ਰੀਤੂ ਅਹੀਰ ਪ੍ਰਧਾਨ ਅਤੇ ਦਿਨੇਸ਼ ਸ਼ੇਖੂਪੁਰੀ ਉੱਪ ਪ੍ਰਧਾਨ ਨਿਯੁਕਤ
(ਹਰਜੀਤ ਲਸਾੜਾ, ਬ੍ਰਿਸਬੇਨ 29 ਸਤੰਬਰ)
ਇੱਥੇ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਆਉਂਦੇ ਸਾਲ 2024-25 ਲਈ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਰੀਤੂ ਅਹੀਰ ਪ੍ਰਧਾਨ ਅਤੇ ਦਿਨੇਸ਼ ਸ਼ੇਖੂਪੁਰੀ ਉਪ ਪ੍ਰਧਾਨ ਨਿਯੁਕਤ ਹੋਏ। ਹੋਰਨਾਂ ਮੈਂਬਰਾਂ ਵਿੱਚ ਗੁਰਜਿੰਦਰ ਸੰਧੂ ਜਨਰਲ ਸਕੱਤਰ, ਜਸਕਰਨ ਸੀਂਹ ਖ਼ਜ਼ਾਨਚੀ, ਪਰਮਿੰਦਰ ਸਿੰਘ ਸਹਾਇਕ ਸਕੱਤਰ, ਵਰਿੰਦਰ ਅਲੀਸ਼ੇਰ ਮੀਡੀਆ ਸਲਾਹਕਾਰ, ਜਸਵੰਤ ਵਾਗਲਾ ਮੁੱਖ ਬੁਲਾਰੇ ਵਜੋਂ ਚੁਣੇ ਗਏ। ਹਰਮਨਦੀਪ ਗਿੱਲ, ਦਲਜੀਤ ਸਿੰਘ ਅਤੇ ਇਕਬਾਲ ਸਿੰਘ ਧਾਮੀ ਨੂੰ ਸਲਾਹਕਾਰ ਚੁਣਿਆ ਗਿਆ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰੀਤੂ ਅਹੀਰ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਪਣੇ ਅਹੁਦੇ ਪ੍ਰਤੀ ਇਮਾਨਦਾਰੀ ਅਤੇ ਦ੍ਰਿੜ੍ਹਤਾ ਦਾ ਭਰੋਸਾ ਪ੍ਰਗਟਾਇਆ। ਸਮੂਹ ਮੈਂਬਰਾਂ ਨੇ ਵੀ ਸਭਾ ਦੇ ਨਵੇਂ ਪ੍ਰਧਾਨ ਅਤੇ ਉੱਪ ਪ੍ਰਧਾਨ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਦੱਸਣਯੋਗ ਹੈ ਕਿ ਬ੍ਰਿਸਬੇਨ ਸ਼ਹਿਰ ਮੁੱਢ ਤੋਂ ਹੀ ਪੰਜਾਬੀ ਹਿਤੈਸ਼ੀ ਸਰਗਰਮੀਆਂ ਦਾ ਗੜ੍ਹ ਰਿਹਾ ਹੈ। ਲੇਖਕ ਸਭਾ ਵੱਲੋਂ ਆਪਣੇ ਸਮਾਗਮਾਂ ਦੌਰਾਨ ਕਵਿਤਾਵਾਂ, ਗ਼ਜ਼ਲਾਂ, ਗੀਤਾਂ, ਕਹਾਣੀਆਂ ਅਤੇ ਤਕਰੀਰਾਂ ਰਾਹੀਂ ਸਮੂਹ ਪਰਿਵਾਰਾਂ ਅਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ ਜਾਂਦਾ ਹੈ।