ਆਸਟਰੇਲੀਆ ’ਚ ਚੱਕਰਵਾਤ ਜੈਸਪਰ ਨੇ ਮਚਾਈ ਤਬਾਹੀ, 40 ਹਜ਼ਾਰ ਘਰਾਂ ਦੀ ਬਿਜਲੀ ਗੁੱਲ

ਆਸਟਰੇਲੀਆ ਵਿਚ ਬੀਤੇ ਕੁੱਝ ਦਿਨਾਂ ਵਿਚ ਚੱਕਰਵਾਤ ਜੈਸਪਰ ਨੇ ਭਾਰੀ ਤਬਾਹੀ ਮਚਾਈ। ਮੌਜੂਦਾ ਸੀਜ਼ਨ ਵਿਚ ਆਸਟਰੇਲੀਆ ਨਾਲ ਟਕਰਾਉਣ ਵਾਲਾ ਪਹਿਲੇ ਤੂਫ਼ਾਨ ਦਾ ਚੱਕਰਵਾਤ ਹੁਣ ਕਮਜ਼ੋਰ ਪੈਂਦਾ ਜਾ ਰਿਹਾ ਹੈ। ਵੀਰਵਾਰ ਨੂੰ ਉਤਰ-ਪੂਰਬੀ ਤੱਟ ’ਤੇ ਭਾਰੀ ਬਾਰਸ਼ ਜਾਰੀ ਰਹੀ ਅਤੇ ਲਗਭਗ 40,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਹੋ ਗਈ।

ਚੱਕਰਵਾਤੀ ਤੂਫ਼ਾਨ ਜੈਸਪਰ ਨੇ ਬੁੱਧਵਾਰ ਦੇਰ ਰਾਤ ਪੰਜ-ਪੱਧਰੀ ਪੈਮਾਨੇ ’ਤੇ ਸ਼੍ਰੇਣੀ 2 ਦੇ ਤੂਫ਼ਾਨ ਵਜੋਂ ਕੁਈਨਜ਼ਲੈਂਡ ਰਾਜ ਦੇ ਤੱਟ ਨੂੰ ਪਾਰ ਕੀਤਾ, ਜਿਸ ਨਾਲ 140 ਕਿਲੋਮੀਟਰ ਪ੍ਰਤੀ ਘੰਟਾ (87 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਚੱਕਰਵਾਤ ਕੇਅਰਨਜ਼ ਸ਼ਹਿਰ ਦੇ ਉੱਤਰ ਵੱਲ 110 ਕਿਲੋਮੀਟਰ (68 ਮੀਲ) ਦੂਰ ਵੁਜਲ ਵੁਜਲ ਦੇ ਆਦਿਵਾਸੀ ਭਾਈਚਾਰੇ ਨੇੜੇ ਪਾਰ ਹੋ ਗਿਆ, ਹਾਲਾਂਕਿ ਜੈਸਪਰ ਦੇ ਟਕਰਾਉਣ ਤੋਂ ਪਹਿਲਾਂ ਇਸ ਦੇ 300 ਨਿਵਾਸੀਆਂ ਵਿਚੋਂ ਬਹੁਤ ਸਾਰੇ ਸੁਰੱਖਿਅਤ ਸਥਾਨ ’ਤੇ ਚਲੇ ਗਏ ਸਨ।

ਵੁਜਲ ਵੁਜਲ ਵਿਖੇ ਸੈਲਾਨੀ ਰਿਹਾਇਸ਼ ਦਾ ਸੰਚਾਲਨ ਕਰਨ ਵਾਲੀ ਕੈਟਰੀਨਾ ਹੈਵਿਟ ਨੇ ਕਿਹਾ ਕਿ ਨੁਕਸਾਨੇ ਗਏ ਦਰੱਖ਼ਤਾਂ ਨੂੰ ਛੱਡ ਕੇ ਭਾਈਚਾਰਾ ਵੱਡੇ ਪੱਧਰ ’ਤੇ ਸੁਰੱਖਿਅਤ ਸੀ। ਡਿੱਗੇ ਦਰੱਖ਼ਤਾਂ ਅਤੇ ਹੜ੍ਹ ਦੇ ਪਾਣੀ ਕਾਰਨ ਕਈ ਸੜਕਾਂ ਬੰਦ ਹੋ ਗਈਆਂ। ਕੁਈਨਜ਼ਲੈਂਡ ਸਰਕਾਰ ਦੇ ਮੰਤਰੀ ਕੈਮਰਨ ਡਿਕ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਮੌਸਮੈਨ ਸ਼ਹਿਰ ਵਿਚ ਹੜ੍ਹ ਦੇ ਪਾਣੀ ਵਿਚੋਂ 12 ਲੋਕਾਂ ਅਤੇ ਇਕ ਕੁੱਤੇ ਨੂੰ ਬਚਾਇਆ।

ਕੇਅਰਨਜ਼ ਏਅਰਪੋਰਟ ਮੰਗਲਵਾਰ ਦੇਰ ਰਾਤ ਖ਼ਰਾਬ ਮੌਸਮ ਕਾਰਨ ਬੰਦ ਹੋ ਗਿਆ ਸੀ ਅਤੇ ਵੀਰਵਾਰ ਨੂੰ ਦੁਬਾਰਾ ਖੁਲ੍ਹਣ ਦੀ ਉਮੀਦ ਸੀ। ਬਿਜਲੀ ਕੰਪਨੀ ਐਰਗਨ ਐਨਰਜੀ ਦੇ ਮੈਨੇਜਰ ਚਾਰਲੀ ਕਾਸਾ ਨੇ ਕਿਹਾ ਕਿ ਪੋਰਟ ਡਗਲਸ, ਡੈਨਟਰੀ ਅਤੇ ਮੌਸਮੈਨ ਖੇਤਰ ਬਿਜਲੀ ਬੰਦ ਹੋਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕੁੱਕਟਾਊਨ ਦੇ ਉਤਰ ਵਲ ਹਰ ਕਿਸੇ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੀ। ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਬਿਜਲੀ ਦੀਆਂ ਡਿੱਗੀਆਂ ਲਾਈਨਾਂ ਤੋਂ ਬਚਣ ਅਤੇ ਹੜ੍ਹਾਂ ਨਾਲ ਭਰੀਆਂ ਸੜਕਾਂ ਨੂੰ ਪਾਰ ਨਾ ਕਰਨ ਦੀ ਅਪੀਲ ਕੀਤੀ ਗਈ ਹੈ।