Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਸੁਖਿੰਦਰ ਦਾ ਕਾਵਿ ਸੰਗ੍ਰਹਿ ‘ਵਾਇਰਸ ਪੰਜਾਬ ਦੇ’ ਆਲੋਚਨਾ ਦੀ ਕਸਵੱਟੀ ‘ਤੇ | Punjabi Akhbar | Punjabi Newspaper Online Australia

ਸੁਖਿੰਦਰ ਦਾ ਕਾਵਿ ਸੰਗ੍ਰਹਿ ‘ਵਾਇਰਸ ਪੰਜਾਬ ਦੇ’ ਆਲੋਚਨਾ ਦੀ ਕਸਵੱਟੀ ‘ਤੇ

ਕੈਨੇਡਾ ਪਰਵਾਸ ਕਰ ਚੁੱਕਿਆ ਸੁਖਿੰਦਰ 1972 ਤੋਂ ਸਾਹਿਤਕ ਕਾਰਜਾਂ ਵੱਲ ਰੁਚਿਤ ਹੈ ਅਤੇ ਹੁਣ ਤੱਕ ਉਸ ਦੀਆਂ 45 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਵੱਖ-ਵੱਖ ਸਾਹਿਤਕ ਵਿਧਾਵਾਂ ਦੀ ਰਚਨਾ ਕੀਤੀ ਹੈ। ਕਿਉਂ ਜੋ ਉਹ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ, ਇਸ ਲਈ ਉਸ ਦੀਆਂ ਪਹਿਲੀਆਂ ਦੋ ਪੁਸਤਕਾਂ ਵਿਗਿਆਨ ਦੇ ਵਿਸ਼ਿਆਂ ਨਾਲ ਹੀ ਸੰਬੰਧਿਤ ਸੀ। ਵਿਗਿਆਨਕ ਵਿਸ਼ਿਆਂ ਸੰਬੰਧੀ ਉਸ ਦੀਆਂ ਕੁੱਲ ਤਿੰਨ ਪੁਸਤਕਾਂ ਹਨ। ਬਾਅਦ ਵਿਚ ਉਹ ਕਵਿਤਾ ਦੇ ਖੇਤਰ ਵਿਚ ਜ਼ਿਆਦਾ ਵਿਚਰਿਆ ਅਤੇ ਹੁਣ ਤੱਕ ਉਸ ਦੇ 22 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਚਾਰ ਪੁਸਤਕਾਂ ਆਲੋਚਨਾ ਦੀਆਂ ਹਨ, ਪੰਜ ਵਾਰਤਕ ਦੀਆਂ, ਸੱਤ ਪੁਸਤਕਾਂ ਦਾ ਸੰਪਾਦਨ ਕੀਤਾ ਹੈ, ਦੋ ਨਾਵਲਾਂ ਦੀ ਰਚਨਾ ਤੋਂ ਇਲਾਵਾ ਇਕ ਪੁਸਤਕ ਬੱਚਿਆਂ ਲਈ ਵੀ ਹੈ ਅਤੇ ਇਕ ਅੰਗ੍ਰੇਜ਼ੀ ਕਵਿਤਾਵਾਂ ਦੀ। ਉਹ ਇਕ ਪੰਜਾਬੀ ਮੈਗਜ਼ੀਨ (ਸੰਵਾਦ) ਦਾ ਸੰਪਾਦਕ ਵੀ ਹੈ ਅਤੇ ਫੇਸਬੁੱਕ ਤੇ ਵੀ ਬਹੁਤ ਸਰਗਰਮ ਰਹਿੰਦਾ ਹੈ। ਉਸ ਦੀਆਂ ਅਜੋਕੀਆਂ ਕਵਿਤਾਵਾਂ ਵਿਚ ਵਿਦਰੋਹ ਦੀ ਸੁਰ ਭਾਰੂ ਹੈ। ਗਲਤ ਵਰਤਾਰਾ ਕਿਸੇ ਵੀ ਖੇਤਰ ਅਤੇ ਪੱਧਰ ਤੇ ਹੋਵੇ, ਉਹ ਉਸ ਵਿਰੁਧ ਜ਼ੋਰਦਾਰ ਢੰਗ ਨਾਲ ਅਵਾਜ਼ ਉਠਾਉਂਦਾ ਹੈ ਅਤੇ ਵਿਅੰਗਾਤਮਕ ਸ਼ੈਲੀ ਵਿਚ ਆਪਣੀ ਗੱਲ ਕਰਦਾ ਹੈ। ਕੀ ਵਿਦਰੋਹ ਦੀ ਭਾਵਨਾ ਉਸ ਨੂੰ ਕੁਦਰਤ ਵੱਲੋਂ ਮਿਲੀ ਹੈ ਜਾਂ ਗਲਤ ਵਰਤਾਰਿਆਂ ਵਿਰੁਧ ਚੁੱਪ ਨਾ ਰਹਿ ਸਕਨਾ ਉਸ ਦੇ ਵਿਅਕਤਿਤਵ ਦਾ ਹਿੱਸਾ ਬਣ ਚੁੱਕਿਆ ਹੈ ਜਾਂ ਇਸ ਪਿੱਛੇ ਕੋਈ ਵਿਅਕਤੀਗਤ ਕਾਰਨ ਹੈ, ਇਸ ਦਾ ਜੁਆਬ ਉਹ ਆਪ ਹੀ ਦੇ ਸਕਦਾ ਹੈ। ਕਈ ਵਾਰ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਹੀ ਉਹ ਕੋਈ ਗੱਲ ਗਲਤ ਹੁੰਦੀ ਦੇਖਦਾ ਹੈ ਤਾਂ ਆਪਾ ਖੋ ਬੈਠਦਾ ਹੈ ਅਤੇ ਆਪਣੀ ਕਲਮ ਨੂੰ ਹਥਿਆਰ ਦੀ ਤਰਾਂ ਵਰਤਦਾ ਹੈ। ਇਹ ਇਕ ਜਾਗਰੂਕ ਸਾਹਿਤਕਾਰ ਦੀ ਵਿਲੱਖਣਤਾ ਹੀ ਕਹੀ ਜਾ ਸਕਦੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਸਕਦਾ ਕਿ ਉਸਦੀ ਇਹ ਵਿਦਰੋਹੀ ਸੁਰ ਕਈਆਂ ਨੂੰ ਖਟਕਦੀ ਵੀ ਹੈ, ਪਰ ਉਹ ਆਪਣੀ ਵਿਲੱਖਣ ਸ਼ੈਲੀ ਨੂੰ ਤਿਆਗ ਨਹੀਂ ਸਕਦਾ।

‘ਵਾਇਰਸ’ ਸ਼ਬਦ ਕੰਪਿਊਟਰ ਦੇ ਖੇਤਰ ਨਾਲ ਸੰਬੰਧਿਤ ਹੈ, ਜਿਸ ਦਾ ਭਾਵ ਹੈ ਕਿ ਕੰਪਿਊਟਰ ਵਿਚ ਕੋਈ ਖ਼ਰਾਬੀ ਆ ਜਾਣੀ ਜਾਂ ਨੁਕਸ ਪੈ ਜਾਣਾ। ਵਰਤਮਾਨ ਸਮੇਂ ਵਿਚ ਪੰਜਾਬੀ ਰਹਿਣ-ਸਹਿਣ, ਬੋਲ-ਚਾਲ, ਰਸਮਾਂ-ਰਿਵਾਜਾਂ, ਖਾਣ-ਪੀਣ, ਸਾਹਿਤਕ ਖੇਤਰ, ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ, ਗੱਲ ਕੀ ਸਮੁੱਚੇ ਤੌਰ ਤੇ ਪੰਜਾਬੀ ਸਭਿਆਚਾਰ ਹੀ ਨਿਘਾਰ ਵੱਲ ਜਾ ਰਿਹਾ ਹੈ। ਸੁਖਿੰਦਰ ਦੇ ਵਿਚਾਰ ਅਧੀਨ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ਉਪਰੰਤ ਇਹ ਗੱਲ ਸਪਸ਼ਟ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਉਹ ਇਹਨਾਂ ਨਾਂਹ-ਪੱਖੀ ਬਦਲਾਵਾਂ ਵਿਰੁਧ ਜ਼ੋਰਦਾਰ ਆਵਾਜ਼ ਉਠਾਉਂਦਾ ਹੈ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖ ਪੜ੍ਹ ਕੇ ਹੀ ਇਸਦੀ ਪੁਸ਼ਟੀ ਹੋ ਜਾਂਦੀ ਹੈ। ਮਸਲਨ: ਸਾਹਿਤਕ ਦਲਾਲ, ਧੀਆਂ ਦੇ ਕਾਤਲ, ਪੰਜਾਬੀ ਮਾਨਸਿਕਤਾ, ਸਾਹਿਤਕ ਖਲਨਾਇਕ, ਗੈਂਗਸਟਰ ਗਾਇਕਾਂ ਦੇ ਹਿਮਾਇਤੀ, ਚੋਰਾਂ ਦੇ ਕਿੱਸੇ, ਮੌਜ-ਮੇਲਾ ਸਮਾਰੋਹ, ਬਲਾਤਕਾਰੀ ਕਾਨੂੰਨ ਘਾੜੇ ਅਤੇ ਅਦਾਲਤਾਂ, ਬਾਂਦਰਾਂ ਦੀ ਭੀੜ, ਮੱਠਧਾਰੀ, ਖਲਨਾਇਕ, ਧੜੇਬੰਦਕ ਮੁਖੌਟਿਆਂ ਦੀ ਕੁੱਤਾ-ਝਾਕ, 31 ਕਰੋੜੀ ਲੈਂਪ, ਬਲੈਕ ਲਿਸਟਿਡ ਕਵੀ, ਇਕ ਵਿਸ਼ਵ-ਵਿਦਿਆਲੇ ਦੀ ਮੌਤ, ਪਰੌਂਠਾ ਪਾਲਿਟਿਕਸ, ਮੋਇਆਂ ਹੋਇਆਂ ਦੇ ਜਸ਼ਨ, ਡਾਕਟਰ ਦੀ ਡਿਗਰੀ, ਸਾਜਿਸ਼ੀ ਚੁੱਪ ਹੈ ਹਰ ਪਾਸੇ, ਪੰਜਾਬ ਦੀਆਂ ਰਾਜਨੀਤਕ ਭੇਡਾਂ ਦੀ ਬਹਿਸ ਆਦਿ। ਇਹਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੁਖਿੰਦਰ ਦੀ ਗਹਿਰੀ ਅੱਖ ਹਰ ਖੇਤਰ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਨਿਹਾਰਦੀ ਹੀ ਨਹੀਂ ਸਗੋਂ ਉਸ ਵਿਰੁਧ ਆਵਜ਼ ਉਠਾਉਣ ਦੀ ਹਿੰਮਤ ਵੀ ਰੱਖਦੀ ਹੈ। ਸੁਹਿਰਦ ਸਾਹਿਤਕਾਰ ਇਸ ਉਲਝ ਚੁੱਕੇ ਤਾਣੇ ਦੀ ਹਰ ਤੰਦ ਨੂੰ ਹੀ ਆਪਣੇ ਤੇਜ ਵਿਅੰਗ ਦੀ ਮਾਰ ਹੇਠ ਲੈ ਆਉਂਦਾ ਹੈ। ਅਜਿਹਾ ਕਰਦੇ ਹੋਏ ਉਹ ਇਸਦੇ ਪਿਛੋਕੜ ਦੀ ਪੈੜ ਨੱਪਦਾ ਹੋਇਆ ਦੋ ਸੌ ਸਾਲ ਪਿੱਛੇ ਪਹੁੰਚ ਜਾਂਦਾ ਹੈ ਅਤੇ ‘ਕੁਝ ਸ਼ਬਦ ਮੇਰੇ ਵੱਲੋਂ ਵੀ’ ਵਿਚ ਲਿਖਦਾ ਹੈ, “ਪਿਛਲੇ ਤਕਰੀਬਨ 200 ਸਾਲ ਤੋਂ ਪੰਜਾਬ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ, ਭਾਂਤ-ਭਾਂਤ ਦੇ ਵਾਇਰਸ ਚਿੰਬੜੇ ਹੋਏ ਹਨ। ਇਹ ਵਾਇਰਸ ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਧਾਰਮਿਕ, ਵਿਦਿਅਕ ਅਤੇ ਨੈਤਿਕ ਖੇਤਰਾਂ ਨਾਲ ਸਬੰਧਿਤ ਹਨ।” ਇਸਦੇ ਨਾਲ ਹੀ ਉਸ ਨੇ ਇਹ ਵੀ ਲਿਖਿਆ ਹੈ ਕਿ ਇਹ ਵਾਇਰਸ ਪੰਜਾਬ ਨੂੰ ਬਾਰ-ਬਾਰ ਟੁਕੜਿਆਂ ਵਿਚ ਹੀ ਨਹੀਂ ਵੰਡ ਰਹੇ ਬਲਕਿ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੇ ਨਿਰਮਲ ਪਾਣੀਆਂ ਨੂੰ ਗੰਧਲਾ ਵੀ ਕਰ ਰਹੇ ਹਨ। ਇਸ ਪਰਥਾਏ ਪ੍ਰਸਤੁਤ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਵਾਇਰਸ ਪੰਜਾਬ ਦੇ’ ਵਿਚ ਉਹ ਲਿਖਦਾ ਹੈ: “ਪਹਿਲੀ ਵਾਰ ਦੇਸ ਪੰਜਾਬ ਨੂੰ/ਵਾਇਰਸ ਪੰਜਾਬ ਨੇ ਆਪਣੀ/ਜਕੜ ‘ਚ ਉਦੋਂ ਲਿਆ ਜਦੋਂ/ ਹਿੰਦੁਸਤਾਨ ‘ਚ ਰਾਜ ਕਰ ਰਹੀ /ਅੰਗਰੇਜ ਹਕੂਮਤ ਨੇ ਸਾਜਿਸ਼ੀ ਢੰਗ ਨਾਲ/ਦੇਸ ਪੰਜਾਬ ‘ਚ ਖ਼ਾਨਾਜੰਗੀ ਸ਼ੁਰੂ ਕਰਾ/ਦੇਸ ਦੀ ਮਾਨਸਿਕਤਾ ਨੂੰ,/ਖੇਰੂੰ ਖੇਰੂੰ ਕਰਨ ਦੇ ਇਰਾਦਿਆਂ ਨਾਲ/ਇਸ ਨੂੰ ਜਫ਼ਾ ਮਾਰ ਲਿਆ।”

ਇਸ ਤੋਂ ਬਾਅਦ ਕਵੀ ਨੇ ਦੇਸ ਦੀ ਅਜ਼ਾਦੀ ਸਮੇਂ ਪੰਜਾਬ ਦੀ ਵੰਡ, 1961 ਵਿਚ ਦੂਜੀ ਵਾਰ ਹੋਈ ਵੰਡ ਅਤੇ ਉਸ ਤੋਂ ਬਾਅਦ ਰਾਜਨੀਤਿਕ ਭ੍ਰਿਸ਼ਟਾਚਾਰ, ਨਸ਼ਿਆਂ ਦਾ ਵੱਧਦਾ ਮੱਕੜ ਜਾਲ, ਗੈਂਗਸਟਰ ਪਸਾਰ, ਪੁਲਿਸ ਦੀ ਦਹਿਸ਼ਤ ਅਤੇ ਵਰਤਮਾਨ ਸਮੇਂ ਦੇ ਹੋਰ ਭੈੜੇ ਵਰਤਾਰੇ ‘ਹੱਸਦੇ-ਵੱਸਦੇ ਹਿੱਸੇ ਨੂੰ ਕਬਰਸਤਾਨ’ ਬਣਾਉਣ ਲਈ ਕਾਹਲੇ ਹਨ ਆਦਿ ਵਾਇਰਸਾਂ ਦੀ ਗੱਲ ਕੀਤੀ ਹੈ। ਸੁਖਿੰਦਰ ਨੇ ਇਸ ਕਵਿਤਾ ਵਿਚ ਪੰਜਾਬ ਦੇ ਦੁਖਾਂਤ ਨੂੰ ਬਾ-ਖ਼ੂਬੀ ਪੇਸ਼ ਕਰ ਦਿੱਤਾ ਹੈ।

ਇਸੇ ਤਰਾਂ ‘ਤੁਹਾਨੂੰ ਕੁਮੈਂਟ ਨਹੀਂ ਕਰਨਾ ਚਾਹੀਦਾ’ ਕਵਿਤਾ ਵਿਚ ਵੀ ਕਵੀ ਨੇ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਵੱਲ ਪ੍ਰੇਰਿਤ ਹੋਣ, ਗੈਂਗਸਟਰ ਗਾਇਕਾਂ ਵੱਲ ਵੱਧਦਾ ਰੁਝਾਨ, ਫਿਰਕਾਪ੍ਰਸਤੀ ਅਤੇ ਅੱਤਵਾਦੀ ਸਰਗਰਮੀਆਂ ਵਿਚ ਰੁਚੀ ਲੈਣਾ ਆਦਿ ਤੇ ਵੀ ਵਿਅੰਗ ਕੀਤਾ ਹੈ।
ਸੁਖਿੰਦਰ ਪੰਜਾਬੀ ਸਾਹਿਤ ਵਿਚ ਪਰਫੁੱਲਤ ਹੋ ਰਹੇ ਮਾਫ਼ੀਆ ਸਭਿਆਚਾਰ ਨੂੰ ਵੀ ਕਰੜੇ ਹੱਥੀਂ ਲੈਂਦਾ ਹੈ। ਪ੍ਰਸਤੁਤ ਕਾਵਿ ਸੰਗ੍ਰਹਿ ਵਿਚ ਇਸ ਵਿਸ਼ੇ ਨੂੰ ਪ੍ਰਗਟਾਉਂਦੀਆਂ ਕਈ ਕਵਿਤਾਵਾਂ ਹਨ। ‘ਸਾਹਿਤਕ ਦਲਾਲ’ ਵਿਚ ਉਹ ਇਨਾਮਾਂ-ਸਨਮਾਨਾਂ ਲਈ ਹੋ ਰਹੀ ਦੌੜ-ਭੱਜ ਨੂੰ ਨਸ਼ਰ ਕਰਦਾ ਹੋਇਆ ਕਿਤੇ-ਕਿਤੇ ਲੋੜ ਨਾਲੋਂ ਵਧ ਤਿੱਖੀ ਭਾਸ਼ਾ ਦੀ ਵਰਤੋਂ ਕਰ ਜਾਂਦਾ ਹੈ। ਇਹ ਠੀਕ ਹੈ ਕਿ ਇਸ ਪੱਖ ਤੋਂ ਹਾਲਾਤ ਜਿਆਦਾ ਹੀ ਖ਼ਰਾਬ ਹਨ, ਪਰ ਫੇਰ ਵੀ ਸਾਹਿਤਕਾਰ ਨੂੰ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ‘ਸਾਹਿਤਕ ਖਲਨਾਇਕ’ ਵਿਚ ਵੀ ਉਹ ਪੰਜਾਬੀ ਸਾਹਿਤ ਵਿਚ ਫੈਲੇ ‘ਮੱਠਵਾਦ’ ਦਾ ਭਾਂਡਾ ਭੰਨਦਾ ਹੈ।(” ਸਾਹਿਤਕ ਸਰਗਰਮੀਆਂ ਨੂੰ ਵੀ ਅਸੀਂ ਹੀ/ ਗਿਰਗਿਟ ਦੇ ਰੰਗਾਂ ‘ਚ ਰੰਗਦੇ ਹਾਂ।”)
ਸੁਖਿੰਦਰ ਨੇ ਦੇਸ਼ ਵਿਚ ਫੈਲੇ ਇਕ ਹੋਰ ਭੈੜੇ ਚਲਨ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਰਾਜਸੀ ਨੇਤਾ ਧਰਮ ਨੂੰ ਆਪਣੇ ਫਾਇਦੇ ਲਈ ਵਰਤਣ ਤੋਂ ਦਰੇਗ ਨਹੀਂ ਕਰਦੇ, ਭਾਵੇਂ ਇਸ ਨਾਲ ਦੇਸ ਦਾ ਮਾਹੌਲ ਖ਼ਰਾਬ ਹੀ ਕਿਉਂ ਨਾ ਹੋ ਜਾਵੇ। ਇਸ ਸੰਬੰਧੀ ਵੀ ਉਹ ਤਿੱਖੀ ਸੁਰ ਵਿਚ ਗੱਲ ਕਰਦਾ ਹੈ। ‘ਧਰਮੀ ਬੇਅਦਬੀਆਂ ਦੀ ਰੁੱਤ’ ਵਿਚ ਉਸਦਾ ਵਿਅੰਗ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ:

ਧਰਤੀ ਉੱਤੇ ਇਕ/ਅਜਿਹਾ ਦੇਸ ਵੀ ਵੱਸਦਾ ਹੈ/ਜਿੱਥੇ ਚੋਣਾ ਦੀ ਰੁੱਤ ਆਉਣ ਨਾਲ ਹੀ/ ਧਰਮੀ ਬੇਅਦਬੀਆਂ ਦੀ ਰੁੱਤ ਦਾ ਵੀ /ਆਗਮਨ ਹੋ ਜਾਂਦਾ ਹੈ।”

ਇਸ ਕਾਵਿ ਸੰਗ੍ਰਹਿ ਦੇ ਇਕ ਹੋਰ ਪਹਿਲੂ ਵੱਲ ਮੈਂ ਵਿਦਵਾਨ ਸਾਹਿਤਕਾਰ ਦਾ ਧਿਆਨ ਦ੍ਰਿਸ਼ਟੀਗਤ ਕਰਨਾ ਚਾਹੁੰਦਾ ਹਾਂ ਕਿ ਉਸ ਨੇ ਆਪਣੀਆਂ ਕਵਿਤਾਵਾਂ ਵਿਚ ਵਿਸ਼ਰਾਮ ਚਿੰਨ੍ਹ ਕਾਮੇ( ,) ਦੀ ਬੇਲੋੜੀ ਵਰਤੋਂ ਕੀਤੀ ਹੈ।
ਉਦਾਹਰਣ ਦੇ ਤੌਰ ਤੇ:

ਕੁਝ, ਸਕੂਲ, ਹਸਪਤਾਲ, ਸ਼ੌਪਿੰਗ ਪਲਾਜ਼ੇ(ਪੰਨਾ 51)
ਆਪਣਾ, ਜਲਵਾ ( ਪੰਨਾ 51)
ਉਦੋਂ, ਧਰਮ-ਸਥਾਨਾਂ ਦੀ, ਮਾਣ-ਮਰਿਆਦਾ ਨਹੀਂ ਟੁੱਟਦੀ (ਪੰਨਾ 52)
ਹਕੂਮਤ, ਨੇ ਆਪਣੀ/ ਸ਼ਕਤੀ ਦੇ, ਰੀਮੋਟ ਕੰਟਰੋਲ ਦਾ (ਪੰਨਾ 56)

ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਮੋਹਨ ਸਿੰਘ ਤਿਆਗੀ ਨੇ ਬਹੁਤ ਮਿਹਨਤ ਨਾਲ ਲਿਖੀ ਹੈ, ਜਿਸ ਤੋਂ ਉਹਨਾਂ ਦੀ ਆਲੋਚਨਾਤਮਕ ਸੋਝੀ ਦਾ ਪਤਾ ਚਲਦਾ ਹੈ। ਉਹਨਾਂ ਨੇ ਸੁਖਿੰਦਰ ਦੀ ਕਾਵਿ ਕਲਾ ਸੰਬੰਧੀ ਵਿਸਤਾਰ ਵਿਚ ਚਰਚਾ ਕਰਦੇ ਹੋਏ ਸਾਰਥਕ ਸਿੱਟੇ ਵੀ ਕੱਢੇ ਹਨ। ਇਹ ਭੂਮਿਕਾ ਪੜ੍ਹ ਕੇ ਸੁਖਿੰਦਰ ਦੇ ਕਾਵਿ ਸੰਸਾਰ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਅਜਿਹੀ ਭਾਵਪੂਰਤ ਭੂਮਿਕਾ ਲਿਖਣ ਲਈ ਡਾ. ਤਿਆਗੀ ਵਧਾਈ ਦੇ ਹੱਕਦਾਰ ਹਨ।

ਸਮੁੱਚੇ ਰੂਪ ਵਿਚ ‘ਵਾਇਰਸ ਪੰਜਾਬ ਦੇ’ ਕਾਵਿ ਸੰਗ੍ਰਹਿ ਸੰਬੰਧੀ ਕਿਹਾ ਜਾ ਸਕਦਾ ਹੈ ਕਿ ਕਵੀ ਦੇ ਤਿੱਖੇ ਵਿਦਰੋਹੀ ਸੁਰਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਇਹਨਾਂ ਤੋਂ ਸਬੰਧਿਤ ਵਰਤਾਰਿਆਂ ਸੰਬੰਧੀ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਅਤੇ ਸਾਰੇ ਪੰਜਾਬ ਹਿਤੈਸ਼ੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਇਹਨਾਂ ਦਾ ਯੋਗ ਹਲ ਕਿਵੇਂ ਲੱਭਿਆ ਜਾਵੇ।

ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਦੀ ਛਪਾਈ ਅਤੇ ਸਵਰਕ ਵੀ ਪ੍ਰਭਾਵਿਤ ਕਰਦੇ ਹਨ। 192 ਪੰਨਿਆਂ ਦੀ ਇਸ ਪੁਸਤਕ ਵਿਚ 81 ਕਵਿਤਾਵਾਂ ਹਨ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ