
ਡਾ. ਨਿਸ਼ਾਨ ਸਿੰਘ ਰਾਠੌਰ
ਸਾਢੇ ਕੁ ਛੇਆਂ ਵਰ੍ਹਿਆਂ ਦਾ ਮੇਰਾ ਬੇਟਾ ਪਵਨੂਰ ਪੜ੍ਹਨ ਤੋਂ ਕੰਨੀ ਕਤਰਾਉਂਦਾ ਹੈ। ਉਸਦੀ ਮਾਂ ਸਮਝਾਉਂਦੀ ਹੈ ਤਾਂ ਅਗਿਓਂ ਟਾਲ- ਮਟੋਲ ਕਰ ਛੱਡਦਾ ਹੈ। ਫੇਰ ਜਦੋਂ ਪੇਪਰ ਆਉਂਦੇ ਹਨ ਤਾਂ ਸਾਰੇ ਗੁਰੂ- ਪੀਰ ਧਿਆਉਣ ਲੱਗਦਾ ਹੈ।
ਇਸ ਵਾਰ ਪੇਪਰ ਵਾਲੇ ਦਿਨ ਆਪਣੀ ਮਾਂ ਨੂੰ ਕਹਿੰਦਾ; “ਮੰਮਾ, ਮੈਨੂੰ ਦਹੀਂ ‘ਚ ਖੰਡ ਪਾ ਕੇ ਖੁਆਓ ਤਾਂ ਕਿ ਮੇਰਾ ਪੇਪਰ ਵਧੀਆ ਹੋ ਸਕੇ।”
“ਪੁੱਤ, ਦਹੀਂ- ਖੰਡ ਨਾਲ ਪੇਪਰ ਵਧੀਆ ਨਹੀਂ ਹੁੰਦੇ ਬਲਕਿ ਮਿਹਨਤ ਨਾਲ ਹੁੰਦੇ ਹਨ।” ਉਸਦੀ ਮਾਂ ਨੇ ਪਵਨੂਰ ਨੂੰ ਸਮਝਾਉਂਦਿਆਂ ਕਿਹਾ।
ਸ਼ਾਮ ਨੂੰ ਮੈਂ ਪਵਨੂਰ ਨੂੰ ਪੁੱਛਿਆ; “ਪੁੱਤ, ਤੈਨੂੰ ਇਹ ਗੱਲ ਕਿੰਨੇ ਦੱਸੀ ਹੈ ਕਿ ਦਹੀਂ- ਖੰਡ ਖਾਣ ਨਾਲ ਪੇਪਰ ਵਧੀਆ ਹੁੰਦੇ ਹਨ?”
ਅਖੇ, “ਯੂ- ਟਿਯੂਬ ਤੇ ਦੇਖਿਆ ਸੀ।”
ਮੈਂ ਬਾਲ ਮਨ ਤੇ ਪਏ ਇਸ ਪ੍ਰਭਾਵ ਨੂੰ ਸਮਝ ਗਿਆ। ਫੇਰ ਪਵਨੂਰ ਨੂੰ ਸਮਝਾਇਆ ਅਤੇ ਗੱਲ ਉਸਦੇ ਪੱਲੇ ਪੈ ਗਈ।
ਹੁਣ ਮੇਰੇ ਦਿਮਾਗ ‘ਚ ਇਹ ਗੱਲ ਵਾਰ- ਵਾਰ ਘੁੰਮ ਰਹੀ ਹੈ ਕਿ ਅਜੋਕੇ ਸਮੇਂ ਸ਼ੋਸਲ- ਮੀਡੀਆ ਬੱਚਿਆਂ ਦੇ ਮਨਾਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਿਹਾ ਹੈ?
ਮੈਨੂੰ 35 ਕੁ ਸਾਲ ਪਹਿਲਾਂ ਆਪਣੇ ਦਾਦਾ ਜੀ ਦੀ ਇੱਕ ਗੱਲ ਚੇਤੇ ਆ ਗਈ। ਮੈਂ ਉਦੋਂ 10 ਕੁ ਵਰ੍ਹਿਆਂ ਦਾ ਸੀ। ਸਾਡੇ ਗੁਆਂਡੀ ਨਵੀਂ ਮੱਝ ਲਿਆਏ। ਆਥਣੇ ਧਾਰ ਕੱਢਣ ਲੱਗੇ ਤਾਂ ਮੱਝ ਨੇੜੇ ਨਾ ਲੱਗਣ ਦੇਵੇ। ਸਾਰਾ ਪਰਿਵਾਰ ਪਰੇਸ਼ਾਨ। ਅਖੇ, ਮੱਝ ਵੀ ਮਹਿੰਗੀ ਲੈ ਲਈ ਤੇ ਧਾਰ ਵੀ ਨਹੀਂ ਕੱਢਣ ਦਿੰਦੀ। ਖ਼ੈਰ,
ਮੇਰੇ ਬਾਪੂ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਅਕਸਰ ਪਾਠ ਕਰਦੇ ਸਨ। ਉਹ ਆਟੇ ਦਾ ਪੇੜਾ ਬਣਾ ਕੇ ਬਾਪੂ ਜੀ ਕੋਲ ਆ ਗਏ। ਕਹਿੰਦੇ, “ਬਾਪੂ ਜੀ, ਮੱਝ ਨਹੀਂ ਮਿਲਦੀ, ਪੇੜਾ ਬਣਾ ਦਿਓ।”
ਬਾਪੂ ਜੀ ਨੇ ਆਟੇ ਦਾ ਪੇੜਾ ਹੱਥ ‘ਚ ਲੈ ਕੇ ਕੋਈ ‘ਮੰਤਰ’ ਪੜ੍ਹਿਆ ਤੇ ਉਨ੍ਹਾਂ ਨੂੰ ਫੜਾ ਕੇ ਕਹਿੰਦੇ; “ਭਾਈ, ਪਹਿਲਾਂ ਮੱਝ ਨੂੰ ਬਰਸੀਨ ਪਾਉਣਾ ਤੇ ਪਾਣੀ ਪਿਆਉਣਾ ਫੇਰ ਸ਼ਾਮੀਂ ਧਾਰ ਕੱਢਣਾ।” ਉਹੀ ਹੋਇਆ। ਮੱਝ ਮਿਲ ਪਈ।
ਉਹ ਬਾਲਟੀ ਭਰ ਕੇ ਦੁੱਧ ਸਾਡੇ ਘਰ ਦੇ ਗਏ। ਮੈਂ ਬਾਪੂ ਜੀ ਨੂੰ ਪੁੱਛਿਆ ਕਿ ਤੁਸੀਂ ਕਿਹੜਾ ਮੰਤਰ ਪੜ੍ਹਿਆ ਸੀ ਕਿ ਮੱਝ ਨੇ ਦੁੱਧ ਦੇ ਦਿੱਤਾ। ਉਹ ਹੱਸ ਕੇ ਕਹਿਣ ਲੱਗੇ ਕਿ ਮੈਂ ਤਾਂ ਕੋਈ ਮੰਤਰ ਨਹੀਂ ਪੜ੍ਹਿਆ। ਇਹ ਝੱਲੇ ਭੁੱਖੀ ਮੱਝ ਤੋਂ ਦੁੱਧ ਦੀ ਆਸ ਕਰ ਰਹੇ ਸਨ। ਦੂਜੀ ਗੱਲ, ਮੱਝ ਨਵੇਂ ਥਾਂ ‘ਤੇ ਓਪਰਾ ਕਰ ਰਹੀ ਸੀ। ਆਥਣੇ ਮੱਝ ਨੂੰ ਪਾਣੀ, ਬਰਸੀਨ ਤੇ ਸਮਾਂ ਮਿਲ ਗਿਆ। ਇਸ ਲਈ ਉਹ ਮਿਲ ਪਈ।
ਮੈਨੂੰ ਗੱਲ ਸਮਝ ਆ ਗਈ। ਮੈਂ ਕਿਹਾ, "ਮੈਂ ਕਦੇ ਵਹਿਮਾਂ 'ਚ ਨਹੀਂ ਪਵਾਂਗਾ।" ਉਹਨਾਂ ਮੈਨੂੰ ਆਪਣੇ ਕਲਾਵੇ 'ਚ ਲੈ ਕੇ ਕਿਹਾ, "ਇਹਨਾਂ ਵਹਿਮਾਂ ਦੇ ਸ਼ੁਰੂ ਹੋਣ ਦੀ ਵੀ ਇਕ ਕਹਾਣੀ ਸੁਣ ਲੈ, ਤੇਰੇ ਕੰਮ ਆਵੇਗੀ।"
ਮੈਂ ਕਿਹਾ, "ਸੁਣਾਓ।"
ਕਹਿਦੇ, ਕਿਸੇ ਘਰ ‘ਚ ਇਕ ਬਜ਼ੁਰਗ ਦੇ ਰੋਟੀ ਖਾਣ ਤੋਂ ਬਾਅਦ ਰੋਟੀ ਦੰਦਾਂ ‘ਚ ਫਸ ਜਾਇਆ ਕਰੇ। ਉਹ ਰੋਟੀ ਖਾਣ ਮਗ਼ਰੋਂ ਮਾਚਿਸ ਦੇ ਤੀਲੇ (ਡੱਕੇ) ਦੀ ਮੰਗ ਕਰਿਆ ਕਰੇ। ਪੰਜ- ਸੱਤ ਦਿਨ ਤਾਂ ਨੂੰਹ ਬਾਪੂ ਜੀ ਨੂੰ ਮਾਚਿਸ ਦੀ (ਤੀਲੀ) ਦਿੰਦੀ ਰਹੀ ਫੇਰ ਰੋਟੀ ਦੇ ਨਾਲ ਥਾਲੀ ‘ਚ ਹੀ ਰੱਖਣ ਲੱਗ ਪਈ।
ਕੁਝ ਕੁ ਵਕਤ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਹੁਣ ਨੂੰਹ ਨੇ ਡੱਕਾ ਆਪਣੇ ਪਤੀ ਦੀ ਥਾਲੀ ‘ਚ ਰੱਖ ਦਿੱਤਾ। ਪਤੀ ਨੇ ਪੁੱਛਿਆ ਤਾਂ ਕਹਿੰਦੀ, “ਇੰਨੇ ਸਾਲਾਂ ਤੋਂ ਥਾਲੀ ‘ਚ ਡੱਕਾ ਰੱਖਣ ਦੀ ਆਦਤ ਪੈ ਗਈ ਹੈ। ਨਾਲੇ ਪਿਆ ਰਹਿਣ ਦਿਓ। ਇਸ ਨਾਲ ਬਾਪੂ ਜੀ ਦਾ ਯਾਦ ਆਉਂਦੀ ਰਹੂਗੀ।”
ਉਹ ਚੁਪ ਕਰ ਗਿਆ। ਡੱਕਾ ਹੁਣ ਪਤੀ ਦੀ ਥਾਲੀ ‘ਚ ਰੱਖਿਆ ਜਾਣ ਲੱਗਾ।
ਫੇਰ ਉਹਨਾਂ ਦਾ ਮੁੰਡਾ ਵਿਆਹਿਆ ਗਿਆ। ਨਵੀਂ ਆਈ ਨੂੰਹ ਪੜ੍ਹੀ- ਲਿਖੀ ਸੀ। ਉਸਨੂੰ ਵੀ ਦੱਸਿਆ ਗਿਆ ਕਿ ਥਾਲੀ ‘ਚ ਡੱਕਾ ਰੱਖਣ ਦਾ ਆਪਣੇ ਘਰ ‘ਚ ਰਿਵਾਜ਼ ਹੈ।
ਉਹ ਵੀ ਉਂਝ ਹੀ ਕਰਨ ਲੱਗੀ। ਹੁਣ ਨਵੀਂ ਵਿਆਹੀ ਨੂੰਹ ਦੇ ਮਨ ‘ਚ ਵਿਚਾਰ ਆਇਆ ਕਿ ਕਿਉਂ ਨਾ ਆਪਾਂ ਬਾਪੂ ਜੀ ਦੀ ਯਾਦ ‘ਚ ਇਕ ਵੱਡਾ ਸਾਰਾ ਕਿੱਲਾ (ਤੀਲਾ ਰੂਪ) ਵਿਹੜੇ ‘ਚ ਗੱਡ ਦੇਈਏ। ਇਸ ਨਾਲ ਬਾਪੂ ਜੀ ਦੀ ਯਾਦ ਵੀ ਆਉਂਦੀ ਰਹੇਗੀ ਤੇ ਮਾਚਿਸ ਦੇ ਡੱਕਿਆਂ ਦੀ ਵੀ ਬਚਤ ਹੋ ਜਾਵੇਗੀ। ਖ਼ੈਰ, ਪਰਿਵਾਰ ਨੇ ਵੱਡਾ ਸਾਰਾ ਕਿੱਲਾ (ਤੀਲਾ) ਵਿਹੜੇ ‘ਚ ਗੱਡ ਦਿੱਤਾ। ਕੁਝ ਸ਼ਰਧਾਵਾਨ ਬੀਬੀਆਂ ਨੇ ਮੱਥਾ ਵੀ ਟੇਕਿਆ।
ਕੁਝ ਚਿਰ ਬਾਅਦ ਕੋਈ ਸ਼ਰਧਾਲੂ ਉਸ ਤੀਲੇ (ਕਿੱਲੇ) ਨੂੰ ਲਾਲ ਕੱਪੜਾ ਬੰਨ ਗਿਆ। ਫੇਰ ਕਿਸੇ ਨੇ ਮੌਲੀ ਤੇ ਕਿਸੇ ਨੇ ਦੀਵਾ ਜਗਾਉਣਾ ਸ਼ੁਰੂ ਕਰ ਦਿੱਤਾ।
ਮੈਨੂੰ ਇਹ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਾ। ਮੈਂ ਉਤਸੁਕਤਾ ਨਾਲ ਪੁੱਛਿਆ, “ਫੇਰ ਕੀ ਹੋਇਆ, ਬਾਪੂ ਜੀ?”
“ਅੱਜਕਲ੍ਹ ਉਥੇ ਮੇਲਾ ਲੱਗਦਾ ਹੈ ਤੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ।” ਆਖ ਕੇ ਉਹ ਉੱਚੀ ਹੱਸ ਪਏ। ਕਹਿੰਦੇ, “ਪਾਖੰਡ ਦੀ ਸ਼ੁਰੂਆਤ ਇੰਝ ਹੀ ਹੁੰਦੀ ਹੈ।”
ਦਾਦਾ ਜੀ ਦੀ ਗੱਲ 100 ਫੀਸਦੀ ਸੱਚ ਹੈ। ਪਾਖੰਡ ਦੀਆਂ ਜੜਾਂ ਕੋਈ ਬਹੁਤੀਆਂ ਮਜ਼ਬੂਤ ਨਹੀਂ ਹੁੰਦੀਆਂ। ਇੱਕੋ ਤਰਕ ਅਤੇ ਸਵਾਲ ਹੀ ਵੱਡੇ ਤੋਂ ਵੱਡੇ ਪਾਖੰਡ ਨੂੰ ਸਕਿੰਡਾਂ ਵਿਚ ਢੇਹ- ਢੇਰੀ ਕਰ ਦਿੰਦਾ ਹੈ। ਪਰ ਇਹ ਸਵਾਲ ਕਰੇਗਾ ਕੌਣ ਕਿਉਂਕਿ ਟੀ ਵੀ ਅਤੇ ਸੋਸ਼ਲ- ਮੀਡੀਆ ਨੇ ਲੋਕਾਂ ਨੂੰ ਪਾਖੰਡ ‘ਚ ਜਕੜ ਕੇ ਰੱਖ ਦਿੱਤਾ ਹੈ।
“ਸਰ ਜੀ, ਚਾਪ ਪੀ ਲਓ।” ਸੇਵਾਦਾਰ ਦੀ ਇਸ ਆਵਾਜ਼ ਨਾਲ ਮੈਂ ਵਰਤਮਾਨ ‘ਚ ਮੁੜ ਆਇਆ।
—
ਸੰਪਰਕ- 90414-98009.