ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਸ਼ਵ ਯੁੱਧਾਂ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਖੋਜ ਭਰਪੂਰ ਕਈ ਕਿਤਾਬਾਂ ਦੇ ਲੇਖਕ ਇਤਿਹਾਸਕਾਰ ਸਰਦਾਰ ਭੁਪਿੰਦਰ ਸਿੰਘ ਹੌਲੈਂਡ ਅਤੇ ਪੰਜਾਬ ‘ਤੋਂ ਵਿਸੇਸ਼ ਤੌਰ ‘ਤੇ ਅਪਣੇ ਦਾਦਾ ਜੀ ਦੀ ਸ਼ਹੀਦੀ ਯਾਦਗਾਰ ਦੇਖਣ ਪਹੁੰਚੇ ਡਾ ਗੁਰਿੰਦਰ ਸਿੰਘ ਨੇ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿੱਚ ਰੋਜਾਨਾਂ ਸਾਂਮ 8 ਵਜੇ ਹੁੰਦੀ ਪਰੇਡ ਵਿੱਚ ਸ਼ਿ਼ਰਕਤ ਕੀਤੀ। ਇਸ ਮੌਕੇ ਲਾਸਟ ਪੋਸਟ ਐਸੋਸੀਏਸ਼ਨ ਵੱਲੋਂ ਸਰਦਾਰ ਭੁਪਿੰਦਰ ਸਿੰਘ ਹੋਰਾਂ ਨੂੰ ਮੁੱਖ ਮਹਿਮਾਂਨ ਵਜੋਂ ਸੰਬੋਧਨ ਹੋਣ ਦਾ ਮਾਣ ਦਿੱਤਾ ਗਿਆ ਪਰ ਉਹਨਾਂ ਦੀ ਸਰੀਰਕ ਕਮਜੋਰੀ ਕਾਰਨ ਉਹਨਾਂ ਦੇ ਬੇਟੇ ਮਨਜੋਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ।
ਮੀਨਨ ਗੇਟ ਸਮਾਰਕ ਹੇਠ ਸੈਂਕੜੇ ਦਰਸ਼ਕਾਂ ਦੀ ਹਾਜਰੀ ਵਿੱਚ ਮੁੱਖ ਮਹਿਮਾਨ ਦਾ ਸਨਮਾਨ ਪਾਉਣ ਵਾਲੇ ਸਰਦਾਰ ਭੁਪਿੰਦਰ ਸਿੰਘ ਸਾਇਦ ਪਹਿਲੇ ਸਿੱਖ ਹਨ। ਇਸ ‘ਤੋਂ ਪਹਿਲਾਂ ਡਾ ਗੁਰਿੰਦਰ ਸਿੰਘ ਸਰਦਾਰ ਭੁਪਿੰਦਰ ਸਿੰਘ ਹੋਰਾਂ ਨਾਲ ਹੌਲੈਂਡ, ਇਟਲੀ ਹੁੰਦੇ ਹੋਏ ਫਰਾਂਸ ਦੇ ਨੋਵੇ-ਚੈਪਲ ਸਮਸਾਂਨਘਾਟ ਵਿਖੇ ਅਪਣੇ ਦਾਦਾ ਸੰੰਤਾ ਸਿੰਘ ਜੀ ਯਾਦਗਾਰ ‘ਤੇਂ ਸ਼ਰਧਾ ਦੇ ਫੁੱਲ ਭੇਟ ਕਰਨ ਗਏ। ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਬਲਵਿੰਦਰ ਕੌਰ, ਬੇਟਾ ਉਦੇਵੀਰ ਸਿੰਘ, ਇਤਿਹਾਸਕਾਰ ਦੋਮੀਨਕ ਦਿਨਦੋਵੇ, ਗੁਰਪ੍ਰੀਤ ਸਿੰਘ ਰਟੌਲ, ਰਵਿੰਦਰਦੀਪ ਸਿੰਘ ਵੜੈਚ ਅਤੇ ਜਸਿਵੰਦਰ ਸਿੰਘ ਸੈਣੀ ਜਰਮਨੀ ਵੀ ਨਾਲ ਸਨ। ਜਿਕਰਯੋਗ ਹੈ ਕਿ ਦੰਦਾਂ ਦੇ ਮਾਹਿਰ ਡਾ ਗੁਰਿੰਦਰ ਸਿੰਘ ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਸ਼ਹੀਦ ਵੈਲਫੇਅਰ ਸੁਸਾਇਟੀ ( ਰਜਿ ) ਦੇ ਪ੍ਰਧਾਨ ਹਨ ਜਿਹੜੇ ਕਿਸੇ ਅਮੀਰ ਘਰਾਣੇ ਵੱਲੋਂ ਨਜਾਇਜ਼ ਕਬਜਾ ਕੀਤੀ ਹੋਈ ਇੱਕ ਸ਼ਹੀਦੀ ਯਾਦਗਾਰ ਨੂੰ ਛੁਡਵਾਉਣ ਲਈ ਚਿਰਾਂ ‘ਤੋਂ ਸੰਘਰਸ਼ ਕਰ ਰਹੇ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਪ੍ਰਸਾਸ਼ਨ ‘ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਦਾ ਦਰ ਖੜਕਾ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀ ਲਿਆ।