ਪਿੰਡ, ਪੰਜਾਬ ਦੀ ਚਿੱਠੀ (179)

ਸਰਦ ਰੁੱਤ ਵਿੱਚ, ਨਿੱਘੀ-ਨਿੱਘੀ ਸਤ ਸ਼੍ਰੀ ਅਕਾਲ ਜੀ। ਅਸੀਂ ਇੱਥੇ ਠੱਕੇ-ਪਾਲੇ ਵਿੱਚ ਵੀ ਕਾਇਮ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਫੀਲਿੰਗ ਲਾਈਕ ਮਾਈਨਸ ਫਿਫਟੀ, ਹਾਲਾਤਾਂ ਵਿਖੇ, ਭਲੀ ਲੋੜਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਮੁਨਸ਼ਾ ਸਿੰਹੁ ਕੇ ਦਰਵਾਜੇ ਦੀ ਬਾਰੀ ਚੋਂ,ਕਾਲੀਆਂ ਦਾ ਲੰਬੂ ਮਸਾਂ ਹੀ ਅੰਦਰ ਹੋਇਆ ਤਾਂ ਧੁਖਦੀ ਧੂਣੀ ਉੱਤੇ ਝੁਕੇ ਬੈਠੇ ਹੰਸੂ ਨੇ ਛੇੜਿਆ, “ਆ ਬਈ ਭੁੱਖ ਦਿਆ ਫੁੱਫੜਾ, ਕਿੱਧਰ ਠੰਡ ਚ ਗੇੜੇ ਦਿੰਦਾ ਫਿਰਦੈਂ?" “ਆਇਆ ਤਾਂ ਮੈਂ ਹੋਰ ਕੰਮ ਐਂ, ਪਰ ਤੂੰ ਯਾਦ ਕਰਾਤਾ, ਫੁੱਫੜ ਜੀ ਆਏ ਐ ਸ਼ਮਸ਼ੇਰ ਸਿੰਹੁ, ਮਿਲ ਆਇਉ ਯਾਰ, ਬੜਾ ਤਿਹੁ ਰੱਖਦੇ ਐ ਥੋਡੇ ਨਾਲ।" ਲੰਬੂ ਨੇ ਹੱਥ ਸੇਕਦਿਆਂ, ਸੀ-ਸੀ ਕਰਦਿਆਂ ਇੱਕ ਤਰ੍ਹਾਂ ਹੰਸੂ ਦੇ ਨਾਲ, ਸਾਰੇ ਬੈਠੇ ਟੱਬਰ ਦਾ ਈ ਮਾਣ ਰੱਖ ਲਿਆ। “ਲੈ ਬਈ ਇੱਕ ਗੱਲ ਐ, ਰੱਬ ਵੱਡੀ ਉਮਰ ਕਰੇ ਸਰਦਾਰ ਜੀ ਦੀ, ਸਾਰੀ ਉਮਰ ਸਹੀ ਪ੍ਰਾਹੁਣਿਆਂ ਆਲੀ ਕਰਕੇ ਨਿਭਾਤੀ। ਸਾਰਿਆਂ ਨਾਲ ਈ ਮੋਹ ਕਰਦੇ ਐ। ਆਏ ਸਾਲ, ਨੇਮ ਨਾਲ ਆ ਕੇ, ਘਰ-ਘਰ ਮਿਲਣਾ ਪੂਰੀ ਪੱਤੀ ਨੂੰ। ਨਿਤਨੇਮੀ, ਕਮਾਈ ਆਲਾ, ਸਿੰਘ ਗੁਰੂ ਦਾ, ਨਾ ਆਕੜ-ਨਾ ਫ਼ਾਕੜ। ਰੱਬ ਨੇ ਐਨਾ ਰਿਜ਼ਕ ਦਿੱਤਾ, ਮਜਾਲ ਐ ਕਦੇ, ਜਣਾਇਆ ਹੋਵੇ। ਭਰਾਂਵਾਂ ਵਾਂਗੂੰ ਮਿਲਦਾ, ਦੁੱਖ-ਸੁੱਖ ਕਰਦਾ। ਭੈਣ ਜਲ-ਕੁਰ ਕਰਮਾਂ ਆਲੀ ਸੀ। ਘਰ-ਘਰ ਆਉਣ ਅਜੇਹੇ ਚੰਗੇ ਰਿਸ਼ਤੇਦਾਰ। ਊਂ ਸਿਹਤ ਕਿਵੇਂ ਐ ਹੁਣ?" ਹੰਸੂ ਦੇ ਪਿਓ ਜੋਧ ਸਿੰਹੁ ਨੇ ਭਣੋਈਏ ਦੀ ਸਿਫ਼ਤ ਕਰਦਿਆਂ, ਪੂਰਾ ਜੀਵਨ ਰੇਖਾ-ਚਿੱਤਰ, ਖਿੱਚ ਦਿੱਤਾ।

“ਬਿਮਾਰੀ-ਸ਼ੁਮਾਰੀ ਤਾਂ ਕੋਈ-ਨੀ ਤਾਇਆ, ਪਰ ਉਮਰ ਦੇ ਹਿਸਾਬ, ਹੁਣ ਕਮਜ਼ੋਰ ਹੋ ਗੀ ਪ੍ਰਾਣੀਂ। ਕਾਰ ਉੱਤੇ ਆਇਐ, ਤਾਂਈਂਉਂ ਕਹਿੰਦਾ, ਜਾਹ ਸੱਦ ਲਿਆ, ਕੀ ਪਤਾ ਵਾਹਿਗੁਰੂ ਦੀ ਕਲਾ ਦਾ?" ਲੰਬੂ ਨੇ ਸੰਖੇਪਚ ਦੱਸਿਆ। “ਬਾਹਲੀ ਗੱਲ ਐ ਤਾਂ ਧੁੱਪ ਚੜ੍ਹੇ ਤੋਂ ਮੈਂ ਕਾਰ ਉੱਤੇ ਲੈ ਈ ਆਂਊਂ! ਸਾਰੇ ਈ ਮਿਲ ਲੈਣਗੇ ਏਥੇ। ਅਜੇਹੇ ਦਰਵੇਸ਼ ਦੇ ਤਾਂ ਚਰਨ ਪਾਏ ਈ ਚੰਗੇ। ਦਰਸ਼ਨ ਹੋ ਜਾਣਗੇ ਸਭ ਨੂੰ।” ਹਰਬੰਸ ਸਿੰਘ ਉਰਫ਼ ਹੰਸੂ ਨੇ ਮੇਰ ਕਰਦਿਆਂ ਆਖਿਆ। “ਓ ਤਾਂ ਕੋਈ ਗੱਲ ਨੀਂ, ਪਰ ਅਸੀਂ ਡਰਦੇ ਆਂ, ਠੰਡ-ਬਾਹਲੀ ਐ, ਇੱਕ ਥਾਂ ਟਿਕੇ ਈ ਰਹਿਣ, ਬਹੁਤ ਐ।” ਬੱਲੇ ਲੰਬੂ ਨੇ ਮਜਬੂਰੀ ਦੱਸੀ। “ਚੱਲ ਫੇਰ ਹੁਣੇਂ ਈ ਚੱਲਦੇ ਆਂ”, ਸਾਰੇ ਉੱਠਣ ਈ ਲੱਗੇ ਸਨ ਕਿ ਥਾਲ ਚ ਧਰੇ ਸਟੀਲ ਦੇ ਗਿਲਾਸ ਆ ਗਏ ਤਾਂ ਸਾਰੇ ਚਾਹ ਨਾਲ ਢਿੱਡ ਮਘਾਉਣ ਲੱਗ ਪਏ।

ਹੋਰ, ਠੰਡ ਐਤਕੀਂ ਲੰਮਾ ਰੱਸਾ ਖਿੱਚ ਗਈ ਹੈ। ਕੋਈ-ਕੋਈ ਵਿਆਹ ਵੀ ਕਰੀ ਜਾਂਦੈ। ਬੰਸੂ, ਭੁਲੇਖੇ ਨਾਲ, ਮੱਛੀ ਦੇ ਪਕੌੜੇ ਖਾ ਗਿਐ। ਛੁੱਟੀਆਂ, ਠੰਡ, ਘਰੇ ਪੜ੍ਹਾਈ ਨੇ ਨਵੇਂ ਰੰਗ ਵਿਖਾਤੇ। ਥੋਡੀ ਬਰਫ਼ ਵੀਡੀਓ ਰਾਹੀਂ ਵੇਖ ਲਈਦੀ ਐ। ਵੋਟਾਂ ਦੇ ਰੰਗ ਵੀ ਚੜ੍ਹ ਰਹੇ ਹਨ। ਮੋਹਾਲੀਗੜ੍ਹੀਆ, ਕਮਿੱਕਰ ਸਿੰਹੁ ਵਿਖਾਲੀ ਦੇ ਗਿਐ ਕੇਰਾਂ। ਕਿੰਨੂ-ਨਰਮੇ ਦੀ ਮੰਦੀ ਆਲੇ, ਬੰਦ ਕਰੀ ਬੈਠੇ ਆ। ਖੁੰਡ ਵਾਲੇ, ਛੱਪੜੀ ਵਾਲੇ, ਸ਼ਰੀਂਹ ਵਾਲੇ, ਅੱਕਾਂ ਵਾਲੇ, ਸਾਰੇ ਵੱਲ ਐ। ਹਾਂ, ਸੱਚ, ਦੀਪੂ ਦੇ ਸੈੱਲ ਪੂਰੇ ਹੋ ਗਏ ਹਨ। ਖੱਡਾ, ਖੀਰਾ, ਖੈਹਰਾ, ਖੁੰਡੂ ਸਭ ਕੈਮ ਹਨ। ਚੰਗਾ, ਹੌਂਸਲੇਚ ਰਹਿਓ, ਬਸੰਤ ਆਈ ਤੇ ਸਰਦੀ ਗਈ ਲਓ, ਮਿਲਦੇ ਹਾਂ ਅਗਲੇ ਸੰਡੇ ਤੇ ਖਾਓ ਮੰਡੇ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061