ਉਡਾਣ ਮਗਰੋਂ ਜਹਾਜ਼ ਨੂੰ ਲੱਗਾ ‘ਜ਼ਬਰਦਸਤ ਝਟਕਾ’, 50 ਯਾਤਰੀ ਜ਼ਖਮੀ

ਸਿਡਨੀ ਤੋਂ ਨਿਊਜ਼ੀਲੈਂਡ ਦੇ ਆਕਲੈਂਡ ਲਈ ਉਡਾਣ ਭਰਨ ਵਾਲੇ ਚਿਲੀ ਦੇ ਜਹਾਜ਼ ਨੂੰ ਸੋਮਵਾਰ ਨੂੰ ‘ਜ਼ਬਰਦਸਤ ਝਟਕਾ’ ਲੱਗਾ। ਇਸ ਝਟਕੇ ਕਾਰਨ ਘੱਟੋ-ਘੱਟ 50 ਯਾਤਰੀ ਜ਼ਖਮੀ ਹੋ ਗਏ। LATAM ਏਅਰਲਾਈਨਜ਼ ਨੇ ਇੱਕ ਬਿਆਨ ਵਿੱਚ ਦੱਸਿਆ ਕਿ “ਉਡਾਣ ਦੌਰਾਨ ਇੱਕ ਤਕਨੀਕੀ ਸਮੱਸਿਆ ਕਾਰਨ ਜ਼ੋਰਦਾਰ ਝਟਕਾ ਲੱਗਾ।”

ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਅਸਲ ਵਿੱਚ ਕੀ ਹੋਇਆ ਸੀ। ਜਹਾਜ਼ ਦੇ ਆਕਲੈਂਡ ਪਹੁੰਚਣ ‘ਤੇ ਮੈਡੀਕਲ ਕਰਮਚਾਰੀਆਂ ਨੇ ਯਾਤਰੀਆਂ ਦਾ ਇਲਾਜ ਕੀਤਾ। ਐਂਬੂਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਕਰੀਬ 50 ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ 13 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਮਰੀਜ਼ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਨਿਰਧਾਰਤ ਸਮੇਂ ਅਨੁਸਾਰ ਆਕਲੈਂਡ ਹਵਾਈ ਅੱਡੇ ‘ਤੇ ਉਤਰਿਆ ਅਤੇ ਸੈਂਟੀਆਗੋ, ਚਿੱਲੀ ਲਈ ਜਾਣ ਵਾਲਾ ਸੀ।