
ਪ੍ਰੋ. ਕੁਲਬੀਰ ਸਿੰਘ
ਸੰਗੀਤ ਉਦਯੋਗ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਗ੍ਰੈਮੀ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਅਸਲ ਵਿਚ ਇਨ੍ਹਾਂ ਨੂੰ ਗ੍ਰਾਮੋਫੋਨ ਐਵਾਰਡ ਕਿਹਾ ਜਾਂਦਾ ਹੈ ਜਿਹੜੇ ਅਮਰੀਕਾ ਦੀ ਰਿਕਾਰਡਿੰਗ ਅਕੈਡਮੀ ਦੁਆਰਾ ਦਿੱਤੇ ਜਾਂਦੇ ਹਨ। ਜਿਸ ਦਿਨ ਇਹ ਪੁਰਸਕਾਰ ਦਿੱਤੇ ਜਾਂਦੇ ਹਨ ਉਸਨੂੰ ‘ਸੰਗੀਤ ਦੀ ਸਭ ਤੋਂ ਵੱਡੀ ਰਾਤ‘ ਕਿਹਾ ਜਾਂਦਾ ਹੈ।
ਜਦ ਗ੍ਰੈਮੀ ਪੁਰਸਕਾਰ ਦੇ ਪ੍ਰਧਾਨ ਵੱਲੋਂ ਦਲਜੀਤ ਦੁਸਾਂਝ ਨਾਲ ਕੀਤੀ ਇੰਟਰਵਿਊ ਸਾਹਮਣੇ ਆਈ ਤਾਂ ਵੇਖਣ ਸੁਣਨ ਵਾਲਿਆਂ ਦਾ ਹੜ੍ਹ ਆ ਗਿਆ। ਸਵਾਲ ਜਵਾਬ ਦੌਰਾਨ ਜਿਹੜੀ ਵਿਸ਼ੇਸ਼ ਗੱਲ ਦਲਜੀਤ ਦੁਸਾਂਝ ਨੇ ਸਾਂਝੀ ਕੀਤੀ ਉਹ ਸਭਿਆਚਾਰ ਸੰਬੰਧੀ ਸੀ। ਹਰੇਕ ਸਭਿਆਚਾਰ ਦੀ ਇਕ ਆਪਣੀ ਖੁਸ਼ਬੂ ਹੁੰਦੀ ਹੈ। ਦੁਨੀਆਂ ਵਿਚ ਆਪਣੀ ਪਹਿਚਾਣ ਬਨਾਉਣ ਦੇ ਨਾਲ ਨਾਲ ਉਸ ਖੁਸ਼ਬੂ ਨੂੰ ਫੈਲਾਓ।
ਇੰਟਰਵਿਊ ਦੌਰਾਨ ਉਸਨੇ ਨੇੜ-ਭਵਿੱਖ ਵਿਚ ਸਾਹਮਣੇ ਆਉਣ ਵਾਲੇ ਅਤੇ ਮੁਕੰਮਲ ਹੋਣ ਵਾਲੇ ਮਹੱਤਵਪੂਰਨ ਪ੍ਰਾਜੈਕਟਾਂ ਬਾਰੇ ਦੱਸਿਆ। ਫ਼ਿਲਮ ‘ਸਰਦਾਰ ਜੀਤ‘ ਉਦੋਂ ਅਜੇ ਰਲੀਜ਼ ਨਹੀਂ ਹੋਈ ਸੀ। ਸੋ ਸੰਕੇਤਕ ਰੂਪ ਵਿਚ ਇਸ ਫ਼ਿਲਮ ਬਾਰੇ ਵੀ ਉਸਨੇ ਜਾਣਕਾਰੀ ਦਿੱਤੀ।
ਸਾਰੀ ਇੰਟਰਵਿਊ ਅੰਗਰੇਜ਼ੀ ਵਿਚ ਹੈ ਅਤੇ ਗ੍ਰੈਮੀ ਵੱਲੋਂ ਕੀਤੀ ਗਈ ਹੈ ਇਸ ਲਈ ਇਸਦਾ ਦਾਇਰਾ ਪੂਰੀ ਦੂਨੀਆਂ ਹੈ। ਲੱਖਾਂ ਲੋਕ ਇਸ ਇੰਟਰਵਿਊ ਨੂੰ ਵੇਖ ਸੁਣ ਚੁੱਕੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੀ ਟੋਰਾਂਟੋ ਮੈਟਰੋਪੌਲਿਟਨ ਯੂਨੀਵਰਸਿਟੀ (TMU) ਦਲਜੀਤ ਦੁਸਾਂਝ ਦੀ ਗਾਇਕੀ ਤੇ ਅਦਾਕਾਰੀ ‘ਤੇ ਆਧਾਰਿਤ ਇਕ ਮਹੱਤਵਪੂਰਨ ਕੋਰਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਲੱਗੀ ਹੈ ਜਿਸ ਤਹਿਤ ਸੰਸਾਰ ਭਰ ਵਿਚ ਉਸਦੇ ਸਭਿਆਚਾਰਕ ਤੇ ਸਗੀਤਕ ਪ੍ਰਭਾਵ ਦੀ ਸਮੀਖਿਆ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ‘ਕਰੀਏਟਿਵ ਸਕੂਲ‘ ਦੁਆਰਾ ਨੇਪਰੇ ਚੜ੍ਹਾਇਆ ਜਾਣ ਵਾਲਾ ਇਹ ਕਾਰਜ ਪੰਜਾਬ, ਪੰਜਾਬੀ, ਪੰਜਾਬੀ ਸੰਗੀਤ ਅਤੇ ਪਰਵਾਸੀ ਪੰਜਾਬੀਆਂ ਲਈ ਬੇਹੱਦ ਮਾਣਮੱਤਾ ਹੋਵੇਗਾ। ਜੁਪਿੰਦਰਜੀਤ ਸਿੰਘ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਨੇ ਦਿਲਜੀਤ ਦੁਸਾਂਝ ਦੀ ਇਸ ਗੱਲੋਂ ਸਰਾਹਨਾ ਕੀਤੀ ਕਿ ਉਹ ਪੰਜਾਬੀ ਸੰਗੀਤ ਦੇ ਸਭਿਆਚਾਰਕ ਪ੍ਰਭਾਵ ਅਤੇ ਆਰਥਿਕ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਯੂਨੀਵਰਸਿਟੀ ਇਸ ਪਹਿਲੂ ਦੀ ਖੋਜ ਕਰੇਗੀ ਕਿ ਦਿਲਜੀਤ ਦਾ ਕੰਮ ਕਿਵੇਂ ਸਭਿਆਚਾਰਾਂ ਨੂੰ ਜੋੜਦਾ ਹੈ। ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਲਾਮਬੰਦ ਕਰਦਾ ਹੈ ਅਤੇ ਸਿਰਜਣਾਤਮਿਕ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ।
ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਦਿਲਜੀਤ ਪੀੜ੍ਹੀਆਂ ਨੂੰ ਜੋੜਨ ਅਤੇ ਸਰਹੱਦਾਂ ਤੋਂ ਪਾਰ ਤੱਕ ਪ੍ਰਭਾਵ ਪਾਉਣ ਦੀ ਯੋਗਤਾ ਰੱਖਦਾ ਹੈ। ਉਸਦਾ ਸੰਗੀਤਕ ਸਫ਼ਰ ਸਭਿਆਚਾਰਕ ਮਾਣ, ਸਿਰਜਣਾਤਮਿਕ ਅਜ਼ਾਦੀ ਤੇ ਪੰਜਾਬੀ ਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਲਈ ਵਿਸ਼ਵਵਿਆਪੀ ਪ੍ਰਤੀਨਿਧਤਾ ਨੂੰ ਦਰਸਾਉਂਦਾ ਹੈ।
ਦਿਲਜੀਤ ਦਾ ਕਹਿਣਾ ਹੈ ਕਿ ਉਹ ਸੰਗੀਤ ਸੁਣਦਾ ਹੈ ਅਤੇ ਉਸਦਾ ਆਨੰਦ ਉਠਾਉਂਦਾ ਹੈ। ਇਹ ਨਹੀਂ ਵੇਖਦਾ ਕਿ ਉਸ ਸੰਗੀਤ ਦੀ ਵੰਨਗੀ ਕਿਹੜੀ ਹੈ। ਉਹ ਹਰੇਕ ਵੱਡੇ ਸ਼ੋਅ ਵਿਚ ਆਪਣੀ ਪੇਸ਼ਕਾਰੀ ਨੂੰ ਇਕ ਚੁਣੌਤੀ ਵਜੋਂ ਲੈਂਦਾ ਹੈ ਅਤੇ ਉਸ ਤੇ ਸਖ਼ਤ ਮਿਹਨਤ ਕਰਦਾ ਹੈ।
ਅੱਜ ਕਈ ਮੁਲਕ ਇਕ ਦੂਸਰੇ ਨਾਲ ਲੜਾਈ ਵਿਚ ਰੁੱਝੇ ਹਨ। ਸਾਡਾ ਇਨ੍ਹਾਂ ਚੀਜ਼ਾਂ ‘ਤੇ ਕੋਈ ਕੰਟਰੋਲ ਨਹੀਂ ਹੈ। ਪਰੰਤੂ ਸੰਗੀਤ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਦੇਸ਼ਾਂ ਨੂੰ, ਦੁਨੀਆਂ ਨੂੰ ਜੋੜਿਆ ਜਾ ਸਕਦਾ ਹੈ। ਮੈਂ ਖ਼ੁਦ ਨੂੰ ਭਾਗਸ਼ਾਲੀ ਸਮਝਦਾ ਹਾਂ ਜੋ ਸੰਗੀਤ ਨਾਲ ਜੁੜਿਆ ਹੋਇਆ ਹਾਂ ਅਤੇ ਹੱਦਾਂ ਸਰਹੱਦਾਂ ਤੋਂ ਪਾਰ ਸੰਗੀਤ ਤੇ ਪਿਆਰ ਵੰਡਦਾ ਹਾਂ। ਸੰਗੀਤ ਤੇ ਸੁਰ ਮੇਰੇ ਲਈ ਪ੍ਰਮਾਤਮਾ ਸਮਾਨ ਹੈ ਅਤੇ ਮੈਂ ਬੇਸੁਰਾ ਸੰਗੀਤ ਪਸੰਦ ਨਹੀਂ ਕਰਦਾ।
ਨਵੇਂ ਨਵੇਂ ਤਜਰਬੇ ਕਰਨਾ, ਨਵੇਂ ਨਵੇਂ ਸੰਗੀਤਕ ਖਿਆਲਾਂ ਨੂੰ ਸਟੇਜ ‘ਤੇ ਉਤਾਰਨਾ, ਨਵੀਂ ਨਵੀਂ ਕਲਪਨਾ ਉਡਾਰੀ ਕਰਨਾ ਉਸਦੀ ਵਿਸ਼ੇਸ਼ਤਾ ਹੈ। ਉਹ ਵੱਡਾ ਸੋਚਦਾ ਹੈ, ਵੱਡਾ ਕਰਦਾ ਹੈ। ਉਸਨੇ ਕਦੇ ਕਿਹਾ ਸੀ ਕਿ ਉਸਦੇ ਮਨ ਵਿਚ ਮਾਈਕਲ ਜੈਕਸਨ ਵਾਂਗ ਬੇਹੱਦ ਚਰਚਿਤ ਗਾਇਕ ਕਲਾਕਾਰ ਬਣਨ ਦਾ ਵਿਚਾਰ ਆਉਂਦਾ ਹੈ। ਇਸ ਸੁਪਨੇ ਨੂੰ ਉਸਨੇ ਸਖ਼ਤ ਮਿਹਨਤ, ਸਮਝ ਅਤੇ ਬੁਲੰਦ ਹੌਸਲੇ ਨਾਲ ਪੂਰਾ ਕੀਤਾ।
ਸਟੇਜ ਪੇਸ਼ਕਾਰੀ ਸਮੇਂ ਉਹ ਉੱਚ-ਊਰਜਾ ਦਾ ਪ੍ਰਗਟਾਵਾ ਕਰਦਾ ਹੋਇਆ ਦਰਸ਼ਕਾਂ ਸਰੋਤਿਆਂ ਨੂੰ ਕਿਸੇ ਹੋਰ ਸੰਸਾਰ ਵਿਚ ਲੈ ਜਾਂਦਾ ਹੈ। ਮੌਜੂਦ ਲੋਕ ਉਸ ਦੁਆਰਾ ਸਿਰਜੇ ਸੰਗੀਤਕ ਵਹਿ ਵਿਚ ਵਹਿ ਜਾਂਦੇ ਹਨ।
ਉਹ ਆਪਣੇ ਸੰਗੀਤ, ਆਪਣੀ ਕਲਾ ਦਾ ਪਹੁੰਚ-ਘੇਰਾ ਵਧਾਉਣ ਲਈ ਅਨੇਕਾਂ ਕੌਮਾਂਤਰੀ ਕਲਾਕਾਰਾਂ ਨਾਲ ਸਾਂਝ-ਭਿਆਲੀ ਪਾਉਂਦਾ ਹੈ। ਪੰਜਾਬੀ ਸੰਗੀਤ ਦੀ ਪ੍ਰਸਿੱਧੀ ਨੂੰ ਸੰਸਾਰ ਵਿਚ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਵਿਚ ਉਸਨੇ ਅਹਿਮ ਭੂਮਿਕਾ ਨਿਭਾਈ ਹੈ।
ਫ਼ਿਲਮਾਂ ਵਿਚ ਭਾਂਤ ਭਾਂਤ ਦੀ ਅਦਾਕਾਰੀ ਸਦਕਾ ਗਹਿਰੀ ਛਾਪ ਛੱਡੀ ਹੈ। ਕਈ ਐਵਾਰਡ ਹਾਸਲ ਕੀਤੇ ਹਨ। ਉਸਨੇ ਸੰਗੀਤ ਤੇ ਫ਼ਿਲਮ ਖੇਤਰ ਵਿਚਾਲੇ ਇਕ ਸਹਿਜ ਤਾਲਮੇਲ ਬਣਾ ਰੱਖਿਆ ਹੈ। ਉਹ ਪਹਿਲਾ ਭਾਰਤੀ ਸਿੱਖ ਕਲਾਕਾਰ ਹੈ ਜਿਹੜਾ ਮੈੱਗ ਕਲਾ ਵਿਚ ਸ਼ਾਮਲ ਹੋਇਆ।