫਲੀ ਲੈ ਕੇ ਗਿਆ ਤਾਂ ਹਰ ਲੰਘਦਾ ਵੜਦਾ ਬੰਦਾ ਮੁੰਗਫਲੀ ਦੀਆਂ ਮੱਠੀਆਂ ਭਰ ਕੇ ਲਿਜਾਣ ਲੱਗਾ। ਇਹ ਸਭ ਕੁਝ ਤਾਂ ਤਾਇਆ ਬਰਦਾਸ਼ਤ ਕਰ ਗਿਆ ਪਰ ਇੱਕ ਬੰਦੇ ਨੇ ਤਾਂ ਕਮਾਲ ਹੀ ਕਰ ਦਿੱਤੀ। ਪਹਿਲਾਂ ਤਾਂ ਖੁਦ ਜੇਬ ਭਰ ਲਈ ਤੇ ਫਿਰ ਘਰ ਜਾ ਕੇ ਆਪਣੇ ਤਿੰਨ ਚਾਰ ਜਵਾਕ ਲੈ ਆਇਆ ਜਿੰਨ੍ਹਾਂ ਨੇ ਮੁੰਗਫਲੀ ਲਿਫਾਫਿਆਂ ਵਿੱਚ ਭਰਨੀ ਸ਼ੁਰੂ ਕਰ ਦਿੱਤੀ। ਤਾਇਆ ਜਾਣਦਾ ਸੀ ਕਿ ਇਸ ਬੰਦੇ ਦੀ ਬਜ਼ਾਰ ਵਿੱਚ ਹਲਵਾਈ ਦੀ ਦੁਕਾਨ ਹੈ ਤੇ ਇਹ ਠੋਕ ਕੇ ਰੇਟ ਲਾਉਂਦਾ ਹੈ। ਲਿਫਾਫੇ ਵੇਖ ਕੇ ਤਾਏ ਦੇ ਸਬਰ ਦਾ ਪਿਆਲਾ ਉੱਛਲ ਗਿਆ ਤੇ ਉਹ ਉਸ ਦੇ ਪਿੱਛੇ ਪੈ ਗਿਆ। ਪਹਿਲਾਂ ਤਾਂ ਉਸ ਨੇ ਲਿਫਾਫੇ ਖੋਹ ਕੇ ਢੇਰੀ ‘ਤੇ ਉਲੱਦ ਦਿੱਤੇ ਤੇ ਫਿਰ ਉਸ ਦੀ ਲਾਹ ਪਾਹ ਕਰ ਦਿੱਤੀ। ਹਲਵਾਈ ਅੱਗੋਂ ਢਿੱਲਾ ਜਿਹਾ ਪੈ ਕੇ ਕਹਿਣ ਲੱਗਾ, “ਸਰਦਾਰ ਜੀ ਐਨੀ ਵੱਡੀ ਗੱਲ ਤਾਂ ਕੋਈ ਨਈਂ ਸੀ। ਬੱਸ ਬੱਚਿਆਂ ਦਾ ਮਨ ਜਿਹਾ ਕਰ ਆਇਆ ਸੀ ਮੁੰਗਫਲੀ ਖਾਣ ਲਈ।” ਤਾਏ ਨੇ ਠੋਕ ਕੇ ਜਵਾਬ ਦਿੱਤਾ, “ਸੇਠ ਸਾਹਿਬ, ਜਦੋਂ ਸਾਡੇ ਬੱਚੇ ਧਾਡੀਆਂ ਦੁਕਾਨਾਂ ਅੱਗੋਂ ਲੰਘਦੇ ਆ ਨਾ, ਉਨ੍ਹਾਂ ਦਾ ਵੀ ਬਹੁਤ ਦਿਲ ਕਰਦਾ ਆ ਸਮਾਨ ਲੈਣ ਲਈ। ਫਿਰ ਅਸੀਂ ਵੀ ਫਰੀ ਮਠਿਆਈਆਂ ਚੁੱਕ ਕੇ ਲੈ ਜਾਇਆ ਕਰੀਏ? ਸਾਡੀ ਢੇਰੀ ਤਾਂ ਤੁਸੀਂ ਮੁਫਤ ਦਾ ਮਾਲ ਸਮਝ ਕੇ ਲਿਫਾਫੇ ਭਰੀ ਜਾਂਦੇ ਉ, ਕਿਸੇ ਰੇਹੜੀ ਤੋਂ ਮੁੰਗਫਲੀ ਦੀ ਇੱਕ ਗੰਢੀ ਚੁੱਕ ਕੇ ਤਾਂ ਵਿਖਾਉ।”


ਬਲਰਾਜ ਸਿੰਘ ਸਿੱਧੂ ਏ.ਆਈ.ਜੀ (ਰਿਟਾ)
ਪੰਡੋਰੀ ਸਿੱਧਵਾਂ 9501100062