ਸਾਰਿਆਂ ਨੂੰ ਗੁਰੂ ਦੀ ਫਤਹਿ ਭਾਈ। ਅਸੀਂ, ਇੱਥੇ ਸੁੱਕ-ਮਾਂਜੇ ਜਿਹੇ ਹਾਂ, ਵਾਹਿਗੁਰੂ ਤੁਹਾਨੂੰ ਵੀ ਪੰਚਾਇਤੀ ਚੋਣਾਂ ਵਰਗੀਆਂ ਰੌਣਕਾਂ ਵਿਖਾਵੇ। ਅੱਗੇ ਸਮਾਚਾਰ ਇਹ ਹੈ ਕਿ ਸੱਤੇ ਕੇ ਮੋੜ ਉੱਤੇ ਬੈਠ ਭਾਈਬੰਦਾਂ ਕੋਲ ਦੀ ਟੇਕ ਸਿੰਹੁ ਟਰੱਕਾਂ ਵਾਲਾ ਲੰਘਿਆ ਤਾਂ ਸਿਮਰੇ ਨੇ ਸੱਦ ਲਾਈ, “ਆਜਾ ਬਾਈ, ਸਾਨੂੰ ਵੀ ਸੁਣਾ ਜਾ ਕੋਈ ਟਰੱਕ-ਨਾਮਾ, ਬਿੰਦ-ਝੱਟ।” “ਵਾਧੂ, ਜਿੰਨੇ ਮਰਜੀ ਸੁਣ ਲੋ, ਰੋਜ ਟਾਇਰ ਚੱਲਦੇ ਹਨ ਤਾਂ, ਰੰਗ-ਬਰੰਗੀਆਂ ਬਾਤਾਂ ਬਣੀਂ ਹੀ ਜਾਂਦੀਆਂ ਹਨ, ਭਾਂਵੇਂ ਕੋਈ ਬਲਦੇਵ ਸਿੰਹੁ ਮੋਗੇ ਆਲੇ ਮਾਂਗੂੰ ਕਿਤਾਬਾਂ ਲਿਖ ਲੇ”, ਸੂਤ ਹੋ ਕੇ ਬੈਠਦੇ ਟੇਕ ਸਿੰਹੁ ਨੇ ਜਵਾਬ ਦਿੱਤਾ। “ਕਿੱਥੋਂ ਕੁ ਤਾਈਂ ਉਡਾਰੀਆਂ ਭਰਦੇ ਹੁੰਨੇਂ ਓਂ ਭਾਈ?” ਜੈਲੇ-ਜਮੂਰੇ ਨੇ ਟੋਹ ਲਾਈ।” ਮੇਰਾ ਤਾਂ ਅੰਮ੍ਰਿਤਸਰ ਤੋਂ ਵਾਇਆ ਰਾਜਸਥਾਨ ਅਤੇ ਵਾਪਸੀ ਦਿੱਲੀ, ਬੰਬੇ ਆਲਾ ਰੂਟ ਪੱਕਾ ਈ ਐ, ਊਂ ਆਪਣੀਆਂ ਗੱਡੀਆਂ, ਕਲਕੱਤੇ ਕੰਨੀਂ, ਆਸਾਮ ਨੂੰ ਵੀ ਜਾਂਦੀਐਂ।” ਟੇਕ ਸਿੰਹੁ ਨੇ ਸਮਝਾਇਆ। “ਨਾਲੇ ਆਂਹਦੇ ਹੁਣ ਕੁਸ ਨੀ ਬਚਦਾ ਏਸ ਧੰਦੇ ਚ?" ਹਰਦੇਵ ਸਿੰਹੁ ਸਕੀਮੀ ਨੇ ਵਪਾਰੀ ਗੱਲ ਕੀਤੀ।
“ਖਰਚੇ ਤਾਂ ਬਹੁਤ ਵਧੇ ਐ ਪਰ ਐਨਾਂ ਮਾੜਾ ਵੀ ਨੀਂ, ਹੁਣ ਕਈ ਸੌਖਾਂ ਵੀ ਹੋ ਗੀਆਂ। ਵੱਡੀਆਂ ਸੜਕਾਂ ਬਣਗੀਆਂ, ਗੱਡੀਆਂ ਚੰਗੀਆਂ, ਹੋਟਲ ਬਣਗੇ, ਨਕਦੀ ਨੀਂ ਚੱਕਣੀਂ ਪੈਂਦੀ, ਫੂਨ ਨੇ ਗੱਲ ਬਣਾਤੀ। ਬਾਕੀ ਕੰਮ ਤਾਂ ਚੌਂਪ ਦਾ ਹੁੰਦਾ ਕੋਈ ਕਰ ਲੋ। ਸਾਨੂੰ ਭੁੱਸ ਪੈ ਗਿਐ, ਰੱਬ ਦੀ ਕਿਰਪਾ ਐ, ਕਈ ਆਪਣੇ ਪਿੰਡਾਂ ਦਿਆਂ ਨੂੰ ਰੋਜ਼ਗਾਰ ਮਿਲਿਆ। ਕਈ ਛੜਿਆਂ ਨੂੰ ਬੰਗਾਲ, ਹੁਬਲੀ ਤੋਂ ਵਿਆਹ ਕੇ ਜਿਉਂਦਿਆਂ
ਚ ਕਰ ਦਿੱਤੈ। ਕਿਉਂ ਬਈ ਗੇਜਿਆ?” ਜਦੋਂ ਬਾਈ ਟੇਕ ਸਿੰਹੁ ਨੇ ਗੇਜੇ ਕੰਨੀਂ ਹੱਥ ਕਰਕੇ ਆਖਿਆ ਤਾਂ ਹਾਸੜ ਪੈ ਗੀ। “ਫੇਰ ਹੁਣ ਆਹ ਕਰੇਲੇ ਨੂੰ ਲੈ ਜਾ ਐਤਕੀਂ, ਕਰਦੇ ਇਹਦਾ ਬੇੜਾ ਪਾਰ ਬਾਈ।” ਮੋਟੇ ਮੱਲ ਸਿੰਹੁ ਮੰਬਰ ਨੇ ਸਿਫਾਰਸ਼ ਪਾਈ। “ਚੱਲ ਵੜੇ ਬਾਈ ਕੱਲ੍ਹ ਨੂੰ ਈ ਮੇਰੇ ਨਾਲ, ਛੀ ਮਹੀਨੇ ਖਲਾਸੀ, ਫੇਰ ਡਰਾਈਵਰੀ ਸਿਖਾ ਦੂੰ, ਫੇਰ ਘਰ ਵੀ ਵੱਸ ਜੂ, ਕਿਉਂ ਮੁੰਡਿਆ, ਆਪਣਾ ਦਫਤਰ ਤਾਂ ਭਾਈਚਾਰੇ ਲਈ ਖੁੱਲ੍ਹਾ, ਕੋਈ ਆ ਜੋ, ਯੂ.ਪੀ., ਸੀ.ਪੀ., ਆਗਰਾ, ਹਜ਼ੂਰ ਸਾਹਿਬ, ਸਾਰੇ ਘੁਮਾਵਾਂਗੇ, ਆਪਣੇ ਕਨੇਡਾ ਦਾ ਵੀਜ਼ਾ ਤਿਆਰ ਐ।” ਆਖਦਾ ਬਾਈ, ਪਿੱਛਾ ਝਾੜ ਕੇ ਟਰੱਕ ਵਾਂਗੂੰ ਗਾਂਹ ਗਿਆ।
ਹੋਰ, ਨਵੀਂ ਰੁੱਤ ਦੇ ਸੇਬ ਆ ਗਏ ਹਨ। ਸੜਕਾਂ ਉੱਤੇ ਗੱਡੀਆਂ ਦੇ ਪਰਖੱਚੇ ਉੱਡ ਰਹੇ ਹਨ। ਖਾਲੀ ਘਰਾਂ ਦੀਆਂ ਚਿੱਫੜਾਂ ਲਹਿ ਰਹੀਆਂ ਹਨ। ਪਾੜੂਆਂ ਦਾ ਭੁਸ ਕਿਤਾਬਾਂ ਵੱਲ ਵੱਧ ਰਿਹੈ। ਬਾਬੇ ਫ਼ਰੀਦ ਦਾ ਮੇਲਾ ਜੋਬਨ ਤੇ ਹੈ। ਲੋਹਟਬੱਧੀ, ਲੰਮੇ ਜਟਪੁਰੇ ਤੇ ਲਹਿਲਾਂ ਵਾਲੇ ਕੈਮ ਹਨ। ਲੁੱਟਾਂ-ਖੋਹਾਂ ਦੇ ਵਿੱਚ ਪੁੰਨ-ਦਾਨ ਦੀਆਂ ਖ਼ਬਰਾਂ ਵੀ ਹਨ। ਗੋਇੰਦਵਾਲ ਸਾਹਿਬ ਸ਼ਤਾਬਦੀ ਮਨਾ ਰਹੇ ਹਾਂ। ਬਿਨਾਂ-ਤਾਰ-ਨੈਟ ਰਾਹੀਂ ਉੱਡ ਰਹੇ ਹਾਂ। ਸੱਚ, ਕੋਈ-ਕੋਈ ਸਰਕਾਰੀ ਨੌਕਰੀ ਵੀ ਮਿਲ ਰਹੀ ਹੈ। ਤੁਸੀਂ ਸਾਰੇ ਸੁਰ-ਥਵਾਕ ਰੱਖਿਓ, ਏਕੇ
ਚ ਹੀ ਭਲਾ ਹੈ। ਚੰਗਾ, ਮਿਲਦੇ ਰਹਾਂਗੇ। ਜ਼ਿੰਦਗੀ-ਜਿੰਦਾਬਾਦ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061