ਵਿਆਹਾਂ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਹਰ ਦੂਸਰੇ ਚੌਥੇ ਹਫਤੇ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ ਕਿ ਭੰਗੜਾ ਪਾਉਂਦੇ ਸਮੇਂ ਕਿਸੇ ਖਰ ਦਿਮਾਗ ਵਿਅਕਤੀ ਨੇ ਹਵਾਈ ਫਾਇਰਿੰਗ ਕਰਦੇ ਸਮੇਂ ਕਿਸੇ ਬੇਗੁਨਾਹ ਵਿਅਕਤੀ ਦੀ ਜਾਨ ਲੈ ਲਈ ਹੋਵੇ। ਪੰਜਾਬ ਵਿੱਚ ਇੱਕ ਅੱਧ ਮਾਮਲੇ ਨੂੰ ਛੱਡ ਕੇ ਅੱਜ ਤੱਕ ਕਦੇ ਵੀ ਕਿਸੇ ਲਾਇਸੈਂਸੀ ਹਥਿਆਰ ਵਾਲੇ ਨੇ ਲੁੱਟਣ ਵਾਸਤੇ ਆਏ ਡਾਕੂ, ਲੁਟੇਰੇ, ਕਾਲੇ ਕੱਛੇ ਵਾਲੇ ਜਾਂ ਚੋਰ ਲੁਟੇਰੇ ਆਦਿ ਦੀ ਹਿੱਕ ਵਿੱਚ ਗੋਲੀ ਨਹੀਂ ਮਾਰੀ। ਲਾਇਸੈਂਸੀ ਹਥਿਆਰਾਂ ਦੀ ਵਰਤੋੋਂ ਸਿਰਫ ਸ਼ੋਸ਼ੇਬਾਜ਼ੀ ਜਾਂ ਨਿੱਜੀ ਲੜਾਈ ਝਗੜਿਆਂ ਸਮੇਂ ਕੀਤੀ ਜਾਂਦੀ ਹੈ। ਅਨੇਕਾਂ ਅਜਿਹੇ ਕੇਸ ਹੋਏ ਹਨ ਕਿ ਲੁਟੇਰੇ ਘਰ ਲੁੱਟ ਕੇ ਲੈ ਗਏ ਤੇ ਪੰਜਾਬੀ ਸੂਰਮਿਆਂ ਦੀਆਂ ਰਾਈਫਲਾਂ ਪੇਟੀ ਵਿੱਚ ਰੱਖੀਆਂ ਰਹਿ ਗਈਆਂ। ਰਾਤ ਨੂੰ ਜਿਆਦਾਤਰ ਲੋਕਾਂ ਨੇ ਸ਼ਰਾਬ ਹੀ ਐਨੀ ਪੀਤੀ ਹੁੰਦੀ ਹੈ ਕਿ ਚੋਰ ਚਾਹੇ ਉਸ ਨੂੰ ਵੀ ਨਾਲ ਹੀ ਚੁੱਕ ਕੇ ਲੈ ਜਾਣ।
ਪੁਰਾਣੇ ਸਮੇਂ ਵਿੱਚ ਅਸਲ੍ਹੇ ਵਾਲੇ ਵਿਅਕਤੀ ਨੂੰ ਚੋਰ ਡਾਕੂਆਂ ਤੋਂ ਬਚਾਅ ਲਈ ਜੰਝ ਦੇ ਨਾਲ ਲਿਜਾਇਆ ਜਾਂਦਾ ਸੀ। ਉਹ ਕਈ ਵਾਰ ਲੁਟੇਰਿਆਂ, ਬਦਮਾਸ਼ਾਂ ਵਿੱਚ ਦਹਿਸ਼ਤ ਪਾਉਣ ਲਈ ਇੱਕ ਅੱਧ ਫਾਇਰ ਵੀ ਕੱਢ ਦੇਂਦਾ ਸੀ। ਪਰ ਅੱਜ ਕਲ੍ਹ ਤਾਂ ਵਿਆਹ ਸਮੇਂ ਅਸਲ੍ਹੇ ਵਾਲੇ ਹਵਾਈ ਫਾਇਰ ਕਰਨ ਦੇ ਸ਼ੌਕੀਨ ਫੁਕਰਿਆਂ ਨੂੰ ਖਾਸ ਤੌਰ ‘ਤੇ ਕਾਰਡ ਵੰਡੇ ਜਾਂਦੇ ਹਨ ਤੇ ਸਖਤ ਤਾਕੀਦ ਕੀਤੀ ਜਾਂਦੀ ਕਿ ਬਿਨਾਂ ਪਿਸਤੌਲ ਤੋਂ ਨਾ ਆਇਉ। ਉਹ ਗੱਲ ਅਲੱਗ ਹੈ ਕਿ ਅਜਿਹੇ ਵਿਆਹ ਦੀ ਰਿਸੈਪਸ਼ਨ ਕਈ ਵਾਰ ਥਾਣੇ ਦੀ ਹਵਾਲਾਤ ਵਿੱਚ ਹੁੰਦੀ ਹੈ। ਸੁਣਨ ਵਿੱਚ ਆਇਆ ਹੈ ਕਿ ਮੈਰਿਜ ਪੈਲੇਸ, ਘੋੜੀ, ਬੈਂਡ ਵਾਜੇ ਅਤੇ ਕੈਟਰਿੰਗ ਦੇ ਨਾਲ ਨਾਲ ਹੁਣ ਵਿਆਹ ਵਿੱਚ ਫਾਇਰ ਕਰਨ ਵਾਲਿਆ ਦੀ ਵੀ ਬੁਕਿੰਗ ਹੋਣ ਲੱਗ ਪਈ ਹੈ। ਜਿਨ੍ਹਾਂ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਲਾਇਸੈਂਸ ਵਾਲਾ ਨਹੀਂ, ਉਹ ਕਿਰਾਏ ‘ਤੇ ਫਾਇਰ ਕਰਨ ਵਾਲੇ ਲੈ ਲੈਂਦੇ ਹਨ ਤੇ ਉਨ੍ਹਾਂ ਦੀ ਗੋਲੀਆਂ ਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਂਦੀ ਹੈ। ਜਿਹੜਾ ਮੈਰਿਜ ਪੈਲੇਸ ਵਾਲਾ ਫਾਇਰ ਕਰਨ ਤੋਂ ਰੋਕਦਾ ਹੈ, ਲੋਕ ਉਸ ਦਾ ਪੈਲੇਸ ਬੁੱਕ ਕਰਨ ਤੋਂ ਟਾਲਾ ਵੱਟ ਜਾਂਦੇ ਹਨ। ਬਹੁਤੇ ਪੈਲੇਸਾਂ ਵਾਲੇ “ਮੈਰਿਜ ਪੈਲੇਸ ਵਿੱਚ ਫਾਇਰ ਕਰਨਾ ਮਨ੍ਹਾਂ ਹੈ” ਦਾ ਬੋਰਡ ਲਗਾ ਕੇ ਜ਼ਿੰਮੇਵਾਰੀ ਪੂਰੀ ਹੋਈ ਸਮਝ ਲੈਂਦੇ ਹਨ। ਜੇ ਕਿਤੇ ਪੁਲਿਸ ਵਾਲੇ ਦਖਲ ਅੰਦਾਜ਼ੀ ਕਰਨ ਤਾਂ ਸ਼ਰਾਬੀ ਗਲ ਪੈਂਦੇ ਹਨ ਕਿ ਤੁਸੀਂ ਸਾਡਾ ਵਿਆਹ ਖਰਾਬ ਕਰ ਰਹੇ ਹੋ।
ਪੰਜਾਬ ਵਿੱਚ ਕਿਸੇ ਨੂੰ ਖੁਸ਼ ਕਰਨਾ ਹੋਵੇ ਤਾਂ ਉਸ ਨੂੰ ਲਾਇਸੰਸ ਬਣਾ ਕੇ ਦੇ ਦਿਉ। ਘਰ ਵਿੱਚ ਰੋਟੀ ਪੱਕੇ ਨਾ ਪੱਕੇ, ਹਥਿਆਰ ਜਰੂਰ ਚਾਹੀਦਾ ਹੈ। ਕਈ ਲੋਕਾਂ ਨੇ ਸਾਰੇ ਪਰਿਵਾਰ ਦੇ ਲਾਇਸੰਸ ਬਣਾਏ ਹੁੰਦੇ ਹਨ ਪਰ ਜਦੋਂ ਵਾਰ ਵਾਰ ਲਾਇਸੰਸ ਰੀਨਿਊ ਕਰਾਉਣੇ ਪੈਂਦੇ ਹਨ ਤਾਂ ਸ਼ਕਲ ਵੇਖਣ ਵਾਲੀ ਹੁੰਦੀ ਹੈ। ਲੀਡਰਾਂ ਤੇ ਅਫਸਰਾਂ ਕੋਲ ਸਭ ਤੋਂ ਜਿਆਦਾ ਸਿਫਾਰਸ਼ਾਂ ਲਾਇਸੰਸ ਬਣਾਉਣ ਦੀਆਂ ਹੀ ਆਉਂਦੀਆਂ ਹਨ। ਅਸਲ੍ਹਾ ਰੱਖਣਾ, ਸੰਭਾਲਣਾ ਅਤੇ ਚਲਾਉਣਾ ਬਹੁਤ ਨਾਜ਼ਕ ਕੰਮ ਹੈ। 90% ਲੋਕਾਂ ਨੂੰ ਹਥਿਆਰ ਖੋਲ੍ਹਣੇ ਜੋੜਨੇ ਜਾਂ ਸਾਫ ਕਰਨੇ ਨਹੀਂ ਆਉਂਦੇ। ਪਿਸਤੌਲ ਨੂੰ ਬੁੱਕਲ ਦਾ ਹਥਿਆਰ ਕਿਹਾ ਜਾਂਦਾ ਹੈ ਜੋ ਆਤਮ ਰੱਖਿਆ ਲਈ ਕੱਪੜਿਆਂ ਦੇ ਥੱਲੇ ਛਿਪਾ ਕੇ ਪਹਿਨਿਆਂ ਜਾਣਾ ਚਾਹੀਦਾ ਹੈ। ਪਰ ਅੱਜ ਕਲ੍ਹ ਲੋਕਾਂ ਨੂੰ ਵਿਖਾਉਣ ਲਈ ਜਾਣ ਬੁੱਝ ਕੇ ਪੈਂਟ ਦੀ ਬੈਲਟ ਵਿੱਚ ਫਸਾਇਆ ਹੁੰਦਾ ਹੈ। ਜੇ ਕਿਸੇ ਚੋਰ-ਲੁਟੇਰੇ ਨੇ ਹਮਲਾ ਕਰਨਾ ਹੋਵੇ ਤਾਂ ਉਹ ਜੱਫਾ ਮਾਰ ਕੇ ਪਹਿਲਾਂ ਪਿਸਤੌਲ ਹੀ ਕਾਬੂ ਕਰਦਾ ਹੈ।
ਚਾਲੀ ਪੰਜਾਹ ਸਾਲ ਪਹਿਲਾਂ ਇਲਾਕੇ ਦੇ ਸਿਰਫ ਦੋ ਚਾਰ ਮੋਹਤਬਰ ਬੰਦਿਆਂ ਕੋਲ ਅਸਲ੍ਹਾ ਹੁੰਦਾ ਸੀ। ਪਿਸਤੌਲ ਵਿਦੇਸ਼ੀ ਹੋਣ ਕਾਰਨ ਬਹੁਤ ਮਹਿੰਗੇ ਸਨ ਤੇ ਹਾਰੀ ਸਾਰੀ ਨਹੀਂ ਸੀ ਖਰੀਦ ਸਕਦਾ। ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਸਰਕਾਰੀ ਕਾਨਪੁਰੀ ਪਿਸਤੌਲ ਬਣਨ ਲੱਗ ਪਏ। ਹੁਣ ਹਰ ਜਣਾ ਖਣਾ ਡੱਬ ਵਿੱਚ ਫਸਾਈ ਫਿਰਦਾ ਹੈ। ਹਰੇਕ ਨੌਜਵਾਨ ਬਾਲਗ ਹੁੰਦੇ ਸਾਰ ਹੀ ਲਾਇਸੰਸ ਬਣਾਉਣ ਵੱਲ ਭੱਜਦਾ ਹੈ। ਵੀਡੀਉ ਗੇਮਾਂ ਖੇਡ ਕੇ ਤੇ ਪੰਜਾਬੀ ਗਾਇਕਾਂ ਦੇ ਜੱਟਵਾਦੀ ਗਾਣੇ ਸੁਣ ਕੇ ਜਵਾਨ ਹੋਈ ਇਸ ਪੀੜ੍ਹੀ ਨੂੰ ਅਸਲੀਅਤ ਬਾਰੇ ਪਤਾ ਨਹੀਂ ਹੈ। ਜੇ ਗਲਤੀ ਨਾਲ ਵੀ ਗੋਲੀ ਵੱਜ ਕੇ ਕਿਸੇ ਦੀ ਮੌਤ ਹੋ ਜਾਵੇ ਤਾਂ ਗੋਲੀ ਮਾਰਨ ਵਾਲੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਉਸ ‘ਤੇ ਕਤਲ ਦਾ ਪਰਚਾ ਦਰਜ਼ ਹੁੰਦਾ ਹੈ ਤੇ ਸੁਪਰੀਮ ਕੋਰਟ ਤੱਕ ਵੀ ਜ਼ਮਾਨਤ ਨਹੀਂ ਹੁੰਦੀ ਤੇ ਜੇ ਸਜ਼ਾ ਹੋ ਜਾਵੇ ਤਾਂ ਸਾਰੀ ਉਮਰ ਜੇਲ੍ਹ ਵਿੱਚ ਗਰਕ ਹੋ ਜਾਂਦੀ ਹੈ। ਦੋ ਮਿੰਟ ਲਈ ਮਾਰੀ ਫੁਕਰੀ 50-60 ਲੱਖ ਵਿੱਚ ਪੈਂਦੀ ਹੈ ਤੇ ਪਰਿਵਾਰ ਵਾਲੇ ਥਾਣਿਆਂ ਕਚਹਿਰੀਆਂ ‘ਚ ਵੱਖ ਧੱਕੇ ਖਾਂਦੇ ਹਨ। ਜਿਆਦਾਤਰ ਸਿਆਣੇ ਬੰਦੇ ਤਾਂ ਵਿਆਹ ਵਿੱਚ ਗੋਲੀ ਚੱਲਦੇ ਸਾਰ ਉੱਠ ਕੇ ਘਰਾਂ ਨੂੰ ਦੌੜ ਜਾਂਦੇ ਹਨ।
ਸਾਡੇ ਨਜ਼ਦੀਕੀ ਪਿੰਡ ਇੱਕ ਵਲੈਤੀਆਂ ਆਪਣੇ ਭਰਾ ਦਾ ਵਿਆਹ ਕਰਨ ਲਈ ਵਿਦੇਸ਼ੋਂ ਆਇਆ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬਰਾਤ ਵਿੱਚ ਹਥਿਆਰ ਲੈ ਕੇ ਆਉਣ ਦਾ ਹੁਕਮ ਜਾਰੀ ਕਰ ਦਿੱਤਾ। ਜਦੋਂ ਮੁਫਤ ਦੀ ਸ਼ਰਾਬ ਨਾਲ ਟੱਲੀ ਹੋਏ ਨਿਸ਼ਾਨਚੀਆਂ ਨੇ ਫਾਇਰ ਖੋਲ੍ਹਿਆ ਤਾਂ ਇੱਕ ਗੋਲੀ ਲਾੜਾ ਸਾਹਿਬ ਨੂੰ ਹੀ ਜਾ ਲੱਗੀ ਜਿਸ ਦੀ ਹਸਪਤਾਲ ਜਾ ਕੇ ਮਸਾਂ ਜਾਨ ਬਚੀ। ਸ਼ੁਕਰ ਹੈ ਲਾਵਾਂ ਫੇਰੇ ਹੋ ਗਏ ਸਨ ਨਹੀਂ ਤਾਂ ਵਿਆਹ ਵਿੱਚੇ ਰਹਿ ਜਾਣਾ ਸੀ। ਬਹੁਤ ਮੁਸ਼ਕਿਲ ਨਾਲ ਮਾਮਲਾ ਦਬਾਇਆ ਗਿਆ ਤੇ ਰਾਤੋ ਰਾਤ ਦਿੱਲੀ ਤੋਂ ਐਮਰਜੈਂਸੀ ਟਿਕਟ ਕਰਾ ਕੇ ਭੱਜਾ ਵਲਾਇਤੀਆ ਅੱਜ ਤੱਕ ਵਾਪਸ ਨਹੀਂ ਆਇਆ।
ਹਥਿਆਰ ਆਦਮੀ ਦੀ ਆਤਮ ਰੱਖਿਆ ਲਈ ਹੁੰਦੇ ਹਨ, ਸ਼ੋਸ਼ੇਬਾਜ਼ੀ, ਹਵਾਈ ਫਾਇਰ ਜਾਂ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ। ਹਥਿਆਰ ਹਮੇਸ਼ਾਂ ਘਰ ਵਿੱਚ ਕਿਸੇ ਸੁਰੱਖਿਅਤ ਜਗ੍ਹਾ ‘ਤੇ ਜਿੰਦਰੇ ਹੇਠ ਰੱਖਣੇ ਚਾਹੀਦੇ ਹਨ। ਬੱਚਿਆਂ ਵਿੱਚ ਹਥਿਆਰ ਨਾਲ ਛੇੜ ਛਾੜ ਕਰਨ ਦੀ ਬਹੁਤ ਖਿੱਚ ਹੁੰਦੀ ਹੈ। ਕਦੀ ਵੀ ਭਰਿਆ ਹੋਇਆ ਹਥਿਆਰ ਬੱਚਿਆਂ ਨੂੰ ਨਹੀਂ ਪਕੜਾਉਣਾ ਚਾਹੀਦਾ। ਉਹ ਖੇਡ ਖੇਡ ਵਿੱਚ ਹੀ ਕਿਸੇ ਨੂੰ ਗੋਲੀ ਮਾਰ ਸਕਦੇ ਹਨ। ਜੇ ਜਿਆਦਾ ਸਮੇਂ ਲਈ ਘਰੋਂ ਬਾਹਰ ਜਾਣਾ ਹੋਵੇ ਤਾਂ ਹਥਿਆਰ ਨਜ਼ਦੀਕੀ ਥਾਣੇ ਜਾਂ ਗੰਨ ਹਾਊਸ ਵਿੱਚ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ। ਬਿਲਕੁਲ ਸੱਚੀਆਂ ਕਹਾਵਤਾਂ ਬਣੀਆਂ ਹਨ ਕਿ ਗੋਲੀ ਹਮੇਸ਼ਾਂ ਬੰਦੇ ਵੱਲ ਹੀ ਜਾਂਦੀ ਹੈ ਤੇ ਕਿਸਮਤ ਮਾੜੀ ਹੋਵੇ ਤਾਂ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ। ਜੇ ਕਿਸੇ ਵਿਆਹ ਵਿੱਚ ਫਾਇਰ ਹੁੰਦੇ ਹਨ ਤਾਂ ਮੈਰਿਜ ਪੈਲੇਸ ਵਾਲੇ ਵੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਬੰਧੀ ਨਜ਼ਦੀਕੀ ਥਾਣੇ ਨੂੰ ਸੂਚਨਾ ਦੇਣ। ਸਿਰਫ ਇਹ ਲਿਖ ਦੇਣ ਨਾਲ ਕਿ ਮੈਰਿਜ ਪੈਲੇਸ ਵਿੱਚ ਫਇਰ ਕਰਨੇ ਮਨ੍ਹਾ ਹਨ, ਜ਼ਿੰਮੇਵਾਰੀ ਤੋਂ ਨਹੀਂ ਭੱਜਿਆ ਜਾ ਸਕਦਾ। ਜਦੋਂ ਵੀ ਕਿਸੇ ਸ਼ਾਦੀ ਵਿੱਚ ਫਾਇਰ ਹੋਣੇ ਸ਼ੁਰੂ ਹੋਣ, ਆਪਣੇ ਪਰਿਵਾਰ ਸਮੇਤ ਪੱਤਰਾ ਵਾਚ ਜਾਉ। ਜਾਨ ਮੁਰਗੇ ਮੱਛੀ ਤੇ ਮੁਫਤ ਦੀ ਸ਼ਰਾਬ ਨਾਲੋਂ ਬਹੁਤ ਜਿਆਦਾ ਕੀਮਤੀ ਹੁੰਦੀ ਹੈ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062