ਆਸਟ੍ਰੇਲੀਆ ਦੇ ਦੱਖਣੀ ਪੱਛਮੀ ਸਿਡਨੀ ਦੇ ਉਪਨਗਰ ਗ੍ਰੀਨਕੇਅਰ ‘ਚ ਸਵੇਰੇ ਇੱਕ ਜਨਤਕ ਸਥਾਨ ‘ਤੇ ਹੋਈ ਗੋਲੀਬਾਰੀ ‘ਚ 2 ਪਾਰਕ ਕੀਤੀਆਂ ਕਾਰਾਂ ਵਿੱਚ ਬੈਠੇ 3 ਵਿਅਕਤੀ ਜ਼ਖ਼ਮੀ ਹੋ ਗਏ। ਸੂਬੇ ਨਿਊ ਸਾਊਥ ਵੇਲਜ਼ (NSW) ਦੀ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 25 ਸਾਲ ਦੀ ਉਮਰ ਦਾ ਇੱਕ ਆਦਮੀ ਪਾਰਕ ਕੀਤੇ ਇਕ ਵਾਹਨ ਵਿੱਚ ਜ਼ਖ਼ਮੀ ਪਾਇਆ ਗਿਆ। ਇਸ ਦੇ ਨਾਲ ਹੀ 22 ਸਾਲ ਦੀ ਉਮਰ ਦਾ ਇੱਕ ਆਦਮੀ ਅਤੇ 19 ਸਾਲ ਦੀ ਇੱਕ ਔਰਤ ਇੱਕ ਵੱਖਰੇ ਪਾਰਕ ਕੀਤੇ ਵਾਹਨ ਵਿੱਚ ਜ਼ਖਮੀ ਪਾਏ ਗਏ।
ਤਿੰਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਅੱਗੇ ਦੱਸਿਆ ਕਿ ਗੋਲੀਬਾਰੀ ਤੋਂ ਲਗਭਗ ਪੰਜ ਮਿੰਟ ਬਾਅਦ ਇੱਕ ਨੇੜਲੇ ਖੇਤਰ ਵਿੱਚ ਇੱਕ ਵਾਹਨ ਦੇ ਸੜਨ ਦੀ ਸੂਚਨਾ ਮਿਲੀ। ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਇਨ੍ਹਾਂ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸੰਬੰਧ ਹੈ ਜਾਂ ਨਹੀਂ। ਡਿਟੈਕਟਿਵ ਸੁਪਰਡੈਂਟ ਸਾਈਮਨ ਗਲਾਸਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਪੁਲਸ ਦਾ ਮੰਨਣਾ ਹੈ ਕਿ ਇਹ ਇੱਕ ਨਿਸ਼ਾਨਾ ਹਮਲਾ ਹੈ।