ਸ੍ਰੀ ਭਰਗਾ ਨੰਦ ਦਾ ਨਾਵਲ ‘ਸੂਰਜ ਤਪ ਕਰਦਾ’ ਤੇ ਪੁਸਤਕ ‘ਬਾਤਾਂ’ ਰਿਲੀਜ ਸਮਾਗਮ

ਬਠਿੰਡਾ, 20 ਅਗਸਤ, ਬਲਵਿੰਦਰ ਸਿੰਘ ਭੁੱਲਰ
ਸਾਹਿਤ ਜਾਗਿ੍ਰਤੀ ਸਭਾ ਬਠਿੰਡਾ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਨਾਵਲਕਾਰ ਸ੍ਰੀ ਭਰਗਾ ਨੰਦ ਲੌਂਗੋਵਾਲ ਦੇ ਇਤਿਹਾਸਕ ਨਾਵਲ ‘ਸੂਰਜ ਤਪ ਕਰਦਾ’ ਅਤੇ ਲੋਕ ਕਥਾਵਾਂ ‘ਬਾਤਾਂ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਵੀ ਵਿਦਵਾਨ ਲੇਖਕ ਸ੍ਰੀ ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪਟਿਆਲਾ ਨੇ ਕੀਤੀ। ਪ੍ਰਵਾਸ਼ੀ ਸ਼ਾਇਰ ਸ੍ਰ: ਜਸਪਾਲ ਸਿੰਘ ਦੇਸੂਵੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸ੍ਰੀ ਗੁਰਦੇਵ ਖੋਖਰ ਅਤੇ ਸ੍ਰੀ ਜਸਪਾਲ ਮਾਨਖੇੜਾ ਨੇ ਮੁੱਖ ਬੁਲਾਰਿਆਂ ਦੇ ਤੌਰ ਤੇ ਚਰਚਾ ਕੀਤੀ।

ਸੁਰੂ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਜੀਤ ਨੇ ਜੀ ਆਇਆਂ ਕਿਹਾ। ਇਸ ਉਪਰੰਤ ਬਠਿੰਡਾ ਖ਼ਬਰਨਾਮਾ ਦੇ ਸੰਪਾਦਕ ਸ੍ਰੀ ਧਰਮ ਚੰਦਰ ਨੇ ਨਾਵਲ ਦੇ ਲੇਖਕ ਸ੍ਰੀ ਭਰਗਾ ਨੰਦ ਦੇ ਜੀਵਨ ਅਤੇ ਉਹਨਾਂ ਦੀ ਸਮਾਜ ਪ੍ਰਤੀ ਸੇਵਾ ਬਾਰੇ ਚਾਨਣਾ ਪਇਆ। ਨਾਵਲ ਬਾਰੇ ਡੂੰਘਾਈ ’ਚ ਕੀਤੀ ਪੜਚੋਲ ਦੇ ਆਧਾਰ ਤੇ ਸ੍ਰੀ ਗੁਰਦੇਵ ਖੋਖਰ ਅਤੇ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਇਹ ਕੇਵਲ ਨਾਵਲ ਨਹੀਂ ਬਲਕਿ ਇੱਕ ਇਤਿਹਾਸਕ ਦਸਤਾਵੇਜ ਹੈ। ਉਹਨਾਂ ਕਿਹਾ ਕਿ ਲੇਖਕ ਦੀ ਵਿਸ਼ੇ ਤੇ ਪਕੜ ਲਾਜਵਾਬ ਹੈ ਅਤੇ ਕਰੀਬ ਢਾਈ ਹਜਾਰ ਪਹਿਲਾਂ ਦੇ ਘਟਨਾਕ੍ਰਮ ਨੂੰ ਪੰਜਾਬੀ ਨਾਵਲ ਦੇ ਰੂਪ ਵਿੱਚ ਕੀਤੀ ਪੇਸ਼ਕਾਰੀ ਪੁਸਤਕ ਨੂੰ ਦੁਰਲੱਭ ਬਣਾਉਂਦੀ ਹੈ। ਸ੍ਰ: ਜਸਪਾਲ ਦੇਸੂਵੀ ਨੇ ਕਿਹਾ ਕਿ ਅਜਿਹੀਆਂ ਇਤਿਹਾਸਕ ਪੁਸਤਕਾਂ ਪੰਜਾਬੀ ਪਾਠਕਾਂ ਲਈ ਪ੍ਰਕਾਸ਼ਿਤ ਕਰਨ ਦੀ ਜਰੂਰਤ ਹੈ, ਸ੍ਰੀ ਭਰਗਾ ਨੰਦ ਨੇ ਆਚਾਰਯ ਚਾਣਕੱਯ ਦੇ ਜੀਵਨ ਤੇ ਇਹ ਨਾਵਲ ਲਿਖ ਕੇ ਪੰਜਾਬੀ ਰਚਨਾਕਾਰੀ ਵਿੱਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ, ਇਹ ਨਾਵਲ ਜੀਵਨ ਜਾਂਚ ਸਿਖਾਉਣ ਵਿੱਚ ਸਹਾਈ ਹੋਵੇਗਾ। ਉਹਨਾਂ ਸਾਹਿਤ ਸਭਾਵਾਂ ਦੀ ਇੱਕਮੁੱਠਤਾ ਦੀ ਲੋੜ ਤੇ ਜੋਰ ਦਿੱਤਾ ਅਤੇ ਮੋਬਾਇਲ ਦੇ ਮਾੜੇ ਰੁਝਾਨ ਤੋਂ ਬਚਣ ਦਾ ਵੀ ਸੁਝਾਅ ਦਿੱਤਾ। ਭਾਸ਼ਾ ਅਫ਼ਸਰ ਬਠਿੰਡਾ ਸ੍ਰੀ ਕਿਰਤੀ ਕ੍ਰਿਪਾਲ ਅਤੇ ਸ੍ਰੀ ਜਸਪਾਲ ਜੱਸੀ ਨੇ ਵੀ ਆਪਣੇ ਵਿਚਾਰ ਰੱਖੇ। ਨਾਵਲ ਦੇ ਲੇਖਕ ਸ੍ਰੀ ਭਰਗਾ ਨੰਦ ਨੇ ਬੋਲਦਿਆਂ ਕਿਹਾ ਕਿ ਚੰਨ ਭਾਵੇਂ ਰਾਤ ਨੂੰ ਸੌਗਤ ਲੈ ਕੇ ਆਉਂਦਾ ਹੈ ਪਰ ਸੂਰਜ ਜੋ ਕੁੱਲ ਲੋਕਾਈ ਦੇ ਕਲਿਆਣ ਲਈ ਊਰਜਾ ਤੇ ਪ੍ਰਕਾਸ਼ ਵੰਡਦਾ ਹੈ ਉਹ ਖ਼ੁਦ ਤਪ ਕਰਦਾ ਹੈ। ਆਚਾਰਯ ਚਾਣਕੱਯ ਵੀ ਤਪ ਕਰਦਾ ਸੂਰਜ ਹੀ ਹੈ। ਉਸਨੇ ਵਾਸਨਾਵਾਂ, ਲਾਲਚ ਨਹੀਂ ਕੀਤਾ ਸੱਤਾ ਸ਼ਕਤੀ, ਮਾਣ ਸਨਮਾਨ, ਵਿਵੇਕ ਬੁੱਧੀ ਹੋਣ ਦੇ ਬਾਵਜੂਦ ਤਿਆਗ ਨੂੰ ਪਹਿਲ ਦਿੱਤੀ।

ਇਸਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਸਰਵ ਸ੍ਰੀ ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਸਿੰਘ ਜੀਤ, ਰੂਪ ਚੰਦ ਸਰਮਾ, ਮਨਜੀਤ ਬਠਿੰਡਾ, ਜਸਪਾਲ ਜੱਸੀ, ਦਵੀ ਸਿੱਧੂ, ਵੀਰਪਾਲ ਕੌਰ ਮੋਹਲ, ਰਜਨੀ ਸਰਮਾ, ਹਰਦਰਸ਼ਨ ਸੋਹਲ, ਨਛੱਤਰ ਸਿੰਘ ਝੁੱਟੀ ਕਾ, ਇਕਬਾਲ ਸਰਾਂ, ਦਮਜੀਤ ਦਰਸਨ, ਸਿਕੰਦਰ ਚੰਦਭਾਨ, ਗੁਰਸੇਵਕ ਬੀੜ, ਅਮਨ ਦਾਤੇਵਾਸੀਆ, ਕ੍ਰਿਸ਼ਨ ਸੇਠੀ, ਹਿਤਾ ਸ਼ਰਮਾ ਆਦਿ ਨੇ ਰਚਨਾਵਾਂ ਪੇਸ ਕੀਤੀਆਂ। ਸਮਾਗਮ ਵਿੱਚ ਸ੍ਰੀ ਭਰਗਾ ਨੰਦ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਹਿਤਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ, ਤਰਸੇਮ ਨਰੂਲਾ, ਗੁਰਵਿੰਦਰ ਸਿੰਘ, ਕਾ: ਜਰਨੈਲ ਭਾਈਰੂਪਾ, ਰਣਜੀਤ ਗੌਰਵ, ਰਣਬੀਰ ਰਾਣਾ ਆਦਿ ਵੀ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਤਰਸੇਮ ਬਸਰ ਨੇ ਬਾਖੂਬੀ ਨਿਭਾਈ।